19 November 2025

ਅਮਰੀਕਨ ਪੰਜਾਬੀ ਅਦਬ ਦਾ ਅਮੀਕ ਅਦੀਬ ਡਾ. ਕੁਲਵਿੰਦਰ ਸਿੰਘ ਬਾਠ — ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ. ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਅਧੀਨ ਐਤਵਾਰ 27 ਜੁਲਾਈ 2025 ਨੂੰ ‘ਅਮਰੀਕਨ ਪੰਜਾਬੀ ਅਦਬ ਦਾ ਅਮੀਕ ਅਦੀਬ ਡਾ. ਕੁਲਵਿੰਦਰ ਸਿੰਘ ਬਾਠ’ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਡਾ. ਕੁਲਵਿੰਦਰ ਸਿੰਘ ਬਾਠ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉੱਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਨਿਰਪੱਖ ਆਲੋਚਕ ਸ. ਹਰਮੀਤ ਸਿੰਘ ਅਟਵਾਲ ਜੀ ਅਤੇ ‘ਡਾ. ਕੁਲਵਿੰਦਰ ਸਿੰਘ ਬਾਠ’ ਨੂੰ ਹਾਰਦਿਕ ਵਧਾਈ ਹੋਵੇ।  ਇਹ ਰਚਨਾ ‘ਪੰਜਾਬੀ ਜਾਗਰਣ’ ਅਤੇ ਆਲੋਚਕ ਸ. ਹਰਮੀਤ ਸਿੰਘ ਅਟਵਾਲ ਦੇ ਧੰਨਵਾਦ ਸਹਿਤ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਆਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

ਕਿਸੇ ਲੇਖਕ ਦੀ ਚੇਤਨਾ ਤੇ ਚਿੰਤਨ ਦਾ ਮਜ਼ਬੂਤ ਆਧਾਰ ਹੀ ਸਹੀ ਮਾਅਨਿਆਂ ਵਿਚ ਉਸ ਦੇ ਅਦਬ ਨੂੰ ਅਮੀਕ ਅਵਸਥਾ ਨਾਲ ਭਰਪੂਰ ਕਰਦਾ ਹੈ। ਅਮਰੀਕਨ ਪੰਜਾਬੀ ਕਲਮਕਾਰਾਂ ਜਾਂ ਅਦੀਬਾਂ ‘ਚ ਡਾ. ਕੁਲਵਿੰਦਰ ਸਿੰਘ ਅਜਿਹਾ ਨਾ ਹੈ, ਜਿਸ ਦੀ ਹੁਣ ਤੱਕ ਦੀ ਸਾਹਿਤਕ ਸਿਰਜਣਾ ਖਾਸੀ ਅਮੀਕ ਅੰਦਾਜ਼ ਦੀ ਧਾਰਨੀ ਕਹੀ ਜਾ ਸਕਦੀ ਹੈ। ਉਸ ਦੀਆਂ ਹੁਣ ਤਕ ਦੋ ਪੁਸਤਕਾਂ (ਇਕ ਕਵਿਤਾ ਤੇ ਇਕ ਵਾਰਤਕ) ਪਾਠਕਾਂ ਦੇ ਹੱਥਾਂ ਵਿਚ ਪੁੱਜੀਆਂ ਹਨ, ਜਿਨ੍ਹਾਂ ਦੇ ਨਾਂ ਹਨ ‘ਤਾਣੇ-ਬਾਣੇ’(ਵਾਰਤਕ) ਤੇ ਜ਼ਿੰਦਾਦਿਲੀ (ਕਵਿਤਾ)। ਇਨ੍ਹਾਂ ਪੁਸਤਕਾਂ ਅੰਦਰਲੇ ਵਿਚਾਰ ਪ੍ਰਵਾਹ ਦੀ ਬਹੁਤ ਸੰਖੇਪ ਗੱਲ ਵੀ ਕਰੀਏ ਤਾਂ ਵਾਰਤਕ ਪੁਸਤਕ “ਤਾਣੇ- ਥਾਣੇ’ (ਪੰਨੇ-231) ਵਧੀਆ ਵਾਰਤਕ ਪੁਸਤਕ ਆਖੀ ਜਾ ਸਕਦੀ ਹੈ। ਇਹ ਪੁਸਤਕ ਉਂਝ ਤਾਂ ਵਾਰਤਕ ਵੰਨਗੀ ਦੀ ਹੈ ਪਰ ਨਾਲੋਂ-ਨਾਲ ਇਸ ਵਾਰਤਕ ਵਿਚ ਕਾਵਿਕਤਾ ਵੀ ਕਮਾਲ ਦੀ ਹੈ। ਮਾਸਾ ਕੁ ਅਗਾਂਹ ਵਧੀਏ ਤਾ ਇਸ ਵਿਚ ਕਥਾ ਰਸ ਵੀ ਪੂਰਾ ਅਸਰਦਾਇਕ ਹੈ, ਸਵੈ-ਜੀਵਨੀ ਮੂਲਕ ਥਿਰਤਾਂਤ ਵੀ ਆਪਣਾ ਪ੍ਰਭਾਵ ਛੱਡੀ ਜਾਂਦਾ ਹੈ। ਡਾ. ਬਾਠ ਵੱਲੋਂ ਢੁੱਕਵੇਂ ਥਾਵਾਂ ‘ਤੇ ਵਰਤੀਆਂ ਗਈਆਂ ਉਪਮਾਵਾਂ-ਤੁਲਨਾਵਾਂ ਵੀ ਉਸ ਦੀ ਵਾਰਤਕ ਸ਼ੈਲੀ ਨੂੰ ਚਾਰ ਚੰਦ ਲਾਈ ਜਾਂਦੀਆਂ ਹਨ।

ਬਹੁਤ ਗੌਰ ਨਾਲ ਵਾਚੀਏ ਤਾਂ ਪਤਾ ਲੱਗਦਾ ਹੈ ਕਿ ‘ਤਾਣੇ-ਬਾਣੇ’ ਜ਼ਿੰਦਗੀ ਦੀ ਜਟਿਲਤਾ ਦੇ ਕੁਝ ਅੰਸ਼ ਪਾਠਕਾਂ ਸਨਮੁੱਖ ਸਹਿਜ ਰੂਪ ਵਿਚ ਰੱਖਦੀ ਹੈ। ਡਾ. ਬਾਠ ਦੀ ਕਲਮ ਦੀ ਕਰਾਮਾਤ ਦੀ ਝਲਕ ਉਸ ਦੀਆਂ ਲਿਖਤਾਂ ਦੇ ਸਿਰਲੇਖਾਂ ਤੋਂ ਹੀ ਸਮਝ ਆਉਣ ਲੱਗ ਪੈਂਦੀ ਹੈ। ਮਸਲਨ ‘ਅਸਲੀ ਠਗ ਬਣਨ ਦੀ ਜਦੋ ਜਹਿਦ’, ‘ਅੜਬ ਜਵਾਈ ਜਿਹੇ ਜੰਗਾਲ ਖਾਧੇ ਜਿੰਦਰੇ’, ‘ਇਨਸਾਨਾ ਦੀ ਭੀੜ ‘ਚ ਗੁਆਚਾ ਤਾਰਾ’, ‘ਜਿਸ ਨੂੰ ਸੁਣਨਾ ਆ ਗਿਆ ਉਸਨੂੰ ਬੋਲਣ ਦੀ ਕੀ ਲੋੜ’, ‘ਅੰਨ੍ਹੀ ਕੁਕੜੀ ਖਸ ਖਸ ਦਾ ਚੋਗਾ ਆਦਿ। ਬਿਨਾ ਸ਼ੱਕ ਤਾਣੇ-ਬਾਣੇ ਅਮੀਕ ਅੰਦਾਜ਼ ਦੀ ਵਾਰਤਕ ਪੁਸਤਕ ਹੈ। ਇਸ ਵਿਚ ਵਿਚਾਰਾਂ ਦੀ ਨਫ਼ੀਸ ਰਚਨਾਕਾਰੀ ਨਾਲ ਖ਼ਿਆਲ ਦੇ ਜ਼ਹੂਰ ਨੂੰ ਬਾਖ਼ੂਬੀ ਵਧਾਇਆ ਗਿਆ ਹੈ। ਇਹ ਪੁਸਤਕ ਪੜ੍ਹ ਕੇ ਸਿਆਣਿਆਂ ਦੀਆਂ ਮਾਖਿਓ ਮਿੱਠੀਆਂ ਤੇ ਸੌ ਫ਼ੀਸਦੀ ਸੱਚੀਆ ਕੁਝ ਅਜਿਹੀਆਂ ਗੱਲਾਂ ਦੀ ਪੁਸ਼ਟੀ ਭਲੀਭਾਂਤ ਹੋ ਜਾਂਦੀ ਹੈ-

* ਸੰਪੂਰਨਤਾ ਦਾ ਦਾਅਵਾ ਕਦੇ ਵੀ ਨਹੀਂ ਕਰਨਾ ਚਾਹੀਦਾ।

* ਸੁਹਿਰਦਤਾ ਦਾ ਮਾਣ ਜ਼ਰੂਰ ਕਰਨਾ ਚਾਹੀਦਾ ਹੈ।

ਡਾ. ਕੁਲਵਿੰਦਰ ਸਿੰਘ ਬਾਠ ਦੀ ਕਾਵਿ- ਪੁਸਤਕ ‘ਜ਼ਿੰਦਾਦਿਲੀ’, ਜ਼ਿੰਦਗੀ ਜ਼ਿੰਦਾਬਾਦ ਦੀ ਭਾਵਨਾ ਨਾਲ ਓਤਪੋਤ ਹੈ। ਡਾ. ਬਾਠ ਨੇ ਜ਼ਿੰਦਾਦਿਲੀ ਦੇ ਮਰਕਜ਼ੀ ਮਰਮ ਨੂੰ ਭਾਵੇਂ ਮਨ ਦੇ ਵਲਵਲਿਆਂ ਨਾਲ ਜੋੜਿਆ ਹੈ ਪਰ ਬਾਠ ਦੀ ਰਚਨਾਕਾਰੀ ਦਾ ਕਮਾਲ ਬੌਧਿਕ ਦਿਸਹੱਦਿਆਂ ਨਾਲ ਵੀ ਖਹਿੰਦਾ ਨਜ਼ਰ ਆਉਂਦਾ ਹੈ। ਕਵਿਤਾਵਾਂ ਅੰਦਰਲੀਆਂ ਕਈ ਸਤਰਾਂ ਸ਼ਾਹ ਬੰਤਾ ਦਾ ਪ੍ਰਭਾਵ ਦਿੰਦੀਆਂ ਹਨ। ਨਿਖਾਦ ਭਾਵ ਸੰਗੀਤ ਦੇ ਸੱਤਵੇਂ ਸੁਰ ਦੇ ਲਾਗੇ ਵੀ ਗੱਲ ਪੁੱਜਦੀ ਨਜ਼ਰ ਆਉਂਦੀ ਹੈ। ਦਰਅਸਲ ਡਾ. ਬਾਠ ਕੋਲ ਪੁਰਵਿੱਦਿਆ ਵੀ ਹੈ, ਉਹ ਇਨਸਾਨੀਅਤ ਦੀ ਮਜ਼ਬੂਤੀ ਦਾ ਮੁਸ਼ਤਾਕ ਵੀ ਹੈ ਤੇ ਸਭ ਤੋਂ ਵੱਡੀ ਗੱਲ ਉਸ ਕੋਲ ਜਦੀਦੀ ਸਮਝ ਵੀ ਹੈ। ਸਿੱਟੇ ਵਜੋਂ ‘ਜ਼ਿੰਦਾਦਿਲੀ’ ਸਫ਼ਲ ਰਚਨਾਕਾਰੀ ਦੇ ਮੀਂਹ ਵਿਚ ਭਿੱਜ ਕੇ ਲਿਖੀ ਪੁਸਤਕ ਪ੍ਰਤੀਤ ਹੁੰਦੀ ਹੈ। ਗੌਰਤਲਬ ਹੈ ਕਿ ਡਾ. ਕੁਲਵਿੰਦਰ ਬਾਠ ਸਾਹਿਤ ਦਾ ਪਾਰਖੂ ਵੀ ਹੈ। ਉਸਨੇ ਹੁਣ ਤੱਕ ਕਈ ਉੱਚ ਪਾਏ ਦੀਆਂ ਅਦਬੀ ਪੁਸਤਕਾਂ ਦੇ ਵਿਸਤ੍ਰਿਤ ਰੀਵਿਊ ਵੀ ਲਿਖੇ ਹਨ। ਉਮੀਦ ਹੈ ਆਉਂਦੇ ਸਮੇਂ ‘ਚ ਉਸ ਦੀ ਸਾਹਿਤ ਸਮੀਖਿਆ ਦੀ ਇਕ ਪੁਸਤਕ ਵੀ ਪਾਠਕਾਂ ਦੇ ਹੱਥਾਂ ‘ਚ ਹੋਵੇਗੀ।

ਡਾ. ਕੁਲਵਿੰਦਰ ਸਿੰਘ ਬਾਠ ਦੇ ਜਨਮ ਸਥਾਨ ਮਾਤਾ-ਪਿਤਾ ਤੇ ਵਿੱਦਿਆ ਬਾਰੇ ਜਾਣਕਾਰੀ ਹੇਠ ਲਿਖੇ ਉਸ ਦੇ ਆਪਣੇ ਸ਼ਬਦਾਂ ‘ਚ ਹੀ ਭਾਵਪੂਰਤ ਹੋਵੇਗੀ –

* ‘ਮੇਰਾ ਜਨਮ ਦੋਆਬੇ ਦੇ ਜ਼ਿਲ੍ਹਾ ਜਲੰਧਰ ਦੇ ਛੋਟੇ ਤੇ ਪੱਛੜੇ ਜਿਹੇ ਪਿੰਡ ਹਰਦੋ ਫਰਾਲਾ ਦੇ ਮੋਹਨ ਸਿੰਘ ਬਾਠ ਅਤੇ ਗਿਆਨ ਕੌਰ ਬਾਠ ਦੇ ਪਰਿਵਾਰ ਵਿਚ ਹੋਇਆ। ਪਿਤਾ ਵੱਡੀ ਕੰਪਨੀ ਵਿਚ ਓਵਰਸੀਰ ਅਤੇ ਇੰਜੀਨੀਅਰ ਹੁੰਦਿਆ ਹਿੰਦੁਸਤਾਨ ਦੇ ਵੱਖ-ਵੱਖ ਇਲਾਕਿਆਂ ‘ਚ ਨੌਕਰੀ ਕਰਦੇ ਰਹੇ ਤੇ ਮਾਤਾ ਜੀ ਪਿੰਡ ਰਹਿ ਕੇ ਪਰਿਵਾਰ ਦੀ ਦੇਖਭਾਲ ਕਰਦੀ ਰਹੀ। ਮੁੱਢਲੀ ਸਿੱਖਿਆ ਆਪਣੇ ਪਿੰਡ ਤੇ ਲਾਗਲੇ ਪਿੰਡਾਂ ਦੇ ਸਕੂਲਾਂ ਤੋਂ ਲੈ ਕੇ ਅਗਲੀ ਪੜ੍ਹਾਈ ਲਈ ਪਹਿਲਾਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪਹੁੰਚ ਗਿਆ। ਉਥੇ ਐੱਮਐੱਸਸੀ ਅਤੇ ਐੱਮਫਿਲ ਦੀਆਂ ਡਿਗਰੀਆਂ ਹਾਸਿਲ ਕੀਤੀਆਂ। ਰਸਮੀ ਵਿੱਦਿਆ ਤੋਂ ਵਾਂਝੇ ਹੁੰਦਿਆਂ ਵੀ ਮੈਨੂੰ ਮੇਰੀ ਮਾਂ ਨੇ ਵਿੱਦਿਆ ਦੀ ਪੌੜੀ ਦੇ ਸਿਖਰਲੇ ਡੰਡੇ ਤੱਕ ਪਹੁੰਚਾਇਆ।’

ਉਹ 1992 ਵਿਚ ਅਮਰੀਕਾ ਪਹੁੰਚ ਗਿਆ। ਅਮਰੀਕਾ ਤੋਂ ਹੀ ਐਮਬੀਏ ਤੇ ਪੀਐੱਚ.ਡੀ ਦੀ ਪੜ੍ਹਾਈ ਪੂਰੀ ਕਰ ਕੇ ਹੁਣ ਸਾਢੇ ਤਿੰਨ ਦਹਾਕਿਆਂ ਤੋਂ ਕੈਲੀਫੋਰਨੀਆ ਵਿਚ ਪੱਕਾ ਵਾਸਾ ਕਰ ਲਿਆ ਹੈ। ਕਿੱਤੇ ਵਜੋਂ ਡਾ. ਬਾਠ ਸਾਇੰਸਦਾਨ ਹੈ।

ਡਾ. ਕੁਲਵਿੰਦਰ ਸਿੰਘ ਬਾਠ ਨਾਲ ਸਮੇਂ-ਸਮੇ ਸਾਡੀ ਸਾਹਿਤਕ ਵਿਚਾਰ ਚਰਚਾ ਹੁੰਦੀ ਰਹਿੰਦੀ ਹੈ। ਉਸ ਵਿੱਚੋਂ ਕੁਝ ਅੰਸ਼ ਇਥੇ ਲਿਖੇ ਜਾਂਦੇ ਹਨ:

* ਮੈਡੀਕਲ ਸਾਇੰਸ ਦਾ ਵਿਦਿਅਰਥੀ ਹੋਣ ਕਰਕੇ ਪੰਜਾਬੀ ਵਿਸ਼ੇ ਦਾ ਮੇਰੇ ਨਾਲ ਮੈਟ੍ਰਿਕ ਤਕ ਹੀ ਸਾਥ ਰਿਹਾ। ਉਸ ਤੋਂ ਬਾਅਦ ਦੀ ਦੇਸ਼-ਵਿਦੇਸ਼ ਦੀ ਪੜ੍ਹਾਈ ਅਤੇ ਪ੍ਰਵਾਸ ਦੀ ਵਿਅਸਤ ਅਤੇ ਸੰਘਰਸ਼ ਭਰੀ ਜ਼ਿੰਦਗੀ ਕਾਰਨ ਮੈਂ ਸਾਹਿਤ ਪੜ੍ਹਨ ਜਾਂ ਲਿਖਣ ਤੋਂ ਕੋਹਾਂ ਦੂਰ ਹੀ ਰਿਹਾ, ਜਿਸ ਦਾ ਹੁਣ ਮੈਨੂੰ ਪਛਤਾਵਾ ਵੀ ਹੈ। ਕੋਈ ਡੇਢ ਕੁ ਦਹਾਕਾ ਪਹਿਲਾਂ ਕੈਨੇਡਾ ਤੋਂ ਮੇਰੀ ਮਾਸੀ ਅਤੇ ਤਾਈ ਦਾ ਪੁੱਤਰ (ਦੋਹਰੀ ਰਿਸ਼ਤੇਦਾਰੀ) ਮੈਨੂੰ ਕੈਲੀਫੋਰਨੀਆ ਮਿਲਣ ਆਇਆ। ਸਾਹਿਤ ਦਾ ਰਸੀਆ ਹੋਣ ਕਰਕੇ ਗੱਲਾਂਬਾਤਾ ਦੌਰਾਨ ਉਸ ਨੇ ਮੈਨੂੰ ਪੁੱਛਿਆ ‘ਤੇਰੀ ਲਾਇਬ੍ਰੇਰੀ ਕਿੱਥੇ ਆ?’ ਮੈਂ ਉਸ ਨੂੰ ਆਪਣੀ ਕਿੱਤਾਮੁਖੀ ਪੜ੍ਹਾਈ ਦੀਆਂ ਕਿਤਾਬਾਂ ਦੀ ਲਾਇਬ੍ਰੇਰੀ ਅੱਗੇ ਲੈ ਜਾ ਕੇ ਖੜ੍ਹਾ ਕਰ ਦਿੱਤਾ। ਉਹ ਹੱਸਦਿਆਂ ਬੋਲਿਆ, ‘ਮੈਂ ਕੋਈ ਸਾਹਿਤ ਦੀ ਕਿਤਾਬ ਪੜ੍ਹਨਾ ਚਾਹੁੰਦਾ ਹਾਂ, ਤੇਰੇ ਪ੍ਰੋਫੈਸ਼ਨ ਦੀ ਨਹੀਂ।’ ਸ਼ਰਮਿੰਦਾ ਹੋਇਆ ਮੈਂ ਨਾਂਹ ਵਿਚ ਸਿਰ ਹਿਲਾਇਆ। ਇਸ ਸਧਾਰਨ ਜਿਹੀ ਘਟਨਾ ਨੇ ਮੈਨੂੰ ਸਾਹਿਤ ਪੜ੍ਹਨ ਅਤੇ ਲਿਖਣ ਵੱਲ ਤੁਰਨ ਦਾ ਰਾਹ ਦਿਖਾਇਆ।

* ਦੂਸਰੀ ਘਟਨਾ ਮੇਰੇ ਕਾਲਜ ਟਾਇਮ ਦੀ ਹੈ, ਜਦੋਂ ਨਾ ਚਾਹੁੰਦਿਆ ਵੀ ਕਾਲਜ ਦੀ ਮੈਗਜ਼ੀਨ ਵਿਚ ਮੈਂ ਜ਼ਿੰਦਗੀ ਦਾ ਪਹਿਲਾ ਆਰਟੀਕਲ ਲਿਖਿਆ, ਜਿਸ ਦਾ ਜ਼ਿਕਰ ਆਪਣੀ ਕਿਤਾਬ ‘ਤਾਣੇ-ਬਾਣੇ’ ਦੇ ‘ਅੰਨ੍ਹੀ ਕੁਕੜੀ ਤੇ ਖਸਖਸ ਦਾ ਚੋਗਾ ਲੇਖ ਵਿਚ ਵਿਸਤਾਰ ਨਾਲ ਕੀਤਾ ਹੈ।

* ਸੰਪੂਰਨ ਤਾ ਨਹੀਂ ਪਰ ਮੈਂ ਆਪਣੀ ਵਾਰਤਕ ਪੁਸਤਕ ਦੇ ਲੇਖਾਂ ਵਿਚ ਜ਼ਿੰਦਗੀ ਦਾ ਮੂਲ ਪਛਾਣਨ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ।

* ਬਦਕਿਸਮਤੀ ਨਾਲ ਦੇਸ਼ ਜਾਂ ਫਿਰ ਪਰਦੇਸ਼ ਵਿਚ ਰਚਿਤ ਸਾਰਾ ਸਾਹਿਤ ਮਿਆਰੀ ਨਹੀਂ ਹੈ। ਸਾਹਿਤ ਦੇ ਰਚਣਹਾਰਿਆਂ ਨੂੰ ਇਸ ਵੱਲ ਤਵੱਜੋ ਦੇਣ ਦੀ ਜ਼ਰੂਰਤ ਹੈ।

* ਅਮਰੀਕਾ ਦੁਨੀਆ ਦਾ ਉਹ ਦੇਸ਼ ਹੈ, ਜੋ ਤੁਹਾਨੂੰ ਖ਼ੂਬਸੂਰਤ ਜ਼ਿੰਦਗੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਜੀਵਨ ਜਿਊਣ ਦੇ ਮੌਕੇ ਪ੍ਰਦਾਨ ਕਰਦਾ ਹੈ। ਬੜੀਆਂ ਖ਼ੂਬਸੂਰਤ ਯਾਦਾਂ ਹਨ ਮੇਰੇ ਦੇਸ਼ ਅਮਰੀਕਾ ਦੀਆਂ ਮੇਰੇ ਮਨ ਅੰਦਰ….. ਜੋ ਇਕ ਦਿਨ ਲਫ਼ਸ਼ਾਂ ਵਿਚ ਖ਼ੁਦ-ਬਾ-ਖ਼ੁਦ ਪਰੋ ਹੋ ਹੀ ਜਾਣੀਆਂ ਹਨ।

* ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਦੇ ਰਹੋ। ਚੰਗਾ ਸਾਹਿਤ ਪੜ੍ਹੋ ਅਤੇ ਦੂਜਿਆਂ ਨੂੰ ਬਣਦਾ ਇੱਜ਼ਤ ਮਾਣ ਦਿੰਦੇ ਰਹੋ। ‘ਹਮ ਨਹੀ ਚੰਗੇ ਬੁਰਾ ਨਹੀਂ ਕੋਇ॥’

ਨਿਸ਼ਕਰਸ਼ੀ ਰੂਪ ‘ਚ ਮੁਖ਼ਤਸਰ ਆਖਿਆ ਜਾ ਸਕਦਾ ਹੈ ਕਿ ਡਾ. ਕੁਲਵਿੰਦਰ ਸਿੰਘ ਬਾਠ ਅਮਰੀਕਨ ਪੰਜਾਬੀ ਅਦਬ ਦਾ ਅਸਲੋਂ ਅਮੀਕ ਅਦੀਬ ਹੈ, ਜਿਸ ਦੀਆਂ ਲਿਖਤਾਂ ਸਹਿਜੇ-ਸਹਿਜੇ ਪੂਰੇ ਪੰਜਾਬੀ ਜਗਤ ਵਿਚ ਇਕਾਗਰਚਿੱਤ ਅਧਿਐਨ ਦੇ ਅੰਤਰਗਤ ਆਉਣਗੀਆਂ। ਉਸ ਦੇ ਲਿਖੇ ਅਦਬ ਦੀ ਹਰ ਵੰਨਗੀ ਵਿਚ ਵਿਲੱਖਣਤਾ ਹੈ, ਪੁਖਤਗੀ, ਮੌਜੂਨੀ, ਗੰਭੀਰਤਾ ਤੇ ਸੰਜੀਦਗੀ ਹੈ। ਅਮੂਮਨ ਉਸ ਦੇ ਖ਼ਿਆਲਾਤ ਅਮੀਕ ਅਰਥਾਤ ਡੂੰਘੇ ਤਲ ‘ਤੇ ਆਦਮੀਅਤ ਭਾਵ ਇਨਸਾਨੀਅਤ ਨੂੰ ਅਹਿਮੀਅਤ ਦਿੰਦੇ ਹਨ। ਅਸੀਂ ਅੰਤਰਮਨ ਤੋਂ ਉਸ ਦੀ ਕਲਮ ਦੀ ਨਿਰੰਤਰਤਾ ਦੀ ਕਾਮਨਾ ਕਰਦੇ ਹਾਂ ਕਿਉਂਕਿ ਅਜਿਹੇ ਰਸ਼ੀਦ ਕਲਮਕਾਰਾਂ ਦੀ ਹਰ ਅਦਬੀ ਆਲਮ ਨੂੰ ਸਦਾ ਲੋੜ ਰਹਿੰਦੀ ਹੈ।
**
ਹਰਮੀਤ ਸਿੰਘ ਅਟਵਾਲ
98155-05287

*
ਕੁਲਵਿੰਦਰ
ਸਿੰਘ ਬਾਠ

001-209-371-7234

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1655
***

ਹਰਮੀਤ ਸਿੰਘ ਅਟਵਾਲ
+9815505287 |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ