19 June 2024

ਅਦੀਬ ਸਮੁੰਦਰੋਂ ਪਾਰ ਦੇ: ਆਲ੍ਹਣਿਆਂ ਦੀ ਚਿੰਤਾ ਕਰਦਾ ਜ਼ਹੀਨ ਸ਼ਾਇਰ ਦਾਦਰ ਪੰਡੋਰਵੀ— ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (2 ਜਨਵਰੀ 2022 ਨੂੰ) 68ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ਆਲ੍ਹਣਿਆਂ ਦੀ ਚਿੰਤਾ ਕਰਦਾ ਜ਼ਹੀਨ ਸ਼ਾਇਰ ਦਾਦਰ ਪੰਡੋਰਵੀ’‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਜ਼ਹੀਨ ਸ਼ਾਇਰ ਦਾਦਰ ਪੰਡੋਰਵੀ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

ਅਦੀਬ ਸਮੁੰਦਰੋਂ ਪਾਰ ਦੇ:
ਆਲ੍ਹਣਿਆਂ ਦੀ ਚਿੰਤਾ ਕਰਦਾ ਜ਼ਹੀਨ ਸ਼ਾਇਰ ਦਾਦਰ ਪੰਡੋਰਵੀ
– ਹਰਮੀਤ ਸਿੰਘ ਅਟਵਾਲ –

ਗ਼ਜ਼ਲਾਂ ’ਚੋਂ ਜ਼ਿੰਦਗੀ ਦਾ ਫਲਸਫ਼ਾ ਤਲਾਸ਼ਦਾ ਸ਼ਾਇਰ ਪੰਜਾਬੀ ਕਾਵਿ-ਸਾਹਿਤ ਨਾਲ ਸਬੰਧਿਤ ਲਿਖਤਾਂ ਦਾ ਵਿਸਤ੍ਰਿਤ ਅਧਿਐਨ ਕਰੀਏ ਤਾਂ ਪਤਾ ਲਗਦਾ ਹੈ ਕਿ ਉਸਤਾਦ ਦਾਮਨ (ਪੂਰਾ ਨਾਂ: ਉਸਤਾਦ ਮੁਹੰਮਦ ਰਮਜ਼ਾਨ ਹਮਦਮ) ਆਧੁਨਿਕ ਯੁੱਗ ਦੇ ਅੱਧੇ ਤੋਂ ਵੱਧ ਫ਼ੀਰੋਜ਼ਦੀਨ ਸ਼ਰਫ਼, ਕਰਤਾਰ ਸਿੰਘ ਬਲੱਗਣ, ਚਰਾਗਦੀਨ ਦਾਮਨ ਆਦਿ ਵਰਗੇ ਨਾਮੀ ਕਵੀਆਂ/ਸ਼ਾਇਰਾਂ ਦਾ ਉਸਤਾਦ ਸੀ। ਉਸ ਦਾ ਵਧੀਆ ਕਵਿਤਾ ਬਾਰੇ ਇਹ ਕਥਨ ਦਾਦਰ ਪੰਡੋਰਵੀ ਦੀ ਸ਼ਾਇਰੀ ’ਤੇ ਕਾਫ਼ੀ ਢੁਕਦਾ ਹੈ:-

* ‘‘ਜਿਸ ਕਵਿਤਾ ਦੇ ਮਿਸਰੇ ਸਦਾ ਫ਼ਿਜ਼ਾ ਵਿਚ ਗੂੰਜਦੇ ਰਹਿਣ ਉਹੀ ਕਵਿਤਾ ਵਧੀਆ ਅਖਵਾਉਣ ਦੀ ਹੱਕਦਾਰ ਹੁੰਦੀ ਹੈ।’’

ਇਸੇ ਤਰ੍ਹਾਂ ਦੀ ਵਧੀਆ ਕਾਵਿ-ਸਿਰਜਣਾ ਦਾ ਸਿਰਜਕ ਹੈ ਸਾਡਾ ਸਪੇਨ ਦੇ ਸ਼ਹਿਰ ਬਾਰਸੀਲੋਨਾ ’ਚ ਵਸਦਾ ਸਾਊ ਸੁਭਾਅ ਦਾ ਮਾਲਕ ਸ਼ਾਇਰ ਦਾਦਰ ਪੰਡੋਰਵੀ ਜਿਸ ਦੀ ਸ਼ਾਇਰੀ ਵਕਤ ਦੀ ਵਰਤਮਾਨ ਤਰਜ਼-ਤਾਸੀਰ ਤਾਂ ਅਦਬੀ ਮਰਯਾਦਾ ਮੁਤਾਬਕ ਬਾਖ਼ੂਬੀ ਦਰਸਾਉਦੀ ਹੀ ਹੈ, ਨਾਲੋਂ ਨਾਲ ਆਤਮ ਨੂੰ ਪਾਰ ਕਰ ਕੇ ਪਰਾਤਮ ਤਕ ਦਾ ਸਹਿਜ-ਸਫ਼ਰ ਵੀ ਸਫਲਤਾ ਸਹਿਤ ਕਰਦੀ ਹੈ। ਦਾਦਰ ਦੀ ਸ਼ਾਇਰੀ ਨੂੰ ਪੜ੍ਹਨ-ਸੁਣਨ ਵਾਲੇ ਨੂੰ ਆਪਣਾਪਨ ਮਹਿਸੂਸ ਹੁੰਦਾ ਹੈ। ਪੜ੍ਹਦਿਆਂ-ਸੁਣਦਿਆਂ ਇੰਜ ਲੱਗਣ ਲੱਗ ਪੈਂਦਾ ਹੈ ਜਿਵੇਂ ਅਧਿਐਨ ਕਰਤਾ ਦੀ ਆਪਣੀ ਗੱਲ ਨੂੰ ਹੀ ਸ਼ਾਇਰ ਨੇ ਕਹਿ ਦਿੱਤਾ ਹੋਵੇ। ਦਰਅਸਲ ਜਦੋਂ ਕਿਸੇ ਸਿਰਜਕ ਦੀ ਸਿਰਜਣਾ ਪ੍ਰਾਪਤੀ ਦੇ ਇਸ ਮੁਕਾਮ ’ਤੇ ਪੁੱਜ ਜਾਵੇ ਤਾਂ ਉਸ ਦੇ ਰਚੇ ਮਿਸਰਿਆਂ ਦਾ ਫ਼ਿਜ਼ਾ ਵਿਚ ਗੂੰਜਣਾ ਕੁਦਰਤੀ ਵਰਤਾਰਾ ਹੋ ਜਾਂਦਾ ਹੈ। ਦਾਦਰ ਪੰਡੋਰਵੀ ਦੀ ਹੁਣ ਤਕ ਦੀ ਸ਼ਾਇਰੀ ਦਾ ਬਹੁਤਾ ਹਿੱਸਾ ਇਕ ਮੁਕੰਮਲ ਸ਼ਾਇਰੀ ਵਾਲਾ ਹੈ। ਇਸ ਪੱਖ ਦੀ ਪੁਸ਼ਟੀ ਲਈ ਉਸ ਦੀਆਂ ਹੁਣ ਤਕ ਆਈਆਂ ਗ਼ਜ਼ਲਾਂ ਦੀਆਂ ਇਹ ਤਿੰਨ ਪੁਸਤਕਾਂ ‘ਅੰਦਰ ਦਾ ਸਫ਼ਰ’ (2004), ‘ਆਲ੍ਹਣਿਆਂ ਦੀ ਚਿੰਤਾ’ (2011) ਤੇ ‘ਖੰਭਾਂ ਥੱਲੇ ਅੰਬਰ’ (2019) ਇਕਾਗਰਚਿਤ ਹੋ ਕੇ ਪੜ੍ਹੀਆਂ ਸਮਝੀਆਂ ਤੇ ਮਾਣੀਆਂ ਜਾ ਸਕਦੀਆਂ ਹਨ।

ਦਾਦਰ ਪੰਡੋਰਵੀ ਦਾ ਜਨਮ 15 ਸਤੰਬਰ 1971 ਨੂੰ ਪਿਤਾ ਰਤਨਾ ਰਾਮ ਤੇ ਮਾਤਾ ਬਚਨ ਕੌਰ ਦੇ ਘਰ ਪਿੰਡ ਢੱਕ ਪੰਡੋਰੀ (ਕਪੂਰਥਲਾ) ਵਿਖੇ ਹੋਇਆ। ਇਹ ਪਿੰਡ ਫਗਵਾੜਾ ਤਹਿਸੀਲ ਵਿਚ ਪੈਂਦਾ ਹੈ ਤੇ ਘੁੰਮਣ ਮਾਣਕਾ ਰੋਡ ’ਤੇ 9 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਬਾਰੵਵੀਂ ਜਮਾਤ ਕਰਨ ਉਪਰੰਤ ਦਾਦਰ ਨੇ ਪੋਲੀਟੈਕਨਿਕ ਤੇ ਮਕੈਨੀਕਲ ਇੰਜਨੀਅਰਿੰਗ ਵਿਚ ਤਿੰਨ ਸਾਲਾਂ ਦਾ ਡਿਪਲੋਮਾ ਕੀਤਾ। ਆਪਣੇ ਭਤੀਜਿਆਂ ਦੇ ਸਪੇਨ ਜਾ ਵਸਣ ਕਰਕੇ ਦਾਦਰ ਵੀ ਸਪੇਨ ਦਾ ਵਾਸੀ ਬਣ ਗਿਆ। ਸਮੇਂ ਦੇ ਸੱਚ ਨੂੰ ਸਿਰਜਦੀ ਦਾਦਰ ਦੀ ਇੱਕ ਭਾਵਪੂਰਤ ਗ਼ਜ਼ਲ ਇਥੇ ਸਾਂਝੀ ਕਰਕੇ ਗੱਲ ਅੱਗੇ ਤੋਰਦੇ ਹਾਂ:-

ਜਦੋਂ ਅੰਬਰ ’ਚ ਉੱਡਣ ਵਾਸਤੇ ਪਹਿਰੇ ਲਗਾ ਦਿੱਤੇ।
ਸ਼ਿਕਾਰੀ ਨੇ ਪਰਿੰਦੇ ਜਾਲ਼ ’ਚੋਂ ਕੱਢੇ, ਉਡਾ ਦਿੱਤੇ।

ਤੂੰ ਤਾਂ ਚੋਟਾਂ ਖਾ ਕੇ ਪੱਥਰ ਬਣ ਗਿਐ ਚੰਗਾ ਰਿਹਾ ਫਿਰ ਵੀ
ਨਹੀਂ ਤਾਂ ਵਕਤ ਨੇ ਤਾਂ ਮਹਿਲ ਵੀ ਖੰਡਰ ਬਣਾ ਦਿੱਤੇ।

ਨਹੀਂ ਸੀ ਆਪਣੇ ਬੁੱਲ੍ਹਾਂ ਨੂੰ ਜੇਕਰ ਬੰਸਰੀ ਲਾਉਣੀ
ਤਾਂ ਫਿਰ ਕਿਉ ਬਾਂਸ ਦੀ ਪੋਰੀ ’ਚ ਐਨੇ ਛੇਕ ਪਾ ਦਿੱਤੇ।

ਅਸੀਂ ਤਾਂ ਸੋਚਦੇ ਸੀ ਸਿਰਫ਼ ਪਹਿਨਣ ਖਾਣ ਬਦਲੂ ਪਰ
ਸਮੇਂ ਨੇ ਰਿਸ਼ਤਿਆਂ ਦੇ ਨਿੱਘ ਵੀ ਬਰਫ਼ਾਂ ’ਚ ਲਾ ਦਿੱਤੇ।…

ਆਪਣੇ ਸ਼ਿਅਰਾਂ ਵਿਚ ਦਾਦਰ ਪੰਡੋਰਵੀ ਨੇ ਵਕਤ ਦੀ ਸਿਆਸਤ ਦੇ ਵੀ ਕਈ ਰੰਗ ਆਪਣੇ ਵਿਲੱਖਣ ਅੰਦਾਜ਼ ਵਿਚ ਵਿਅਕਤ ਕੀਤੇ ਹਨ। ਮਸਲਨ:-

ਸੁਨਹਿਰੀ ਹੋਣ ਕਰਕੇ ਵੀ ਜੇ ਪਿੰਜਰਾ ਖ਼ੂਬਸੂਰਤ ਹੈ।
ਤਾਂ ਸਮਝੋ ਪੰਛੀਆਂ ਦੀ ਸੋਚਣੀ ਵਿਚ ਵੀ ਸਿਆਸਤ ਹੈ।

ਕਿਸੇ ਦੀ ਮੈਂ ਜ਼ਰੂਰਤ ਹਾਂ ਕੋਈ ਮੇਰੀ ਜ਼ਰੂਰਤ ਹੈ।
ਜ਼ਰੂਰਤ ਹੀ ਜ਼ਰੂਰਤ ਵਿਚ ਜ਼ਮਾਨਾ ਖ਼ੂਬਸੂਰਤ ਹੈ।

ਬਣਾਉਂਦਾ ਵੇਖਿਆ ਜਦ ਪਿੰਜਰੇ ਵਿਚ ਆਲ੍ਹਣਾ ਪੰਛੀ
ਬੜਾ ਕੁਝ ਸੋਚਿਆ, ਫਿਰ ਸੋਚਿਆ ਇਹ ਵੀ ਹਿਫ਼ਾਜ਼ਤ ਹੈ।

ਇਹ ਸਾਨੂੰ ਦੋ ਦੀ ਥਾਂ ’ਤੇ ਚਾਰ ਅੱਖਾਂ ਵੀ ਕਰੇ ਅਰਪਣ
ਬਦਲਣਾ ਸਿਰਫ਼ ਸਾਡਾ ਨਜ਼ਰੀਆ ਚਾਹੁੰਦੀ ਹਕੂਮਤ ਹੈ।

ਦਾਦਰ ਪੰਡੋਰਵੀ ਦੇ ਗ਼ਜ਼ਲਾਂ ਦੇ ਦੀਬਾਨਾਂ ਦੀ ਕ੍ਰਮਵਾਰ ਅੰਤਰੀਵੀ ਵਿਚਾਰ ਕਰੀਏ ਤਾਂ ਉਸ ਦੀ ਪਹਿਲੀ ਪੁਸਤਕ ‘ਅੰਦਰ ਦਾ ਸਫ਼ਰ’ ਦਾ ਨਾਂ ਹੀ ਇਸ ਦੇ ਥੀਮਕ ਪਾਸਾਰ ਵੱਲ ਲੋੜੀਂਦਾ ਸੰਕੇਤ ਕਰਦਾ ਹੈ। ਇਸ ਵਿਚਲੀਆਂ ਗ਼ਜ਼ਲਾਂ ਦੇ ਸ਼ਿਅਰਾਂ ਦਾ ਰੂਪਕ ਪੱਖ ਭਾਵੇਂ ਮੁਢਲੇ ਪੜਾਅ ਵਾਲਾ ਹੈ ਪਰ ਖ਼ਿਆਲ ਦੀ ਉਡਾਰੀ ਉੱਚੀ ਹੈ। ਦੂਜੀ ਪੁਸਤਕ ‘ਆਲ੍ਹਣਿਆਂ ਦੀ ਚਿੰਤਾ’ ਵਿਚ ਕੁਲ 63 ਗ਼ਜ਼ਲਾਂ ਹਨ ਜਿਨ੍ਹਾਂ ਬਾਰੇ ਨਾਮਵਰ ਸ਼ਾਇਰ ਸੁਰਜੀਤ ਜੱਜ ਦਾ ਇਹ ਕਥਨ ਕਾਫ਼ੀ ਡੂੰਘੇ ਅਰਥ ਰੱਖਦਾ ਹੈ :-
‘‘ਦਾਦਰ ਉਹ ਸ਼ਾਇਰ ਹੈ ਜਿਸ ਨੇ ਪਿੰਜਰੇ-ਸਰੀਖੀ ਪਰਵਾਜ਼ ਤੋਂ ਮੁਕਤ ਹੁੰਦਿਆਂ, ਖੱੁਲ੍ਹੇ-ਅਥਾਹ, ਅਨੰਤ ਤੇ ਅਸਗਾਹ ਆਕਾਸ਼ ਦੇ ਅਣਜਾਣੇ, ਅਣਛੋਹੇ ਤੇ ਅਭੇਦ ਪੈਂਡੇ ਨੂੰ ਆਪਣੀ ਉਡਾਣ ਸਮਰਪਤ ਕਰਨ ਦਾ ਜੇਰਾ ਕੀਤਾ ਹੈ। ਦਾਦਰ ਉਨ੍ਹਾਂ ਸ਼ਾਇਰਾਂ ਦੀ ਕਤਾਰ ਵਿਚ ਖਲੋਣ ਦੇ ਸਮਰੱਥ ਸ਼ਾਇਰ ਵੱਜੋਂ ਵੀ ਸਾਹਮਣੇ ਆਉਦਾ ਹੈ, ਜੋ ਸ਼ਿਅਰ ਕਹਿਣ ਦੀ ਥਾਂ ਸ਼ਿਅਰ ਸਿਰਜਦੇ ਹਨ। …ਦਾਦਰ ਦੀ ਸ਼ਾਇਰੀ ਪੜ੍ਹਦਿਆਂ ਇਹ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਹ ਸਮਾਜਿਕ ਸਰੋਕਾਰਾਂ ਤੇ ਮਾਨਵੀ ਸਬੰਧਾਂ ਦੀਆਂ ਦਿਸਦੀਆਂ ਹੀ ਨਹੀਂ ਸਗੋਂ ਅਣਦਿਸਦੀਆਂ ਗੁੰਝਲਾਂ ਤੇ ਗੰਢਾਂ ਨੂੰ ਵੀ ਮੁਖ਼ਾਤਿਬ ਹੋਣ ਵਾਲੇ ਸ਼ਾਇਰ ਦਾ ਅਹਿਦ ਕਰੀ ਬੈਠਾ ਹੈ। ਉਹ ਗ਼ਜ਼ਲ ਦੇ ਬਹੁ-ਪਰਤੀ ਪਾਸਾਰ ਅਤੇ ਸ਼ਿਅਰੀਅਤ ਦੇ ਸਹਿਜ ਅਤੇ ਸੁਹਜ ਦੀ ਨਿਰੰਤਰ ਤਲਾਸ਼ ਵਿਚ ਰਹਿਣ ਵਾਲੇ ਸ਼ਾਇਰ ਦੇ ਰੂਪ ਵਿਚ ਕਾਰਜਸ਼ੀਲ ਰਹਿਣ ਵਾਲਾ ਸਿਰਜਕ ਬਣਦਿਆਂ ਸਿਰਜਣਾ ਦਾ ਕਾਵਿ-ਧਰਮ ਨਿਭਾਉਣ ਦੀ ਕੋਸ਼ਿਸ਼ ਵਿਚ ਰਹਿੰਦਾ ਹੈ।’’

ਦਾਦਰ ਪੰਡੋਰਵੀ ਦੀ ਤੀਸਰੀ ਪੁਸਤਕ ‘ਖੰਭਾਂ ਥੱਲੇ ਅੰਬਰ’ ਵਿਚ 82 ਗ਼ਜ਼ਲਾਂ ਹਨ ਜਿਨ੍ਹਾਂ ਦੇ ਆਰੰਭ ਵਿਚ ਇਹ ਸ਼ਿਅਰ ਹੈ ਜਿਹੜਾ ਸਾਰੀ ਪੁਸਤਕ ਦੇ ਕੇਂਦਰੀ ਭਾਵ ਵੱਲ ਇਸ਼ਾਰਾ ਕਰਦਾ ਹੈ:-

ਇਕ ਮੁਕੰਮਲ ਜ਼ਿੰਦਗੀ ਦਾ ਫਲਸਫ਼ਾ ਗ਼ਜ਼ਲਾਂ ’ਚ ਹੈ,
ਇਹ ਨਿਰੇ ਮਤਲੇ ਨਹੀਂ, ਮਕਤੇ ਨਹੀਂ ਬਹਿਰਾਂ ਨਹੀਂ।

ਦਾਦਰ ਨਾਲ ਸਾਡਾ ਸਾਹਿਤਕ ਵਿਚਾਰ ਵਟਾਂਦਰਾ ਹੁੰਦਾ ਰਹਿੰਦਾ ਹੈ। ਉਸ ਵਿੱਚੋਂ ਦਾਦਰ ਵੱਲੋਂ ਕੁਝ ਅੰਸ਼ ਇਥੇ ਲਿਖੇ ਜਾਂਦੇ ਹਨ:-

* ਸਾਹਿਤ ਨਾਲ ਮੇਰਾ ਰਿਸ਼ਤਾ ਓਨਾ ਹੀ ਪੁਰਾਣਾ ਤੇ ਗੂੜ੍ਹਾ ਹੈ ਜਿੰਨਾ ਕਿ ਰੁਜ਼ਗਾਰ ਨਾਲ। ਇਹ ਸਾਹਿਤ ਦਾ ਹੀ ਅਸਰ ਸੀ ਕਿ ਮੈਂ ਸਨਅਤੀ ਅਦਾਰੇ ਵਿਚ ਲੋਹੇ ਨਾਲ ਲੋਹਾ ਹੁੰਦਾ ਵੀ ਕਦੇ ਲੋਹੇ ਦੀ ਤਬੀਅਤ ਨਾ ਅਪਣਾ ਸਕਿਆ। ਮਸ਼ੀਨਾਂ ਦੀ ਖੜਾਕ ਵਿਚ ਵੀ ਰਿਦਮ ਤੇ ਰਵਾਨੀ ਮਹਿਸੂਸ ਹੁੰਦੀ ਰਹੀ। ਗ਼ਜ਼ਲ ਸਦਾ ਤੇ ਨਿਰ ਵਿਘਨ ਲਰਜਦੀ ਹੋਈ ਮੇਰੇ ਤਕ ਪਹੁੰਚਦੀ ਰਹੀ। ਮੈਂ ਜਦੋਂ ਪੰਜਾਬ ਰਹਿੰਦਿਆਂ ਫੈਕਟਰੀ ਵਿਚ ਕਾਮਾ ਸੀ, ਮੈਂ ਉਸ ਅਕਾਊ ਤੇ ਥਕਾਊ ਮਾਹੌਲ ਵਿਚ ਵੀ ਜਜ਼ਬਿਆਂ ਦੀ ਮਸ਼ੀਨ ’ਤੇ ਆਪਣੇ ਖ਼ਿਆਲਾਂ ਨੂੰ ਸ਼ਿਅਰਾਂ ਦੇ ਰੂਪ ਵਿਚ ਖ਼ਰਾਦੀ ਗਿਆ।

* ਸਮੁੱਚੀ ਆਧੁਨਿਕ ਸ਼ਾਇਰੀ ਮੇਰੀਆਂ ਸੋਚਾਂ ਤੇ ਅਸਰ-ਅੰਦਾਜ਼ ਹੁੰਦੀ ਹੈ ਤੇ ਮੇਰੇ ਖੰਭਾਂ ਨੂੰ ਸ਼ਾਇਰੀ ਦੇ ਅਥਾਹ ਅੰਬਰ ’ਚੋਂ ਆਪਣੀ ਪਰਵਾਜ਼ ਤਲਾਸ਼ਣ, ਨਿਰਧਾਰਤ ਕਰਨ ਤੇ ਉਚਾਈ ਹਾਸਲ ਕਰਨ ਦੇ ਜਜ਼ਬੇ ਨੂੰ ਪਰ ਤੋਲਣ ਲਈ ਉਕਸਾਉਦੀ ਹੈ।

* ਤਨ ਮਨ ’ਤੇ ਹੰਢਾਏ ਬੁਰੇ ਵਕਤਾਂ ਦੀ ਛਾਪ ਮੇਰੀ ਜ਼ਿੰਦਗੀ ’ਤੇ ਵੱਖੋ-ਵੱਖਰੇ ਰੰਗ ਲੈ ਕੇ ਆਈ। ਮੈਂ ਇਨ੍ਹਾਂ ਰੰਗਾਂ ’ਚੋਂ ਵੀ ਸ਼ਾਇਰੀ ਲਈ ਢਲਣ ਯੋਗ ਰੰਗਾਂ ਨੂੰ ਤਲਾਸ਼ਦਾ ਰਿਹਾ ਤੇੇ ਫਿਰ ਆਪਣੀ ਕਾਵਿ-ਸ਼ੈਲੀ ਵਿਚ ਢਾਲਦਾ ਤੁਰਿਆ ਗਿਆ। ਮੇਰੀ ਗ਼ਜ਼ਲ ਮੈਨੂੰ ਆਪਣੇ ਪਰਿਵਾਰਕ ਮੈਂਬਰਾਂ ਵਾਂਗੂ ਹੀ ਹੈ।

* ਮੈਂ ਜਨਾਬ ਅਮਰਜੀਤ ਸਿੰਘ ਸੰਧੂ ਤੋਂ ਗ਼ਜ਼ਲ ਦਾ ਬਹੁਤ ਕੁਝ ਸਿੱਖਿਆ ਹੈ। ਮਰਹੂਮ ਮਹਿੰਦਰ ਸਾਥੀ ਵੀ ਚਿੱਠੀ-ਪੱਤਰ ਰਾਹੀਂ ਮੈਨੂੰ ਗ਼ਜ਼ਲ ਵਿਚ ਅੱਗੇ ਤੋਰਦੇ ਰਹੇ।

* ਸਪੇਨ ਵਿਚ ਪੰਜਾਬੀ ਦੀ ਕੋਈ ਲੇਖਕ ਸਭਾ ਨਹੀਂ ਹੈ। ਅਜੇ ਤਕ ਇਥੇ ਮੈਂ ਪੰਜਾਬੀ ਵਿਚ ਛਪਦਾ ਕੋਈ ਅਖ਼ਬਾਰ ਵੀ ਨਹੀਂ ਦੇਖਿਆ ਹੈ।

ਨਿਰਸੰਦੇਹ ਦਾਦਰ ਪੰਡੋਰਵੀ ਸਪੇਨ ਵਿਚ ਪੰਜਾਬੀ ਦਾ ਪ੍ਰਤੀਨਿਧ ਸ਼ਾਇਰ ਹੈ। ਉਸ ਦੀ ਵਧੀਆ ਸ਼ਾਇਰੀ ਉਸ ਦੀ ਵਡਿਆਈ ਨਿਰੰਤਰ ਵਧਾ ਰਹੀ ਹੈ। ਉਸ ਦੀ ਹਰ ਗੱਲ ਆਪਣੇ ਡੂੰਘੇ ਚਿੰਤਨੀ ਅਰਥ ਰੱਖਦੀ ਹੈ। ਉਸ ਦੇ ਇਨ੍ਹਾਂ ਸ਼ਿਅਰਾਂ ਨਾਲ ਇਥੇ ਇਜਾਜ਼ਤ ਲਈ ਜਾਂਦੀ ਹੈ:-

ਚਾਹੁੰਦਿਆਂ ਨਾ ਚਾਹੁੰਦਿਆਂ ਵੀ ਜੋ ਖਿਲਾਰਾ ਪੈ ਗਿਆ
ਤੁਰਨ ਤੋਂ ਪਹਿਲਾਂ ਸਫ਼ਰ ’ਤੇ,ਖ਼ੁਦ ਨੂੰ ’ਕੱਠਾ ਕਰ ਲਵਾਂ।

ਵਕਤ ਹੈ ਵਿਛੜਨ ਦਾ ਭਾਰੀ, ਕੀ ਪਤੈ ਮਿਲੀਏ ਨਾ ਫਿਰ
ਜੇ ਇਜਾਜ਼ਤ ਦੇ ਦਿਉ ਤਾਂ ਇਕ ਦੋ ਹਉਕੇ ਭਰ ਲਵਾਂ।

***
566
***

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ