8 December 2024
001-360-281-2624

ਅਦੀਬ ਸਮੁੰਦਰੋਂ ਪਾਰ ਦੇ : ਖ਼ਿਆਲ ਦੀ ਖ਼ੂਬਸੂਰਤੀ ਸਿਰਜਦਾ ਸ਼ਾਇਰ ਸੁੱਖਵਿੰਦਰ ਸਿੰਘ ਬੋਦਲਾਂਵਾਲਾ—ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (7 ਨਬੰਵਰ 2021 ਨੂੰ) 61ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਸ਼ਾਇਰ ਸੁੱਖਵਿੰਦਰ ਸਿੰਘ ਬੋਦਲਾਂਵਾਲ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਖ਼ਿਆਲ ਦੀ ਖ਼ੂਬਸੂਰਤੀ ਸਿਰਜਦੇ ਸ਼ਾਇਰ ਸੁੱਖਵਿੰਦਰ ਸਿੰਘ ਬੋਦਲਾਂਵਾਲਾ’ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

ਅਦੀਬ ਸਮੁੰਦਰੋਂ ਪਾਰ ਦੇ:
ਖ਼ਿਆਲ ਦੀ ਖ਼ੂਬਸੂਰਤੀ ਸਿਰਜਦਾ ਸ਼ਾਇਰ ਸੁੱਖਵਿੰਦਰ ਸਿੰਘ ਬੋਦਲਾਂਵਾਲਾ—ਹਰਮੀਤ ਸਿੰਘ ਅਟਵਾਲ

001-360-281-2624

ਬਹੁਤ ਹੀ ਸਲੀਕਾ ਸੰਪੰਨ, ਤਕਰੀਮੀ, ਖ਼ਲੀਕ ਤੇ ਹਸਮੁੱਖ ਸੁਭਾਅ ਦਾ ਮਾਲਕ ਅਮਰੀਕਾ ਵੱਸਦਾ ਸੁੱਖਵਿੰਦਰ ਸਿੰਘ ਬੋਦਲਾਂਵਾਲਾ ਆਪਣੀ ਕਾਵਿ-ਰਚਨਾ ਵਿਚ ਖ਼ਿਆਲ ਦੀ ਖ਼ੂਬਸੂਰਤੀ ਨੂੰ ਸਿਰਜਣ ਵਾਲਾ ਤੇ ਰਚਨਾ ਦੇ ਰਸ ਨੂੰ ਸੰਘਣਾ ਕਰਨ ਵਾਲਾ ਸ਼ਾਇਰ ਹੈ।

ਬਿਨਾਂ ਸ਼ੱਕ, ਰਚਨਾਤਮਕ ਯਥਾਰਥ ਇਹ ਵੀ ਹੈ ਕਿ ਖ਼ੂਬਸੂਰਤੀ ਨੂੰ ਅੰਤਰਮਨ ਨਾਲ ਮਹਿਸੂਸ ਕਰਨ ਵਾਲਾ ਹੀ ਖ਼ੂਬਸੂਰਤੀ ਬਾਰੇ ਪੁਖਤਗੀ ਨਾਲ ਲਿਖ ਸਕਦਾ ਹੈ। ਦਰਅਸਲ, ਕਿਸੇ ਵੀ ਕਲਮਕਾਰ ਦੀ ਅੰਤਰਦਿ੍ਰਸ਼ਟੀ ਜਦੋਂ ਉਸ ਦੀ ਦੂਰਦਿ੍ਰਸ਼ਟੀ ਨਾਲ ਇਕਮਿਕ ਹੁੰਦੀ ਹੈ ਤਾਂ ਦੋਵਾਂ ਦਿ੍ਰਸ਼ਟੀਆਂ ਵਿਚਕਾਰ ਆਉਦੀ ਹਰ ਸ਼ੈਅ ਸੁਭਾਵਕ ਰੂਪ ’ਚ ਕਲਮਕਾਰ ਦੇ ਅਨੇਕ ਪੱਖੀ ਨਿਰੀਖਣ ਦੇ ਅਨੁਭਵੀ ਘੇਰੇ ’ਚੋਂ ਹੋ ਕੇ ਲੰਘਦੀ ਹੈ। ਇਸੇ ਲਾਂਘੇ ਦੌਰਾਨ ਹੀ ਸੌਂਦਰਯ ਬੋਧ ਪੂਰੇ ਜੋਸ਼ੋ-ਖੁਰੋਸ਼ ਨਾਲ ਆਪਣਾ ਕਾਰਜ ਕਰਦਾ ਹੈ ਤੇ ਲਿਖਣਹਾਰ ਦੇਖੀ-ਵਾਚੀ ਖ਼ੂੁਬਸੂਰਤੀ ਨੂੰ ਖ਼ਿਆਲੀ ਰੂਪ ਦਿੰਦਾ ਹੋਇਆ ਆਪਣੇ ਨੁਕਤਾ-ਨਿਗਾਹ ਤੋਂ ਸੁਹਜਭਾਵੀ ਖ਼ੂਬਸੂਰਤ ਸ਼ਬਦਾਂ ਵਿਚ ਬੰਨ੍ਹਦਾ ਹੈ। ਨਿਸ਼ਚੇ ਹੀ ਅਜਿਹੀ ਨਿੱਗਰ ਖ਼ਿਆਲਾਂ ਸੰਪੰਨ ਵਿਚਾਰਧਾਰਕ ਖ਼ੂਬਸੂਰਤੀ ਜਿੱਥੇ ਪਾਠਕ/ਸਰੋਤੇ ਦੇ ਮਨ ਮਸਤਕ ਨੂੰ ਪ੍ਰਭਾਵਤ ਕਰਦੀ ਹੈ ਉੱਥੇ ਸ਼ਾਇਰ ਦੀ ਕਾਵਿਕ ਸੂਖਮਤਾ ਦੀਆਂ ਪਰਤਾਂ ਸਮਝਣ ਦਾ ਵੀ ਉਸ ਨੂੰ ਬਲ ਬਖ਼ਸ਼ਦੀ ਹੈ।

ਸਿੱਟੇ ਵਜੋਂ ਕਾਵਿ-ਅਧਿਐਨ ਦਾ ਖ਼ਾਸਤਗਾਰ, ਸ਼ਾਇਰ ਦੀ ਕਾਵਿ-ਕੀਰਤੀ ਦਾ ਕਾਇਲ ਹੁੰਦਿਆਂ ਕਵਿਤਾ ਨਾਲ ਪੜ੍ਹਨ ਦੀ ਕਿਸੇ ਨਾ ਕਿਸੇ ਹੱਦ ਤਕ ਚਿਰ ਸਥਾਈ ਸਾਂਝ ਪਾ ਲੈਂਦਾ ਹੈ। ਇਹ ਸਥਿਤੀ ਖ਼ਿਆਲ ਦੀ ਰਚਨਾਤਮਕ ਖ਼ੂਬਸੂਰਤੀ ਰਚਣ ਵਾਲੇ ਲਈ ਵੀ ਵੱਡਿਆਂ ਭਾਗਾਂ ਵਾਲੀ ਹੰੁਦੀ ਹੈ ਤੇ ਉਸ ਦੇ ਅਗਲੇਰੇ ਰਚਨਾਤਮਕ ਕਾਰਜ ਲਈ ਵੀ ਉਤਸ਼ਾਹਜਨਕ ਸਾਬਤ ਹੁੰਦੀ ਹੈ। ਸੱੁਖਵਿੰਦਰ ਸਿੰਘ ਬੋਦਲਾਂਵਾਲਾ ਇਸ ਪੱਖੋਂ ਪੂਰਾ ਉਤਸ਼ਾਹਿਤ ਹੈ। ਇਹੀ ਕਾਰਨ ਹੈ ਕਿ ਉਸ ਦੀ ਸਿਰਜਣਾਤਮਕ ਗਤੀਸ਼ੀਲਤਾ ਹੁਣ ਤਕ ਪੂਰੇ ਬੁਲੰਦਈ ਅੰਦਾਜ਼ ਵਿਚ ਕਾਇਮ ਹੈ। ਸੁੱਖਵਿੰਦਰ ਸਿੰਘ ਬੋਦਲਾਂਵਾਲਾ ਦਾ ਜਨਮ 1969 ਦੇ ਫਰਫਰੀ ਮਹੀਨੇ ਵਿਚ ਪਿਤਾ ਆਤਮਾ ਸਿੰਘ ਤੇ ਮਾਤਾ ਸਤਵੰਤ ਕੌਰ ਦੇ ਘਰ ਪਿੰਡ ਬੋਦਲ (ਹੁਸ਼ਿਆਰਪੁਰ) ’ਚ ਹੋਇਆ। 1996 ’ਚ ਸੁੱਖਵਿੰਦਰ ਨੇ ਪੱਕੇ ਤੌਰ ’ਤੇ ਅਮਰੀਕਾ ਵਿਚ ਜਾ ਪੈਰ ਧਰਿਆ ਤੇ ਅੱਜਕੱਲ੍ਹ ਉਸ ਦਾ ਵਾਸਾ ਅਮਰੀਕਾ ਦੀ ਵਾਸ਼ਿੰਗਟਨ ਸਟੇਟ ਦੇ ਸ਼ਹਿਰ ਰਿਜ਼ਫੀਲਡ ਵਿਚ ਹੈ।

ਸੁੱਖਵਿੰਦਰ ਸਿੰਘ ਬੋਦਲਾਂਵਾਲਾ ਦੀਆਂ ਹੁਣ ਤਕ ਤਿੰਨ ਪੁਸਤਕਾਂ ਸਾਡੇ ਦੀਰਘ ਅਧਿਐਨ ਦੇ ਅੰਤਰਗਤ ਆਈਆਂ ਹਨ। ਉਸ ਦੀ 104 ਪੰਨਿਆਂ ਦੀ ਪਹਿਲੀ ਕਾਵਿ-ਪੁਸਤਕ ਹੈ ‘ਯਾਦਾਂ ਵਿਚ ਵੱਸਦੇ ਪਲ’ ਜਿਸ ਵਿਚ ਕੁਲ 88 ਕਾਵਿ-ਰਚਨਾਵਾਂ ਹਨ ਜਿਨ੍ਹਾਂ ਵਿਚ ਗੀਤ, ਗ਼ਜ਼ਲ ਤੇ ਨਜ਼ਮ ਦੀ ਵੰਨਗੀ ਮੌਜੂਦ ਹੈ। ਉਂਜ ਤਾਂ ਮੂਲ ਰੂਪ ਵਿਚ ਇਸ ਪੁਸਤਕ ਅੰਦਰਲਾ ਕਾਵਿ-ਸੰਸਾਰ ਕੁਦਰਤੀ ਪਲਾਂ ਦੀ ਸੰਗਤ ’ਚੋਂ ਸਿਰਜਿਆ ਗਿਆ ਹੀ ਪ੍ਰਤੀਤ ਹੁੰਦਾ ਹੈ ਪਰ ਮਾਨਵੀ ਸਰੋਕਾਰਾਂ ਨੂੰ ਵੀ ਸੁੱਖਵਿੰਦਰ ਨੇ ਕਾਫ਼ੀ ਕਾਵਿਕ-ਖ਼ੂਬਸੂਰਤੀ ਤੇ ਬਰੀਕੀ ਨਾਲ ਸਿਰਜਣ ਦਾ ਸਫਲ ਉਪਰਾਲਾ ਕੀਤਾ ਹੈ। ਉਹ ਧਰਮ ਨੂੰ ਧੰਦਾ ਬਣਾਉਣ ਦੇ ਵਿਰੁੱਧ ਹੈ। ਪਖੰਡੀਆਂ ਤੋਂ ਭਲੇ

ਮਾਣਸਾਂ ਨੂੰ ਉਹ ਸਦਾ ਸੁਚੇਤ ਕਰਦਾ ਹੈ। ਪੁਰਾਣੇ ਤੇ ਸੁਹਾਵਣੇ ਦਿਨਾਂ ਦਾ ਵੀ ਉਹ ਕਦਰਦਾਨ ਹੈ। ਬੰਦੇ ਵੱਲੋਂ ਬੰਦੇ ਦਾ ਵਿਰੋਧ, ਰਿਸ਼ਤਿਆਂ ਦਾ ਖੋਖਲਾਪਨ, ਆਏ ਦਿਨ ਕਮਜ਼ੋਰ ਹੁੰਦੀ ਜਾ ਰਹੀ ਭਾਈਚਾਰਕ ਸਾਂਝ, ਕੋਰੋਨਾ ਵਰਗੀ ਵਿਸ਼ਵ ਵਿਆਪੀ ਘਾਤਕ ਬਿਮਾਰੀ ਤੋਂ ਬਚਣ ਤੇ ਸਬਕ ਲੈਣ ਦੀ ਗੱਲ ਆਦਿ ਕਈ ਅਹਿਮ ਪੱਖ ਹਨ ਜਿਹੜੇ ਸੁੱਖਵਿੰਦਰ ਦੀਆਂ ਕਾਵਿ-ਰਚਨਾਵਾਂ ਵਿਚ ਬਾਖ਼ੂਬੀ ਉਜਾਗਰ ਹੋਏ ਹਨ।

ਸੁੱਖਵਿੰਦਰ ਸਿੰਘ ਬੋਦਲਾਂਵਾਲਾ ਦਾ ਅਗਲਾ ਕਾਵਿ-ਸੰਗ੍ਰਹਿ ‘ਹੂਕ ਪੰਜਾਬ ਦੀ’ ਹੈ ਜਿਹੜਾ ਉਸ ਨੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕੀਤਾ ਹੈ। ਇਸ ਪੁਸਤਕ ਦੇ ਆਰੰਭ ’ਚ ਸੁੱਖਵਿੰਦਰ ਨੇ ਲਿਖਿਆ ਹੈ ਕਿ ‘ਸ਼ਾਇਰ ਲੋਕ ਆਮ ਲੋਕਾਂ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ। ਇਸ ਲਈ ਲੇਖਕਾਂ ਨੇ ਆਪਣੀ ਕਲਮ ਰਾਹੀਂ ਇਸ (ਕਿਸਾਨ) ਅੰਦੋਲਨ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਹੈ। ਮੇਰੀ ਕਲਮ ਨੇ ਵੀ ਕਿਸਾਨਾਂ ਦੇ ਦਰਦ ਨੂੰ ਬਿਆਨ ਕੀਤਾ ਹੈ। ਮੇਰੀ ਕਲਮ ਵਿੱਚੋਂ ਨਿਕਲੇ ਕਵਿਤਾਵਾਂ, ਗੀਤਾਂ ਤੇ ਗ਼ਜ਼ਲਾਂ ਨੇ ‘ਹੂਕ ਪੰਜਾਬ ਦੀ’ ਪੁਸਤਕ ਦਾ ਰੂਪ ਧਾਰ ਲਿਆ।’’ ਸੁੱਖਵਿੰਦਰ ਦੀ ਕਵਿਤਾ ‘ਕਿਸਮਤ ਬਦਲ ਰਹੀ ਹੈ’ ਦੀਆਂ ਆਰੰਭਕ ਕਾਵਿ-ਸਤਰਾਂ ਹਨ :

ਸੁੱਕੇ ਰੁੱਖ ਹੁਣ ਹਰੇ ਹੋ ਰਹੇ
ਏਕਾ ਕਰ ਸਭ ਖਰੇ ਹੋ ਰਹੇ
ਸਮੇਂ ਦੀ ਕਾਇਆ ਬਦਲ ਰਹੀ ਹੈ
ਲਗਦੈ ਪੰਜਾਬ-ਏ-
ਕਿਸਮਤ ਬਦਲ ਰਹੀ ਹੈ।

ਸੁੱਖਵਿੰਦਰ ਦੀ ਇਸ ਪੁਸਤਕ ਦੀ ਗੱਲ ਕਰਦਿਆਂ ਉੱਘੇ ਸ਼ਾਇਰ ਮਲਕੀਤ ਸੈਣੀ ਨੇ ਇਕ ਥਾਂ ਲਿਖਿਆ ਹੈ ਕਿ :-

ਖ਼ੁਦ ਕਿਸਾਨ ਹੋਣ ਕਰਕੇ ਉਸ ਨੇ ਕਿਸਾਨ ਦੇ ਦਰਦ ਨੂੰ ਪਛਾਣਿਆ ਹੀ ਨਹੀਂ ਸਗੋਂ ਹੰਢਾਇਆ ਵੀ ਹੈ। ਸੁਹਾਗੇ ਦੀ ਧੂੜ ਨਾਲ ਅੱਖਾਂ ਦੀਆਂ ਝਿੰਮਣੀਆਂ ਕਿੰਝ ਲੁਕ ਜਾਂਦੀਆਂ ਹਨ, ਉਹ ਬਾਖ਼ੂਬੀ ਜਾਣਦਾ ਹੈ। ਉੱਗਦੀ ਕਣਕ ਦੀਆਂ ਤੁੱਰੀਆਂ ਦੀ ਭਾਅ ਮਾਰਦੀ ਝਲਕ ਤੇ ਪੱਕੀ ਕਣਕ ਦੇ ਕਸੀਰਾਂ ਦੀ ਚੋਭ ਉਸ ਨੇ ਆਪਣੇ ਪਿੰਡੇ ’ਤੇ ਹੰਢਾਈ ਹੈ। ਇਸੇ ਲਈ ਉਸ ਦੀ ਹਰ ਰਚਨਾ ਵਿਚ ਯਥਾਰਥ ਝਲਕਦਾ ਹੈ। ਦੁਆਬੇ ਦੀ ਨਿਰਛੱਲ ਤੇ ਅਪਣੱਤ ਨਾਲ ਭਰੀ ਹੋਈ ਭਾਸ਼ਾ ਹੋਣ ਕਰਕੇ ਇਕ ਵੱਖਰੀ ਹੀ ਮਿਠਾਸ ਦਾ ਅਨੁਭਵ ਹੁੰਦਾ ਹੈ।

ਸੁੱਖਵਿੰਦਰ ਸਿੰਘ ਬੋਦਲਾਂਵਾਲਾ ਦੀ ਬਿਲਕੁਲ ਨਵੀਂ ਤੇ ਤੀਜੀ ਕਾਵਿ-ਪੁਸਤਕ ਹੈ ‘ਅਦਬ ਨਜ਼ਾਰੇ’ ਜਿਸ ਵਿਚਲੀਆਂ ਕਾਵਿ-ਕਿਰਤਾਂ ਦੀ ਪ੍ਰਕਿਰਤੀ ਵੀ ਮਨ ਦੀ ਮੌਜ ਵਾਲੀ ਹੈ, ਕੁਦਰਤੀ ਪਲਾਂ ’ਚ ਬਹਿਕੇ ਸਿ੍ਰਸਟੀ ਸਮਝਣ ਵਾਲੀ ਹੈ। ਮਨ ਦੀ ਇਹ ਮੌਜ ਕਦੇ ਮੁਹੱਬਤ ਦੇ ਵਿਹੜੇ ਵਿਚ ਜਾ ਵੜਦੀ ਹੈ ਤੇ ਕਦੇ ਸਮੇਂ ਦੀਆਂ ਅੱਖਾਂ ਵਿਚ ਅੱਖਾਂ ਪਾਉਣ ਦੀ ਹਿੰਮਤ-ਜੁਰੱਅਤ ਕਰਦੀ ਹੈ, ਕਦੇ ਕੁਹਜ ਦੇ ਕੰਨ ਪੁਟਦੀ ਹੈ ਤੇ ਕਦੇ ਸੁਹਜ ਦੀਆਂ ਸਿਫ਼ਤਾਂ ਕਰਦੀ ਹੈ, ਕਦੇ ਕੋਲ ਬਹਿ ਕੇ ਦਿਲ ਦੀ ਆਵਾਜ਼ ਸੁਣਦੀ ਹੈ ਤੇ ਕਦੇ ਦੂਰੋਂ ਆਉਂਦੇ ਦੁੱਖਾਂ ਨੂੰ ਵੀ ਪਹਿਲਾਂ ਹੀ ਦਰਸਾ ਦਿੰਦੀ ਹੈ, ਕਦੇ ਆਪਣੇ ਦੇਸ਼ ਵਿਚ ਵਿਚਰਦੀ ਹੈ ਤੇ ਕਦੇ ਵਿਦੇਸ਼ ਦਾ ਸ਼ੀਸ਼ਾ ਵਿਖਾਉਦੀ ਹੈ, ਕਦੇ ਆਪਣੇ ਵਿਰਸੇ ਦਾ ਮਾਣ ਕਰਦੀ ਹੈ ਤੇ ਕਦੇ ਵਿਖਰਦੀ ਜਾਂਦੀ ਭਾਈਚਾਰਕ ਸਾਂਝ ਵਾਲੀ ਪਰਵਿਰਤੀ ’ਤੇ ਕਰੁਣਾ ’ਚ ਗੜੁੱਚ ਹਉਕਾ ਭਰਦੀ ਹੈ। ਤੱਤਸਾਰ ਇਹੀ ਹੈ ਕਿ ਸਾਰੀ ਦੀ ਸਾਰੀ ਪੁਸਤਕ ਸੁੱਖਵਿੰਦਰ ਸਿੰਘ ਬੋਦਲਾਂਵਾਲਾ ਦੀ ਕਾਵਿ-ਸੁਹਜ ਤੇ ਸਮਝ ਵਾਲੀ ਸਮਰੱਥਾ ਦੀ ਭਰਪੂਰ ਸ਼ਾਅਦੀ ਭਰਦੀ ਹੋਈ ਪਾਠਕਾਂ ਲਈ ਇੱਕ ਉੱਚ ਪਾਏ ਦੀ ਸਾਹਿਤਕ ਰਚਨਾ ਸਾਬਤ ਹੁੰਦੀ ਹੈ।

ਉਪਰੋਕਤ ਤਿੰਨਾਂ ਪੁਸਤਕਾਂ ਤੋਂ ਇਲਾਵਾ ਕੁਝ ਸਾਂਝੀਆਂ ਪੁਸਤਕਾਂ ਵਿਚ ਵੀ ਸੁੱਖਵਿੰਦਰ ਦੀਆਂ ਕੁਝ ਕਾਵਿ-ਰਚਨਾਵਾਂ ਸਮੇਂ-ਸਮੇਂ ਛਪਦੀਆਂ ਰਹਿੰਦੀਆਂ ਹਨ। ਸੁੱਖਵਿੰਦਰ ਨਾਲ ਸਾਡਾ ਸਮੇਂ-ਸਮੇਂ ਸਾਹਿਤਕ ਵਿਚਾਰ ਵਟਾਂਦਰਾ ਹੁੰਦਾ ਰਹਿੰਦਾ ਹੈ। ਹੋਏ ਵਿਚਾਰ-ਵਿਮਰਸ਼ ’ਚੋਂ ਉਸ ਵੱਲੋਂ ਕੁਝ ਅੰਸ਼ ਹਾਜ਼ਰ ਹਨ:

* ਮੇਰੇ ਹੁਣ ਤਕ ਦਰਜਨ ਤੋਂ ਵੱਧ ਗੀਤ ਰਿਕਾਰਡ ਹੋ ਚੱੁਕੇ ਹਨ ਜਿਨ੍ਹਾਂ ਵਿੱਚੋਂ ਕਈਆਂ ਨੂੰ ਮੇਰੇ ਖ਼ੁਦ ਦੇ ਯੂ-ਟਿਊਬ ਚੈਨਲ ਐੱਨਆਰਆਈ ਦੇਸੀ ਟੀਵੀ ’ਤੇ ਸੁਣਿਆ ਜਾ ਸਕਦਾ ਹੈ। ਮੈਂ ਧੰਨਵਾਦੀ ਹਾਂ ਉਤਰੀ ਅਮਰੀਕਾ ਦੇ ਮਸ਼ਹੂਰ ਗਾਇਕ ਰਣਜੀਤ ਤੇਜੀ ਜੀ ਦਾ ਜਿਨ੍ਹਾਂ ਦੀ ਆਵਾਜ਼ ਵਿਚ ਗਾਏ ਮੇਰੇ ਗੀਤ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤੇ ਗਏ ਤੇ ਨਾਲ-ਨਾਲ ਗੁਰਜੀਤ ਮੱਲ੍ਹੀ ਜੀ ਦਾ ਵੀ। ਕੁਲਦੀਪ ਮਾਣਕ ਤੋਂ ਬਾਅਦ ਜੇ ਕਿਸੇ ਆਵਾਜ਼ ਦਾ ਜਿਕਰ ਆਉਦਾ ਹੈ ਮਸ਼ਹੂਰ ਗਾਇਕ ਗੁਰਮੀਤ ਮੀਤ, ਜਿਸ ਨੇ ਵੀ ਮੇਰੇ ਗੀਤ ਰਿਕਾਰਡ ਕਰਵਾਏ ਹਨ। ਹੋਰ ਵੀ ਕਈ ਗਾਇਕਾਂ ਨੇ ਮੇਰੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ।

* ਅਮਰੀਕਾ, ਕੈਨੇਡਾ, ਯੂਰਪ ਦੇ ਨਾਲ-ਨਾਲ ਹੋਰ ਕਈ ਦੇਸ਼ਾਂ ’ਚ ਅਨੇਕ ਪੰਜਾਬੀ ਸਾਹਿਤ ਸਭਾਵਾਂ ਹਨ ਜੋ ਕਿ ਆਪਣੀ-ਆਪਣੀ ਸਮਰੱਥਾ ਦੇ ਹਿਸਾਬ ਨਾਲ ਪੰਜਾਬੀ ਮਾਂ-ਬੋਲੀ ਲਈ ਆਪਣਾ-ਆਪਣਾ ਯੋਗਦਾਨ ਪਾ ਰਹੀਆਂ ਹਨ।

ਅੱਜ ਕਲ੍ਹ ਸਮੇਂ ਦੀ ਤੇਜੀ ਕਾਰਨ ਹਰ ਇੱਕ ਮਨੁੱਖ ਕੋਲ ਸਮੇਂ ਦੀ ਘਾਟ ਹੈ ਜਾਂ ਇੰਝ ਕਹਿ ਲਵੋ ਕਿ ਇਨਸਾਨ ਨੇ ਆਪਣੇ ਆਪ ਨੂੰ ਜ਼ਰੂਰਤ ਤੋਂ ਜ਼ਿਆਦਾ ਉਲਝਾ ਲਿਆ ਹੈ। ਇਸੇ ਕਰਕੇ ਸੋਸ਼ਲ ਮੀਡੀਆ ’ਤੇ ਕਵੀ ਸੰਮੇਲਨਾ ਦੀ ਭਰਮਾਰ ਹੈ। ਸਨਮਾਨ ਪੱਤਰਾਂ ਦੀ ਵੀ ਫੇਸਬੁੱਕ ’ਤੇ ਭਰਮਾਰ ਹੈ। ਇਸ ਨੂੰ ਰੋਕਿਆ ਤਾਂ ਨਹੀਂ ਜਾ ਸਕਦਾ ਪਰ ਇਸ ਤੋਂ ਬਚਿਆ ਜਾ ਸਕਦਾ ਹੈ। ਲੋੜ ਹੈ ਕਿ ਪੰਜਾਬੀ ਸਾਹਿਤ ਦੇ ਉੱਘੇ ਸ਼ਾਇਰ ਇਕੱਠੇ ਹੋ ਕੇ ਨਵੇਂ ਉੱਭਰ ਰਹੇ ਕਵੀਆਂ ਲਈ ਮੰਚ ਪ੍ਰਦਾਨ ਕਰਨ ਜਿਹਨਾਂ ਵਿਚ ਉਨ੍ਹਾਂ ਦੀ ਪਰਖ ਹੋ ਸਕੇ।

*ਅੱਜਕਲ੍ਹ ਕਿਤਾਬਾਂ ਜ਼ਿਆਦਾ ਛਪ ਰਹੀਆਂ ਹਨ ਪਰ ਪੰਜਾਬੀ ਸਾਹਿਤ ਦੇ ਪਾਠਕ ਘੱਟ ਹਨ। ਸਾਹਿਤ ਸਭਾਵਾਂ ਵਿਚ ਆਪਸੀ ਖਿੱਚੋਤਾਣ ਵੀ ਚਿੰਤਾ ਦਾ ਵਿਸ਼ਾ ਹੈ। ਪ੍ਰਧਾਨਗੀਆਂ ਦੀਆਂ ਦੌੜਾਂ ਵੀ ਪੰਜਾਬੀ ਸਾਹਿਤ ਦਾ ਨੁਕਸਾਨ ਕਰ ਰਹੀਆਂ ਹਨ। ਕਿਤਾਬਾਂ ਪੜ੍ਹਨ ਦਾ ਸ਼ੌਕ ਤਾਂ ਹੁਣ ਪੁਰਾਣੀ ਪੀੜ੍ਹੀ ’ਚ ਹੀ ਰਹਿ ਗਿਆ ਲਗਦਾ ਹੈ।

*ਸਾਨੂੰ ਸੋਸ਼ਲ ਮੀਡੀਆ ’ਤੇ ਪੰਜਾਬੀ ਦਾ ਵੱਧ ਪਰਚਾਰ ਕਰਨਾ ਪਵੇਗਾ ਤਾਂ ਹੀ ਗੱਲ ਬਣੇਗੀ।

ਨਿਸੰਦੇਹ ਸੁੱਖਵਿੰਦਰ ਸਿੰਘ ਬੋਦਲਾਂਵਾਲਾ ਦੀਆਂ ਗੱਲਾਂ ਤੇ ਸਾਹਿਤਕ ਕਿਰਤਾਂ ਡੂੰਘੇ ਚਿੰਤਨ-ਮੰਥਨ ਦੀ ਮੰਗ ਕਰਦੀਆਂ ਹਨ। ਉਸ ਦੀ ਸਰਬਪੱਖੀ ਖ਼ੂਬਸੂਰਤੀ ਦੀ ਸਿਫ਼ਤ ਕਰਨੀ ਬਣਦੀ ਹੈ।

7 ਨਵੰਬਰ 2021
***
486
***
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ