7 December 2024
ਗੁਰੂ ਨਾਨਕ ਦੇਵ ਜੀ ਇਕ ਕਿਰਸਾਨ

ਕਿਸਾਨ ਅੰਦੋਲਨ ਵਿਚ ਕਾਠ ਦੀ ਰੋਟੀ ਬਣਾਉਣ ਵਾਲਾ ਬੁਤਘਾੜਾ: ਜਸਵਿੰਦਰ ਸਿੰਘ—✍️ਉਜਾਗਰ ਸਿੰਘ

ਬਾਬਾ ਸ਼ੇਖ ਫਰੀਦ ਨੇ ਬਾਰਵੀਂ ਸਦੀ ਵਿਚ ਸ਼ਲੋਕ ਲਿਖੇ ਸਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1379 ਅੰਗ ‘ਤੇ ਦਰਜ ਹਨ, ਜਿਨ੍ਹਾਂ ਵਿਚੋਂ ਦੋ ਸ਼ਲੋਕ ਕਾਠ ਦੀ ਰੋਟੀ ਬਾਰੇ ਹਨ, ਜੋ 900 ਸਾਲ ਬਾਅਦ ਵੀ ਸਮਾਜਿਕ ਤਾਣੇ ਬਾਣੇ ਨਾਲ ਸੁਮੇਲ ਖਾਂਦੇ ਹਨ। ਖਾਸ ਤੌਰ ‘ਤੇ ਕਿਸਾਨੀ ਅੰਦੋਲਨ ਦੇ ਸੰਬੰਧ ਵਿਚ ਢੁਕਦੇ ਹਨ। ਸ਼ਲੋਕ ਹਨ:

ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ।।
ਜਿਨਾ ਖਾਧੀ ਚੋਪੜੀ ਘਣੇ ਸਹਿਨਗੇ ਦੁਖ।।28
ਰੁਖੀ ਸੁਖੀ  ਖਾਇ ਕੈ ਠੰਢਾ ਪਾਣੀ ਪੀਉ॥
ਫਰੀਦਾ ਦੇਖਿ ਪਰਾਇ ਚੋਪੜੀ ਨਾ ਤਰਸਾਏ ਜੀਉ।।29

jaswinder singh artist
ਜਸਵਿੰਦਰ ਸਿੰਘ ਆਰਟਿਸਟ

ਇਨ੍ਹਾਂ ਸ਼ਲੋਕਾਂ ਦਾ ਭਾਵ ਹੈ ਕਿ ਜੋ ਤੁਹਾਨੂੰ ਵਾਹਿਗੁਰੂ ਨੇ ਦਿੱਤਾ ਹੈ, ਉਸ ਤੇ ਸਬਰ ਕਰੋ। ਕਾਠ ਦੀ ਰੋਟੀ ਜਦੋਜਹਿਦ, ਮਿਹਨਤ ਅਤੇ ਸਾਦਗੀ ਦਾ ਪ੍ਰਤੀਕ ਹੈ ਕਿਉਂਕਿ ਰੋਟੀ ਸਖ਼ਤ ਮਿਹਨਤ ਤੋਂ ਬਾਅਦ ਨਸੀਬ ਹੁੰਦੀ ਹੈ। ਇਸ ਲਈ ਸਾਧਾਰਣ ਜੀਵਨ ਜੀਓ। ਦੂਜਿਆਂ ਦੀ ਅਮੀਰੀ ਨੂੰ ਵੇਖਕੇ ਹੋਰ ਅਮੀਰ ਬਣਨ ਦੀ ਇਛਾ ਨਾ ਕਰੋ ਪ੍ਰੰਤੂ ਜੇਕਰ ਅਜਿਹੀ ਲਾਲਸਾ ਰੱਖੋਗੇ ਤਾਂ ਦੁੱਖ ਹੀ ਦੁੱਖ ਭੋਗਣੇ ਪੈਣਗੇ। ਭਾਰਤ ਦਾ ਕਿਸਾਨ ਬਿਲਕੁਲ ਉਸੇ ਤਰ੍ਹਾਂ ਰੁੱਖੀ ਸੁਖੀ ਖਾ ਕੇ ਗੁਜ਼ਾਰਾ ਕਰਦਾ ਹੈ। ਹੋਰ ਕੋਈ ਲਾਲਸਾ ਨਹੀਂ, ਸਾਧਾਰਣ ਜੀਵਨ ਬਸਰ ਕਰਦਾ ਹੈ। ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ। ਪ੍ਰੰਤੂ ਵਿਓਪਾਰਕ ਅਦਾਰੇ ਆਪਣੀ ਲਾਲਸਾ ਨੂੰ ਹੋਰ ਵਧਾਉਂਦੇ ਹੋਏ ਕੇਂਦਰ ਸਰਕਾਰ ਰਾਹੀਂ ਕਿਸਾਨਾ ਦੀ ਰੁੱਖੀ ਸੁਖੀ ਨੂੰ ਖੋਹਣ ‘ਤੇ ਤੁਲੇ ਹੋਏ ਹਨ ਅਤੇ ਸਰਕਾਰ ਉਨ੍ਹਾਂ ਦੀ ਹੱਥਠੋਕਾ ਬਣੀ ਹੋਈ ਹੈ। ਬਾਬਾ ਫਰੀਦ ਅਨੁਸਾਰ ਇਕ ਵਾਰ ਤਾਂ ਇਨਸਾਨ ਦੀ ਲਾਲਸਾ ਪੂਰੀ ਹੋ ਜਾਵੇਗੀ ਪ੍ਰੰਤੂ ਅਖ਼ੀਰ ਇਕ ਨਾ ਇਕ ਦਿਨ ਦੁੱਖ ਭੋਗਣੇ ਪੈਣਗੇ। ਹੱਥਾਂ ਨਾਲ ਦਿੱਤੀਆਂ ਗੰਢਾਂ, ਦੰਦਾਂ ਨਾਲ ਖੋਲਣੀਆਂ ਪੈਣਗੀਆਂ। ਇਹ ਕਾਨੂੰਨ ਬਣਾਉਣ ਵਾਲਿਆਂ ਨੂੰ ਵੀ ਇਕ ਦਿਨ ਭੁਗਤਣਾ ਪਵੇਗਾ। ਕਿਸਾਨੀ ਅੰਦੋਲਨ ਦੇ ਵਿਚ ਸਮਾਜ ਦੇ ਸਾਰੇ ਵਰਗਾਂ ਨੇ ਆਪੋ ਆਪਣੀ ਹੈਸੀਅਤ ਮੁਤਾਬਕ ਯੋਗਦਾਨ ਪਾਇਆ ਹੈ। ਸਮੁੱਚਾ ਸਮਾਜ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਨੂੰਨਾਂ ਤੋਂ ਪ੍ਰਭਾਵਤ ਹੋਣ ਦੇ ਹੰਦੇਸ਼ੇ ਕਰਕੇ ਚਿੰਤਾਤੁਰ ਹੈ। ਇਹ ਲੋਕ ਅੰਦੋਲਨ ਬਣ ਗਿਆ ਹੈ। ਰੋਟੀ ਰੋਜ਼ੀ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਸਮਾਜ ਦੇ ਕੁਝ ਵਰਗ ਅਜੇਹੇ ਹਨ, ਜਿਹੜੇ ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ। ਸਮਾਜ ਵਿਚ ਵਾਪਰ ਰਹੀ ਹਰ ਘਟਨਾ ਉਨ੍ਹਾਂ ਵਰਗਾਂ ਤੇ ਗਹਿਰਾ ਪ੍ਰਭਾਵ ਪਾਉਂਦੀ ਹੈ। ਇਨ੍ਹਾਂ ਵਰਗਾਂ ਵਿਚ ਸਾਹਿਤਕਾਰ, ਕਲਾਕਾਰ, ਸੰਗੀਤਕਾਰ, ਬੁੱਧੀਜੀਵੀ, ਪੇਂਟਰ, ਬੁਤਘਾੜੇ ਅਤੇ ਗਾਇਕ ਆਦਿ ਸ਼ਾਮਲ ਹਨ। ਪ੍ਰੰਤੂ ਪੇਂਟਰ ਅਤੇ ਬੁਤਘਾੜੇ ਵੀ ਪਿਛੇ ਨਹੀਂ ਰਹੇ। ਉਨ੍ਹਾਂ ਨੇ ਵੀ ਵੱਖ-ਵੱਖ ਤਰ੍ਹਾਂ ਦੇ ਡਿਜ਼ਾਇਨ ਬਣਾਕੇ ਸ਼ੋਸ਼ਲ ਮੀਡੀਆ ਤੇ ਪਾਏ ਅਤੇ ਬੈਨਰ ਬਣਾਕੇ ਦਿੱਤੇ ਹਨ। ਇਕ ਬੁਤਘਾੜਾ ਜਸਵਿੰਦਰ ਸਿੰਘ ਅਜਿਹਾ ਹੈ, ਜਿਹੜਾ ਲੁਧਿਆਣਾ ਜਿਲ੍ਹੇ ਦੀ ਖੰਨਾ ਸਬ ਡਵੀਜ਼ਨ ਦੇ ਪਿੰਡ ਮਹਿੰਦੀ ਪੁਰ ਵਿਚ ਰਹਿੰਦਾ ਹੈ, ਉਸਨੇ ਹਮੇਸ਼ਾ ਹੀ ਆਪਣੀ ਕਲਾ ਦੀ ਵਿਲੱਖਣ ਪ੍ਰਤਿਭਾ ਵਿਖਾਈ ਹੈ। ਉਹ ਕਿਉਂਕਿ ਪਿੰਡ ਵਿਚ ਰਹਿੰਦਾ ਹੈ। ਇਸ ਲਈ ਉਸਨੇ ਕਿਸਾਨੀ ਅਤੇ ਕਿਸਾਨੀ ਤੇ ਨਿਰਭਰ ਰਹਿਣ ਵਾਲੇ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਆਪਣੀ ਕਲਾ ਦਾ ਪ੍ਰਗਟਾਵਾ ਲੱਕੜ ਅਤੇ ਆਟੇ ਦੀਆਂ ਕਲਾਕਿਰਤਾਂ ਬਣਾਕੇ ਕੀਤਾ ਹੈ। ਉਨ੍ਹਾਂ ਕਲਾਕਿਰਤਾਂ ਵਿਚ ਉਸਦੀਆਂ ਬਣਾਈਆਂ ਲੱਕੜ ਅਤੇ ਆਟੇ ਦੀਆਂ ਰੋਟੀਆਂ ਹਨ। ਉਹ ਦਸਦਾ ਹੈ ਕਿ ਕਿਸਾਨੀ ਅੰਦੋਲਨ ਨੇ ਉਸਦੀ ਮਾਨਸਿਕਤਾ ਨੂੰ ਝੰਜੋੜਿਆ ਹੈ, ਜਿਸ ਕਰਕੇ ਉਸਨੂੰ ਉਤਨੀ ਦੇਰ ਬੇਚੈਨੀ ਰਹੀ, ਜਿਤਨੀ ਦੇਰ ਉਨ੍ਹਾਂ ਕਿਸਾਨਾ ਦੀ ਪੀੜ ਨੂੰ ਆਪਣੀ ਕਲਾ ਰਾਹੀਂ ਦਰਸਾਇਆ ਨਹੀਂ। ਜਸਵਿੰਦਰ ਸਿੰਘ ਦਸਦਾ ਹੈ ਕਿ ਜਦੋਂ ਉਹ ਆਪਣੇ ਘਰ ਦੀ ਰਸੋਈ ਵਿਚ ਰੋਟੀ ਖਾ ਰਿਹਾ ਸੀ ਤਾਂ ਉਸਨੂੰ ਮਹਿਸੂਸ ਹੋਇਆ ਕਿ ਜਿਹੜਾ ਅੰਨ ਉਹ ਖਾ ਰਿਹਾ ਹੈ, ਇਹ ਅੰਨਦਾਤੇ ਕਿਸਾਨ ਦੀ ਅਣਥੱਕ ਮਿਹਨਤ ਕਰਕੇ ਹੀ ਖਾਣ ਨੂੰ ਨਸੀਬ ਹੋ ਰਿਹਾ ਹੈ। ਅੰਨਦਾਤਾ ਅੱਜ ਸੰਕਟਮਈ ਹਾਲਾਤ ਵਿਚੋਂ ਲੰਘ ਰਿਹਾ ਹੈ। ਉਸਨੂੰ ਅਨੁਭਵ ਹੋਇਆ ਕਿ ਕਿਸਾਨ ਸੰਕਟਮਈ ਸਮੇਂ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਦੀ ਦਸਾਂ ਨਹੁੰਾਂ ਦੀ ਕਿਰਤ ਕਮਾਈ ਤੋਂ ਪ੍ਰੇਰਨਾ ਲੈ ਕੇ ਅਤੇ ਮਿਹਨਤ ਕਰਕੇ ਸਾਧਾਰਨ ਜੀਵਨ ਬਤੀਤ ਕਰਦੇ ਹਨ। ਆਪਣੇ ਪਰਿਵਾਰ ਪਾਲਦੇ ਹਨ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕਿਸਾਨੀ ਕੀਤੀ ਹੈ। ਕਿਸਾਨ ਇਤਨੀ ਮਿਹਨਤ ਦੇ ਬਾਵਜੂਦ ਵੀ ਕਰਜ਼ਿਆਂ ਵਿਚ ਗ੍ਰਸੇ ਰਹਿੰਦੇ ਹਨ। ਇਹ ਤਿੰਨ ਕਾਲੇ ਕਾਨੂੰਨ ਪਹਿਲਾਂ ਹੀ ਆਰਥਿਕ ਤੰਗੀ ਦੇ ਮਾਰੇ ਕਿਸਾਨਾਂ ਉਪਰ ਅਸਮਾਨੀ ਬਿਜਲੀ ਦੀ ਤਰ੍ਹਾਂ ਗਿਰੇ ਹਨ। ਇਸ ਲਈ ਉਸਨੇ ਫੈਸਲਾ ਕੀਤਾ ਕਿ ਉਹ ਲੱਕੜ ਤੇ ਤਰਾਸ਼ਕੇ ਅਤੇ ਆਟੇ ਦੀਆਂ ਰੋਟੀਆਂ ਬਣਾਏਗਾ, ਜਿਹਨਾਂ ਉਪਰ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਏਗਾ, ਜਿਸ ਵਿਚ ਉਨ੍ਹਾਂ ਨੂੰ ਭੁਖੇ ਸਾਧੂਆਂ ਨੂੰ ਰੋਟੀ ਖਿਲਾਉਂਦਿਆਂ ਨੂੰ ਦਰਸਾਏਗਾ ਕਿਉਂਕਿ ਗੁਰੂ ਦੀ ਪ੍ਰੇਰਨਾ ਤੋਂ ਬਿਨਾ ਸਫ਼ਲਤਾ ਨਹੀਂ ਮਿਲ ਸਕਦੀ। ਉਸਨੇ 5 ਲੱਕੜ ਅਤੇ ਇਕ ਆਟੇ ਦੀ ਕੁਲ 6 ਰੋਟੀਆਂ ਬਣਾਈਆਂ ਹਨ। ਇਹ ਰੋਟੀਆਂ ਸਾਢੇ ਚਾਰ ਫੁਟ ਦੀ ਗੋਲ ਲੱਕੜ ਤੇ ਉਕਰਕੇ ਬਣਾਈਆਂ ਹਨ। ਇਨ੍ਹਾਂ ਉਪਰ ਸ੍ਰੀ ਗੁਰੂ ਨਾਨਕ ਦੇਵ ਜੀ ਸਾਧੂਆਂ ਨੂੰ ਰੋਟੀ ਵਰਤਾਉਂਦੇ ਹੋਏ, ਬੇਬੇ ਨਾਨਕੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਰੋਟੀ ਵਰਤਾਉਂਦੀ ਹੋਈ, ਮੂਲ ਮੰਤਰ, ਮੋਢੇ ਤੇ ਹਲ ਚੱਕੀ ਜਾਂਦਾ ਕਿਸਾਨ, ੴ ਕਿਰਤ ਕਰੋ ਨਾਮ ਜਪੋ ਅਤੇ ਹਲ ਚਲਾਉਂਦਾ ਕਿਸਾਨ  ਸ਼ਾਮਲ ਹਨ। ਉਸਨੇ ਦੱਸਿਆ ਕਿ ਜਦੋਂ ਉਹ ਕਿਸਾਨ ਅੰਦੋਲਨ ਵਿਚ ਗਿਆ ਤਾਂ ਉਸਨੂੰ ਮਹਿਸੂਸ ਹੋਇਆ ਕਿ ਇਥੇ ਤਾਂ ਕਿਸਾਨ ਕੜਕਦੀ ਠੰਡ ਵਿਚ ਜਦੋਜਹਿਦ ਕਰ ਰਹੇ ਹਨ। ਵਾਤਵਰਨ ਸ਼ਾਂਤਮਈ ਅਤੇ ਰਸਭਿੰਨਾ ਹੈ ਕਿਉਂਕਿ ਗੁਰਬਾਣੀ ਦਾ ਰਸਮਈ ਕੀਰਤਨ ਵੀ ਹੋ ਰਿਹਾ ਹੈ। ਕਿਸਾਨ ਅਤੇ ਕਿਸਾਨ ਬੀਬੀਆਂ ਪਾਠ ਕਰ ਰਹੀਆਂ ਹਨ। ਕਈ ਥਾਵਾਂ ਤੇ ਕਿਸਾਨ ਅਤੇ ਬੀਬੀਆਂ ਲੰਗਰ ਬਣਾ ਅਤੇ ਵਰਤਾ ਰਹੀਆਂ ਹਨ। ਇਸ ਲਈ ਇਹ ਅੰਦੋਲਨ ਵਿਚ ਕਿਸਾਨ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਉਪਰ ਪਹਿਰਾ ਦੇ ਰਹੇ ਹਨ। ਇਨ੍ਹਾਂ ਸਾਰੀਆਂ ਗੱਲਾਂ ਨੇ ਉਸਨੂੰ ਕਾਠ ਦੀਆਂ ਰੋਟੀਆਂ ਬਣਾਉਣ ਲਈ ਬਹੁਤ ਹੀ ਪ੍ਰਭਾਵਤ ਕੀਤਾ ਹੈ। ਫਿਰ ਉਹ ਆਪਣੀਆਂ ਇਹ ਸਾਰੀਆਂ ਰੋਟੀਆਂ ਵਾਲੀਆਂ ਕਲਾ ਕਿਰਤਾਂ ਲੈ ਕੇ ਅੰਦੋਲਨ ਵਿਚ ਸ਼ਾਮਲ ਹੋਇਆ, ਜਿਥੇ ਕਿਸਾਨਾ ਨੇ ਇਨ੍ਹਾਂ ਕਲਾ ਕਿਰਤਾਂ ਦੀ ਭਰਪੂਰ ਪ੍ਰਸੰਸਾ ਕੀਤੀ। ਜਸਵਿੰਦਰ ਸਿੰਘ ਕਿਸਾਨ ਅੰਦੋਲਨ ਵਿਚ ਆਪਣੀ ਕਲਾ ਰਾਹੀਂ ਯੋਗਦਾਨ ਪਾ ਕੇ ਸੰਤੁਸ਼ਟਤਾ ਮਹਿਸੂਸ ਕਰਦਾ ਹੈ ਕਿਉਂਕਿ ਉਹ ਵੀ ਇਸ ਅੰਦੋਲਨ ਵਿਚ ਆਪਣਾ ਤਿਲ ਫੁਲ ਹਿੱਸਾ ਪਾ ਸਕਿਆ ਹੈ। ਲੱਕੜ ਨੂੰ ਤਰਾਸ਼ਣਾ ਬੜੀ ਬਾਰੀਕੀ ਅਤੇ ਸੂਝ ਵਾਲਾ ਕਠਨ ਕੰਮ ਹੁੰਦਾ ਹੈ। ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਤੀਖਣ ਬੁੱਧੀ ਵਾਲੇ ਵਿਅਕਤੀਆਂ ਤੇ ਗਹਿਰਾ ਪ੍ਰਭਾਵ ਪੈਣਾ ਕੁਦਰਤੀ ਹੈ। ਕਲਾ ਇਕ ਸੂਖ਼ਮ ਵਿਸ਼ਾ ਹੈ। ਇਸਦੀ ਪਕੜ ਸੂਖ਼ਮ ਸੂਝ ਵਾਲੇ ਕਲਾਕਾਰ ਹੀ ਰੱਖ ਸਕਦੇ ਹਨ। ਉਸਦੀਆਂ ਲੱਕੜ ਦੀਆਂ ਬਣਾਈਆਂ ਇਹ ਰੋਟੀਆਂ ਬਿਲਕੁਲ ਆਮ ਆਟੇ ਦੀਆਂ ਰੋਟੀਆਂ ਵਰਗੀਆਂ ਲਗਦੀਆਂ ਹਨ। ਵੇਖਣ ਵਾਲੇ ਦਰਸ਼ਕ ਉਨ੍ਹਾਂ ਦੀਆਂ ਕਲਾਕ੍ਰਿਤਾਂ ਨੂੰ ਵੇਖ ਕੇ ਅਚੰਭਤ ਹੋ ਜਾਂਦੇ ਹਨ।

ਜਸਵਿੰਦਰ ਸਿੰਘ ਨੇ 1998 ਵਿਚ ਬੈਚੂਲਰ ਆਫ ਫਾਈਨ ਆਰਟਸ ਸਰਕਾਰੀ ਆਰਟ ਕਾਲਜ ਚੰਡੀਗੜ੍ਹ ਤੋਂ ਪਾਸ ਕੀਤੀ, ਪੋਸਟ ਗ੍ਰੈਜੂਏਸ਼ਨ ਪੇਂਟਿੰਗ ਵਿਚ ਹੁਸ਼ਿਆਰਪੁਰ ਤੋਂ 2004 ਵਿਚ ਅਤੇ ਬੁੱਤਸਾਜੀ ਵਿਚ ਪੋਸਟ ਗ੍ਰੈਜੂਏਸ਼ਨ ਆਰਟ ਕਾਲਜ ਚੰਡੀਗੜ੍ਹ ਤੋਂ 2007 ਵਿਚ ਪਾਸ ਕੀਤੀ। ਲਗਪਗ 12 ਸਾਲ ਵੱਖ ਵੱਖ ਸੰਸਥਾਵਾਂ ਵਿਚ ਲੈਕਚਰਾਰ ਲੱਗੇ ਰਹੇ। ਇਸ ਸਮੇਂ ਦੌਰਾਨ ਉਸਨੇ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਦਿੱਲੀ ਵਿਚ ਲੱਗੀਆਂ ਨੁਮਾਇਸ਼ਾਂ ਵਿਚ ਹਿੱਸਾ ਲਿਆ ਅਤੇ ਕਈ ਇਨਾਮ ਜਿੱਤੇ। ਉਸ ਵੱਲੋਂ ਬਣਾਏ ਗਈਆਂ ਕਲਾ ਕ੍ਰਿਤਾਂ ਸਮੁੱਚੇ ਦੇਸ਼ ਵਿਚ ਮਹੱਤਵਪੂਰਨ ਆਰਟ ਗੈਲਰੀਆਂ ਵਿਚ ਲੱਗੀਆਂ ਹੋਈਆਂ ਹਨ। ਉਸਨੂੰ ਪੰਜਾਬ ਲਲਿਤ ਕਲਾ ਅਕਾਡਮੀ ਚੰਡੀਗੜ੍ਹ ਵੱਲੋਂ 2006 ਵਿਚ ਅਵਾਰਡ ਮਿਲ ਚੁੱਕਿਆ ਹੈ। 2007 ਵਿਚ ਉਸਨੂੰ ਭਾਰਤ ਪੱਧਰ ਦੇ ਮੁਕਾਬਲੇ ਵਿਚ ‘‘ਹਾਈਲੀ ਕਮੈਂਡਡ ਅਵਾਰਡ’’ ਮਿਲਿਆ ਸੀ। 2017 ਦਾ ਸੋਹਣ ਕਾਦਰੀ ਫੈਲੋਸ਼ਿਪ ਵੀ ਪੰਜਾਬ ਲਲਿਤ ਕਲਾ ਅਕਾਡਮੀ ਨੇ ਦਿੱਤੀ ਹੈ। ਇਸ ਤੋਂ ਇਲਾਵਾ ਐਸ.ਐਲ.ਪ੍ਰਾਸ਼ਰ ਅਵਾਰਡ ਲੱਕੜ ਅਤੇ ਪੱਥਰ ਦੇ ਕੰਮਾਂ ਲਈ 2 ਵਾਰ 1997 ਅਤੇ 98 ਵਿਚ ਮਿਲੇ ਸਨ। ਜਸਵਿੰਦਰ ਸਿੰਘ ਦੀ ਸਫਲਤਾ ਕਾਰਨ ਹੈ ਕਿ ਉਸਨੇ ਬੁੱਤਸਾਜੀ ਅਤੇ ਪੇਂਟਿੰਗ ਦੋਹਾਂ ਵਿਚ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ। ਦੂਜੇ ਉਸਦੀ ਪਤਨੀ ਦਵਿੰਦਰ ਕੌਰ ਨੇ ਵੀ ਬੈਚੁਲਰ ਆਫ ਫਾਈਨ ਆਰਟਸ ਕੀਤੀ ਹੋਈ ਹੈ ਜੋ ਖ਼ੁਦ ਵੀ ਪੇਂਟਿੰਗ ਕਰਦੀ ਹੈ। ਇਸ ਲਈ ਘਰ ਦਾ ਮਾਹੌਲ ਕੰਮ ਕਰਨ ਲਈ ਸਾਜਗਾਰ ਰਹਿੰਦਾ ਹੈ। ਜਸਵਿੰਦਰ ਸਿੰਘ ਦਾ ਜਨਮ ਲੁਧਿਆਣਾ ਜਿਲ੍ਹੇ ਦੇ ਮਹਿੰਦੀਪੁਰ ਪਿੰਡ ਵਿਚ ਪਿਤਾ ਜਾਗਰ ਸਿੰਘ ਦੇ ਘਰ 22 ਫਰਵਰੀ 1971 ਨੂੰ ਹੋਇਆ। ਆਮ ਤੌਰ ਤੇ ਕਲਾਕਾਰ ਸ਼ਹਿਰਾਂ ਵਿਚ ਆ ਕੇ ਸਥਾਪਤ ਹੋਣ ਲਈ ਆ ਜਾਂਦੇ ਹਨ ਪ੍ਰੰਤੂ ਜਸਵਿੰਦਰ ਸਿੰਘ ਪਿੰਡ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ ਅਤੇ ਪਿੰਡ ਵਿਚ ਹੀ ਆਪਣੀ ਕਲਾ ਨੂੰ ਨਿਖ਼ਾਰ ਰਿਹਾ ਹੈ।

***

(64)

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

ੳੁਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ