ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (22 ਅਗਸਤ 2021 ਨੂੰ) 50ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਮਲਵਈ ਮੁਹਾਵਰੇ ਦਾ ਗਲਪਕਾਰ ਅਜਾਇਬ ਸਿੰਘ ਟੱਲੇਵਾਲੀਆ’ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਗਲਪਕਾਰ ਅਜਾਇਬ ਸਿੰਘ ਟੱਲੇਵਾਲੀਆ’ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ ਮਲਵਈ ਮੁਹਾਵਰੇ ਦਾ ਗਲਪਕਾਰ ਅਜਾਇਬ ਸਿੰਘ ਟੱਲੇਵਾਲੀਆ—ਹਰਮੀਤ ਸਿੰਘ ਅਟਵਾਲਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਵੱਸਦਾ ਅਜਾਇਬ ਸਿੰਘ ਟੱਲੇਵਾਲੀਆ ਮਲਵਈ ਮੁਹਾਵਰੇ ਦਾ ਨਿੱਗਰ ਸਾਹਿਤ ਸਿਰਜਣ ਵਾਲਾ ਸਾਹਿਤਕਾਰ ਹੈ। ਉਸ ਦੀਆਂ ਗਲਪ ਰਚਨਾਵਾਂ ਮਲਵਈ ਆਂਚਲਿਕਤਾ ਦੇ ਦਾਇਰੇ ਅੰਦਰ ਆਉਂਦੀਆਂ ਆਪਣੀ ਨਿਵੇਕਲੀ ਨੁਹਾਰ ਰੱਖਦੀਆਂ ਹਨ। ਅੰਚਲ ਸ਼ਬਦ ਨੂੰ ਵਿਦਵਾਨ ਸੱਜਣਾਂ ਨੇ ਇੱਕ ਭੂ-ਖੰਡ ਵਿਸ਼ੇਸ਼ ਦਾ ਵਾਚਕ ਦੱਸਿਆ ਹੈ। ਅਦਬੀ ਆਂਚਲਿਕਤਾ ਤੋਂ ਭਾਵ ਇੱਕ ਖਿੱਤੇ ਵਿਸ਼ੇਸ਼ ਦੀ ਵਿਲੱਖਣ ਪੇਸ਼ਕਾਰੀ ਹੀ ਹੈ। ਪੰਜਾਬੀ ਦੇ ਉੱਚ ਦੁਮਾਲੜੇ ਅਦੀਬ ਓਮ ਪ੍ਰਕਾਸ਼ ਗਾਸੋ ਮੁਤਾਬਕ ਆਂਚਲਿਕਤਾ ਦੇ ਦਿਸ-ਹੱਦੇ ਦੇ ਅੱਡ ਹੋਣ ਦੀਆਂ ਇਲਾਮਤਾਂ ਵਿਚ ਸਥਾਨਕ ਗਾਲ੍ਹਾਂ ਮੁਹਾਵਰੇ, ਟਿੱਚਰਾਂ, ਰੂਹ-ਰੀਤਾਂ ਦਾ ਸਲੂਣਾ ਜਿਹਾ ਸੁਆਦ ਉਸ ਖਿੱਤੇ ਦੇ ਲੋਕ-ਹਿੱਤ ਦੀ ਜ਼ਿੰਦ-ਜਾਨ ਬਣ ਜਾਂਦਾ ਹੈ। ਨਿਤਾਪ੍ਰਤੀ ਜ਼ਿੰਦਗੀ ਵਿਚ ਉਹ ਇਸ ਸਲੂਣੇ ਸੁਆਦ ਨਾਲ ਸਰਚਦੇ ਹੀ ਨਹੀਂ ਸਗੋਂ ਆਪਣੇ ਸੱਭਿਆਚਾਰ ਨੂੰ ਸ਼ਿੰਗਾਰਦੇ ਵੀ ਹਨ। ਓਮ ਪ੍ਰਕਾਸ਼ ਗਾਸੋ ਦੀ ਆਂਚਲਿਕਤਾ ਬਾਬਤ ਲਿਖੀ ਇਹ ਗੱਲ ਧਿਆਨ ਦੀ ਮੰਗ ਕਰਦੀ ਹੈ ਕਿ ਪੰਜਾਬੀ ਦੇ ਬਹੁਤੇ ਨਾਵਲ ਆਂਚਲਿਕ ਅੰਦਾਜ਼ ਵਿਚ ਤਾਂ ਲਿਖੇ ਗਏ ਹਨ ਪਰ ਉਨ੍ਹਾਂ ਵਿਚ ਆਂਚਲਿਕਤਾ ਨਹੀਂ ਆ ਸਕੀ। ਆਂਚਲਿਕ ਅੰਦਾਜ਼ ਤੋਂ ਭਾਵ ਇਲਾਕਾਈ ਭਾਵ-ਬੋਧ ਅਧੀਨ ਸਿਰਜਿਤ ਉਹ ਗਲਪ ਸੰਵੇਦਨਾ ਹੈ ਜਿਸ ਵਿਚ ਆਪਣੇ ਇਲਾਕੇ ਦੇ ਪਿਛੋਕੜ ਦੀ ਪਹਿਚਾਣ ਦਾ ਸਾਧਾਰਨ ਜਿਹਾ ਪ੍ਰਕਰਣ ਬਣਿਆ ਰਹਿੰਦਾ ਹੈ। ਸਾਡੀ ਜਾਚੇ ਇੱਥੇ ਤਸੱਲੀ ਵਾਲੀ ਗੱਲ ਹੀ ਹੈ ਕਿ ਅਜਾਇਬ ਸਿੰਘ ਟੱਲੇਵਾਲੀਆ ਦੀਆਂ ਕਹਾਣੀਆਂ ਤੇ ਨਾਵਲ ਵਿਚ ਆਂਚਲਿਕ ਅੰਦਾਜ਼ ਵੀ ਹੈ ਤੇ ਆਂਚਲਿਕਤਾ ਵੀ ਹੈ। ਟੱਲੇਵਾਲੀਆ ਦੀ ਮਲਵਈ ਮੁਹਾਵਰੇ ਵਾਲੀ ਕਲਮ ਦੀ ਤਾਕਤ ਹੀ ਹੈ ਜਿਹੜੀ ਪੰਜਾਬੀ ਦੇ ਨਾਮਵਰ ਨਾਵਲਕਾਰ ਰਾਮ ਸਰੂਪ ਅਣਖੀ ਤੋਂ ਆਪਣੇ ਆਪ ਨੂੰ ‘ਭਵਿੱਖ ਦਾ ਕਹਾਣੀਕਾਰ’ ਅਖਵਾ ਗਈ। ਟੱਲੇਵਾਲੀਆ ਦੀ ਕਹਾਣੀਆਂ ਦੀ ਪੁਸਤਕ ‘ਸੁੱਕੇ ਪੱਤਣ’ ਦੇ ਆਰੰਭ ਵਿਚ ਰਾਮ ਸਰੂਪ ਅਣਖੀ ਦੀਆਂ ਟੱਲੇਵਾਲੀਆ ਦੀਆਂ ਕਥਾ ਰਚਨਾਵਾਂ ਦੀ ਸਤਾਇਸ਼ ਵਿਚ ਲਿਖੀਆਂ ਇਹ ਸਤਰਾਂ ਬੜੀਆਂ ਮਹੱਤਵਪੂਰਨ ਹਨ : * ‘‘ਅਜਾਇਬ ਸਿੰਘ ਟੱਲੇਵਾਲੀਆ ਦੀ ਭਾਸ਼ਾ ਵਿਚ ਮਲਵਈ ਪਿੰਡਾਂ ਦੀ ਕੋਸੀ-ਕੋਸੀ ਧੁੱਪ ਅਤੇ ਭਾਫਾਂ ਛੱਡਦਾ ਕਕਰੀਲਾ ਸਿਆਲ ਹੈ। ਜ਼ੁਬਾਨ ਦੀ ਤਾਜ਼ਗੀ ਸੱਭਿਆਚਾਰ ਨੂੰ ਲੁਭਾਉਣੇ ਅੰਦਾਜ਼ ਵਿਚ ਪੇਸ਼ ਕਰਦੀ ਹੈ। ਅਜਾਇਬ ਵਿਚ ਭਵਿੱਖ ਦਾ ਸ਼ਕਤੀਸ਼ਾਲੀ ਕਹਾਣੀਕਾਰ ਮੁੱਠੀਆਂ ਵਿਚ ਥੁੱਕੀ ਬੈਠਾ ਹੈ।’’ ਅਜਾਇਬ ਸਿੰਘ ਟੱਲੇਵਾਲੀਆ ਦੀ ਕਹਾਣੀਆਂ ਦੀ ਪੁਸਤਕ ‘ਸੁੱਕੇ ਪੱਤਣ’ ਵਿਚ ਕੁੱਲ 7 ਕਹਾਣੀਆਂ ਹਨ। ‘ਅੱਕ ਦਾ ਦੁੱਧ’, ‘ਆਪਣਾ ਲਹੂ’, ‘ਟਾਹਣੀਓਂ ਟੁੱਟਾ ਪੱਤਾ’, ‘ਕਬਰ ’ਚੋਂ ਉੱਠਿਆ ਮਨੁੱਖ’, ‘ਮਿੱਟੀ ਦਾ ਰਿਸ਼ਤਾ’, ‘ਇੱਕ ਚਿੱਠੀ ਨੱਥੋਵਾਲ ਤੋਂ’ ਅਤੇ ‘ਸੁੱਕੇ ਪੱਤਣ’ ਨਾਵਾਂ ਵਾਲੀਆਂ ਇਨ੍ਹਾਂ ਕਹਾਣੀਆਂ ਵਿੱਚੋਂ ਜਿਥੇ ਮਲਵਈ ਮੁਹਾਵਰਾ ਆਪਣੀ ਮਾਅਰਕਾਈ ਪਛਾਣ ਦਰਸਾਉਂਦਾ ਹੈ ਉਥੇ ਵਿਸ਼ਾਗਤ ਦ੍ਰਿਸ਼ਟੀ ਤੋਂ ਇਨ੍ਹਾਂ ਅੰਦਰਲੇ ਬਿਰਤਾਂਤ ਭਾਵ ਘਟਨਾਵਾਂ ਤੇ ਅਨੁਭਵਾਂ ਦੀਆਂ ਲੜੀਆਂ ਦਰਸਾਉਂਦੀਆਂ ਹਨ ਕਿ ਸਮਝਾਂ ਦੀ ਵਿਭਿੰਨਤਾ ਦਾ ਮੂਲ ਸਬੱਬ ਬੰਦੇ ਦੀ ਸੀਮਤ ਚੇਤਨਾ ਹੈ। ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ, ਮਜਬੂਰੀਆਂ, ਲਾਲਸਾਵਾਂ, ਵਿਸੰਗਤੀਆਂ ਤੇ ਭ੍ਰਾਂਤੀਆਂ ਕਰਕੇ ਸ਼ਾਹਸਵਾਰੀ ਦੇ ਚਾਹਵਾਨਾਂ ਨੂੰ ਵੀ ਕਈ ਵਾਰ ਗੋਡਿਆਂ ਭਾਰ ਚੱਲਣਾ ਪੈ ਜਾਂਦਾ ਹੈ। ਅਜਿਹੀ ਸਥਿਤੀ ਵਿਚ ਨਾਅਰੇ ਤੇ ਨੁਸਖ਼ੇ ਵੀ ਨਕਾਰੇ ਸਿੱਧ ਹੁੰਦੇ ਹਨ। ਕਈ ਤਰ੍ਹਾਂ ਦੀਆਂ ਸਮਾਜਿਕ, ਰਾਜਨੀਤਕ, ਸਾਂਸਕ੍ਰਿਤਕ ਤੇ ਆਰਥਿਕ ਤੱਤੀਆਂ ਹਵਾਵਾਂ ਖ਼ੁਦਾਤਰਸ, ਗੁਣਕਾਰੀ ਤੇ ਕਲਿਆਣਕਾਰੀ ਬੰਦਿਆਂ ਨੂੰ ਵੀ ਸੁੱਕੇ ਪੱਤਿਆਂ ਵਾਂਗ ਉਡਾਕੇ ਕਿਤੇ ਦੂਰ ਸੁੱਟ ਦਿੰਦੀਆਂ ਹਨ। ਐਸੀ ਹਾਲਤ ਵਿਚ ਬੰਦੇ ਜਾਂ ਪੱਤੇ ਦਾ ਅਸਲ ਅਸਤਿਤਵ ਕੀ ਤੇ ਕਿਹੋ ਜਿਹਾ ਹੋ ਸਕਦਾ ਹੈ, ਇਸ ਦਾ ਸਹਿਜ ਅੰਦਾਜ਼ਾ ਟੱਲੇਵਾਲੀਆ ਦੀਆਂ ਇਨ੍ਹਾਂ ਕਹਾਣੀਆਂ ’ਚੋਂ ਲਾਇਆ ਜਾ ਸਕਦਾ ਹੈ। ਅਜਾਇਬ ਸਿੰਘ ਟੱਲੇਵਾਲੀਆ ਦਾ ਨਾਵਲ ‘ਹੋਸਟਲ ਨੰਬਰ ਚਾਰ’ ਮਾਈਗ੍ਰੇਸ਼ਨ ਦੇ ਵਿਸ਼ੇ ਨੂੰ ਕੇਂਦਰੀ ਥੀਮ ਬਣਾਉਂਦਾ ਹੋਇਆ ਡੂੰਘਾ ਸਵਾਲ ਖੜ੍ਹਾ ਕਰਦਾ ਹੈ ਕਿ ‘ਜਿਥੇ ਸਾਡੇ ਪੀੜ੍ਹੀ ਦਰ ਪੀੜ੍ਹੀ ਵੱਡੇ ਵਡੇਰੇ ਜੰਮੇ ਜਾਏ, ਜਿਸ ਜਨਮ ਭੂਮੀ ਤੇ ਆਪਣੇ ਲੋਕਾਂ ਵਿਚ ਅਸੀਂ ਆਪਣਾ ਬਚਪਨ ਤੇ ਜਵਾਨੀ ਹੰਡਾਈ, ਉਥੋਂ ਸਾਨੂੰ ਜਬਰੀ ਦੇਸ਼ ਨਿਕਾਲਾ ਦੇ ਦਿੱਤਾ ਗਿਆ ਤੇ ਜਿਥੇ ਰਹਿਣਾ ਚਾਹੁੰਦੇ ਹਾਂ ਉਹ ਰਹਿਣ ਨਹੀਂ ਦਿੰਦੇ, ਜਾਈਏ ਤਾਂ ਜਾਈਏ ਕਿੱਥੇ?’ ਉਪਰੋਕਤ ਨਾਵਲ ਤੇ ਦੋ ਸਿੱਖ ਮਿਲਟਰੀ ਇਤਿਹਾਸ ਦੀਆਂ ਪੁਸਤਕਾਂ ਜਲਦੀ ਹੀ ਛਪਕੇ ਪਾਠਕਾਂ ਕੋਲ ਪੁਜਣ ਦੀ ਆਸ ਕੀਤੀ ਜਾ ਸਕਦੀ ਹੈ। ਅਜਾਇਬ ਸਿੰਘ ਟੱਲੇਵਾਲੀਆ ਦਾ ਜਨਮ 1 ਨਵੰਬਰ 1959 ਈ: ਨੂੰ ਪਿਤਾ ਕਰਤਾਰ ਸਿੰਘ ਸਰਾਂ ਤੇ ਮਾਤਾ ਸਰੂਪ ਕੌਰ ਦੇ ਘਰ ਪਿੰਡ ਟੱਲੇਵਾਲ (ਬਰਨਾਲਾ) ਵਿਖੇ ਜੱਟ ਘਰਾਣੇ ਵਿਚ ਹੋਇਆ। ਟੱਲੇਵਾਲੀਆ ਦੀ ਵਿੱਦਿਅਕ ਯੋਗਤਾ ਐੱਮ.ਏ. (ਇਤਿਹਾਸ) ਡਿਪਲੋਮਾ ਇਨ ਵੈਟਰਨਰੀ ਫਾਰਮਾਸਿਸਟ, ਡਿਪਲੋਮਾ ਇਨ ਮੈਡੀਕਲ ਲੈਬ ਟੈਕਨਾਲੋਜੀ ਤੇ ਸਰਟੀਫ਼ਿਕੇਟ ਕੋਰਸ ਇਨ ਐਕੂ ਪ੍ਰੈਸ਼ਰ ਹੈ। ਉਸ ਦਾ ਵਿਆਹ 1995 ਦੇ ਦਸੰਬਰ ਮਹੀਨੇ ਵਿਚ ਸੁਖਵਿੰਦਰ ਕੌਰ ਨਾਲ ਹੋਇਆ। 1987-88 ਵਿਚ ਦੋ ਸਾਲ ਉਹ ਆਸਟ੍ਰੇਲੀਆ ਵਿਚ ਰਿਹਾ ਤੇ ਫਰਵਰੀ 1997 ਤੋਂ ਬਰੈਂਪਟਨ (ਓਨਟਾਰੀਓ) ਕੈਨੇਡਾ ਵਿਚ ਹੈ। ਕਾਬਲਿ-ਗੌਰ ਹੈ ਕਿ ਟੱਲੇਵਾਲੀਆ ਕੋਲ ਵੱਖ-ਵੱਖ ਖੇਤਰਾਂ ਦਾ ਵਸੀਹ ਅਨੁਭਵ ਹੈ। ਉਸ ਵੱਲੋਂ ਹੁਣ ਤਕ ਕੀਤੀ ਗਈ 15 ਦੇਸ਼ਾਂ ਦੀ ਯਾਤਰਾ ਨੇ ਇਸ ਅਨੁਭਵ ਨੂੰ ਹੋਰ ਅਮੀਰ ਕੀਤਾ ਹੈ। ਅਜਾਇਬ ਸਿੰਘ ਟੱਲੇਵਾਲੀਆ ਨਾਲ ਸਾਡਾ ਅਕਸਰ ਸਾਹਿਤਕ-ਸਮਾਜਿਕ ਵਿਚਾਰ ਵਟਾਂਦਰਾ ਹੁੰਦਾ ਰਹਿੰਦਾ ਹੈ। ਉਸ ਵੱਲੋਂ ਕੁਝ ਅੰਸ਼ ਆਪ ਦੀ ਨਜ਼ਰ ਹਨ : * ਸਾਡਾ ਘਰ ਪਿੰਡ ਦੀ ਵੱਡੀ ਸੱਥ ਕੋਲ ਸੀ। ਇਥੇ ਹਰ ਤਰ੍ਹਾਂ ਦੇ ਕਲਾਕਾਰ ਆਉਂਦੇ ਸਨ ਖ਼ਾਸ ਕਰਕੇ ਗਾਉਣ ਵਾਲੇ ਰਵਾਇਤੀ ਗਾਇਕ। ਮੈਂ ਉਨ੍ਹਾਂ ਤੋਂ ਪ੍ਰਭਾਵਤ ਹੋ ਕੇ ਸਾਹਿਤ ਤੇ ਕਲਾ ਵੱਲ ਖਿੱਚਿਆ ਗਿਆ। ਮੈਂ ਕਵਿਤਾ ਤਾਂ ਪੰਜਵੀਂ ਕਲਾਸ ਵਿਚ ਹੀ ਲਿਖਣ ਲੱਗ ਪਿਆ ਸੀ ਜੋ ਕਿ ਅਸਲ ’ਚ ਗੀਤ ਸਨ। ਫਿਰ ਕਾਲਜ ਜਾ ਕੇ ਆਧੁਨਿਕ ਕਵਿਤਾ ਤੇ ਗ਼ਜ਼ਲ ਤੋਂ ਸ਼ੁਰੂਆਤ ਕੀਤੀ। * ਰਾਮ ਸਰੂਪ ਅਣਖੀ (ਸਵਰਗੀ) ਤੇ ਸ੍ਰੀ ਓਮ ਪ੍ਰਕਾਸ਼ ਗਾਸੋ ਸਾਡੇ ਬਾਪੂ ਹਨ ਤੇ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਹਨ। ਇਨ੍ਹਾਂ ਮਹਾਨ ਸ਼ਖ਼ਸੀਅਤਾਂ ਬਾਰੇ ਗੱਲ ਕਰਦਿਆਂ ਸ਼ਬਦ ਮੁੱਕ ਜਾਂਦੇ ਹਨ ਜੀ। * ਪਿਛਲੇ ਦੋ ਦਹਾਕਿਆਂ ਵਿਚ ਇੱਕਦਮ ਹੋਈ ਬਹੁਖੇਤਰੀ ਤੇ ਬਹੁਪੱਖੀ ਉਥਲ-ਪੁਥਲ ਦੌਰਾਨ ਨਿਮਨ ਤੇ ਨਿਮਨ ਮੱਧ ਸ਼੍ਰੇਣੀ ਦੇ ਟੁੱਟਦੇ ਬਣਦੇ ਰਿਸ਼ਤਿਆਂ ਦੀ ਗੱਲ ਮੇਰੀਆਂ ਸਾਹਿਤ ਕਿਰਤਾਂ ਦੇ ਥੀਮ ਦੁਆਲੇ ਅਕਸਰ ਘੁੰਮਦੀ ਹੈ। * ਮੈਂ ਭਾਰਤ ਦੇ ਪਹਿਲੇ ਪਰਮਵੀਰ ਚੱਕਰ ਆਨਰੇਰੀ ਕੈਪਟਨ ਕਰਮ ਸਿੰਘ ਦਾ 1989 ਤੋਂ 1993 ਤਕ ਪਰਸਨਲ ਸਕੱਤਰ ਰਿਹਾ ਹਾਂ। ਆਰਮੀ ਉਨ੍ਹਾਂ ਨਾਲ ਰਹਿੰਦਿਆਂ ਘੁੰਮੀ ਸੀ। ਉਥੋਂ ਇਹ ਖ਼ਿਆਲ ਉਪਜਿਆ। ਆਰਮੀ ਬਾਰੇ 13 ਸਾਲ ਦੀ ਲੰਮੀ ਜਦੋ-ਜਹਿਦ ਬਾਅਦ ਮੈਂ ਖੋਜ ਪੁਸਤਕ ਪੂਰੀ ਕੀਤੀ ਜਿਸ ਦਾ ਨਾਂ ਹੈ ‘ਸਾਰਾਗੜ੍ਹੀ ਦੀ ਲੜਾਈ’। ਸਾਰਾਗੜ੍ਹੀ ਦੀ ਲੜਾਈ ਦੇ ਨਾਲ ਲਗਵੀਂ ਪੁਸਤਕ ਹੈ ‘ਵਿਕਟੋਰੀਆ ਕਰਾਸ ਜੇਤੂ ਪੰਜਾਬੀਆਂ’ ਦੀ। ਇਹ ਦੋਵੇਂ ਪੁਸਤਕਾਂ ਪਹਿਲਾਂ ਅੰਗਰੇਜ਼ੀ ਵਿਚ ਛਪਣੀਆਂ ਨੇ ਤੇ ਫੇਰ ਪੰਜਾਬੀ ਵਿਚ। * ਇਹ ਅਜੀਬ ਕਿਸਮ ਦੀ ਹੋਣੀ ਹੈ ਜੀ। ਸਾਡੀਆਂ ਜੜ੍ਹਾਂ ਪੰਜਾਬ ਵਿਚ ਨੇ ਸਾਡੇ ਤਣੇ ਕੈਨੇਡਾ ਵਿਚ ਨੇ। ਇਹ ਬਹੁਤ ਵੱਡਾ ਦੁਖਾਂਤ ਹੈ। ਜਿਹੜਾ ਇਨਸਾਨ ਕੁਝ ਚੰਗੀਆਂ ਕਦਰਾਂ ਕੀਮਤਾਂ ਪੰਜਾਬੀ ਸੱਭਿਆਚਾਰ ਦੀਆਂ ਤੇ ਕੁਝ ਚੰਗੀਆਂ ਕਦਰਾਂ ਕੀਮਤਾਂ ਵਿਦੇਸ਼ ਦੀਆਂ ਲੈ ਕੇ ਜਿਊਣ ਦੇ ਉਪਰਾਲੇ ਕਰਦਾ ਹੈ, ਉਹ ਤਾਂ ਥੋੜ੍ਹਾ ਜਿਹਾ ਸੌਖਾ ਰਹਿੰਦਾ ਹੈ ਤੇ ਜਿਹੜਾ ਦੋਵਾਂ ਦੇ ਭਰੇ ਗਠੜੇ ਦੋਵਾਂ ਮੋਢਿਆਂ ’ਤੇ ਲੱਦੀ ਫਿਰਦਾ ਹੈ, ਉਹਦਾ ਤਾਂ ਫਿਰ ਰੱਬ ਹੀ ਰਾਖਾ ਜੀ। * ਅਸੁਰੱਖਿਅਤਾ ਤੋਂ ਇਲਾਵਾ ਪੰਜਾਬ ਦੀ ਬੌਧਿਕ ਕੰਗਾਲੀ ਵੀ ਵੱਧ ਰਹੇ ਪ੍ਰਵਾਸ ਲਈ ਜ਼ਿੰਮੇਵਾਰ ਹੈ। ਹਨੇਰੇ ਵਿਚ ਹੱਥ ਮਾਰਦੇ ਨੌਜਵਾਨ ਵਿਦੇਸ਼ਾਂ ਵਿਚ ਪ੍ਰਵਾਸ ਕਰਕੇ ਚਾਨਣ ਦੀ ਭਾਲ ਕਰਦੇ ਹਨ। ਪਰ ਪੂਰੇ ਸਟੇਟ ਦਾ ਉਠਕੇ ਵਿਦੇਸ਼ ਤੁਰ ਪੈਣਾ ਬੜਾ ਹੀ ਖ਼ਤਰਨਾਕ ਰੁਝਾਨ ਹੈ। ਇਸਦੇ ਗੰਭੀਰ ਸਿੱਟੇ ਨਿਕਲਣਗੇ। ਪੰਜਾਬ ਦੇ ਲੋਕਾਂ ਨੂੰ ਹਾਲੇ ਵੀ ਕੁਝ ਸੋਚ ਲੈਣਾ ਚਾਹੀਦਾ ਹੈ। * ਅਸੀਂ ਪੰਜਾਬੀ ਭਾਸ਼ਾ ਨੂੰ ਸਹੀ ਸਰਕਾਰੀ ਸਰਪ੍ਰਸਤੀ ਦਿਵਾਉਣ ਵਿਚ ਨਾਕਾਮ ਰਹੇ ਹਾਂ। * ਲੇਖਕਾਂ ਵਿਚ ਮਿਆਰ ਦੀ ਥਾਂ ਮਾਤਰਾ ਨੇ ਲੈ ਲਈ ਹੈ। ਅਸੀਂ ਗੁਣ ਦੀ ਬਜਾਏ ਗਿਣਤੀ ਵੱਲ ਤੁਰ ਪਏ ਹਾਂ। ਇਸੇ ਲਈ ਸ਼ਾਹਕਾਰ ਰਚਨਾਵਾਂ ਦਾ ਜਨਮ ਨਹੀਂ ਹੋ ਰਿਹਾ। ਜਿੰਨੇ ਕੁ ਲਿਖਣ ਵਾਲੇ ਨੇ। ਉਹੀ ਪਾਠਕ ਨੇ। ਪਰਨਾਲਾ ਉਥੇ ਦਾ ਉਥੇ। * ਕੈਨੇਡਾ ਦੀਆਂ ਸਾਹਿਤਕ ਜਥੇਬੰਦੀਆਂ ਜਾਂ ਸੰਚਾਰ ਸਾਧਨਾਂ ਦਾ ਸਾਹਿਤ ਦੇ ਪ੍ਰਚਾਰ ਵਿਚ ਤਾਂ ਥੋੜ੍ਹਾ, ਹਿੱਸਾ ਹੈ ਪਰ ਪਾਸਾਰ ਵਿਚ ਨਹੀਂ ਕਿਉਂਕਿ ਹਾਲਾਤ ਵੱਖਰੇ ਹਨ। * ਲੇਖਕ ਦਾ ਲਗਾਤਾਰ ਪੜ੍ਹਨਾ ਬਹੁਤ ਜ਼ਰੂਰੀ ਹੈ। ਉਂਝ ਮੈਂ 15 ਕੁ ਲੇਖਿਕਾਵਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਪੁਸਤਕਾਂ ਪਹਿਲਾਂ ਛਪਵਾ ਲਈਆਂ ਤੇ ਪਾਠਕ ਬਾਅਦ ਵਿਚ ਬਣੀਆਂ। * ਨਵੇਂ ਲੇਖਕ ਪਹਿਲਾਂ ਤਾਂ ਰੋਜ਼ੀ-ਰੋਟੀ ਲਈ ਆਪਣੇ ਵਿਚ ਹੁਨਰ ਪੈਦਾ ਕਰਨ। ਸਾਹਿਤ ਸਿਰਜਣਾ ਵਾਲੇ ਪਾਸੇ ਫੇਰ ਆਉਣ। * ਇੱਕ ਪ੍ਰਤੀਬੱਧ ਲੇਖਕ ਦਾ ਮਕਸਦ ਸਮਾਜ ਦਾ ਭਲਾ ਹੋਣਾ ਚਾਹੀਦਾ ਹੈ। ਨਿਰਸੰਦੇਹ ਅਜਾਇਬ ਸਿੰਘ ਟੱਲੇਵਾਲੀਆ ਦੀਆਂ ਸਾਰੀਆਂ ਗੱਲਾਂ ਤੇ ਹੁਣ ਤਕ ਦੇ ਸਿਰਜੇ ਸਾਹਿਤ ਦੇ ਮੱਦੇਨਜ਼ਰ ਆਖਿਆ ਜਾ ਸਕਦਾ ਹੈ ਕਿ ਮਲਵਈ ਮੁਹਾਵਰੇ ਦਾ ਇਹ ਗਲਪਕਾਰ ਆਪਣੀ ਕਲਮ ਦੀ ਕੀਰਤੀ ਵਿਚ ਹੋਰ ਵੀ ਵਾਧਾ ਕਰੇਗਾ ਤੇ ਪਾਠਕਾਂ ਦੀ ਤਹਿ ਦਿਲੀ ਪਸੰਦ ਬਣਦਾ ਰਹੇਗਾ। |