18 September 2024

ਟਿਕਰੀ ਸਰਹੱਦ ‘ਤੇ ਅਮਰੀਕਾ ਤੋਂ ਆ ਕੇ ਡਾਕਟਰ ਨੇ ਵਸਾਇਆ ‘ਪਿੰਡ ਕੈਲੇਫੋਰਨੀਆਂ’ — ਉਜਾਗਰ ਸਿੰਘ

ਟਿਕਰੀ ਸਰਹੱਦ ‘ਤੇ ‘ਪਿੰਡ ਕੈਲੇਫੋਰਨੀਆਂ’

doctor Savraj Singh
ਡਾ. ਸਵੈਮਾਨ ਸਿੰਘ

ਕਿਸਾਨ ਅੰਦੋਲਨ ਨੇ ਕਈ ਨਵੇਂ ਕੀਰਤੀਮਾਨ ਸਿਰਜ ਦਿੱਤੇ ਹਨ। ਜਿਹੜੀਆਂ ਕਿਸਾਨਾ ਨੂੰ ਪਿੰਡਾਂ ਵਿਚ ਸਹੂਲਤਾਂ ਪੈਸੇ ਖਰਚਕੇ ਵੀ ਨਹੀਂ ਮਿਲਦੀਆਂ ਸਨ, ਉਹ ਅੰਦੋਲਨ ਵਿਚ ਮੁਫ਼ਤ ਮਿਲ ਰਹੀਆਂ ਹਨ। ਜਦੋਂ ਤੁਸੀਂ ਕਿਸਾਨ ਅੰਦੋਲਨ ਦੀ ਟਿਕਰੀ ਸਰਹੱਦ ਤੇ ਪਹੁੰਚਦੇ ਹੋ ਤਾਂ ਉਥੇ ਇਕ ਅਮਰੀਕਾ ਤੋਂ ਆਇਆ 35 ਸਾਲਾ ਨੌਜਵਾਨ ਦਿਲ ਦੀਆਂ ਬਿਮਾਰੀਆਂ ਦਾ ਡਾਕਟਰ ਸਵੈਮਾਨ ਸਿੰਘ ਪੱਖੋਕੇ ਮਿਲੇਗਾ, ਜਿਹੜਾ ਬਹੁਤ ਹੀ ਸਾਧਾਰਨ ਪਹਿਰਾਵੇ ਵਿਚ ਮਰੀਜ ਵੇਖਦਾ ਅਤੇ ਉਸ ਵਲੋਂ ਬਣਾਏ ਗਏ ਹਸਪਤਾਲ ਦੇ ਕੰਮ ਕਾਜ ਦੀ ਨਿਗਰਾਨੀ ਕਰਦਾ ਦਿਸੇਗਾ। ਕਈ ਵਾਰ ਉਹ ਖੁਦ ਹੀ ਸਫਾਈ ਕਰਦਾ ਹੈ। ਧਾਰਮਿਕ ਅਤੇ ਦੇਸ ਭਗਤੀ ਦੀਆਂ ਪੁਸਤਕਾਂ ਦਾ ਲੰਗਰ ਵੀ ਉਸਨੇ ਲਗਾਇਆ ਹੋਇਆ ਹੈ। ਨਿਮਰਤਾ ਦਾ ਮੁਜੱਸਮਾ ਹੈ। ਹਰ ਮਰੀਜ਼ ਤੇ ਮਿਲਣ ਵਾਲੇ ਨਾਲ ਅਪਣਤ ਇਤਨੀ ਕਰਦਾ ਹੈ ਕਿ ਲਗਦਾ ਹੀ ਨਹੀਂ ਕਿ ਕਿਸੇ ਅਣਜਾਣ ਨਾਲ ਗੱਲ ਕਰ ਰਹੇ ਹੋਵੋੋ। ਸੇਵਾ ਕਰਨ ਦਾ ਜ਼ਜ਼ਬਾ ਵੀ ਉਸਦਾ ਵੇਖਣ ਵਾਲਾ ਹੈ। ਲਗਦਾ ਹੀ ਨਹੀਂ ਕਿ ਉਹ ਅਮਰੀਕਾ ਵਰਗੇ ਦੇਸ ਤੋਂ ਆਇਆ ਹੋਵੇਗਾ। ਅਮਰੀਕਾ ਦੀ ਨਿਊਜਰਸੀ ਸਟੇਟ ਤੋਂ ਆਏ ਦਿਲ ਦੀਆਂ ਬਿਮਾਰੀਆਂ ਦੇ ਡਾਕਟਰ ਸਵੈਮਾਨ ਸਿੰਘ ਪੱਖੋਕੇ ਨੇ ਟਿਕਰੀ ਸਰਹੱਦ ‘ਤੇ ‘‘ਰਿਵਰਜ਼ ਹਰਟ ਐਸੋਸੀਏਸ਼ਨ ਜੈਕਸਨ ਨਿਊ ਜਰਸੀ’’ ਵੱਲੋਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਸੰਗਤ ਦੇ ਸਹਿਯੋਗ ਨਾਲ ਬਣਾਏ ਇਸ ਮੇਕ ਸ਼ਿਫਟ ਹਸਪਤਾਲ ਵਿਚ ਪੰਜਾਬ ਅਤੇ ਚੰਡੀਗੜ੍ਹ ਤੋਂ 10 ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਟੀਮ ਕਿਸਾਨਾਂ ਦੇ ਇਲਾਜ ਲਈ ਤਤਪਰ ਰਹਿੰਦੀ ਹੈ। ਉਹ ਕਹਿੰਦੇ ਹਨ ਕਿ ਗੰਭੀਰ ਬਿਮਾਰੀ ਦੀ ਸੂਰਤ ਵਿਚ ਸੰਸਾਰ ਪੱਧਰ ਦੇ ਮਾਹਿਰ ਡਾਕਟਰਾਂ ਦੀ ਰਾਏ ਲੈਣ ਲਈ ਟੈਲੀ ਮੈਡੀਸਨ ਦੀ ਪ੍ਰਣਾਲੀ ਵੀ ਅਪਣਾਵਾਂਗੇ। ਹਰ ਰੋਜ਼ ਲਗਪਗ 6,000 ਮਰੀਜ਼ ਆਉਂਦੇ ਹਨ। ਸਾਰਿਆਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਹਨ। ਡਾ. ਸਵੈਮਾਨ ਸਿੰਘ ਪੱਖੋਕੇ ਨੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਸਵੈ ਇੱਛਤ ਸੰਸਥਾਵਾਂ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ 100 ਲੜਕੇ ਅਤੇ ਲੜਕੀਆਂ ਵਾਲੰਟੀਅਰਜ਼ ਬਣਾਏ ਹਨ, ਜੋ ਲੋਕ ਸੇਵਾ ਵਿਚ ਜੁਟੇ ਰਹਿੰਦੇ ਹਨ। ਉਹ ਆਪਣੇ ਸਾਥੀਆਂ ਨੂੰ ਵਾਲੰਟੀਅਰ ਨਹੀਂ ਸਗੋਂ ਭੈਣ ਭਰਾ ਕਹਿੰਦੇ ਹਨ। ਜਦੋਂ ਉਹ ਆਪਣੀ ਨੌਕਰੀ ਛੱਡਕੇ ਟਿਕਰੀ ਸਰਹੱਦ ਉਪਰ ਪਹੁੰਚਿਆ ਸੀ ਤਾਂ ਉਹ ਇਕੱਲਾ ਸੀ ਪ੍ਰੰਤੂ ਉਸਨੂੰ ਕੁਝ ਸਾਥੀ ਰੁਪਿੰਦਰ ਸਿੰਘ ਹੋਰੀਂ ਮਿਲੇ ਫਿਰ ਤਾਂ ਕਾਫਲਾ ਵਧਦਾ ਗਿਆ। 100 ਤਾਂ ਪੱਕੇ ਉਸਦੇ ਨਾਲ ਸੇਵਾ ਵਿਚ ਜੁਟੇ ਰਹਿੰਦੇ ਹਨ ਪ੍ਰੰਤੂ ਕਈ ਪਿੰਡਾਂ ਤੋਂ ਵਾਰੀ ਬੰਨ੍ਹਕੇ ਆਉਂਦੇ ਹਨ। ਹਸਪਤਾਲ ਅਤੇ ਰੈਣ ਬਸੇਰੇ ਵਿਚ ਸਫਾਈ, ਪੀਣ ਵਾਲਾ ਸਾਫ ਸੁਥਰਾ ਪਾਣੀ ਅਤੇ ਹੋਰ ਰੋਜ਼-ਮਰ੍ਹਾ ਦੀ ਵਰਤੋਂ ਵਾਲੀਆਂ ਚੀਜ਼ਾਂ ਕਿਸਾਨਾ ਨੂੰ ਦਿੱਤੀਆਂ ਜਾ ਰਹੀਆਂ ਹਨ। ਇਥੇ ਹੀ ਬਸ ਨਹੀਂ ਉਸਨੇ 4000 ਇਸਤਰੀਆਂ ਦੇ ਠਹਿਰਨ ਲਈ ਇਕ ਰੈਣ ਬਸੇਰਾ ਬਣਾਇਆ ਹੋਇਆ ਹੈ। ਇਸਤਰੀਆਂ ਦੇ ਨਹਾਉਣ ਲਈ ਗਰਮ ਪਾਣੀ ਦੇਣ ਵਾਸਤੇ ਗੀਜ਼ਰ ਲਗਾਏ ਹੋਏ ਹਨ। ਪੀਣ ਲਈ ਸਾਫ ਸੁਥਰਾ ਪਾਣੀ ਦੇਣ ਲਈ ਆਰ ਓ ਲਗਾਏ ਹੋਏ ਹਨ। ਪਾਖਾਨੇ ਬਣਾਏ ਗਏ ਹਨ। ਕਪੜੇ ਧੋਣ ਲਈ ਵਾਸ਼ਿੰਗ ਮਸ਼ੀਨਾਂ ਲਗਾਈਆਂ ਗਈਆਂ ਹਨ। ਪਾਖਾਨਿਆਂ ਅਤੇ ਹੋਰ ਸਫਾਈ ਲਈ 30 ਕਰਮਚਾਰੀ ਪੱਕੇ ਤੌਰ ਤੇ ਰੱਖੇ ਹੋਏ ਹਨ। ਇਸ ਕੰਪਲੈਕਸ ਦਾ ਨਾਮ ਉਨ੍ਹਾਂ ‘‘ਪਿੰਡ ਕੈਲੇਫੋਰਨੀਆਂ’’ ਰੱਖਿਆ। ਡਾ. ਸਵੈਮਾਨ ਸਿੰਘ ਪੱਖੋਕੇ ਦਸਦੇ ਹਨ ਕਿ ਪੰਜਾਬ ਦੇ ਇਕ ਰਾਜਨੇਤਾ ਨੇ ਪੰਜਾਬ ਨੂੰ ਕੈਲੇਫੋਰਨੀਆਂ ਬਣਾਉਣ ਦਾ ਐਲਾਨ ਕੀਤਾ ਸੀ ਪ੍ਰੰਤੂ ਉਹ ਉਨ੍ਹਾਂ ਦਾ ਸੁਪਨਾ ਪੂਰਾ ਨਹੀਂ ਹੋਇਆ। ਇਸ ਲਈ ਮੈਂ ਇਸ ਦਾ ਨਾਮ ‘ਪਿੰਡ ਕੈਲੇਫੋਰਨੀਆਂ’ ਰੱਖਿਆ ਹੈ। ਕੈਲੇਫੋਰਨੀਆਂ ਵਿਚ ਤਿੰਨ ਸਹੂਲਤਾਂ ਹਰ ਨਾਗਰਿਕ ਨੂੰ ਮਿਲਦੀਆਂ ਹਨ। ਇਸ ਪਿੰਡ ਵਿਚ ਵੀ ਉਹੀ ਤਿੰਨ ਸਹੂਲਤਾਂ ਸਿਖਿਆ, ਸਿਹਤ ਅਤੇ ਸਵੱਛ ਵਾਤਵਰਨ ਇਥੇ ਦਿੱਤਾ ਜਾਵੇਗਾ। ਜਲਦੀ ਹੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵੱਲੋਂ ਧਾਰਮਿਕ ਅਤੇ ਨੈਤਿਕ ਵਿਦਿਆ ਦੇਣ ਲਈ ਇਕ ਸਕੂਲ ਖੋਲਿ੍ਹਆ ਜਾ ਰਿਹਾ ਹੈ। ਸਿਹਤ ਸਹੂਲਤਾਂ ਪਹਿਲਾਂ ਹੀ ਦਿੱਤੀਆਂ ਜਾ ਰਹੀਆਂ ਹਨ। ਖੇਡਾਂ ਵੀ ਕਰਵਾਈਆਂ ਜਾ ਰਹੀਆਂ ਹਨ, ਹਰ ਰੋਜ਼ ਕਿਸੇ ਖੇਡ ਦਾ ਪ੍ਰੋਗਰਾਮ ਹੁੰਦਾ ਹੈ। ਉਨ੍ਹਾਂ ਕਿਹਾ ਜਿਹੜਾ ਵਿਅਕਤੀ ਇਸ ਅੰਦੋਲਨ ਵਿਚ ਆਵੇ, ਉਹ ਵਧੀਆ ਇਨਸਾਨ ਬਣਕੇ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਅਸੀਂ ਤਿੰਨ ਸਾਲ ਦਾ ਪ੍ਰਬੰਧ ਕਰ ਰਹੇ ਹਾਂ। ਜੇਕਰ ਲੋੜ ਪਈ ਤਾਂ ਹੋਰ ਵੀ ਵਧਾ ਲਵਾਂਗੇ। ਇਕ ਮੀਡੀਆ ਰੂਮ ਬਣਾਇਆ ਜਾ ਰਿਹਾ ਹੈ, ਜਿਥੇ ਮੁਫਤ ਵਾਈ-ਫਾਈ ਦੀ ਸਹੂਲਤ ਹੋਵੇਗੀ। ਇਸ ਸਾਰੇ ਕੁਝ ਲਈ ਅਸੀਂ ਕਿਸੇ ਤੋਂ ਚੰਦਾ ਨਹੀਂ ਲੈਂਦੇ ਪ੍ਰੰਤੂ ਸਾਡੇ ਦੋਸਤ, ਮਿਤਰ, ਸਹਿਯੋਗੀ ਅਤੇ ਗਰੂ ਘਰਾਂ ਦੇ ਪ੍ਰਬੰਧਕਾਂ ਤੋਂ, ਜਦੋਂ ਅਸੀਂ ਕਿਸੇ ਚੀਜ ਲਈ ਕਹਿੰਦੇ ਹਾਂ ਉਹ ਤੁਰੰਤ ਪਹੁੰਚਾ ਦਿੰਦੇ ਹਨ। 

ਡਾ. ਸਵੈਮਾਨ ਸਿੰਘ ਸਾਈਕਲ ‘ਤੇ

ਡਾ. ਸਵੈਮਾਨ ਸਿੰਘ ਪੱਖੋਕੇ ਨੇ ਜਦੋਂ ਅਮਰੀਕਾ ਵਿਚ ਕਿਸਾਨ ਅੰਦੋਲਨ ਦੀ ਇਕ ਵੀਡੀਓ ਵੇਖੀ, ਜਿਸ ਵਿਚ ਬਜ਼ੁਰਗ, ਬੱਚੇ ਅਤੇ ਬੀਬੀਆਂ ਕੜਾਕੇ ਦੀ ਠੰਡ ਵਿਚ ਡਟੇ ਹੋਏ ਹਨ ਤਾਂ ਉਸੇ ਵਕਤ ਉਨ੍ਹਾਂ ਨੇ ਅੰਦੋਲਨ ਵਿਚ ਆ ਕੇ ਸਿਹਤ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਅਤੇ ਮਨ ਵਿਚ ਸੋਚਿਆ ਕਿ ਮੇਰੇ ਡਾਕਟਰ ਹੋਣ ਦਾ ਕੀ ਲਾਭ, ਜੇਕਰ ਮੈਂ ਆਪਣਿਆਂ ਦੇ ਕੰਮ ਨਾ ਆ ਸਕਾਂ, ਜਿਹੜੇ ਮੇਰੇ ਕਿਸਾਨ ਬਜ਼ੁਰਗ, ਭੈਣਾਂ ਅਤੇ ਭਰਾ ਉਥੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹੋਣ ਤੇ ਮੈਂ ਅਮਰੀਕਾ ਵਿਚ ਆਨੰਦਮਈ ਜੀਵਨ ਬਤੀਤ ਕਰਦਾ ਹੋਵਾਂ। ਜਦੋਂ ਉਹ ਅਮਰੀਕਾ ਤੋਂ ਆਏ ਸਨ ਤਾਂ ਉਹ ਆਪਣੀ ਸੰਸਥਾ ਵੱਲੋਂ ਅੰਦੋਲਨ ਵਿਚ ਹਿੱਸਾ ਲੈ ਰਹੇ ਲੋਕਾਂ ਦੀ ਸਿਰਫ ਸਿਹਤ ਲਈ ਮੈਡੀਕਲ ਸਹੂਲਤ ਦੇਣ ਦੇ ਮੰਤਵ ਨਾਲ ਪਹੁੰਚੇ ਸਨ। ਪ੍ਰੰਤੂ ਜਦੋਂ ਉਨ੍ਹਾਂ ਨੇ ਟਿਕਰੀ ਸਰਹੱਦ ਤੇ ਵੇਖਿਆ ਕਿ ਬਿਮਾਰੀਆਂ ਫੈਲਾਉਣ ਵਿਚ ਏਥੇ ਸਫਾਈ ਦੀ ਅਣਹੋਂਦ ਮੁੱਖ ਕਾਰਨ ਹੈ। ਫਿਰ ਉਨ੍ਹਾਂ ਨੇ ਸਿਹਤ ਸਹੂਲਤਾਂ ਦੇ ਨਾਲ ਹੀ ਆਪ ਮੂਹਰੇ ਲੱਗਕੇ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਮਨ ਵਿਚ ਆਇਆ ਕਿ ਲੋਕਾਂ ਨੂੰ ਵੀ ਸਫਾਈ ਬਾਰੇ ਜਾਗਰੂਕ ਕੀਤਾ ਜਾਵੇ। ਉਨ੍ਹਾਂ ਦੀ ਇਹ ਮੁਹਿੰਮ ਵੀ ਰੰਗ ਲਿਆਈ। ਲੋਕਾਂ ਨੂੰ ਪਲਾਸਟਿਕ ਦੀਆਂ ਵਸਤਾਂ ਵਰਤਣ ਤੋਂ ਗੁਰੇਜ ਕਰਨ ਲਈ ਬੇਨਤੀ ਕਰਦੇ ਰਹੇ ਤਾਂ ਜੋ ਵਾਤਵਰਨ ਵੀ ਸਾਫ ਸੁਥਰਾ ਰਹੇ। ਇਕ ਦਿਨ ਉਨ੍ਹਾਂ ਇਕ ਬਜ਼ੁਰਗ ਨੂੰ ਸਰਦੀ ਕਰਕੇ ਠੰਡ ਲੱਗਣ ਨਾਲ ਤੜਪਦੇ ਸਵਰਗਵਾਸ ਹੁੰਦੇ ਵੇਖਿਆ ਤਾਂ ਉਨ੍ਹਾਂ ਦੇ ਮਨ ਤੇ ਇਸ ਘਟਨਾ ਦਾ ਗਹਿਰਾ ਪ੍ਰਭਾਵ ਪਿਆ। ਉਸੇ ਵਕਤ ਉਨ੍ਹਾਂ ਨੇ ਇਕ ਰੈਣ ਬਸੇਰਾ ਬਣਾਉਣ ਦਾ ਫੈਸਲਾ ਕਰ ਲਿਆ। ਬੜੀ ਜਦੋਜਹਿਦ ਤੋਂ ਬਾਅਦ ਇਕ ਸਰਕਾਰੀ ਬਸ ਸਟੈਂਡ ਦੀ ਅਧੂਰੀ ਇਮਾਰਤ ਪਤਾ ਲੱਗੀ ਤਾਂ ਸਰਕਾਰ ਨਾਲ ਤਾਲਮੇਲ ਕਰਕੇ ਉਸਨੂੰ ਆਪਣੇ ਖਰਚੇ ਤੇ ਸਰਕਾਰੀ ਸਪੈਸੀਫੀਕੇਸ਼ਨ ਮੁਤਾਬਕ ਮੁਕੰਮਲ ਕਰਵਾਇਆ। ਦਰਵਾਜੇ ਅਤੇ ਟਾਇਲਾਂ ਲਗਵਾਈਆਂ। ਬਾਥ ਰੂਮ ਮੁਕੰਮਲ ਕਰਵਾਏ। ਇਮਾਰਤ ਨੂੰ ਰੰਗ ਰੋਗਨ ਕਰਵਾਇਆ। ਫਿਰ ਇਸਤਰੀਆਂ ਦੇ ਰਹਿਣ ਲਈ ਰੈਣ ਬਸੇਰਾ ਬਣਾ ਦਿੱਤਾ।

ਡਾ.ਸਵੈਮਾਨ ਸਿੰਘ ਆਪਣੀ ਪਤਨੀ ਨਾਲ

ਡਾ. ਸਵੈਮਾਨ ਸਿੰਘ ਪੱਖੋਕੇ ਦਾ ਜਨਮ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਪੱਖੋਕੇ ਵਿਚ 9 ਮਈ 1986 ਵਿਚ ਮਾਤਾ ਸੁਰਿੰਦਰ ਕੌਰ ਪੱਖੋਕੇ ਅਤੇ ਪਿਤਾ ਜਸਵਿੰਦਰ ਪਾਲ ਸਿੰਘ ਪੱਖੋਕੇ ਦੇ ਘਰ ਹੋਇਆ। ਅੱਜ ਕਲ੍ਹ ਇਹ ਪਿੰਡ ਤਰਨਤਾਰਨ ਜਿਲ੍ਹੇ ਵਿਚ ਹੈ। ਚੌਥੀ ਤੱਕ ਦੀ ਪੜ੍ਹਾਈ ਉਨ੍ਹਾਂ ਅੰਮ੍ਰਿਤਸਰ ਪ੍ਰਾਪਤ ਕੀਤੀ। ਉਨ੍ਹਾਂ ਐਮ ਬੀ ਬੀ ਐਸ ਅਮੈਰਿਕਨ ਯੂਨੀਵਰਸਿਟੀ ਆਫ ਐਨਟੀਗੂਆ ਤੋਂ ਇਨਟਰਨਲ ਮੈਡੀਸਨ ਰੈਜੀਡੈਂਸੀ ਹਨੇਮਨ ਡਰੈਕਸਲ ਯੂਨੀਵਰਸਿਟੀ ਫਿਲਡੈਲਫੀਆ ਅਤੇ ਕਾਰਡੀਆਲੋਜੀ ਫੈਲੋਸ਼ਿਪ ਤੀਜਾ ਸਾਲ ਬੈਥ ਇਸਰਾਈਲ ਹਾਸਪੀਟਲ ਨਿਊਯਾਰਕ ਨਿਊਜਰਸੀ ਵਿਖੇ ਕੀਤੀ। ਹੁਣ ਉਨ੍ਹਾਂ ਨੂੰ 5 ਲੱਖ ਡਾਲਰ ਸਾਲਾਨਾ ਦੀ ਨੌਕਰੀ ਦੀ ਆਫਰ ਸੀ ਪ੍ਰੰਤੂ ਉਨ੍ਹਾਂ ਕਿਸਾਨ ਅੰਦੋਲਨ ਵਿਚ ਸੇਵਾ ਕਰਨ ਨੂੰ ਪਹਿਲ ਦਿੱਤੀ ਹੈ। ਪੜ੍ਹਾਈ ਦੌਰਾਨ ਉਨ੍ਹਾਂ ਦਾ ਕੈਰੀਅਰ ਸ਼ਾਨਦਾਰ ਰਿਹਾ ਹੈ। ਡਾ. ਸਵੈਮਾਨ ਸਿੰਘ ਪੱਖੋਕੇ ਦਾ ਵਿਆਹ 2014 ਵਿਚ ਕੁਲਕਿਰਨ ਪ੍ਰੀਤ ਕੌਰ ਨਾਲ ਹੋਇਆ, ਜੋ ਐਮ ਬੀ ਹੈ। ਉਨ੍ਹਾਂ ਦੀ ਇਕ ਦੋ ਸਾਲ ਦੀ ਬੇਟੀ ਸਮਈਆ ਹੈ, ਜੋ ਆਪਣੇ ਪਿਤਾ ਨੂੰ ਮਿਸ ਕਰ ਰਹੀ ਹੈ। ਉਨ੍ਹਾਂ ਦੇ ਮਾਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਨੌਕਰੀ ਕਰਦੇ ਸਨ। ਮਾਤਾ ਪਿਤਾ ਦੋਵੇਂ ਹੀ ਵਿਦਿਆਰਥੀ ਜੀਵਨ ਵਿਚ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਵਿਚ ਸਰਗਰਮੀ ਨਾਲ ਕੰਮ ਕਰਦੇ ਰਹੇ ਹਨ। ਜਸਵਿੰਦਰ ਪਾਲ ਸਿੰਘ ਪੱਖੋਕੇ ਤਾਂ ਇਸਦੀ ਪੰਜਾਬ ਇਕਾਈ ਦੇ ਪ੍ਰਧਾਨ ਸਨ ਅਤੇ ਸੁਰਿੰਦਰ ਕੌਰ ਕਾਰਜਕਾਰੀ ਮੈਂਬਰ ਰਹੇ ਹਨ। ਸੁਰਿੰਦਰ ਕੌਰ ਯੂਨੀਵਰਸਿਟੀ ਦੀ ਕਰਮਚਾਰੀ ਐਸੋਸੀਏਸ਼ਨ ਵਿਚ ਵੀ ਸਰਗਰਮ ਰਹੇ ਹਨ। ਸਵੈਮਾਨ ਸਿੰਘ ਦੇ ਪਿਤਾ 1993 ਵਿਚ ਅਮਰੀਕਾ ਆ ਗਏ ਸਨ। ਉਹ ਆਪਣੀ ਮਾਤਾ, ਵੱਡੇ ਭਰਾ ਸੰਗਰਾਮ ਸਿੰਘ ਅਤੇ ਭੈਣ ਕਮਲ ਨਾਲ  1997 ਵਿਚ ਅਮਰੀਕਾ ਆ ਗਏ। ਅਗਲੀ ਪੜ੍ਹਾਈ ਉਨ੍ਹਾਂ ਅਮਰੀਕਾ ਵਿਚ ਹੀ ਕੀਤੀ। ਅਮਰੀਕਾ ਵਿਚ ਸੈਟਲ ਹੋਣ ਲਈ ਸਾਰੇ ਪਰਿਵਾਰ ਨੂੰ ਸਖਤ ਮਿਹਨਤ ਕਰਨੀ ਪਈ । ਤਿੰਨੋ ਬੱਚੇ ਪੜ੍ਹਾਈ ਦੇ ਨਾਲ ਹੀ ਕੰਮ ਕਰਦੇ ਸਨ। ਸਵੈਮਾਨ ਸਿੰਘ ਪੱਖੋਕੇ ਕਾਊਂਟੀ ਕਾਲਜ ਵਿਚ ਪੜ੍ਹਦਿਆਂ ਪੰਦਰਾਂ ਘੰਟੇ ਸਟੋਰ ਤੇ ਕੰਮ ਕਰਦਾ ਰਿਹਾ। ਸ਼ੁਰੂ ਤੋਂ ਹੀ ਉਹ ਮਿਹਨਤੀ ਸੁਭਾਆ ਵਾਲਾ ਅਤੇ ਸਮੇਂ ਦਾ ਪਾਬੰਦ ਹੈ। ਅੱਠਵੀਂ ਕਲਾਸ ਤੋਂ ਹੀ ਉਹ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਵਾਲੇ ਦਿਨ ਹੁਣ ਤੱਕ ਵਰਤ ਰਖਦਾ ਆ ਰਿਹਾ ਹੈ। ਜਦੋਂ ਉਹ ਡਾਕਟਰੀ ਦੀ ਪੜ੍ਹਾਈ ਕਰਦਾ ਸੀ ਤਾਂ 6 ਮਹੀਨੇ ਦਾ ਪੜ੍ਹਾਈ ਵਿਚ ਬਰੇਕ ਲੈਕੇ ਇੰਗਲੈਂਡ ਵਿਚ ਊਧਮ ਸਿੰਘ ਦੀ ਯਾਦਗਾਰ ਕੈਕਸਟਨ ਹਾਲ ਵੇਖਣ ਲਈ ਗਿਆ ਸੀ। ਆਪਣੇ ਦੋਸਤ ਦੇ ਨਾਲ ਹੱਥ ਵਿਚ ਤਿਰੰਗਾ ਫੜਕੇ 30 ਮੀਲ ਪੈਦਲ ਯਾਤਰਾ ਕਰਕੇ ਉਹ ਆਪਣੀ ਰਟਗਰਜ਼ ਯੂਨੀਵਰਸਿਟੀ ਜਾਂਦਾ ਰਿਹਾ ਹੈ। ਦੇਸ਼ ਭਗਤੀ ਉਸ ਵਿਚ ਕੁਟ ਕੁਟ ਕੇ ਭਰੀ ਹੋਈ ਹੈ। ਇਸਦਾ ਮੁਖ ਕਾਰਨ ਉਨ੍ਹਾਂ ਦੀ ਵਿਰਾਸਤ ਬਹੁਤ ਅਮੀਰ ਦੇਸ਼ ਭਗਤਾਂ ਦੀ ਹੈ। ਉਨ੍ਹਾਂ ਦੇ ਪੜਨਾਨਾ ਤਾਰਾ ਸਿੰਘ ਨੇ ਜੈਤੋ ਦੇ ਮੋਰਚੇ ਦੇ ਤੀਜੇ ਜਥੇ ਵਿਚ ਗ੍ਰਿਫਤਾਰੀ ਦਿੱਤੀ ਅਤੇ ਨਾਭਾ ਜੇਲ੍ਹ ਵਿਚ ਤੇਜਾ ਸਿੰਘ ਸਮੁੰਦਰੀ ਨਾਲ ਨਜ਼ਰਬੰਦ ਰਹੇ। ਇਸੇ ਤਰ੍ਹਾਂ ਉਨ੍ਹਾਂ ਦੇ ਦਾਦਾ ਜਗਜੀਤ ਸਿੰਘ ਸਾਰੀ ਉਮਰ ਆਪਣੇ ਪਿੰਡ ਪੱਖੋਕੇ ਦੇ ਸਰਪੰਚ ਰਹੇ ਅਤੇ ਪੰਜਾਬੀ ਸੂਬਾ ਮੋਰਚੇ ਵਿਚ ਹਿੱਸਾ ਲੈਂਦੇ ਰਹੇ। ਉਨ੍ਹਾਂ ਦੇ ਪਿਤਾ ਕਿੱਤੇ ਵਜੋਂ ਵਕੀਲ ਸਨ। ਸਮਾਜ ਸੇਵਾ ਦੀ ਪ੍ਰਵਿਰਤੀ ਹੋਣ ਕਰਕੇ ਪਿੰਡ ਦੀ ਡਿਸਪੈਂਸਰੀ ਵਿਚ ਮੁਫਤ ਦਵਾਈਆਂ ਦਿੰਦੇ, ਕਿਸਾਨਾ ਦੇ ਹਿਤਾਂ ਲਈ ਕੰਮ ਕਰਦੇ, ਫੈਕਟਰੀ ਮਜ਼ਦੂਰਾਂ ਦੇ ਕੇਸ ਮੁਫਤ ਲੜਦੇ ਅਤੇ ਕਿਸਾਨਾਂ ਦੇ ਹਿੱਤਾਂ ਲਈ ਕੰਮ ਕਰਦੇ ਰਹੇ ਹਨ। ਉਨ੍ਹਾਂ ਦਾ ਪਾਲਣ ਪੋਸ਼ਣ ਅਤੇ ਪੜ੍ਹਾਈ ਆਜ਼ਾਦ ਮਾਹੌਲ ਵਾਲੇ ਅਮਰੀਕਾ ਵਰਗੇ ਦੇਸ਼ ਵਿਚ ਹੋਈ ਹੈ। ਜਿਸ ਕਰਕੇ ਉਹ ਸੱਚੇ ਸੁੱਚੇ ਪਾਰਦਰਸ਼ੀ ਇਨਸਾਨ ਹਨ।

ਜਦੋਂ ਦਾ ਸਵੈਮਾਨ ਸਿੰਘ ਪੱਖੋਕੇ ਡਾਕਟਰ ਬਣਿਆਂ ਹੈ ਉਦੋਂ ਤੋਂ ਹਰ ਸਾਲ ਆਪੀਣੇ ਪਿੰਡ ਪੱਖੋਕੇ ਜਾਂਦਾ ਹੈ। ਮਿੱਟੀ ਦਾ ਮੋਹ ਉਸਨੂੰ ਪੰਜਾਬ ਆਉਣ ਲਈ ਕੁਰੇਦਦਾ ਰਹਿੰਦਾ ਹੈ। ਪਿੰਡ ਦੀ ਡਿਸਪੈਂਸਰੀ ਵਿਚ ਤਾਂ ਹਰ ਰੋਜ਼ ਮੁਫਤ ਮਰੀਜ ਵੇਖਦਾ ਅਤੇ ਮੁਫਤ ਦਵਾਈਆਂ ਦਿੰਦਾ ਹੈ। ਇਸ ਤੋਂ ਇਲਾਵਾ 5 ਰਿਵਰਜ਼ ਹਰਟ ਐਸੋਸੀਏਸ਼ਨ ਜੈਕਸਨ ਨਿਊ ਜਰਸੀ ਵੱਲੋਂ ਪੰਜਾਬ ਵਿਚ ਘੱਟੋ ਘੱਟ 15 ਤੋਂ 20 ਮੁਫਤ ਮੈਡੀਕਲ ਚੈਕ ਅਪ ਕੈਂਪ ਪੰਜਾਬ ਦੇ ਆਪਣੇ ਦੋਸਤ ਡਾਕਟਰਾਂ ਦੇ ਸਹਿਯੋਗ ਨਾਲ ਲਗਾਉਂਦਾ ਹੈ। ਇਸ ਸੰਸਥਾ ਦਾ ਪੰਜਾਬ ਵਿਚ ਕੰਮ ਕੰਵਰ ਸਰਾਏ ਵੇਖਦਾ ਹੈ। ਦਵਾਈਆਂ ਦੇ 10 ਬੈਗ ਭਰਕੇ ਅਮਰੀਕਾ ਤੋਂ ਲੈ ਕੇ ਜਾਂਦਾ ਹੈ। ਮਾਰਚ 2019 ਕਰੋਨਾ ਹੋਣ ਕਰਕੇ ਪਿੰਡਾਂ ਵਿਚ ਤਜਵੀਜ਼ਤ 18 ਕੈਂਪ ਲੱਗ ਨਹੀਂ ਸਕੇ ਪ੍ਰੰਤੂ ਉਹ ਸਾਰੀਆਂ ਲੱਖਾਂ ਰੁਪਏ ਦੀਆਂ ਦਵਾਈਆਂ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਨੂੰ ਦੇ ਕੇ ਆਏ ਹਨ ਤਾਂ ਮਰੀਜ਼ਾਂ ਨੂੰ ਇਹ ਦਵਾਈਆਂ ਮੁਫਤ ਦਿੱਤੀਆਂ ਜਾਣ। ਉਸਨੇ ਆਪਣੀ ਵੈਬਸਾਈਟ ਬਣਾਈ ਹੋਈ ਹੈ- 5riversheart.org

**
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

                                                     

ੳੁਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ