ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (15 ਅਗਸਤ 2021 ਨੂੰ) 49ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਸੁੱਚੇ ਅਹਿਸਾਸਾਂ ਦੀ ਸ਼ਾਇਰਾ ਦਿਓਲ ਪਰਮਜੀਤ’ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਸ਼ਾਇਰਾ ਦਿਓਲ ਪਰਮਜੀਤ’ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ ਸੁੱਚੇ ਅਹਿਸਾਸਾਂ ਦੀ ਸ਼ਾਇਰਾ ਦਿਓਲ ਪਰਮਜੀਤ—ਹਰਮੀਤ ਸਿੰਘ ਅਟਵਾਲਸਾਲ 2018 ਵਿਚ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਘੁੰਮਦਿਆਂ ਮੈਨੂੰ ਆਪਣੇ ਪੰਜਾਬ ਵਿਚ ਘੁੰਮਣ ਵਰਗਾ ਹੀ ਅਹਿਸਾਸ ਹੋਇਆ ਸੀ। ਆਪਣੇ ਲੋਕਾਂ ਦੀ ਖ਼ੁਸ਼ਹਾਲੀ ਦੇਖ ਕੇ ਮਨ ਬਹੁਤ ਖ਼ੁਸ਼ ਹੋਇਆ ਸੀ। ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਇਸ ਬਰੈਂਪਟਨ ਸ਼ਹਿਰ ਵਿਚ ਹੀ ਵੱਸਦੀ ਹੈ ਸਾਡੀ ਪੰਜਾਬੀ ਸ਼ਾਇਰਾ ਦਿਓਲ ਪਰਮਜੀਤ ਜਿਸ ਨੂੰ ਸਮਰੱਥ ਸਾਹਿਤਕਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੇ ਸੁੱਚੇ ਅਹਿਸਾਸਾਂ ਦੀ ਸ਼ਾਇਰਾ ਕਿਹਾ ਹੈ। ‘ਇਹਸਾਸ’ ਸ਼ਬਦ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਕੋਸ਼ਗਤ ਅਰਥ ਹਨ ਹਿਸ ਜਾਂ ਹਰਕਤ ਦਾ ਪਤਾ ਕਰਨਾ, ਪੰਜ ਇੰਦਰਿਆਂ ਵਿੱਚੋਂ ਕਿਸੇ ਇੱਕ ਇੰਦਰੇ ਦੁਆਰਾ ਮਹਿਸੂਸ ਕਰਨਾ, ਅਨੁਭਵ ਕਰਨਾ ਜਾਂ ਮਹਿਸੂਸ ਕਰਨਾ। ਪੰਜਾਬੀ ਵਿਚ ਇਹ ਸ਼ਬਦ ‘ਇਹਸਾਸ’ ਦੀ ਬਜਾਏ ‘ਅਹਿਸਾਸ’ ਦੇ ਰੂਪ ਵਿਚ ਵੱਧ ਪ੍ਰਚਲਤ ਹੋ ਗਿਆ ਹੈ। ਆਪਣੀ ਗੱਲ ਨੂੰ ਅੱਗੇ ਵਧਾਉਂਦਿਆਂ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੇ ਲਿਖਿਆ ਹੈ ਕਿ ਦਿਓਲ ਪਰਮਜੀਤ ਸੱਚੇ ਅਹਿਸਾਸਾਂ ਦੀ ਸ਼ਾਇਰਾ ਹੈ ਜਿਸ ਦੇ ਹਰਫ਼ਾਂ ਵਿਚ ਮਨ ਦੀਆਂ ਭੋਲੀਆਂ ਭਾਲੀਆਂ ਸੰਵੇਦਨਾਵਾਂ ਕਵਿਤਾ, ਗੀਤ ਜਾਂ ਗ਼ਜ਼ਲ ਦਾ ਰੂਪ ਧਾਰ ਕੇ ਵਰਕਿਆਂ ’ਤੇ ਰੂਪਮਾਨ ਹੁੰਦੀਆਂ ਨੇ। ਇਨ੍ਹਾਂ ਕਵਿਤਾਵਾਂ ਵਿਚ ਪਿੰਡ ਦੀ ਸਰਘੀ ਹੈ, ਲਵੇਰਾ ਚੋਣ ਦਾ ਕਰਮ ਹੈ ਤੇ ਮਾਂ ਵਰਗੀ ਭਾਬੀ ਨਾਲ ਅੰਤਾਂ ਦੇ ਮੋਹ ਦਾ ਪ੍ਰਗਟਾਵਾ ਹੈ। ਇੰਜ ਹੀ ਡਾ. ਗੁਰਮਿੰਦਰ ਸਿੱਧੂ ਦਾ ਵੀ ਕਹਿਣਾ ਹੈ ਕਿ ਦਿਓਲ ਪਰਮਜੀਤ ਦੀਆਂ ਕਵਿਤਾਵਾਂ ਵਿੱਚੋਂ ਉਸ ਦੇ ਸੱਚੇ ਸੁੱਚੇ ਅਹਿਸਾਸਾਂ ਦੇ ਦਰਸ਼ਨ ਹੁੰਦੇ ਹਨ। ਉਸ ਦੀ ਅੰਬਰਾਂ ਵਿਚ ਉਡਾਰੀਆਂ ਲਾਉਣ ਦੀ ਰੀਝ ਝਲਕਦੀ ਹੈ। ਖ਼ੁਦ ਦਿਓਲ ਪਰਮਜੀਤ ਦਾ ਵੀ ਇਹ ਦਰਸਾਉਣਾ ਕਾਬਲਿ ਗੌਰ ਹੈ ਕਿ ‘ਮੇਰੀ ਸੰਵੇਦਨਾ ਨੇ ਵਿਸਮਾਦ ਅਤੇ ਬੋਧ ਬਿਰਤੀ ਨਾਲ ਜੁੜਕੇ ਮਨ ਵਿਚ ਇੱਕ ਅਜੀਬ ਤਰ੍ਹਾਂ ਦੀ ਕਾਵਿ-ਤੜਪ ਪੈਦਾ ਕੀਤੀ ਹੈ। ਇਸੇ ਤੜਪ ਕਾਰਨ ਮੈਂ ਨਿੱਜ ਤੋਂ ਉੱਪਰ ਉੱਠ ਕੇ ਜ਼ਿੰਦਗੀ ਦੇ ਹਰੇ ਕਚੂਰ ਪੱਤਿਆਂ ’ਤੇ ਪਈ ਗਰਦ ਨੂੰ ਸੋਚ ਦੇ ਸਵੱਛ ਪਾਣੀ ਨਾਲ ਧੋਣ ਦਾ ਸਾਹਸ ਕੀਤਾ ਹੈ। ਨਿਰਛੱਲ ਹੋਂਦ ਨੂੰ ਕਾਵਿ-ਬੋਲਾਂ ਵਿਚ ਢਾਲਣ ਲਈ ਖ਼ੁਦ ਨੂੰ ਵੀ ਅੰਦਰੋਂ ਬਾਹਰੋਂ ਟੋਹਿਆ ਹੈ। ਸ਼ਬਦਾਂ ਨੂੰ ਅਹਿਸਾਸ ਦੀ ਜਾਗ ਲਾ ਕੇ ਚੇਤਨਾ ਦੇ ਪਾਰਦਰਸ਼ੀ ਸ਼ੀਸ਼ੇ ਵਿੱਚੋਂ ਲੰਘਾਉਣ ਦਾ ਯਤਨ ਕੀਤਾ ਹੈ। ‘ਤੂੰ ਕੱਤ ਬਿਰਹਾ’, ‘ਸਾਹਾਂ ਦੀ ਪੱਤਰੀ’, ‘ਮੈਂ ਇੱਕ ਰਿਸ਼ਮ’ (ਤਿੰਨੇ ਮੌਲਿਕ ਕਾਵਿ-ਸੰਗ੍ਰਹਿ) ਤੇ ‘ਕਿਸਾਨੀ ਇਬਾਰਤ’ (ਸੰਪਾ : ਕਾਵਿ-ਸੰਗ੍ਰਹਿ) ਦਿਓਲ ਪਰਮਜੀਤ ਦੀਆਂ ਹੁਣ ਤੱਕ 4 ਕਾਵਿ ਪੁਸਤਕਾਂ ਸਾਡੇ ਅਧਿਐਨ ਅਧੀਨ ਆਈਆਂ ਹਨ। ਇਨ੍ਹਾਂ ਵਿੱਚੋਂ ‘ਕਿਸਾਨੀ ਇਬਾਰਤ’ ਚੱਲ ਰਹੇ ਕਿਸਾਨੀ ਸੰਘਰਸ਼ ਬਾਰੇ ਲਿਖੀਆਂ ਕਵਿਤਾਵਾਂ ਦੀ ਹੈ। ਇਸ ਪੁਸਤਕ ਵਿਚ ਸੰਪਾਦਿਕਾ ਸਣੇ ਕੁਲ 41 ਕਵਿੱਤਰੀਆਂ ਦੀਆਂ ਕਵਿਤਾਵਾਂ ਸ਼ਾਮਲ ਹਨ। ਬਾਕੀ ਉਪਰੋਕਤ ਤਿੰਨ ਪੁਸਤਕਾਂ ਦੇ ਅਧਿਐਨ ਉਪਰੰਤ ਨਚੋੜਨੁਮਾ ਪ੍ਰਭਾਵ ਦਿੱਤਾ ਜਾ ਸਕਦਾ ਹੈ ਕਿ ਦਿਓਲ ਪਰਮਜੀਤ ਦਾ ਕਾਵਿ-ਸੰਸਾਰ ਸੱਭਿਆਚਾਰਕ ਵਿਲੀਨੀਕਰਣ ਵਿਚ ਵਿਚਰਦਾ ਹੋਇਆ ਵੀ ਆਪਣੀ ਵਿਲੱਖਣ ਪਛਾਣ ਦਾ ਪੁਖਤਾ ਪ੍ਰਮਾਣ ਦਿੰਦਾ ਹੈ। ਪਰਮਜੀਤ ਦੀ ਵਿਸਮਾਦੀ ਤੇ ਬੋਧ ਬਿਰਤੀ ਸੁੱਚੇ ਅਹਿਸਾਸਾਂ ਨੂੰ ਬੜੀ ਮਹੀਨਤਾ ਨਾਲ ਸਿਰਜਣਾ ਦਾ ਰੂਪ ਦਿੰਦੀ ਹੈ। ਸ਼ਾਬਦਿਕ ਸਰੋਦ ਨਾਲ ਸ਼ਿੰਗਾਰੀ ਨਿਵੇਕਲੀ ਬਿੰਬਾਬਲੀ ਉਸ ਦੀ ਕਵਿਤਾ ਨੂੰ ਵਿਸ਼ੇਸ਼ਤਾ ਬਖ਼ਸ਼ਦੀ ਹੈ। ਵਿਸ਼ਵ ਗਿਆਨ, ਪੰਜਾਬੀ ਸੱਭਿਆਚਾਰਕ ਸਥਿਤੀਆਂ ਤੇ ਪੰਜਾਬੀ ਕਾਵਿ-ਅਵਚੇਤਨ ਦੇ ਸੰਯੋਗੀ ਧਰਾਤਲ ’ਤੇ ਹੋਂਦ ਵਿਚ ਆਈਆਂ ਦਿਓਲ ਦੀਆਂ ਕਾਵਿ-ਕਿਰਤਾਂ ਬਹੁਪੱਖੀ ਮਾਨਵੀ ਸਰੋਕਾਰਾਂ ਦੀ ਗੱਲ ਤਾਂ ਕਰਦੀਆਂ ਹੀ ਹਨ, ਨਾਲ-ਨਾਲ ਆਧੁਨਿਕ ਕਾਵਿ-ਪ੍ਰਵਚਨ ਦੀਆਂ ਵੀ ਹਾਣੀ ਹੋ ਨਿਬੜਦੀਆਂ ਹਨ। ਚਾਹੇ ਪਰੰਪਰਾਗਤ ਚਿੰਤਨ ਹੋਵੇ, ਆਧੁਨਿਕ ਚਿੰਤਨ ਹੋਵੇ ਜਾਂ ਉਤਰ ਆਧੁਨਿਕ ਚਿੰਤਨ ਹੋਵੇ, ਦਿਓਲ ਦੀਆਂ ਕਾਵਿ-ਰਚਨਾਵਾਂ ਵਿੱਚੋਂ ਸਾਰੇ ਚਿੰਤਨਾਂ ਦੀ ਅੰਤਰ ਸੰਬੰਧਤਾਂ ਜਾਣੀ-ਸਮਝੀ ਜਾ ਸਕਦੀ ਹੈ। ਮਨੁੱਖੀ ਜ਼ਿੰਦਗੀ ’ਚ ਕਈ ਤਰ੍ਹਾਂ ਦੀ ਸਥਾਪਨਾ, ਵਿਸਥਾਪਨਾ ਤੇ ਉਥਾਪਨਾ ਦੀ ਪ੍ਰਕਿਰਿਆ ਤਾਂ ਸਥਿਤੀਆਂ-ਮੌਕਿਆਂ ਦੇ ਮੱਦੇਨਜ਼ਰ ਸਮੇਂ-ਸਮੇਂ ਚਲਦੀ ਰਹਿੰਦੀ ਹੈ ਤੇ ਇਹ ਵੀ ਸੱਚ ਹੈ ਕਿ ਕਈ ਵਾਰੀ ਅਤਾਰਕਿਕ ਚਿੰਤਨ ਵੀ ਲੋਕ ਮਨਾਂ ’ਚ ਆਪਣੀ ਥਾਂ ਬਣਾ ਲੈਂਦੇ ਹਨ ਪਰ ਜਦੋਂ ਭਾਵਨਾਵਾਂ ਦਾ ਆਵੇਸ਼, ਜ਼ੋਰ ਜਾਂ ਵਹਾਅ ਯਥਾਰਥ ਦੇ ਮੋਢੇ ਨਾਲ ਮੋਢਾ ਜੋੜਕੇ ਕਵਿਤਾ ਦਾ ਰੂਪ ਧਾਰਦਾ ਹੈ ਤਾਂ ਕਈ ਤਰ੍ਹਾਂ ਦੇ ਅੰਤਰ ਅਨੁਸ਼ਾਸਨ ਵੀ ਖੂੰਜੇ ਲੱਗੇ ਨਜ਼ਰ ਆਉਂਦੇ ਹਨ। ਉਦੋਂ ਰਚਨਾ ਨੂੰ ਮਿਲਦੀ ਪਾਠਕਾਂ/ਸਰੋਤਿਆਂ ਦੀ ਪਰਵਾਨਗੀ ਲਿਖਣਹਾਰ ਨੂੰ ਹੋਰ ਵੀ ਉਤਸ਼ਾਹ ਦਿੰਦੀ ਹੈ। ਇਹ ਉਤਸ਼ਾਹ ਦਿਓਲ ਪਰਮਜੀਤ ਨੂੰ ਵੀ ਮਿਲਦਾ ਰਹਿੰਦਾ ਹੈ ਤੇ ਉਸ ਦੀ ਕਾਵਿ-ਸਿਰਜਣਾ ਹੋਰ ਵੀ ਪਰਪੱਕਤਾ ਨਾਲ ਪਾਠਕ ਨਾਲ ਆਪਣੀ ਸਾਂਝ ਪਾਉਂਦੀ ਰਹਿੰਦੀ ਹੈ। ਦਰਅਸਲ ਸਚਾਈ ਇਹੀ ਹੈ ਕਿ ਜਿੰਨਾ-ਜਿੰਨਾ ਕਾਵਿ-ਪਰਿਪੇਖ ਮਿਸ਼ਰਤ, ਬਹੁਲਤਾਵਾਦੀ ਤੇ ਸੰਵਾਦੀ ਸੁਭਾਅ ਵਾਲਾ ਹੋਵੇਗਾ ਓਨਾ ਹੀ ਪਰਵਾਨਗੀ ਦੇ ਵੱਧ ਨੇੜੇ ਹੋਵੇਗਾ। ਅਜਿਹੀ ਨੇੜਤਾ ਦਿਓਲ ਪਰਮਜੀਤ ਨੂੰ ਵੀ ਹਾਸਲ ਹੈ। ਦਿਓਲ ਕਾਵਿ ’ਚੋਂ ਇੱਕ ‘ਇਸ਼ਕ ਦਾ ਟੂਣਾ’ ਨਾਂ ਦੀ ਪ੍ਰਗੀਤਾਤਮਿਕਤਾ ਸੰਪੰਨ ਤੇ ਰਵਾਨੀ ਭਰਪੂਰ ਪੂਰੀ ਕਵਿਤਾ ਵੀ ਇਥੇ ਆਪ ਦੀ ਨਜ਼ਰ ਹੈ: ਲੋਕੋ ਵੇ, ਕੋਈ ਰੋਕੋ ਵੇ ਪਾ ਚੂੜਾ ਬਾਹੀਂ ਸ਼ਗਨਾਂ ਦਾ ਦਿਓਲ ਪਰਮਜੀਤ ਦਾ ਜਨਮ 23 ਦਸੰਬਰ 1972 ਨੂੰ ਪਿਤਾ ਪਿਆਰਾ ਸਿੰਘ ਤੇ ਮਾਤਾ ਗੁਰਦੇਵ ਕੌਰ ਦੇ ਘਰ ਫ਼ਿਰੋਜ਼ਪੁਰ ਕੈਂਟ ਵਿਚ ਹੋਇਆ। ਦਿਓਲ ਦੇ ਪਿਤਾ ਜੀ ਮਿਲਟਰੀ ਵਿਚ ਸਨ। ਉਂਝ ਦਿਓਲ ਦਾ ਪਰਿਵਾਰ ਪਿੰਡ ਟਾਹਲੀ (ਤਹਿਸੀਲ ਨਕੋਦਰ ਤੇ ਜ਼ਿਲ੍ਹਾ ਜਲੰਧਰ) ਦਾ ਵਸਨੀਕ ਹੈ। ਦਿਓਲ ਪਰਮਜੀਤ ਦੀ ਵਿੱਦਿਅਕ ਯੋਗਤਾ ਐੱਮਏ (ਪੰਜਾਬੀ) ਹੈ। 2003 ਵਿਚ ਉਸ ਨੇ ਕੈਨੇਡਾ ਵਿਚ ਪੱਕਾ ਵਾਸਾ ਕਰ ਲਿਆ। ਦਿਓਲ ਪਰਮਜੀਤ ਨਾਲ ਸਾਹਿਤਕ ਵਿਚਾਰ ਵਟਾਂਦਰਾ ਵੀ ਸਮੇਂ-ਸਮੇਂ ਜਾਰੀ ਰਹਿੰਦਾ ਹੈ। ਪਿਛਲੇ ਦਿਨੀਂ ਹੋਈ ਸਾਹਿਤਕ ਗੱਲਬਾਤ ’ਚੋਂ ਉਸ ਵੱਲੋਂ ਕੁਝ ਅੰਸ਼ ਹਾਜ਼ਿਰ ਹਨ: * ਜਦੋਂ ਮੈਂ ਡੈਡੀ ਦੀ ਕਵਿਤਾ, ਗੀਤ ਉਸ ਦੇ ਫ਼ੌਜੀ ਟਰੰਕ ਵਿੱਚੋਂ ਕੱਢ ਕੇ ਕਾਪੀ ਪੜ੍ਹਦੀ ਸਾਂ ਜਾਂ ਮਾਂ ਕੋਲੋਂ ਉਸ ਦੇ ਆਪ ਜੋੜੇ ਗੀਤ ਰੂਪੀ ਟੋਟਕੇ ਸੁਣਦੀ ਸਾਂ ਤਾਂ ਉਦੋਂ ਤਾਂ ਨਹੀਂ ਮਨ ’ਚ ਆਇਆ। ਲੇਕਿਨ ਜਦੋਂ ਵੱਡਾ ਭਰਾ ਅੱਠਵੀਂ ’ਚ ਪੜ੍ਹਦਾ ਸੀ ਤੇ ਮੈਂ ਸੱਤਵੀਂ ’ਚ, ਉਦੋਂ ਉਹ ਕੁਝ ਲਿਖਕੇ ਲਕੋਈ ਫਿਰੇ ਤਾਂ ਮੈਂ ਵੀ ਉਸ ਨੂੰ ਦਿਖਾਉਣ ਲਈ ਇੱਕ ਕਹਾਣੀ ਲਿਖੀ। ਉਹ ਕਹਾਣੀ ਗਿਆਰਵੀਂ ’ਚ ਜਾ ਕੇ ਛਪੀ ਕਾਲਿਜ ਦੇ ਮੈਗਜ਼ੀਨ ਚਿੜੀਆਂ ਦੇ ਚੰਬੇ ਵਿਚ। * ਕੋਈ ਵੀ, ਕਿਸੇ ਵੀ ਤਰ੍ਹਾਂ ਦੀ ਕਲਾ ਨਾਲ ਜੁੜਿਆ ਵਿਅਕਤੀ ਸੰਵੇਦਨਸ਼ੀਲ ਹੁੰਦਾ ਹੈ। ਉਸਨੂੰ ਸੰਵੇਦਨਸ਼ੀਲ ਹੋਣਾ ਪਵੇਗਾ ਕਿਉਂਕਿ ਉਸਨੇ ਪੱਥਰਾਂ ’ਚੋਂ ਮੋਤੀ ਤਲਾਸ਼ਣੇ ਹੁੰਦੇ ਹਨ। * ਤੁਸੀਂ ਠੀਕ ਅੰਦਾਜ਼ਾ ਲਗਾਇਆ ਹੈ। ਮੈਂ ਪਹਿਲਾਂ ਤਾਂ ਖੁੱਲੀ ਨਜ਼ਮ ਲਿਖਦੀ ਹੀ ਨਹੀਂ ਸੀ। ਗੀਤ ਔਰ ਬੰਦਿਸ਼ ਵਾਲੀ ਕਵਿਤਾ ਹੀ ਲਿਖਦੀ ਸੀ ਪਰ ਮੇਰੀ ਕਵਿਤਾ ਦੀ ਪੁਸਤਕ ‘ਮੈਂ ਇੱਕ ਰਿਸ਼ਮ’ ਖੁੱਲੀ ਕਵਿਤਾ ਹੈ। ਲੈਅ ਤੋਂ ਉਹ ਵੀ ਨਹੀਂ ਟੁੱਟੀ। ਅਗਲੀ ਮੇਰੀ ਆਉਣ ਵਾਲੀ ਕਿਤਾਬ ਨਿਰੀ ਗ਼ਜ਼ਲਾਂ ਦੀ ਹੈ। * ਸਾਡੇ ਓਨਟਾਰੀਓ ’ਚ ਬਾਬੇ ਬੋਹੜ ਬੈਠੇ ਨੇ। ਕਵਿਤਾ ’ਚ ਨਵਤੇਜ ਭਾਰਤੀ ਜੀ ਸੁਖਪਾਲ ਜੀ, ਵਾਰਤਕ ਵਿਚ ਪ੍ਰਿੰ: ਸਰਵਣ ਸਿੰਘ ਜੀ ਤੇ ਕਹਾਣੀ ਵਿਚ ਵਰਿਆਮ ਸਿੰਘ ਸੰਧੂ ਜੀ ਤੇ ਕਹਾਣੀਕਾਰ ਜਰਨੈਲ ਸਿੰਘ ਜੀ। * ਬਰੈਂਪਟਨ ਦੀਆਂ ਸਾਹਿਤ ਸਭਾਵਾਂ ਆਪਣੇ ਆਪਣੇ ਤਰੀਕੇ ਨਾਲ ਆਪਣਾ ਬਣਦਾ ਸਰਦਾ ਪੰਜਾਬੀ ਸਾਹਿਤ ਅਤੇ ਬੋਲੀ ਦੇ ਵਿਕਾਸ ਵਿਚ ਹਿੱਸਾ ਪਾ ਰਹੀਆਂ ਹਨ। * ਮੈਂ ਬਹੁਤ ਸਾਰੀਆਂ ਸੰਸਥਾਵਾਂ ਵਿਚ ਕੰਮ ਕਰਦੀ ਹਾਂ। ਕੋਆਰਡੀਨੇਟਰ, ਸੰਸਥਾਪਕ ਵੱਜੋਂ ਕੰਮ ਕਰਦੀ ਹਾਂ। ਥੀਏਟਰ ਦਾ ਜਨੂੰਨ ਹੈ, ਐਕਟਰ ਹਾਂ। * ਕਵਿਤਾ ਤੋਂ ਇਲਾਵਾ ਗ਼ਜ਼ਲਾਂ ਲਿਖਦੀ ਹਾਂ। ਖਰੜਾ ਤਿਆਰ ਹੈ। ਕਿਤਾਬ ਦਾ ਨਾਂ ਹੈ ‘ਕੂੰਜਾਂ ਦੇ ਰੂਬਰੂ’। ਕਹਾਣੀ ਵੀ ਲਿਖ ਰਹੀ ਹਾਂ ਤੇ ਨਾਲ ਪਰੋਜ਼ ਵੀ। * ਕਦੇ ਜਿਹੜਾ ਆਪਸੀ ਨਿੱਘ ਪਰਿਵਾਰਾਂ ਵਿਚ ਬੈਠ ਕੇ ਜਾਂ ਗੱਲ ਕਰਕੇ ਆਉਂਦਾ ਸੀ, ਉਹ ਹੂਣ ਟੈਕਨਾਲੋਜੀ ਵਿੱਚੋਂ ਭਾਲਦੇ ਹਾਂ। * ਜਿਹੜੇ ਪੌਜ਼ਟਿਵ ਸੋਚ ਨੂੰ ਲੈ ਕੇ ਅੱਗੇ ਜਾਣਗੇ, ਉਹ ਸੰਸਥਾਵਾਂ, ਉਹ ਲੋਕ ਹੀ ਕਾਮਯਾਬ ਹੋਣਗੇ। ਨਿਰਸੰਦੇਹ ਦਿਓਲ ਪਰਮਜੀਤ ਦੇ ਵਿਚਾਰ ਪੂਰੇ ਗੌਰ ਦੇ ਕਾਬਿਲ ਹਨ। ਉਸਦੀ ਸੁੱਚੇ ਅਹਿਸਾਸਾਂ ਨੂੰ ਸਿਰਜਦੀ ‘ਤੇਰੇ ਨਾਂ ਦਾ ਦੀਵਾ’ ਕਵਿਤਾ ਸਭ ਨਾਲ ਇਥੇ ਸਾਂਝੀ ਕਰਦਿਆਂ ਇਜਾਜ਼ਤ ਲਈ ਜਾਂਦੀ ਹੈ: ਬਹੁਤ ਡਾਢੀ ਬੀਤੀ ਦਿਲੇ ਸਿਦਕ ਨਾ ਹਾਰਿਆ ਹਿੰਮਤਾਂ ਦੇ ਖੰਭਾਂ ਨਾਲ ਲਾਈਆਂ ਮੈਂ ਉਡਾਰੀਆਂ ਹਰਮੀਤ ਸਿੰਘ ਅਟਵਾਲ |