ਕਾਂਗਰਸ ਪਾਰਟੀ ਦੀ ਲੀਡਰਸ਼ਿਪ ਆਪੋ ਆਪਣੀ ਚੌਧਰ ਬਣਾਈ ਰੱਖਣ ਲਈ ਰਾਜਾਂ ਵਿੱਚ ਧੜੇਬੰਦੀ ਨੂੰ ਉਤਸ਼ਾਹ ਦਿੰਦੀ ਰਹਿੰਦੀ ਹੈ। ਜਿਸਦਾ ਨੁਕਸਾਨ ਕਾਂਗਰਸ ਪਾਰਟੀ ਪਿਛਲੇ 10 ਸਾਲਾਂ ਤੋਂ ਭੁਗਤ ਰਹੀ ਹੈ। ਇਸ ਸਮੇਂ ਦੇਸ਼ ਦੇ 28 ਰਾਜਾਂ ਵਿੱਚੋਂ ਸਿਰਫ 3 ਰਾਜਾਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ। 3 ਰਾਜਾਂ ਵਿੱਚ ਵੀ ਸਥਾਨਕ ਨੇਤਾਵਾਂ ਵਿੱਚ ਖਿਚੋਤਾਣ ਲਗਾਤਾਰ ਜ਼ਾਰੀ ਹੈ। ਕਾਂਗਰਸ ਮਈ 2019 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਾਉਣ ਦੇ ਵੀ ਸਮਰੱਥ ਨਹੀਂ ਹੋ ਸਕੀ। ਪਾਰਟੀ ਅਜੇ ਵੀ ਸੰਜੀਦਗੀ ਤੋਂ ਕੰਮ ਨਹੀਂ ਲੈ ਰਹੀ, ਨਵੇਂ ਨਵੇਂ ਤਜ਼ਰਬੇ ਕਰੀ ਜਾ ਰਹੀ ਹੈ। ਪੰਜਾਬ ਕਾਂਗਰਸ ਵਿੱਚ ਸਿਆਸੀ ਤਾਕਤ ਦੀ ਜਿਹੜੀ ਲੜਾਈ ਕੇਂਦਰੀ ਲੀਡਰਸ਼ਿਪ ਦੀ ਸ਼ਹਿ ‘ਤੇ ਸ਼ੁਰੂ ਹੋਈ ਸੀ, ਉਹ ਲੜਾਈ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ, ਜਦੋਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮਹਿਜ 3 ਮਹੀਨੇ ਰਹਿ ਗਏ ਹਨ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ। ਜੇਕਰ ਕਾਂਗਰਸ ਉਨ੍ਹਾਂ ਨੂੰ ਬਦਲਕੇ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਸੀ ਤਾਂ ਇਕ ਸਾਲ ਪਹਿਲਾਂ ਸਲੀਕੇ ਨਾਲ ਅੰਜ਼ਾਮ ਦਿੰਦੀ ਤਾਂ ਜੋ ਨਵੇਂ ਮੁੱਖ ਮੰਤਰੀ ਨੂੰ ਆਪਣੀ ਕਾਰਗੁਜ਼ਾਰੀ ਵਿਖਾਉਣ ਦਾ ਮੌਕਾ ਮਿਲ ਸਕਦਾ। ਚੋਣਾਂ ਤੋਂ ਐਨ 3 ਮਹੀਨੇ ਪਹਿਲਾਂ ਮੁੱਖ ਮੰਤਰੀ ਨੂੰ ਗ਼ੈਰ ਲੋਕਤੰਤਰੀ ਢੰਗ ਨਾਲ ਕੱਢਣਾ ਵਾਜਬ ਨਹੀਂ ਸੀ। ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਤੇ ਕਾਂਗਰਸ ਨੇ ਮੁੱਖ ਮੰਤਰੀ ਬਦਲ ਦਿੱਤਾ। ਇੰਜ ਤਾਂ ਕੋਈ ਕਿਸਾਨ ਦਿਹਾੜੀਦਾਰ ਨੂੰ ਵੀ ਨਹੀਂ ਕੱਢਦਾ। ਇਹ ਤਾਂ ਉਹ ਗੱਲ ਹੋਈ ਕਿ ‘‘ਦਰਵਾਜ਼ੇ ਆਈ ਜੰਝ ਵਿੰਨ੍ਹੋ ਕੁੜੀ ਦੇ ਕੰਨ।’’ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਲਝੇ ਹੋਏ ਟਕਸਾਲੀ ਕਾਂਗਰਸੀ ਪਰਿਵਾਰ ਵਿੱਚੋਂ ਸਿਆਸਤਦਾਨ ਸੁਨੀਲ ਕੁਮਾਰ ਜਾਖੜ ਨੂੰ ਹਟਾਕੇ ਨਵਜੋਤ ਸਿੰਘ ਸਿੱਧੂ ਨੂੰ ਜੁਲਾਈ ਵਿੱਚ ਪ੍ਰਧਾਨ ਬਣਾ ਦਿੱਤਾ। ਉਨ੍ਹਾਂ ਨੂੰ ਪ੍ਰਧਾਨ ਬਣਾਇਆ ਹੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗਾਵਤ ਕਰਵਾਉਣਾ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਤਾਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨਾਲ ਸਥਾਨਕ ਸਰਕਾਰ ਵਿਭਾਗ ਤੋਂ ਬਦਲਣ ਕਰਕੇ ਨਰਾਜ਼ ਹੋ ਕੇ ਮੰਤਰੀ ਮੰਡਲ ਵਿੱਚੋਂ ਅਸਤੀਫਾ ਦੇ ਗਏ ਸਨ। ਜਦੋਂ ਤੋਂ ਉਹ ਮੰਤਰੀ ਦਾ ਅਹੁਦਾ ਛੱਡ ਕੇ ਗਏ ਸਨ, ਉਦੋਂ ਤੋਂ ਹੀ ਲਗਪਗ ਪਿਛਲੇ 2 ਸਾਲ ਆਪਣੀ ਹੀ ਸਰਕਾਰ ਵਿੱਰੁਧ ਬਗ਼ਾਵਤ ‘ਤੇ ਉਤਰੇ ਹੋਏ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਕੇਂਦਰੀ ਪਾਰਟੀ ਲੀਡਰ ਨੇ ਅਨੁਸ਼ਾਸ਼ਨ ਬਣਾਈ ਰੱਖਣਾ ਹੁੰਦਾ ਹੈ ਪ੍ਰੰਤੂ ਇਥੇ ਲੀਡਰ ਹੀ ਅਨੁਸ਼ਾਸ਼ਨ ਭੰਗ ਕਰਨ ਨੂੰ ਉਤਸ਼ਾਹ ਦਿੰਦੇ ਰਹੇ ਹਨ, ਹੁਣ ਭੁਗਤ ਰਹੇ ਹਨ। ਇਸ ਬਗ਼ਾਵਤ ਨੇ ਪਾਰਟੀ ਵਿੱਚ ਅਨੁਸ਼ਾਸ਼ਨ ਭੰਗ ਕੀਤਾ ਅਤੇ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਵਿੱਚ ਤੇਲ ਦੇ ਗਈ। ਫਿਰ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦਾ ਝੰਡਾ ਕੇਂਦਰੀ ਕਾਂਗਰਸ ਦੀ ਥਾਪੜੀ ਨਾਲ ਚੁੱਕ ਲਿਆ। ਜਦੋਂ ਨਵਾਂ ਮੁੱਖ ਮੰਤਰੀ ਬਣਾਉਣ ਦੀ ਗੱਲ ਆਈ ਤਾਂ ਫਿਰ ਨਵਜੋਤ ਸਿੰਘ ਨੇ ਭਸੂੜੀ ਪਾ ਲਈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਜਾਵੇ। ਜੇਕਰ ਕਾਂਗਰਸ ਹਾਈ ਕਮਾਂਡ ਚਾਹੁੰਦੀ ਤਾਂ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾ ਸਕਦੀ ਸੀ ਪ੍ਰੰਤੂ ਉਨ੍ਹਾਂ ਬਣਾਇਆ ਨਹੀਂ। ਇਥੋਂ ਹੀ ਨਵਜੋਤ ਸਿੰਘ ਸਿੱਧੂ ਨੂੰ ਸਬਕ ਸਿਖਣਾ ਚਾਹੀਦਾ ਸੀ। ਸੁਖਜਿੰਦਰ ਸਿੰਘ ਰੰਧਾਵਾ ਜੋ ਟਕਸਾਲੀ ਕਾਂਗਰਸ ਪਰਿਵਾਰ ਵਿੱਚੋਂ ਹਨ, ਉਨ੍ਹਾਂ ਦਾ ਵਿਰੋਧ ਵੀ ਨਵਜੋਤ ਸਿੰਘ ਸਿੱਧੂ ਨੇ ਕਰ ਦਿੱਤਾ। ਹਾਲਾਂ ਕਿ ਨਵਜੋਤ ਸਿੰਘ ਸਿੱਧੂ ਨਾਲ ਮੰਤਰੀਆਂ ਅਤੇ ਵਿਧਾਨਕਾਰਾਂ ਨੂੰ ਜੋੜਨ ਦਾ ਸਾਰਾ ਜੋੜ ਤੋੜ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ ਸੀ। ਸੁਖਜਿੰਦਰ ਸਿੰਘ ਰੰਧਾਵਾ ਦੀ ਸਿਆਣਪ ਵੇਖੀ ਕਿ ਕਾਂਗਰਸ ਪਾਰਟੀ ਦੇ ਹਿਤ ਲਈ ਉਹ ਚੁੱਪ ਕਰਕੇ ਉਪ ਮੁੱਖ ਮੰਤਰੀ ਬਣ ਗਏ। ਅਖ਼ੀਰ ਚਰਨਜੀਤ ਸਿੰਘ ਚੰਨੀ ਦੀ ਉਮੀਦਵਾਰੀ ‘ਤੇ ਨਵਜੋਤ ਸਿੰਘ ਸਿੱਧੂ ਨੇ ਸਹਿਮਤੀ ਦੇ ਦਿੱਤੀ। ਚੰਨੀ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਇਕ ਹਫਤਾ ਤੱਕ ਨਵਜੋਤ ਸਿੰਘ ਸਿੱਧੂ ਚੰਨੀ ਦੀ ਪਿੱਠ ਥਪਥਪਾਉਂਦੇ ਰਹੇ। ਚਰਨਜੀਤ ਸਿੰਘ ਚੰਨੀ ਦੀ ਅੰਮ੍ਰਿਤਸਰ ਦੀ ਪਲੇਠੀ ਫੇਰੀ ਸਮੇਂ ਉਸਦ ਤਾਰੀਫ ਦੇ ਪੁਲ ਬੰਨ੍ਹ ਦਿੱਤੇ। ਮੰਤਰੀ ਮੰਡਲ ਦੇ ਗਠਨ ‘ਤੇ ਚਰਨਜੀਤ ਸਿੰਘ ਚੰਨੀ ਨਾਲ ਮਤਭੇਦ ਪੈਦਾ ਹੋ ਗਏ। ਆਪ ਬਣਾਏ ਮੁੱਖ ਮੰਤਰੀ ਦਾ ਵਿਰੋਧ ਸ਼ੁਰੂ ਕਰ ਦਿੱਤਾ। ਅਖ਼ੀਰ 28 ਸਤੰਬਰ ਨੂੰ ਦੋ ਮਹੀਨੇ ਬਾਅਦ ਹੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ। ਟਵੀਟਾਂ ਵਿੱਚ ਕਹਿੰਦੇ ਰਹਿੰਦੇ ਹਨ ਕਿ ਉਹ ਸੋਨੀਆਂ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਹਰ ਹੁਕਮ ਨੂੰ ਮੰਨਣਗੇ ਪ੍ਰੰਤੂ ਅਮਲੀ ਤੌਰ ਤੇ ਉਨ੍ਹਾਂ ਦੇ ਉਲਟ ਚਲ ਰਹੇ ਹਨ। ਜਦੋਂ ਦਿੱਲੀ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਨੂਗੋਪਾਲ ਅਤੇ ਪੰਜਾਬ ਮਾਮਲਿਆਂ ਦੇ ਇਨਚਾਰਜ ਹਰੀਸ਼ ਰਾਵਤ ਨੂੰ ਮਿਲਣ ਤੋਂ ਬਾਅਦ ਰਾਹੁਲ ਗਾਂਧੀ ਨਾਲ ਮੀਟਿੰਗ ਹੋ ਗਈ ਤਾਂ ਕਹਿਣ ਲੱਗੇ ਕਿ ਮੈਂ ਹਾਈ ਕਮਾਂਡ ਦਾ ਹਰ ਫੈਸਲਾ ਮੰਨਾਗਾ ਪ੍ਰੰਤੂ ਵਾਪਸ ਪੰਜਾਬ ਆ ਕੇ ਅਗਲੇ ਦਿਨ ਫਿਰ ਸੋਨੀਆਂ ਗਾਂਧੀ ਨੂੰ 4 ਪੰਨਿਆਂ ਦੀ ਚਿੱਠੀ ਲਿਖਕੇ ਆਪਣਾ ਰੋਸ ਪ੍ਰਗਟਾ ਦਿੱਤਾ, ਜਿਸ ਵਿੱਚ ਮੰਤਰੀ ਮੰਡਲ ਵਿੱਚ ਅਨੁਸੂਚਿਤ ਜਾਤੀਆਂ ਦੇ ਇਕ ਵਰਗ ਨੂੰ ਸ਼ਾਮਲ ਨਾ ਕਰਨ ਅਤੇ 13 ਨੁਕਤੇ ਲਾਗੂ ਨਾ ਹੋਣ ਦੀ ਸੂਰਤ ਵਿੱਚ ਕਾਂਗਰਸ 2022 ਦੀ ਚੋਣ ਨੂੰ ਤਾਂ ਛੱਡੋ ਕਾਂਗਰਸ ਹਮੇਸ਼ਾ ਲਈ ਵਿੱਚ ਸਤਾ ਵਿੱਚ ਆ ਨਹੀਂ ਸਕੇਗੀ। ਦਿੱਲੀ ਤੋਂ ਵਾਪਸ ਆ ਕੇ ਸੋਨੀਆਂ ਗਾਂਧੀ ਤੋਂ ਸਮਾਂ ਮੰਗ ਰਹੇ ਹਨ। ਨਵਜੋਤ ਸਿੰਘ ਸਿੱਧੂ ਦੇ ਮੁੱਦੇ ਗੰਭੀਰ ਅਤੇ ਜ਼ਾਇਜ਼ ਹਨ ਪ੍ਰੰਤੂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਕੇ ਨਵਾਂ ਮੁੱਖ ਮੰਤਰੀ ਬਣਾ ਰਹੇ ਸੀ, ਉਦੋਂ ਨਹੀਂ ਪਤਾ ਸੀ ਕਿ ਇਤਨੇ ਥੋੜ੍ਹੇ ਸਮੇਂ ਵਿੱਚ ਇਹ ਮੁੱਦੇ ਕਿਵੇਂ ਸਿਰੇ ਚੜ੍ਹ ਸਕਣਗੇ। ਨਵਜੋਤ ਸਿੰਘ ਸਿੱਧੂ ਨੇ 18 ਜੁਲਾਈ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਸੀ। ਉਸ ਤੋਂ ਬਾਅਦ ਇਕ ਪ੍ਰੈਸ ਕਾਨਫ਼ਰੰਸ ਵਿੱਚ ਕਿਹਾ ਸੀ ਕਿ ਉਹ ਕਾਂਗਰਸ ਭਵਨ ਵਿੱਚ ਬਿਸਤਰਾ ਵਿਛਾ ਲੈਣਗੇ। ਏਥੇ ਹੀ ਰਹਿਕੇ ਕਾਂਗਰਸ ਦੀ ਅਗਵਾਈ ਕਰਨਗੇ ਪ੍ਰੰਤੂ ਢਾਈ ਮਹੀਨੇ ਦਾ ਸਮਾਂ ਗੁਜਰ ਚੁੱਕਾ ਹੈ, ਇਸ ਦੌਰਾਨ ਉਨ੍ਹਾਂ ਕੋਈ ਪਬਲਿਕ ਜਲਸਾ ਨਹੀਂ ਕੀਤਾ। ਸਿਰਫ਼ ਵਿਧਾਨਕਾਰਾਂ ਦੇ ਘਰਾਂ ਵਿੱਚ ਜਾ ਕੇ ਵਰਕਰਾਂ ਨੂੰ ਮਿਲੇ ਹਨ। ਕਾਂਗਰਸ ਫਿਰ ਜਿੱਤ ਕਿਵੇਂ ਸਕੇਗੀ, ਜਦੋਂ ਲੋਕਾਂ ਨਾਲ ਕੋਈ ਤਾਲਮੇਲ ਹੀ ਨਹੀਂ। ਟਵੀਟਾਂ ਨਾਲ ਕਾਂਗਰਸ ਸਰਕਾਰ ਨਹੀਂ ਬਣਾ ਸਕਦੀ। ਹੁਣ ਉਨ੍ਹਾਂ ਨੂੰ ਕਾਂਗਰਸ ਦੀ ਹਾਰ ਕੰਧ ‘ਤੇ ਲਿਖੀ ਵਿਖਾਈ ਦੇ ਰਹੀ ਹੈ। ਹਾਲਾਂਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਕਾਂਗਰਸ ਦਾ ਅਕਸ ਵਧਿਆ ਹੈ ਕਿਉਂਕਿ ਉਨ੍ਹਾਂ ਇਕ ਆਮ ਸਾਧਾਰਨ ਸਿਆਸਤਦਾਨ ਦੀ ਤਰ੍ਹਾਂ ਲੋਕਾਂ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ। ਕਈ ਮਹੱਤਵਪੂਰਨ ਲੋਕ ਹਿਤ ਦੇ ਫ਼ੈਸਲੇ ਵੀ ਬਹੁਤ ਜਲਦੀ ਕੀਤੇ ਹਨ। ਉਹ 16 ਘੰਟੇ ਕੰਮ ਕਰ ਰਹੇ ਹਨ ਅਤੇ ਲੋਕਾਂ ਨੂੰ ਰਾਤ ਬਰਾਤੇ ਵੀ ਮਿਲ ਰਹੇ ਹਨ। ਪਾਰਟੀ ਵਰਕਰ ਸਰਗਰਮ ਹੋਏ ਪ੍ਰੰਤੂ ਉਨ੍ਹਾਂ ਨੂੰ ਲਾਮਬੰਦ ਕਰਨ ਦੀ ਲੋੜ ਹੈ। ਜੇਕਰ ਇਸੇ ਤਰ੍ਹਾਂ ਲੜਦੇ ਰਹੇ ਤਾਂ ਵਰਕਰਾਂ ਵਿੱਚ ਨਿਰਾਸ਼ਾ ਆਵੇਗੀ। ਹੁਣ ਨਵਜੋਤ ਸਿੰਘ ਸਿੱਧੂ ਹੀ ਕਾਂਗਰਸ ਹਾਈ ਕਮਾਂਡ ਨੂੰ ਟਿੱਚ ਜਾਣਦੇ ਹਨ। ਕਾਂਗਰਸ ਹਾਈ ਕਮਾਂਡ ਵੀ ਹੁਣ ਪਛਤਾ ਰਹੀ ਹੋਵਗੀ। ਉਨ੍ਹਾਂ ਦੇ ਮੂੰਹ ਵਿਚ ਵੀ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲਾ ਹਿਸਾਬ ਹੋਵੇਗਾ ਕਿਉਂਕਿ ਹਟਾਉਂਦੇ ਹਨ ਤਾਂ ਕੈਪਟਨ ਅਮਰਿੰਦਰ ਕਹਿਣਗੇ ਕਿ ਮੈਂ ਠੀਕ ਕਹਿੰਦਾ ਸੀ। ਜੇ ਨਹੀਂ ਹਟਾਉਂਦੇ ਤਾਂ ਹਰ ਰੋਜ਼ ਹੀ ਕੋਈ ਨਾ ਕੋਈ ਪੰਗਾ ਪਿਆ ਰਹਿਣਾ ਹੈ। ਸਿੱਧੂ ਨੂੰ ਵਹਿਮ ਹੋ ਗਿਆ ਹੈ ਕਿ ਉਨ੍ਹਾਂ ਤੋਂ ਬਿਨਾ ਕਾਂਗਰਸ ਪਾਰਟੀ ਸਫਲ ਨਹੀਂ ਹੋ ਸਕਦੀ। ਕੀ ਜਦੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਨਹੀਂ ਸਨ, ਉਦੋਂ ਕਾਂਗਰਸ ਪਾਰਟੀ ਸਫਲ ਨਹੀਂ ਸੀ? ਕੋਈ ਵੀ ਪਾਰਟੀ ਅਨੁਸ਼ਾਸ਼ਨ ਤੋਂ ਬਿਨਾ ਸਫਲ ਨਹੀਂ ਹੋ ਸਕਦੀ। ਪਾਰਟੀ ਅੰਦਰ ਪਰਜਾਤੰਤਰ ਬਹੁਤ ਜ਼ਰੂਰੀ ਹੈ ਪ੍ਰੰਤੂ ਬਾਹਰ ਨਹੀਂ। 2007 ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਟੋ ਕਲੇਸ਼ ਦਾ ਨਤੀਜਾ ਚੋਣ ਹਾਰਨਾ ਸੀ। ਕੀ ਹੁਣ ਦਾ ਕਾਟੋ ਕਲੇਸ਼ ਪਾਰਟੀ ਨੂੰ ਜਿਤਾਉਣ ਵਿੱਚ ਸਫਲ ਹੋ ਸਕਦਾ ਹੈ? ਕਾਂਗਰਸ ਪਾਰਟੀ ਕਿਹੜੀ ਗ਼ਲਤ ਫਹਿਮੀ ਦਾ ਸ਼ਿਕਾਰ ਹੋ ਗਈ, ਇਹ ਸਮਝ ਤੋਂ ਬਾਹਰ ਹੈ। ਇਸ ਬਾਰੇ ਕਾਂਗਰਸ ਪਾਰਟੀ ਨੂੰ ਸੰਜੀਦਗੀ ਨਾਲ ਸੋਚਣਾ ਚਾਹੀਦਾ ਸੀ। ਕਿਸੇ ਵੀ ਵਿਅਕਤੀ ਨੂੰ ਮੁੱਖ ਮੰਤਰੀ ਅਤੇ ਪ੍ਰਧਾਨ ਬਣਾਉਣਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਅਧਿਕਾਰ ਹੈ ਪ੍ਰੰਤੂ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਦਾ ਇਕਸੁਰ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਦੋਵੇਂ ਇਕ ਦੂਜੇ ਦੀਆਂ ਲੱਤਾਂ ਖਿਚੀ ਜਾਣਗੇ, ਫਿਰ ਵੀ ਜੇ ਸਰਕਾਰ ਬਣਾਉਣ ਦੇ ਸਪਨੇ ਕਾਂਗਰਸ ਹਾਈ ਕਮਾਂਡ ਸਿਰਜ ਰਹੀ ਹੈ, ਇਹ ਤਾਂ ਫਿਰ ਮੁੰਗੇਰੀ ਲਾਲ ਦੇ ਸਪਨੇ ਹੀ ਹਨ। ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਿਆ ਸੀ ਤਾਂ ਫਿਰ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਹੀ ਬਣਾ ਦਿੰਦੇ, ਇਹ ਕਲੇਸ਼ ਤਾਂ ਨਾ ਪੈਂਦਾ। ਜਿਹੜੀ ਪਾਰਟੀ ਦੇ ਨੇਤਾਵਾਂ ਨੇ ਆਪਣੀਆਂ ਤਲਵਾਰਾਂ ਵਿਰੋਧੀ ਪਾਰਟੀ ਦੇ ਨੇਤਾਵਾਂ ਵਿਰੁੱਧ ਚੁਕਣੀਆਂ ਸਨ। ਕਾਂਗਰਸੀ ਉਹੀ ਆਪਣੇ ਸਾਥੀਆਂ ਉਪਰ ਹੀ ਚੁੱਕੀ ਫਿਰਦੇ ਹਨ। ਕਾਂਗਰਸ ਹਾਈ ਕਮਾਂਡ ਨੇ ਜਿਹੜੀਆਂ ਗੰਢਾਂ ਹੱਥਾਂ ਨਾਲ ਦਿੱਤੀਆਂ ਸਨ, ਹੁਣ ਦੰਦਾਂ ਨਾਲ ਵੀ ਨਹੀਂ ਖੁਲ੍ਹਣੀਆਂ? ਐਨ ਆਰ ਆਈ ਸੈਲ ਦੇ ਉਪ ਪ੍ਰਧਾਨ ਵਿਜੈ ਕਾਲੀਆ ਜੋ ਅਮਰੀਕਾ ਰਹਿੰਦੇ ਹਨ ਨੇ ਫੋਨ ਤੇ ਗਲਬਾਤ ਕਰਦਿਆਂ ਕਿਹਾ ਹੈ ਕਿ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਕੇ ਟਕਸਾਲੀ ਕਾਂਗਰਸੀਆਂ ਨੂੰ ਤਾਂ ਨਰਾਜ਼ ਕੀਤਾ ਹੀ ਹੈ ਪ੍ਰੰਤੂ ਆਪਣੇ ਪੈਰੀਂ ਆਪ ਕੁਹਾੜਾ ਮਾਰਕੇ ਬਗ਼ਾਵਤ ਦੇ ਬੀਜ ਆਪ ਬੀਜੇ ਹਨ। |
*** ਪਹਿਲੀ ਵਾਰ 19 ਅਕਤੂਬਰ 2021) *** 451 *** |