ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਤ ਕਰਨ ਲਈ ਮਾਂ ਬੋਲੀ ਦੇ ਪੈਰੋਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਦੇਸ਼ ਵਿਦੇਸ਼ ਵਿੱਚ ਵਧੇਰੇ ਮਾਤਰਾ ਵਿੱਚ ਲਿਖੀਆਂ ਜਾ ਰਹੀਆਂ ਹਨ। ਮੈਂ ਸ਼ਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕੋਈ ਸਾਹਿਤਕਾਰ ਨਹੀਂ, ਮੈਂ ਤਾਂ ਕਾਲਮ ਨਵੀਸ ਅਤੇ ਸੰਪਾਦਕ ਰਿਹਾ ਹਾਂ।
ਪੰਜਾਬੀ ਭਾਸ਼ਾ ਦਾ ਮੁੱਦਈ ਹੋਣ ਕਰਕੇ ‘ਕਹਾਣੀ ਪੰਜਾਬ’ ਰਸਾਲੇ ਬਾਰੇ ਆਪਣੀਆਂ ਭਾਵਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਸਥਾਪਤ ਸਾਹਿਤਕਾਰਾਂ ਨਾਲੋਂ ਨਵੇਂ ਉਭਰਦੇ ਸਾਹਿਤਕਾਰ ਵਧੇਰੇ ਲਿਖ ਰਹੇ ਹਨ ਪ੍ਰੰਤੂ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਸਾਹਿਤਕ ਸੰਜੀਦਗੀ ਦੀ ਘਾਟ ਰੜਕਦੀ ਹੈ। ਸਥਾਪਤ ਅਤੇ ਉਭਰਦੇ ਸਾਹਿਤਕਾਰਾਂ ਦੀ ਤਾਰੀਫ਼ ਕਰਨੀ ਵੀ ਬਣਦੀ ਹੈ ਕਿ ਉਹ ਆਪਣੀ ਮਾਂ ਬੋਲੀ ਦੀ ਕਦਰ ਕਰਦੇ ਹੋਏ ਉਸ ਨੂੰ ਮਾਧਿਅਮ ਬਣਾ ਕੇ ਲਿਖ ਰਹੇ ਹਨ, ਭਾਵੇਂ ਉਹ ਸਾਹਿਤ ਦੇ ਕਿਸੇ ਵੀ ਰੂਪ ਵਿੱਚ ਲਿਖ ਰਹੇ ਹੋਣ ਪ੍ਰੰਤੂ ਲਿਖਣ ਸਮੇਂ ਅਜਿਹੇ ਢੰਗ ਨਾਲ ਲਿਖਿਆ ਜਾਵੇ ਜਿਸ ਵਿੱਚੋਂ ਸਾਹਿਤਕ ਖ਼ੁਸ਼ਬੋ ਆਉਂਦੀ ਹੋਵੇ। ਸਮਾਜਿਕ ਬੁਰਾਈਆਂ ਜਾਣੀ ਕਿ ਸਮਾਜਿਕ ਸਰੋਕਾਰਾਂ ਦੀ ਗੱਲ ਕਰਨੀ ਤਾਂ ਬਣਦੀ ਹੈ ਪ੍ਰੰਤੂ ਉਸ ਨੂੰ ਰੋਮਾਂਟਿਕ ਰੰਗ ਵਿੱਚ ਰੰਗਣ ਸਮੇਂ ਸੰਜੀਦਗੀ ਅਪਣਾਈ ਜਾਵੇ ਤਾਂ ਚੰਗੀ ਗੱਲ ਹੋਵੇਗੀ। ਇਹ ਨਾ ਹੋਵੇ ਕਿ ਰੁਮਾਂਸਵਾਦ ਦਾ ਕਰੂਪ, ਰੂਪ ਸਾਹਿਤਕ ਸੋਚ ਨੂੰ ਗੰਧਲਾ ਕਰ ਦੇਵੇ। ਪੰਜਾਬੀ ਵਿੱਚ ਬਹੁਤ ਸਾਰੇ ਰਸਾਲੇ ਨਿਕਲਦੇ ਰਹੇ ਤੇ ਬੰਦ ਵੀ ਹੋ ਗਏ। ਹੁਣ ਵੀ ਹਰ ਉਭਰਦਾ ਸਾਹਿਤਕਾਰ ਪੰਜਾਬੀ ਦਾ ਰਸਾਲਾ ਕੱਢਣਾ ਚਾਹੁੰਦਾ ਹੈ, ਪ੍ਰਕਾਸ਼ਤ ਕਰ ਵੀ ਰਹੇ ਹਨ। ਇਹ ਬਹੁਤ ਵਧੀਆ ਸੋਚ ਹੈ, ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਵਿੱਚ ਵਾਧਾ ਹੁੰਦਾ ਹੈ। ਪਰ ਮਿਆਰ ਪੱਖੋਂ ਬਹੁਤੇ ਰਸਾਲੇ ਮਾਰ ਖਾ ਰਹੇ ਹਨ। ਸਾਹਿਤਕ ਖੇਤਰ ਵਿੱਚ ਆਪਣਾ ਨਾਂ ਚਮਕਾਉਣ ਲਈ ਮਿਹਨਤ ਕਰਨੀ ਪਵੇਗੀ। ਸਾਹਿਤਕ ਸੰਜੀਦਗੀ ਦਾ ਪੱਲਾ ਫੜਨਾ ਪਵੇਗਾ। ਮੈਂ ਵੀ ਵਿਦਿਆਰਥੀ ਜੀਵਨ ਵਿੱਚ ਸਹਿਯੋਗੀ ਦੋਸਤਾਂ ਨਾਲ 1970-71 ਵਿੱਚ ਪਟਿਆਲਾ ਤੋਂ ‘ਵਹਿਣ’ ਸਾਹਿਤਕ ਮਾਸਕ ਰਸਾਲਾ ਪ੍ਰਕਾਸ਼ਤ ਕਰਦਾ ਰਿਹਾ ਹਾਂ। ਆਰਥਿਕ ਮਜ਼ਬੂਰੀਆਂ ਅਤੇ ਸਾਹਿਤਕ ਸਮਰੱਥਾ ਨਾ ਹੋਣ ਕਰਕੇ ਬੰਦ ਕਰਨਾ ਪਿਆ। ਸਰਕਾਰੀ ਨੌਕਰੀ ਵਿੱਚ ਵੀ ‘ਜਾਗ੍ਰਤੀ ਪੰਜਾਬੀ’ ਦਾ ਸੰਪਾਦਕ ਰਿਹਾ ਹਾਂ ਪ੍ਰੰਤੂ ਜਿਸ ਸੋਚ ਨਾਲ ਰਸਾਲਾ ਪ੍ਰਕਾਸ਼ਤ ਕਰਨਾ ਚਾਹੁੰਦਾ ਸੀ, ਉਸ ਤੇ ਪੂਰਾ ਉਤਰ ਨਹੀਂ ਸਕਿਆ। ਪਹਿਲੀ ਵਾਰ ‘ਕਹਾਣੀ ਪੰਜਾਬ ਅਪ੍ਰੈਲ 2023-ਮਾਰਚ 2024’ ਪੜ੍ਹਨ ਦਾ ਇਤਫਾਕ ਕਹਾਣੀ ਪੰਜਾਬ ਦੇ ਸੰਪਾਦਕ (ਆਨਰੇਰੀ) ਪ੍ਰੋ. ਕਰਾਂਤੀਪਾਲ ਅਤੇ ਸਹਿਯੋਗੀ ਸੰਪਾਦਕ (ਆਨਰੇਰੀ) ਡਾ. ਜਸਵਿੰਦਰ ਕੌਰ ਵੀਨੂੰ ਦੀ ਮਿਹਰਬਾਨੀ ਸਦਕਾ ਬਣਿਆ। ਕਰਾਂਤੀਪਾਲ ਦੀ ਸੰਪਾਦਕੀ ਪੜ੍ਹਕੇ ਉਸ ਦੀ ਸਾਹਿਤਕ ਸੋਚ ਨੂੰ ਸਲਾਮ ਕਰਨਾ ਬਣਦਾ ਹੈ, ਜਿਨ੍ਹਾਂ ਭਾਵਪੂਰਤ ਢੰਗ ਨਾਲ ਸਾਹਿਤਕ ਸੰਜੀਦਗੀ ਦੀ ਗੱਲ ਕੀਤੀ ਹੈ। ਇਸ ਰਸਾਲੇ ਵਿੱਚ ਆਮ ਰਸਾਲਿਆਂ ਦੀ ਤਰ੍ਹਾਂ ਬਹੁਤ ਸਾਰੇ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਤ ਕਰਨ ਤੋਂ ਸੰਕੋਚ ਕਰਦਿਆਂ ਸੰਦਲੀ ਪਟਾਰੀ-ਕਰਨੈਲ ਸਿੰਘ ਪਾਰਸ, ਯਾਦ-ਲਿਖਤੁਮ ਭੀਸ਼ਮ ਸਾਹਨੀ ਅਤੇ ਗੁੱਡੋ ਨਾਵਲ ਕੇਸਰਾ ਰਾਮ, ਜੰਗ-ਏ-ਆਜ਼ਾਦੀ ਮੁਸਲਮਾਨ 1857 ਤੋਂ 1947 ਪ੍ਰੋ. ਮੁਹੰਮਦ ਸੱਜਾਦ, ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਮਨਧੀਰ ਸਿੰਘ, ਸ਼ਹਿਰ, ਝੁੱਗੀਆਂ ਅਤੇ ਕਿਰਤੀ ਵਰਗ ਅੰਜਨੀ ਕੁਮਾਰ ਅਤੇ ਹਿੰਦੀ, ਮਲਿਆਲਮ, ਡੋਗਰੀ, ਬੰਗਲਾ, ਉੜੀਆ, ਮਨੀਪੁਰੀ, ਰਾਜਸਥਾਨੀ, ਤੇਲਗੂ, ਅੰਗਰੇਜ਼ੀ, ਗੁਜਰਾਤੀ, ਉਰਦੂ ਦੀਆਂ ਦੇ ਅਨੁਵਾਦ ਅਤੇ ਪੰਜਾਬੀ ਦੀਆਂ ਕਹਾਣੀਆਂ ਸ਼ਾਮਲ ਕੀਤੀਆਂ ਹਨ। ਬਹੁਤਾਤ ਨਾਲੋਂ ਮਿਆਰ ਨੂੰ ਮੁੱਖ ਰੱਖਿਆ ਗਿਆ ਹੈ। ਰਚਨਾਵਾਂ ਦੀ ਚੋਣ ਵੀ ਬਿਹਤਰੀਨ ਹੈ। ਵੈਸੇ ਤਾਂ 400 ਪੰਨਿਆਂ ਦਾ ਰਸਾਲਾ ਪ੍ਰਕਾਸ਼ਤ ਕਰਨਾ ਆਪਣੇ ਆਪ ਵਿੱਚ ਸੱਪ ਦੀ ਸਿਰੀ ਨੂੰ ਹੱਥ ਪਾਉਣ ਦੇ ਬਰਾਬਰ ਹੈ। ਰਾਮ ਸਰੂਪ ਅਣਖੀ ਦੀ ਸੋਚ ਨੂੰ ਸਲਾਮ ਕਰਨ ਵਾਲੇ ਸਹਿਯੋਗੀਆਂ ਦੀ ਪ੍ਰਸੰਸਾ ਕਰਨੀ ਬਣਦੀ ਹੈ, ਜਿਨ੍ਹਾਂ ਨੇ ਕਰਾਂਤੀਪਾਲ ਦੀ ਹਿੰਮਤ ਦਾ ਸਾਥ ਦਿੱਤਾ ਹੈ। ਵਰਿਆਮ ਸਿੰਘ ਸੰਧੂ ਦੀ ਸੰਦਲੀ ਪਟਾਰੀ-ਕਰਨੈਲ ਸਿੰਘ ਪਾਰਸ ਦਾ ਰੇਖਾ ਚਿਤਰ ਨਵੇਂ ਉਭਰਦੇ ਸਾਹਿਤਕਾਰਾਂ ਲਈ ਪ੍ਰੇਰਨਾ ਸ੍ਰੋਤ ਸਾਬਤ ਹੋ ਸਕਦਾ ਹੈ। ਸੰਧੂ ਅਨੁਸਾਰ 14 ਸਾਲ ਦੀ ਉਮਰ ਵਿੱਚ ਪਾਰਸ ਜੇਕਰ ਇਤਨੀ ਵਧੀਆ ਕਵਿਤਾ ਲਿਖ ਸਕਦਾ ਹੈ ਤਾਂ ਵਰਤਮਾਨ ਸਾਹਿਤਕਾਰ ਕਿਉਂ ਨਹੀਂ? ਉਨ੍ਹਾਂ ਦੱਸਿਆ ਹੈ ਕਿ ਉਹ ਦੋਹਰਾ ਮਾਪ ਦੰਡ ਨਹੀਂ ਆਪਣਾਉਂਦਾ ਸੀ। ਬੇਬਾਕੀ ਨਾਲ ਜੋ ਕਰਦਾ ਸੀ, ਉਸ ਨੂੰ ਪ੍ਰਵਾਨ ਕਰਦਾ ਸੀ। ਵਰਿਆਮ ਸੰਧੂ ਨੇ ਆਪਣੇ ਰੇਖਾ ਚਿਤਰ ਰਾਹੀਂ ਕਰਨੈਲ ਸਿੰਘ ਪਾਰਸ ਦੇ ਦਰਸ਼ਨ ਕਰਵਾ ਦਿੱਤੇ ਹਨ। ‘ਲਿਖਤੁਮ ਭੀਸ਼ਮ ਸਾਹਨੀ’ ਯਾਦਾਂ ਦਾ ਪੁਲੰਦਾ ਹੈ, ਜਿਸ ਵਿੱਚ ਇਕ ਪਰਿਵਾਰ ਦੀ ਕਹਾਣੀ ਹੈ। ਮਾਪੇ ਕਿਸ ਤਰ੍ਹਾਂ ਬੱਚਿਆਂ ‘ਤੇ ਆਪਣੀ ਸੋਚ ਅਨੁਸਾਰ ਕਾਰੋਬਾਰ ਕਰਨ ਲਈ ਮਜ਼ਬੂਰ ਕਰਦੇ ਹਨ। ਪ੍ਰੰਤੂ ਬੱਚੇ ਹਮੇਸ਼ਾ ਆਪਣੀ ਆਜ਼ਾਦ ਸੋਚ ਅਨੁਸਾਰ ਚਲਣਾ ਚਾਹੰਦੇ ਹਨ। ਪਿਤਾ ਦੇ ਪਿਆਰ ਦਾ ਪਤਾ ਲੱਗਦਾ ਹੈ ਜਦੋਂ ਉਹ ਆਪਣੇ ਪੁੱਤਰ ਬਲਰਾਜ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਆਪਣੇ ਤੋਂ ਦੂਰ ਨਹੀਂ ਭੇਜਣਾ ਚਾਹੁੰਦਾ। ਬਲਰਾਜ ਨੂੰ ਪੋਸਟ ਕਾਰਡ ਦਿੰਦਿਆਂ ਹਰ ਹਫਤੇ ਹਾਲ ਚਾਲ ਦੱਸਣ ਲਈ ਪੋਸਟ ਕਰਨ ਨੂੰ ਕਹਿੰਦੇ ਹਨ। ਇਸ ਰਚਨਾ ਤੋਂ ਇਹ ਵੀ ਪਤਾ ਲਗਦਾ ਹੈ ਕਿ ਸਾਹਿਤ ਸਿਰਜਣਾ ਜੀਵਨ ਦੀ ਸਚਾਈ ਦੀ ਖੋਜ ਕਰਨ ਦੇ ਬਰਾਬਰ ਹੈ। ਲੇਖਕ ਨੂੰ ਅਨੁਭਵ ਵੀ ਹੋਣਾ ਚਾਹੀਦਾ ਹੈ। ਬਲਰਾਜ ਤੇ ਭੀਸ਼ਮ ਸਾਹਨੀ ਬੇਬਾਕ ਹੁੰਦੇ ਸਨ। ਸਚਾਈ ਦੇ ਮਾਰਗ ‘ਤੇ ਚਲਦੇ ਸਨ। ਵਿਓਪਾਰ ਵਿੱਚ ਰਿਸ਼ਵਤ ਅਨਿਖੜਵਾਂ ਅੰਗ ਬਣ ਗਈ ਹੈ ਪ੍ਰੰਤੂ ਭੀਸ਼ਮ ਸਾਹਨੀ ਥਿੜ੍ਹਕਦੇ ਨਹੀਂ ਆਪਣੇ ਆਦਰਸ਼ ‘ਤੇ ਕਾਇਮ ਰਹਿੰਦੇ ਹਨ। ਸ਼ੀਲਾ ਅਤੇ ਭੀਸ਼ਮ ਸਾਹਨੀ ਦੇ ਰੁਮਾਂਸਵਾਦ ਨੂੰ ਕਾਮੁਕ ਨਹੀਂ ਬਣਾਇਆ ਫਿਰ ਵੀ ਕਿਤਨਾ ਦਿਲਚਸਪ ਹੈ। ਦੇਸ਼ ਪਿਆਰ ਦੀ ਅਥਾਹ ਭਾਵਨਾ ਹੁੰਦੀ ਸੀ। ਸਿਆਸੀ ਪਾਰਟੀਆਂ ਵਿੱਚ ਅੰਦਰੂਨੀ ਪਰਜਾਤਤੰਰ ਕਾਇਮ ਸੀ ਜੋ ਅੱਜ ਗਾਇਬ ਹੈ। ਦੰਗਿਆਂ ਬਾਰੇ ਵੀ ਸੰਜੀਦਗੀ ਨਾਲ ਲਿਖਿਆ ਗਿਆ ਹੈ। ਕੇਸਰਾ ਰਾਮ ਦਾ ‘ਗੁੱਡੋ’ ਨਾਵਲ ਪੰਜਾਬ ਦੇ ਦਿਹਾਤੀ ਖਾਸ ਕਰਕੇ ਮਾਲਵੇ ਦੇ ਪਿੰਡਾਂ ਵਿੱਚ ਅਨੁਸੂਚਿਤ ਜਾਤੀਆਂ ਦੀਆਂ ਇਸਤਰੀਆਂ ਨਾਲ ਜਾਗੀਰਦਾਰਾਂ ਵੱਲੋਂ ਕੀਤੇ ਜਾ ਰਹੇ ਸਰੀਰਕ ਸ਼ੋਸ਼ਣ ਅਤੇ ਇਨ੍ਹਾਂ ਵਰਗਾਂ ਦੇ ਮਜ਼ਬੂਰ ਜ਼ੈਲੇ ਵਰਗੇ ਕਿਰਦਾਰਾਂ ਨੇ ਬਦਲੇ ਦੀ ਭਾਵਨਾ ਨਾਲ ‘ਜੋ ਕਰੋਗੇ ਸੋ ਭਰੋਗੇ’ ਅਤੇ ਸ਼ਹਿਰੀ ਜ਼ਿੰਦਗੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ। ਜੈਲੇ ਦੀਆਂ ਭੈਣਾਂ ਤੇ ਪਰਿਵਾਰ ਦੀ ਮਜ਼ਬੂਰੀ ਤੇ ਜਾਗੀਰਦਾਰਾਂ ਦੀ ਪ੍ਰੀਤੋ ਦੀ ਅਯਾਸ਼ੀ ਨਾਵਲ ਦਾ ਆਧਾਰ ਬਣਦੀਆਂ ਹਨ। ਨਾਵਲਕਾਰ ਦੀ ਬੋਲੀ ਤੇ ਸ਼ੈਲੀ ਸਮੇਂ ਤੇ ਸਥਾਨ ਅਨੁਸਾਰ ਦ੍ਰਿਸ਼ਟਾਂਤਕ ਰੂਪ ਪੇਸ਼ ਕਰਦੀ ਹੈ। ਨਾਵਲ ਪੜ੍ਹਦਿਆਂ ਸਾਰੀਆਂ ਵਾਪਰ ਰਹੀਆਂ ਘਟਨਾਵਾਂ ਦਿਸਣ ਲੱਗ ਜਾਂਦੀਆਂ ਹਨ। ਹਰ ਚੈਪਟਰ ਨਿੱਕੀ ਕਹਾਣੀ ਹੈ ਤੇ ਸਿਰਲੇਖ ਸੰਕੇਤਕ ਹਨ। ‘ਗੁੱਡ’ੋ ਨਾਵਲ ਵਿੱਚ ਨਾਵਲਕਾਰ ਨੇ ਬਹੁਤ ਮਹੱਤਵਪੂਰਨ ਪੱਖਾਂ ‘ਤੇ ਚਾਨਣਾ ਪਾਇਆ ਹੈ, ਜਿਨ੍ਹਾਂ ਦਾ ਸੰਤਾਪ ਸਮਾਜ ਖਾਸ ਤੌਰ ‘ਤੇ ਇਸਤਰੀ ਭੁਗਤ ਰਹੀ ਹੈ, ਜਿਵੇਂ ਜੱਟ ਲੜਕੀਆਂ ਨੂੰ ਜ਼ਮੀਨ ਜਾਇਦਾਦ ਦੇਣ ਦਾ ਹਾਮੀ ਨਹੀਂ, ਜਾਗੀਰਦਾਰਾਂ ਦੀ ਫੋਕੀ ਹਓਮੈ, ਨਸ਼ਿਆਂ ਦਾ ਪ੍ਰਕੋਪ, ਤੀਵੀਂ ਦੀ ਆਵਾਜ਼ ਮਰਦ ਦਬਾਉਂਦਾ ਹੈ, ਜ਼ੋਰ ਜ਼ਬਰਦਸਤੀ ਕਰਦੈ, ਕੋਈ ਮੌਕਾ ਖੁੰਝਣ ਨਹੀਂ ਦਿੰਦਾ, ਔਰਤ ਨੂੰ ਆਜ਼ਾਦੀ ਨਹੀਂ ਦੇਣੀ ਚਾਹੁੰਦਾ, ਸ਼ੱਕ ਦੀ ਨਿਗਾਹ ਨਾਲ ਵੇਖਦਾ, ਔਰਤ ਨੂੰ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਸਮਝਣਾ, ਮਰਦ ਦਾ ਆਪਣੀ ਗ਼ਲਤੀ ਨਾ ਮੰਨਣਾ, ਹਮੇਸ਼ਾ ਔਰਤ ਗ਼ਲਤ, ਕਿਸਾਨ ਆਤਮ ਹੱਤਿਆਵਾਂ, ਗੈਂਸਟਰ ਕਲਚਰ, ਕੰਪਿਊਟਰ ਤੇ ਬਲਿਊ ਫਿਲਮਾਂ ਵੇਖਣਾ, ਪਰਵਾਸੀਆਂ ਦਾ ਨੇਤਾ ਬਣਨਾ ਅਤੇ ਇਕ ਪਾਸੇ ਔਰਤ ਅਤੇ ਧਰਤੀ ਨੂੰ ਸਰਵੋਤਮ ਸਮਝਣਾ ਤੇ ਅਸਲੀਅਤ ਵਿੱਚ ਉਨ੍ਹਾਂ ਦੋਹਾਂ ਦਾ ਸਤਿਆਨਾਸ ਕਰਨਾ ਆਦਿ। ਕੇਸਰਾ ਰਾਮ ਨੇ ਇਸ ਨਾਵਲ ਵਿੱਚ ਇਨ੍ਹਾਂ ਜਾਤੀਆਂ ਦੀਆਂ ਇਸਤਰੀਆਂ ਦੇ ਹੁਸਨ ਦੀ ਤਾਰੀਫ ਕਰਦਿਆਂ ਬਹੁਤ ਸੰਜੀਦਗੀ ਨਾਲ ਸ਼ਬਦਾਵਲੀ ਵਰਤੀ ਹੈ। ਗ਼ਰੀਬ ਲੋਕਾਂ ਦੀ ਮਜ਼ਬੂਰੀ ਦਾ ਪ੍ਰਗਟਾਵਾ ਵੀ ਹੁੰਦਾ ਹੈ। ਜਾਗੀਰਦਾਰ ਕਿਸਾਨਾਂ ਵੱਲੋਂ ਜ਼ੋਰ-ਜ਼ਬਰਦਤੀ, ਪ੍ਰਵਾਸੀ ਮਜ਼ਦੂਰਾਂ ਦੇ ਆਉਣ ਨਾਲ ਸਥਾਨਕ ਅਨੁਸੂਚਿਤ ਜਾਤੀਆਂ ਦੇ ਮਜ਼ਦੂਰਾਂ ਦੀ ਦੁਰਦਸ਼ਾ, ਔਰਤਾਂ ਨਾਲ ਸਹੁਰੀਂ ਵੀ ਮਾੜਾ ਸਲੂਕ, ਟਾਂਚਾਂ ਵੱਜਦੀਆਂ, ਦਾਜ ਦਹੇਜ, ਹਰ ਔਰਤ ਦੀਆਂ ਭਾਵਨਾਵਾਂ ਇਕੋ ਜਹੀਆਂ ਹੁੰਦੀਆਂ ਤੇ ਮਰਦਾਂ ਦਾ ਸਾਥ ਭਾਲਦੀਆਂ ਹਨ। ਪ੍ਰੀਤੋ ਦੀ ਖੁਲ੍ਹਦਿਲੀ ਜਾਂ ਅਵਾਰਗੀ ਜਾਗੀਰਦਾਰਾਂ ਲਈ ਬੇਬਸੀ ਦਾ ਪ੍ਰਤੀਕ ਬਣਦੀ ਹੈ। ਗ਼ਰੀਬੀ ਦੀ ਹਾਲਤ ਘਰਾਂ ਦੇ ਕਲੇਸ਼ਾਂ ਦੀ ਤਸਵੀਰ ਪੇਸ਼ ਕੀਤੀ ਹੈ। ਜ਼ੈਲੇ ਦੀ ਮਾਨਸਿਕਤਾ ਆਪਣੀਆਂ ਭੈਣਾਂ ਨਾਲ ਹੋਏ ਸ਼ੋਸ਼ਣ ਕਰਕੇ ਵਿਗੜ ਜਾਂਦੀ ਹੈ ਤੇ ਉਹ ਸਰਮਾਏਦਾਰਾਂ ਦੀ ਕੁੜੀ ਨਾਲ ਸਰੀਰਕ ਸ਼ੋਸ਼ਣ ਕਰਕੇ ਬਦਲਾ ਲੈਂਦਾ ਹੈ। ਗੁੱਡੋ ਦੇ ਅਬਾਰਸ਼ਨ ਸਮੇਂ ਸਵਰਗਵਾਸ ਹੋ ਜਾਣ ‘ਤੇ ਅਨੂਸੁਚਿਤ ਜਾਤੀ ਦੇ ਨੇਤਾ, ਲੋਕਾਂ ਨੂੰ ਡਾਕਟਰਾਂ ਵਿਰੁੱਧ ਭੜਕਾਉਂਦੇ ਹਨ। ਨੇਤਾ ਆਪਣੀ ਨੇਤਾਗਿਰੀ ਚਮਕਾਉਂਦੇ ਹਨ। ਬੁੱਢੇ ਦਰਿਆ ਦਾ ਗੰਦੇ ਨਾਲੇ ਵਿੱਚ ਬਦਲਣਾ ਸਮਾਜ ਸੋਚ ਦੀ ਗਿਰਾਵਟ ਦਾ ਸੰਕੇਤ ਹੈ। ਇਨਸਾਨ ਸਮਾਜਕ ਅਤੇ ਨੈਤਿਕ ਤੌਰ ‘ਤੇ ਵੀ ਗਿਰਾਵਟ ਵਿੱਚ ਗ੍ਰਸ ਗਿਆ ਹੈ। ਸੰਵਾਦ ਚੈਪਟਰ ਵਿੱਚ ‘ਜੰਗ-ਏ-ਆਜ਼ਾਦੀ ਅਤੇ ਮੁਸਲਮਾਨ 1857 ਤੋਂ 1947’/ਪ੍ਰੋ.ਮੁਹੰਮਦ ਸੱਜਾਦ ਨੇ ਵੱਖ-ਵੱਖ ਲੇਖਕਾਂ ਦੀਆਂ ਪੁਸਤਕਾਂ ਵਿੱਚੋਂ ਉਦਾਹਰਣਾ ਦੇ ਕੇ ਆਜ਼ਾਦੀ ਦੀ ਜਦੋਜਹਿਦ ਵਿੱਚ ਮੁਸਲਮਾਨ, ਹਿੰਦੂ ਸੰਸਥਾਵਾਂ ਅਤੇ ਅੰਗਰੇਜ਼ਾਂ ਦੀਆਂ ਚਾਲਾਂ ਦਾ ਸੰਖੇਪ ਵਿੱਚ ਵਿਵਰਣ ਦਿੱਤਾ ਹੈ। ‘ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ’ ਲੇਖ ਵਿੱਚ ਮਨਧੀਰ ਸਿੰਘ ਨੇ ਤੱਥਾਂ ਤੇ ਨਿਯਮਾ ਸਮੇਤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਜਿਹੜੀ ਕਈ ਭਰਮ ਭੁਲੇਖੇ ਦੂਰ ਕਰਦੀ ਹੈ ਪ੍ਰੰਤੂ ਭਾਈ ਰਾਜੋਆਣਾ ਬਾਰੇ ਸਹੀ ਨਹੀਂ ਕਿਉਂਕਿ ਉਨ੍ਹਾਂ ਤਾਂ ਅਪੀਲ ਕੀਤੀ ਹੀ ਨਹੀਂ, ਅਪੀਲ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ। ਇਕ ਸੋਧਣ ਸ਼ਬਦ ਵਰਤਿਆ ਜੋ ਵਿਦਵਾਨ ਵੱਲੋਂ ਲਿਖਣਾ ਅਜੀਬ ਲੱਗ ਰਿਹਾ ਹੈ। ਭਾਰਤੀ ਕਥਾ ਭਾਗ ਵਿੱਚ ਹਿੰਦੀ/ਮਲਿਆਲਮ/ਡੋਗਰੀ/ਬੰਗਲਾ/ਉੜੀਆ/ਮਨੀਪੁਰੀ/ਰਾਜਸਥਾਨੀ/ਤੇਲਗੂ/ ਅੰਗਰੇਜ਼ੀ/ਗੁਜਰਾਤੀ/ਉਰਦੂ ਦੀਆਂ ਕਹਾਣੀਅਾਂ ਦੇ ਅਨੁਵਾਦ ਅਤੇ ਪੰਜਾਬੀ ਦੀਆਂ ਬਿਹਤਰੀਨ ਕਹਾਣੀਆਂ ਸ਼ਾਮਲ ਕੀਤੀਆਂ ਹਨ। ਇਤਿਹਾਸ ਬੋਧ ਭਾਗ ਵਿੱਚ ਸ਼ਹਿਰ, ਝੁੱਗੀਆਂ ਅਤੇ ਕਿਰਤੀ ਵਰਗ ਅੰਜਨੀ ਕੁਮਾਰ ਦਾ ਵਿਸਥਾਰ ਪੂਰਬਕ ਲੇਖ ਹੈ, ਜਿਸ ਵਿੱਚ ਕਿਰਤੀ ਵਰਗ ਦੀਆਂ ਮੁਸ਼ਕਲਾਂ ਦਾ ਕੋਵਿਡ 2020 ਦੌਰਾਨ ਅਤੇ ਕਿਰਤੀਆਂ ਦੀ ਦੁਰਦਸ਼ਾ ਅਤੇ ਉਨ੍ਹਾਂ ਦੇ ਸੰਤਾਪ ਦੇ ਇਤਿਹਾਸ ਬਾਰੇ ਦਸਿਆ ਗਿਆ ਹੈ। ਮਸ਼ੀਨੀ ਯੁਗ ਦੇ ਆਉਣ, ਮੁਨਾਫ਼ਖ਼ੋਰੀ ਦੇ ਵੱਧਣ, ਸ਼ਹਿਰਾਂ ਦੇ ਉਭਾਰ, 1854 ਦੀ ਪਲੇਗ, 1977 ਵਿੱਚ ਬਿਮਾਰ ਮਿਲਾਂ ਦੇ ਰਾਸ਼ਟਰੀ ਕਰਨ, ਮਜ਼ਦੂਰਾਂ ਦੀ ਰਾਜਨੀਤਕ ਪਛਾਣ, ਸਲੱਮ ਇਲਾਕਿਆਂ ਦੀ ਦੁਰਦਸ਼ਾ, ਮਹਾਂ ਨਗਰਾਂ ਦੀਅਾਂ ਝੁਗੀਆਂ, ਸਮਾਜਿਕ ਸਥਿਤੀ, ਮਜ਼ਦੂਰਾਂ ਦਾ ਸ਼ੋਸ਼ਣ, ਹੜਤਾਲਾਂ, ਅੰਦੋਲਨ ਅਤੇ ਬੰਗਾਲ ਦੇ ਅਕਾਲ ਆਦਿ ਬਾਰੇ ਗੰਭੀਰਤਾ ਨਾਲ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਅੱਜੋਕੇ ਸਮੇਂ ਵਿੱਚ ਅਜਿਹੇ ਰਸਾਲਿਆਂ ਦੀ ਲੋੜ ਹੈ, ਜਿਹੜੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰ ਸਕਣ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਤ ਕਰਨ ਲਈ ਮਾਂ ਬੋਲੀ ਦੇ ਪੈਰੋਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਦੇਸ਼ ਵਿਦੇਸ਼ ਵਿੱਚ ਵਧੇਰੇ ਮਾਤਰਾ ਵਿੱਚ ਲਿਖੀਆਂ ਜਾ ਰਹੀਆਂ ਹਨ। ਮੈਂ ਸ਼ਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕੋਈ ਸਾਹਿਤਕਾਰ ਨਹੀਂ, ਮੈਂ ਤਾਂ ਕਾਲਮ ਨਵੀਸ ਅਤੇ ਸੰਪਾਦਕ ਰਿਹਾ ਹਾਂ।