ਲਗਪਗ ਦੋ ਮਹੀਨੇ ਤੋਂ ਸਰਬ ਭਾਰਤੀ ਕਾਂਗਰਸ ਕਮੇਟੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੜਾਈ ਨੂੰ ਸੁਲਝਾਉਣ ਦੇ ਨਵੇਂ ਫਾਰਮੂਲੇ ਬਣਾਉਣ ਲਈ ਵਿਚਾਰ ਵਟਾਂਦਰਾ ਕਰ ਰਹੀ ਸੀ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸ ਪਾਰਟੀ ਨੇ ਪੰਜਾਬ ਤੋਂ ਸਾਰੇ ਵਿਧਾਨਕਾਰ, ਐਮ ਪੀ, ਸਾਬਕਾ ਪੀ ਪੀ ਸੀ ਸੀ ਪ੍ਰਧਾਨਾਂ, ਸਾਬਕਾ ਵਿਧਾਨਕਾਰਾਂ ਅਤੇ ਐਮ ਪੀਜ਼ ਨਾਲ ਨਵਾਂ ਪ੍ਰਧਾਨ ਬਣਾਉਣ ਲਈ ਉਨ੍ਹਾਂ ਦੇ ਵਿਚਾਰ ਸੁਣੇ ਹਨ। ਕਾਂਗਰਸ ਪਾਰਟੀ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਅਜਿਹੀ ਐਕਸਰਸਾਈਜ਼ ਨਹੀਂ ਹੋਈ। ਸਗੋਂ ਕਾਂਗਰਸ ਦੇ ਦਿੱਲੀ ਦਰਬਾਰ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਾਉਣ ਤੋਂ ਪਹਿਲਾਂ ਕਦੀਂ ਵੀ ਕਿਸੇ ਨੇਤਾ ਨੂੰ ਪੁੱਛਦੇ ਹੀ ਨਹੀਂ ਸਨ। ਇਸਤੋਂ ਇਹ ਵੀ ਸਾਫ਼ ਹੈ ਕੇਂਦਰੀ ਕਾਂਗਰਸ ਕਮਜ਼ੋਰ ਹੈ। ਹਮੇਸ਼ਾ ਮਨਮਰਜ਼ੀ ਨਾਲ ਨੇਤਾ ਥੋਪ ਦਿੰਦੇ ਸਨ। ਇੰਜ ਕਿਹਾ ਜਾ ਸਕਦਾ ਹੈ ਕਿ ਪਹਿਲੀ ਵਾਰ ਨੇਤਾਵਾਂ ਨੂੰ ਸੁਣਿਆ ਗਿਆ ਹੈ। ਹਾਲਾਂ ਕਿ ਅਸਿਧੇ ਤੌਰ ਤੇ ਇਹ ਫ਼ੈਸਲਾ ਵੀ ਹਾਈ ਕਮਾਂਡ ਦਾ ਹੀ ਹੈ, ਕਿਉਂਕਿ ਉਨ੍ਹਾਂ ਨੇ ਜੋ ਸਰਵੇ ਕਰਵਾਇਆ ਸੀ, ਉਸਨੇ ਨਵਜੋਤ ਸਿੰਘ ਸਿੱਧੂ ਦੀ ਸਾਰੇ ਨੇਤਾਵਾਂ ਤੋਂ ਵੱਧ ਪ੍ਰਸੰਸਾ ਕੀਤੀ ਸੀ। ਨੇਤਾਵਾਂ ਉਪਰ ਨਵਜੋਤ ਸਿੰਘ ਸਿੱਧੂ ਨੂੰ ਪ੍ਰਵਾਨ ਕਰਨ ਲਈ ਜ਼ੋਰ ਪਾਇਆ ਗਿਆ ਹੈ। ਹੁਣ ਤੱਕ ਨਵਜੋਤ ਸਿੰਘ ਸਿੱਧੂ ਵੀ ਸਾਰੇ ਕਾਂਗਰਸੀ ਨੇਤਾਵਾਂ ਨੂੰ ਕਾਂਗਰਸ ਪਾਰਟੀ ਦੇ ਦਿੱਲੀ ਦਰਬਾਰ ਦੀ ਧੌਂਸ ਕਰਕੇ ਟਿੱਚ ਸਮਝਦੇ ਰਹੇ ਸਨ ਪ੍ਰੰਤੂ ਜਦੋਂ ਸਾਰੇ ਕਾਂਗਰਸੀ ਨੇਤਾਵਾਂ ਨੇ ਵਿਰੋਧ ਕਰ ਦਿੱਤਾ ਤਾਂ ਉਨ੍ਹਾਂ ਨੂੰ ਸੀਨੀਅਰ ਅਤੇ ਟਕਸਾਲੀ ਕਾਂਗਰਸੀ ਨੇਤਾਵਾਂ ਦੀ ਸਰਦਲ ‘ਤੇ ਜਾ ਕੇ ਮਨਾਉਣਾ ਪਿਆ ਹੈ। ਆਪਣੇ ਟਵੀਟਾਂ ਅਤੇ ਪ੍ਰੈਸ ਬਿਆਨਾਂ ਨਾਲ ਰਾਜਨੀਤੀ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਜ਼ਮੀਨ ਤੇ ਆਉਣਾ ਪਿਆ ਹੈ। ਜ਼ਮੀਨੀ ਹਕੀਕਤਾਂ ਨੂੰ ਜਾਣੇ ਬਿਨਾ ਸਿਆਸਤ ਨਹੀਂ ਹੋ ਸਕਦੀ। ਭਾਵੇਂ ਉਹ ਸੀਨੀਅਰ ਨੇਤਾਵਾਂ ਨੂੰ ਰਜ਼ਾਮੰਦ ਕਰਨ ਵਿੱਚ ਸਫ਼ਲ ਹੋ ਗਏ ਹਨ ਪ੍ਰੰਤੂ ਛੇਤੀ ਕੀਤਿਆਂ ਘਾਗ ਕਾਂਗਰਸੀਆਂ ਨੇ ਨਵਜੋਤ ਸਿੰਘ ਸਿੱਧੂ ਦੇ ਰਾਹ ਵਿੱਚ ਅਸਿਧੇ ਰੋੜੇ ਅਟਕਾਉਣੋਂ ਬਾਜ਼ ਨਹੀਂ ਆਉਣਾ ਕਿਉਂਕਿ ਥੋੜ੍ਹਾ ਸਮਾਂ ਪਹਿਲਾਂ ਆ ਕੇ ਕਾਂਗਰਸ ਪਾਰਟੀ ਦਾ ਮੁੱਖੀ ਬਣਨਾ ਉਨ੍ਹਾਂ ਨੂੰ ਰੜਕਦਾ ਰਹੇਗਾ। ਅੰਦਰ ਖਾਤੇ ਵਿਰੋਧ ਦੀ ਧੂਣੀ ਕਾਂਗਰਸੀਆਂ ਵਿਚ ਧੁਖਦੀ ਰਹੇਗੀ। ਇਹ ਵੀ ਵੇਖਣ ਵਾਲੀ ਗੱਲ ਹੈ ਕਿ ਸ਼ਾਹੀ ਪਰਿਵਾਰ ਦੇ ਵਾਰਿਸ ਕੈਪਟਨ ਅਮਰਿੰਦਰ ਸਿੰਘ ਜਿਹੜੇ ਨਵਜੋਤ ਸਿੰਘ ਸਿੱਧੂ ਲਈ 6 ਮਹੀਨੇ ਪਹਿਲਾਂ ਦਰਵਾਜ਼ੇ ਬੰਦ ਕਰ ਚੁੱਕੇ ਸਨ, ਕੀ ਹੁਣ ਉਨ੍ਹਾਂ ਦੇ ਦਰਵਾਜ਼ੇ ਖੁਲ੍ਹ ਸਕਣਗੇ? ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਪੁਰਾਣੇ ਟਕਸਾਲੀ ਕਾਂਗਰਸੀ ਪਰਿਵਾਰਾਂ ਵਿਚ ਬਗਾਵਤ ਦੀ ਅੱਗ ਧੁਖਣ ਲੱਗ ਗਈ ਹੈ, ਜੇ ਉਨ੍ਹਾਂ ਨੂੰ ਮਨਾਇਆ ਨਾ ਗਿਆ ਤਾਂ ਧੁਖਦੀ ਅੱਗ ਦਾ ਧੂੰਆਂ ਜਲਦੀ ਹੀ ਬਾਹਰ ਆਉਣ ਲੱਗ ਜਾਵੇਗਾ। ਇਹ ਸੁਲਗਦੀ ਅੱਗ ਭਾਂਬੜ ਬਣਕੇ ਕਾਂਗਰਸ ਪਾਰਟੀ ਦੇ ਭਵਿਖ ਨੂੰ ਵੀ ਤਬਾਹ ਕਰ ਸਕਦੀ ਹੈ। ਦਿੱਲੀ ਵਿਚਲੇ ਕਾਂਗਰਸੀ ਸੀਨੀਅਰ ਸਿਆਸੀ ਧੁਰੰਦਰਾਂ ਵੱਲੋਂ ਪੰਜਾਬ ਕਾਂਗਰਸ ਦੇ ਨੇਤਾਵਾਂ ਨੂੰ ਹੱਲਾਸ਼ੇਰੀ ਦੇ ਕੇ ਆਪਸ ਵਿਚ ਲੜਾਉਣ ਦੇ ਨਤੀਜੇ ਵਜੋਂ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਪੋਜੀਸ਼ਨ ਹਾਸੋਹੀਣੀ ਹੋ ਗਈ ਸੀ। ਹੱਥਾਂ ਨਾਲ ਦਿੱਤੀਆਂ ਗੰਢਾਂ ਹੁਣ ਉਨ੍ਹਾਂ ਨੂੰ ਦੰਦਾਂ ਨਾਲ ਖੋਲ੍ਹਣੀਆਂ ਪਈਆਂ ਹਨ। ਪੰਜਾਬ ਕਾਂਗਰਸ ਦੀ ਆਪਸੀ ਖਿਚੋਤਾਣ ਕੋਈ ਨਵੀਂ ਗੱਲ ਨਹੀਂ। ਸਥਾਪਤ ਲੀਡਰਸ਼ਿਪ ਵਿਰੁਧ ਹਮੇਸ਼ਾ ਹੀ ਅਜਿਹੀ ਘੁਸਰ ਮੁਸਰ ਹੁੰਦੀ ਰਹਿੰਦੀ ਹੈ। ਵਿਧਾਨਕਾਰਾਂ ਅਤੇ ਵੱਡੇ ਨੇਤਾਵਾਂ ਦੇ ਗਿਲੇ ਸ਼ਿਕਵੇ ਵੀ ਆਮ ਜਿਹੀ ਗੱਲ ਹੈ ਕਿਉਂਕਿ ਜੇਕਰ ਉਹ ਗਿਲੇ ਸ਼ਿਕਵੇ ਨਾ ਕਰਨ ਤਾਂ ਉਨ੍ਹਾਂ ਦੀ ਸਰਕਾਰੇ ਦਰਬਾਰੇ ਪੁਛ ਪ੍ਰਤੀਤ ਘਟ ਜਾਂਦੀ ਹੈ। ਹੋ ਸਕਦਾ ਉਨ੍ਹਾਂ ਦੇ ਜ਼ਾਇਜ਼ ਨਜ਼ਾਇਜ਼ ਕੰਮ ਨਾ ਹੁੰਦੇ ਹੋਣ। ਚੁਣੇ ਹੋਏ ਨੁਮਾਇੰਦੇ ਆਪੋ ਆਪਣੇ ਹਲਕਿਆਂ ਦੇ ਲੋਕਾਂ ਨੂੰ ਜਵਾਬਦੇਹ ਹੁੰਦੇ ਹਨ। ਜੇਕਰ ਉਨ੍ਹਾਂ ਦੇ ਕੰਮ ਨਹੀਂ ਹੋਣਗੇ ਤਾਂ ਲੋਕ ਉਨ੍ਹਾਂ ਤੋਂ ਮੂੰਹ ਮੋੜ ਲੈਣਗੇ। ਗਿਆਨੀ ਜ਼ੈਲ ਸਿੰਘ ਤੋਂ ਲੈ ਕੇ ਵਰਤਮਾਨ ਸਰਕਾਰ ਤੱਕ ਵਿਰੋਧੀ ਸੁਰਾਂ ਉਠਦੀਆਂ ਰਹੀਆਂ ਹਨ। ਵਿਰੋਧੀ ਸੁਰਾਂ ਉਠਣਾ ਕੋਈ ਮਾੜੀ ਗੱਲ ਵੀ ਨਹੀਂ। ਜੇ ਵਿਰੋਧ ਨਾ ਹੋਵੇ ਤਾਂ ਕਈ ਵਾਰ ਮੁੱਖ ਮੰਤਰੀ ਮਨਮਾਨੀਆਂ ਕਰਨ ਲੱਗ ਜਾਂਦੇ ਹਨ। ਹੁਣ ਤੱਕ ਵਿਰੋਧੀ ਸੁਰਾਂ ਉਠਣ ‘ਤੇ ਸਿਰਫ ਦੋ ਵਾਰ ਮੁੱਖ ਮੰਤਰੀਆਂ ਨੂੰ ਬਦਲਿਆ ਹੈ, ਪਹਿਲੀ ਵਾਰ ਪ੍ਰਤਾਪ ਸਿੰਘ ਕੈਰੋਂ ਨੂੰ ਬਦਲਕੇ ਗੋਪੀ ਚੰਦ ਭਾਰਗਵ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ, ਦੂਜੀ ਵਾਰ ਹਰਚਰਨ ਸਿੰਘ ਬਰਾੜ ਨੂੰ ਬਦਲਕੇ ਬਾਗੀਆਂ ਦੀ ਲੰਬੀ ਜਦੋਜਹਿਦ ਤੋਂ ਬਾਅਦ ਰਾਜਿੰਦਰ ਕੌਰ ਭੱਠਲ ਮੁੱਖ ਮੰਤਰੀ ਬਣੇ ਸਨ। ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਪਾਰੀ ਵਿਚ ਵੀ ਵਿਰੋਧੀ ਸੁਰਾਂ ਉਠੀਆਂ ਸਨ ਉਦੋਂ ਰਾਜਿੰਦਰ ਕੌਰ ਭੱਠਲ ਨੂੰ ਉਪ ਮੁੱਖ ਮੰਤਰੀ ਬਣਾਕੇ ਚੁੱਪ ਕਰਾ ਦਿੱਤੇ ਸਨ। ਵੇਖਣ ਵਾਲੀ ਗੱਲ ਹੈ ਕਿ ਐਨੀ ਜਦੋਜਹਿਦ ਤੋਂ ਬਾਅਦ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਫ਼ਲ ਹੁੰਦੇ ਹਨ ਕਿ ਨਹੀਂ? *** |