| ਬਚਪਨ ਵਿਚ ਮੇਰੇ ਪਿਤਾ ਜੀ ਮੈਨੂੰ ਕੁਝ ਅਜਿਹੀਆਂ ਕਾਵਿ-ਪੰਕਤੀਆਂ ਸੁਣਾਇਆ ਕਰਦੇ ਸਨ, ਜਿਨ੍ਹਾਂ ਵਿਚ ਪੰਜਾਬੀ-ਅੰਗਰੇਜ਼ੀ-ਫ਼ਾਰਸੀ ਅਤੇ ਹੋਰ ਭਾਸ਼ਾਵਾਂ ਦਾ ਅਰਥਮਈ ਅਜੀਬ ਸੁਮੇਲ ਸੀ:
* ਲੁਕ ਦੇਖੋ ਅਸਮਾਨ ਸਕਾਈ ਉਦੋਂ ਮੈਨੂੰ ਇਹ ਕਾਵਿ-ਪੰਕਤੀਆਂ ਬਹੁਤ ਵਧੀਆ ਜਾਪਦੀਆਂ ਸਨ ਤੇ ਹੁਣ ਵੀ ਮੈਨੂੰ ਇਹ ਤੁਕਾਂ ਇਨਬਿਨ ਯਾਦ ਹਨ, ਜਿਨ੍ਹਾਂ ਨੂੰ ਮੈਂ ਅੱਗੇ ਆਪਣੇ ਵਿਦਿਆਰਥੀਆਂ ਨੂੰ ਵੀ ਸੁਣਾਉਂਦਾ ਰਹਿੰਦਾ ਹਾਂ। ਪਿਤਾ ਜੀ ਅੰਗਰੇਜ਼ੀ-ਮਿਸ਼ਰਿਤ ਪੰਜਾਬੀ ਵਾਕਾਂ ਦੀ ਇਕ ਹੋਰ ਮਿਸਾਲ ਵੀ ਸੁਣਾਇਆ ਕਰਦੇ ਸਨ ਕਿ ਇੱਕ ਵਾਰ ਇੱਕ ਅਨਪੜ੍ਹ ਪੰਜਾਬਣ ਬਾਹਰਲੇ ਮੁਲਕ ਗਈ, ਉਥੇ ਉਹਦਾ ਛੋਟਾ ਬੇਟਾ ਸੰਨੀ ਬੀਮਾਰ ਹੋ ਗਿਆ ਤਾਂ ਉਹ ਉਹਨੂੰ ਇੱਕ ਅੰਗਰੇਜ਼ ਡਾਕਟਰ ਕੋਲ ਲਿਜਾ ਕੇ ਉਹਦੀ ਬੀਮਾਰੀ ਦਾ ਬਿਰਤਾਂਤ ‘ਖਿਚੜੀ ਪੰਜਾਬੀ’ (ਪੰਜਾਬੀ-ਅੰਗਰੇਜ਼ੀ ਮਿਸ਼ਰਿਤ) ਵਿੱਚ ਇਸ ਤਰ੍ਹਾਂ ਸੁਣਾਉਣ ਲੱਗੀ : “ਡਾਕਟਰ ਜੀ, ਡਾਕਟਰ ਜੀ! ਮੇਰਾ ਬੇਟਾ ਸੰਨੀ ਨਾ ਈਟਦਾ ਐ, ਨਾ ਸਲੀਪਦਾ ਐ, ਬਸ ਵੀਪਦਾ ਈ ਵੀਪਦਾ ਐ…” ਮੇਰੇ ਪਿਤਾ ਗਿਆਨੀ ਕਰਤਾਰ ਸਿੰਘ (1921-2013) ਪੰਜਾਬੀ ਭਾਸ਼ਾ ਦੇ ਜਾਣੇ-ਪਛਾਣੇ ਸਕੂਲ ਅਧਿਆਪਕ ਸਨ, ਜਿਨ੍ਹਾਂ ਦਾ ਪੰਜਾਬੀ ਅਧਿਆਪਨ ਵਿਚ ਜ਼ਿਕਰਯੋਗ ਨਾਂ ਸੀ। ਉਹ ਪੰਜਾਬੀ ਵਿੱਚ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਵਰਤਣ ਦੇ ਸਖ਼ਤ ਖ਼ਿਲਾਫ਼ ਸਨ, ਖਾਸ ਤੌਰ ਤੇ ਉਦੋਂ, ਜਦੋਂ ਪੰਜਾਬੀ ਵਿੱਚ ਉਹਦਾ ਬਦਲਵਾਂ ਤੇ ਢੁਕਵਾਂ ਸ਼ਬਦ ਮੌਜੂਦ ਹੋਵੇ। ਉਹ ਉਰਦੂ-ਫ਼ਾਰਸੀ ਦੇ ਵੀ ਚੰਗੇ ਗਿਆਤਾ ਸਨ, ਪਰ ਇਨ੍ਹਾਂ ਭਾਸ਼ਾਵਾਂ ਦੇ ਸ਼ਬਦ ਉਦੋਂ ਹੀ ਵਰਤਦੇ ਸਨ, ਜਦੋਂ ਢੁਕਵਾਂ ਪੰਜਾਬੀ ਸ਼ਬਦ ਨਾ ਮੌਜੂਦ ਹੋਵੇ। ਉਹ ਪੰਜਾਬੀ ਵਿਚ ਹਿੰਦੀ-ਸੰਸਕ੍ਰਿਤ ਦੇ ਸ਼ਬਦਾਂ ਤੋਂ ਵੀ ਖਿਝਦੇ ਸਨ। ’80ਵਿਆਂ ਵਿਚ ਜਦੋਂ ਪੰਜਾਬੀ ਆਲੋਚਨਾ ਵਿੱਚ ਹਿੰਦੀ-ਸੰਸਕ੍ਰਿਤ ਦੇ ਸ਼ਬਦਾਂ ਦੀ ਵਰਤੋਂ ਆਮ ਹੋਣ ਲੱਗੀ ਤਾਂ ਮੈਂ ਵੀ ‘ਅਭਿਵਿਅਕਤੀ’, ‘ਅਭਿਵਿਅੰਜਨਾ’, ‘ਵਿਅਕਤਿਤਵ’ ਜਿਹੇ ਸ਼ਬਦ ਵਰਤਣ ਲੱਗ ਪਿਆ, ਉਸ ਸਮੇਂ ਪਿਤਾ ਜੀ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਨ ਤੋਂ ਮੈਨੂੰ ਖ਼ਬਰਦਾਰ ਕਰਦੇ ਰਹਿੰਦੇ ਸਨ। ਖ਼ੈਰ… ਜਹਾਂ ਪਾਂਵ ਮੇ ਪਾਇਲ, ਹਾਥ ਮੇਂ ਕੰਗਨ ਅੱਜਕੱਲ੍ਹ ਟੀ.ਵੀ./ਡੀ.ਜੇ. ਉਤੇ ਵੱਜਦੇ ਪੰਜਾਬੀ ਗੀਤਾਂ ਵਿੱਚ ਅੰਗਰੇਜ਼ੀ ਦੇ ਸ਼ਬਦਾਂ ਦੀ ਵਰਤੋਂ ਕੁਝ ਵਧੇਰੇ ਹੀ ਵੱਧ ਗਈ ਹੈ, ਜਿਨ੍ਹਾਂ ਨੂੰ ਕਈ ਵਾਰ ਮੈਂ ਤਾਂ ਧਿਆਨ ਦੇਣ ‘ਤੇ ਵੀ ਸਮਝ ਨਹੀਂ ਸਕਦਾ ਪਰ ਮੇਰੀ ਬੇਟੀ ਇਨ੍ਹਾਂ ਨੂੰ ਸਹਿਜੇ ਹੀ ਸੁਣ ਕੇ ਆਮ ਗੁਣਗੁਣਾਉਂਦੀ ਰਹਿੰਦੀ ਹੈ, ਹਾਲਾਂਕਿ ਉਹ ਇਹਦੇ ਡੂੰਘੇ ਅਰਥਾਂ ਤੋਂ ਅਣਜਾਣ ਹੈ। ਕਿਸੇ ਸਮੇਂ ਗਿੱਪੀ ਗਰੇਵਾਲ ਦੇ ਇਸ ਗੀਤ ‘ਮਰ ਜਾਣੀ ਪਾਉਂਦੀ ਭੰਗੜਾ, ਅੰਗਰੇਜ਼ੀ ਬੀਟ ਤੇ…’ ਨੂੰ ਵਿਆਹ-ਸ਼ਾਦੀਆਂ ਅਤੇ ਖੁਸ਼ੀ ਦੇ ਜ਼ਿਆਦਾਤਰ ਸਮਾਗਮਾਂ ਵਿੱਚ ਆਮ ਵੱਜਦੇ ਸੁਣਿਆ ਜਾ ਸਕਦਾ ਸੀ। ਕਦੇ ਦਿਲਜੀਤ ਦੋਸਾਂਝ ਦੇ ਇਸ ਗੀਤ ‘ਲੱਕ ਟਵੰਟੀ ਏਟ ਕੁੜੀ ਦਾ, ਫੋਰਟੀ ਸੈਵਨ ਵੇਟ ਕੁੜੀ ਦਾ…’ ਕਰਕੇ ਉਹਨੂੰ ‘ਮਾਈ ਭਾਗੋ ਬ੍ਰਿਗੇਡ’ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ ਤੇ ਅਜਿਹੇ ਗੀਤ ਗਾਉਣ ਤੋਂ ਤੌਬਾ ਕਰਨੀ ਪਈ ਸੀ, ਜਿਸ ਵਿਚ ਧੀਆਂ, ਔਰਤਾਂ ਪ੍ਰਤੀ ਘਟੀਆ ਸ਼ਬਦਾਵਲੀ ਵਰਤੀ ਗਈ ਸੀ, ਪਰ ਇਨ੍ਹੀਂ ਦਿਨੀਂ ਤਾਂ ਅਜਿਹੇ ਔਰਤ-ਵਿਰੋਧੀ ਅਤੇ ਅੰਗਰੇਜ਼ੀ ਸ਼ਬਦਾਂ ਦੇ ਭੰਡਾਰ ਵਾਲੇ ਗੀਤਾਂ ਦਾ ਜਿਵੇਂ ਹੜ੍ਹ ਹੀ ਆ ਗਿਆ ਹੈ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015

by 