27 July 2024

ਸਮਰੱਥ ਤੇ ਸੁਹਿਰਦ ਗੀਤਕਾਰ ਹਰਦਿਆਲ ਸਿੰਘ ਚੀਮਾ— ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (18 ਜੁਲਾਈ 2021 ਨੂੰ) 45ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਸਮਰੱਥ ਤੇ ਸੁਹਿਰਦ ਗੀਤਕਾਰ ਹਰਦਿਆਲ ਸਿੰਘ ਚੀਮਾ’ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ਗੀਤਕਾਰ ਹਰਦਿਆਲ ਸਿੰਘ ਚੀਮਾ ਜੀ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ
***

ਅਦੀਬ ਸਮੁੰਦਰੋਂ ਪਾਰ ਦੇ: ਸਮਰੱਥ ਤੇ ਸੁਹਿਰਦ ਗੀਤਕਾਰ ਹਰਦਿਆਲ ਸਿੰਘ ਚੀਮਾ— ਹਰਮੀਤ ਸਿੰਘ ਅਟਵਾਲ

ਸਮਰੱਥ ਤੇ ਸੁਹਿਰਦ ਗੀਤਕਾਰ ਹਰਦਿਆਲ ਸਿੰਘ ਚੀਮਾ ਅਮਰੀਕਾ ਦੇ ਸ਼ਹਿਰ ਸਿਆਟਲ ’ਚ ਵੱਸਦੀ ਇੱਕ ਸੁਲਝੀ ਹੋਈ ਅਦਬੀ ਸ਼ਖ਼ਸੀਅਤ ਦਾ ਨਾਂ ਹੈ। ਜਿੱਥੋਂ ਤਕ ਗੀਤਕਾਰੀ ਦਾ ਸੰਬੰਧ ਹੈ, ਇਹ ਇੱਕ ਅਤਿ ਸੰਕੁਚਿਤ ਕੈਨਵਸ ਵਾਲੀ ਵਿਧਾ ਹੈ ਜਿਸ ਵਿਚ ਵਿਸ਼ੇ ਨੂੰ ਨਿਭਾਉਣਾ ਬੜੀ ਮੁਸ਼ੱਕਤ ਦਾ ਕੰਮ ਹੁੰਦਾ ਹੈ। ਉਂਜ ਵੀ ਗੀਤ ਮਹਿਜ਼ ਤੁਕਬੰਦੀ ਨਹੀਂ ਹੁੰਦੀ। ਗੀਤ ਦੀ ਤਾਂ ਹਰ ਸਤਰ ਅਰਥਾਂ ਨਾਲ ਭਰੀ ਹੁੰਦੀ ਹੈ। ਪੰਜਾਬੀ ਸਾਹਿਤ ਕੋਸ਼ ਮੁਤਾਬਕ ਸੰਗੀਤ ਭਰਪੂਰ ਕਾਵਿ ਨੂੰ ਗੀਤ ਕਿਹਾ ਜਾਂਦਾ ਹੈ। ਸੁਰ ਤੇ ਤਾਲ ਸੰਗੀਤਾਤਮਿਕਤਾ ਦੀ ਜਿੰਦ-ਜਾਨ ਹੁੰਦੇ ਹਨ। ਉੱਚ ਕੋਟੀ ਦੇ ਭਾਵ ਆਵੇਸ਼ ਦੀ ਯਥਾਯੋਗ ਅਭਿਵਿਅਕਤੀ ਗੁੰਦਵੇਂ ਗੀਤ ਰਾਹੀਂ ਹੀ ਹੋ ਸਕਦੀ ਹੈ। ਗੀਤ ਅੰਦਰਲਾ ਸਰੋਦੀ ਅੰਸ਼ ਇਸ ਦੇ ਸੁਹਜ ਨੂੰ ਚਾਰ ਚੰਨ ਲਾਉਂਦਾ ਹੈ। ਇੱਕ ਜਜ਼ਬੇ ਵਿਸ਼ੇਸ਼ ਨੂੰ ਸਥਾਈ ਦਾ ਰੂਪ ਦੇ ਕੇ ਉਸ ਨੂੰ ਸੰਕੇਤਾਤਮਕ ਵਿਆਖਿਆ ਦੇ ਰੂਪ ’ਚ ਸਮੁੱਚੇ ਗੀਤ ਵਿਚ ਨਿਭਾਇਆ ਜਾਂਦਾ ਹੈ ਤੇ ਜਜ਼ਬੇ ਦੀ ਸਿਖ਼ਰ ’ਤੇ ਕੀਤੀ ਗਈ ਸਮਾਪਤੀ ਗੀਤ ਦੀ ਸਫ਼ਲਤਾ ਦੀ ਸੂਚਕ ਹੁੰਦੀ ਹੈ। ਇੰਜ ਗੀਤ ਦਾ ਅੰਤਰਮੁਖੀ ਸੁਭਾਅ ਆਪਣੀ ਅਹਿਮੀਅਤ ਵੀ ਬਰਕਰਾਰ ਰੱਖਦਾ ਹੈ ਤੇ ਭੂਮਿਕਾ ਮੁਕਤ ਹੁੰਦਾ ਹੋਇਆ ਸ਼ੁੱਧ ਭਾਵਾਂ ਤੇ ਰੁਮਾਂਟਿਕ ਕਲਪਨਾ ਦੇ ਪਾਣੀਆਂ ’ਚ ਤਾਰੀਆਂ ਲਾਉਂਦਾ ਹੋਇਆ ਸਿਰੇ ਜਾ ਲਗਦਾ ਹੈ।

001-206-734-0794

ਹਰਦਿਆਲ ਸਿੰਘ ਚੀਮਾ ਦੀਆਂ ਹੁਣ ਤਕ ਆਈਆਂ 17 ਕਿਤਾਬਾਂ ਵਿੱਚੋਂ ਬਹੁਤੀਆਂ ਗੀਤਾਂ ਦੀਆ ਹੀ ਹਨ ਤੇ ਉਨ੍ਹਾਂ ਸਾਰੀਆਂ ਵਿਚ ਗੀਤ ਸਿਰਜਣਾ ਦੇ ਉਪਰੋਕਤ ਗੁਣ ਭਲੀ ਭਾਂਤ ਮਿਲ ਜਾਂਦੇ ਹਨ। ਇਨ੍ਹਾਂ ਗੁਣਾ ਦੀ ਮੌਜੂਦਗੀ ਗੀਤਕਾਰ ਦੀ ਸਮਰੱਥਾ ਸਦਕਾ ਹੈ। ਇਹ ਸਿਰਜਣਾਤਮਕ ਸਮਰੱਥਾ ਹੀ ਜਦੋਂ ਸੁਹਿਰਦਤਾ ਦੀ ਚੋਟੀ ’ਤੇ ਚੜ੍ਹਦੀ ਹੈ ਤਾਂ ਮਨਚਾਹੀ ਉਚਾਈ ਵੀ ਸਰ ਕਰ ਜਾਂਦੀ ਹੈ। ਇਸੇ ਦਾ ਨਤੀਜਾ ਹੈ ਕਿ ਹਰਦਿਆਲ ਸਿੰਘ ਚੀਮਾ ਦੇ ਹੁਣ ਤਕ 20 ਨਾਮਵਰ ਗਾਇਕਾਂ ਨੇ 70 ਗੀਤ ਆਪਣੀਆਂ ਆਵਾਜ਼ਾਂ ਵਿਚ ਰਿਕਾਰਡ ਕਰਵਾਏ ਹਨ ਤੇ ਗੀਤਕਾਰ ਨੂੰ ਸ਼ੁਹਰਤ ਤੇ ਪਰਵਾਨਗੀ ਬਖ਼ਸ਼ੀ ਹੈ।

ਹਰਦਿਆਲ ਸਿੰਘ ਚੀਮਾ ਦਾ ਜਨਮ 3 ਨਵੰਬਰ 1953 ਨੂੰ ਪਿਤਾ ਜਰਨੈਲ ਸਿੰਘ ਚੀਮਾ ਤੇ ਮਾਤਾ ਮੁਖਤਿਆਰ ਕੌਰ ਚੀਮਾ ਦੇ ਘਰ ਪੱਛਮੀ ਬੰਗਾਲ ਕਲਕੱਤੇ ਦੇ ਸ੍ਰੀ ਰਾਮਪੁਰ ਇਲਾਕੇ ਵਿਚ ਹੋਇਆ। ਪਰ ਪਿੱਛੋਂ 8 ਕੁ ਸਾਲ ਦੀ ਉਮਰ ਵਿਚ ਆਪਣੇ ਮਾਪਿਆਂ ਨਾਲ ਪਿੰਡ ਵਹਿਣੀਵਾਲ (ਮੋਗਾ) ਵਿਚ ਰਹਿੰਦਿਆਂ ਪੰਜਵੀਂ ਤਕ, ਫਿਰ ਸਰਕਾਰੀ ਹਾਈ ਸਕੂਲ ਭਿੰਡਰਕਲਾਂ ਤੋਂ ਦਸਵੀਂ ਕੀਤੀ ਤੇ ਤਿੰਨ ਕੁ ਸਾਲ ਢੁਡੀਕੇ (ਜਗਰਾਉਂ) ਦੇ ਇੱਕ ਕਾਲਜ ਵਿਚ ਲਾਏ। ਫਿਰ ਪੰਜਾਬ ’ਚ ਨੌਕਰੀ ਨਾ ਮਿਲਣ ਕਰਕੇ ਕਲਕੱਤੇ ਜਾ ਟਰਾਂਸਪੋਰਟ ਲਾਈਨ ’ਚ ਜੱਦੋ ਜਹਿਦ ਕੀਤੀ। ਅਚਾਨਕ ਜ਼ਿੰਦਗੀ ਵਿਚ ਆਏ ਮੋੜ ਨੇ ਉਸ ਨੂੰ ਇੰਡੀਅਨ ਏਅਰ ਲਾਈਨ ਜੁਆਇਨ ਕਰਾ ਦਿੱਤੀ ਤੇ ਅੰਤ ਨੂੰ ਇੰਗਲੈਂਡ ਹੁੰਦਾ ਹੋਇਆ ਹਰਦਿਆਲ ਸਿੰਘ ਚੀਮਾ 2001 ਵਿਚ ਅਮਰੀਕਾ ਪਹੁੰਚ ਗਿਆ।

ਜਿਵੇਂ ਕਿ ਉੱਪਰ ਜ਼ਿਕਰ ਹੋਇਆ ਕਿ ਹਰਦਿਆਲ ਸਿੰਘ ਦੀਆਂ ਹੁਣ ਤਕ 17 ਕਿਤਾਬਾਂ ਆਈਆਂ ਹਨ ਜਿਨ੍ਹਾਂ ’ਚ ਬਹੁਤੀਆਂ ਗੀਤਾਂ ਦੀਆਂ ਹਨ ਤੇ ਕੁਝ ਇਕ ਕਵਿਤਾਵਾਂ ਦੀਆਂ ਹਨ। ਇਨ੍ਹਾਂ ਕਿਤਾਬਾਂ ਦੇ ਨਾਂ ਹੀ ਇਨ੍ਹਾਂ ਅੰਦਰਲੇ ਵਿਸ਼ਾ ਵਸਤੂ ਵੱਲ ਲੋੜੀਂਦਾ ਸੰਕੇਤ ਕਰ ਜਾਂਦੇ ਹਨ। ਨਾਂ ਹਨ :- ‘ਚੱਲ ਕੇ ਚੁਬਾਰੇ ਵਿੱਚ’, ‘ਨੈਣਾਂ ਦੇ ਵਣਜਾਰੇ’, ‘ਵੱਡਿਆਂ ਦੇ ਵਿਆਹਵੀਂ ਨਾ’, ‘ਮਮਤਾ ਦੀ ਪਰਿਭਾਸ਼ਾ’, ‘ਰਬੜ ਦਾ ਬਾਵਾ’, ‘ਪੱਗ ਬੰਨ੍ਹ ਸੰਧੂਰੀ’, ‘ਭੰਗੜਾ ਪਾਉਣ ਪੰਜਾਬੀ’, ‘ਸੱਚ ਬੋਲਣ ਨੂੰ ਚਿੱਤ ਕਰਦਾ’, ‘ਮੱਸਾ ਰੰਘੜ ਬੋਲ ਪਿਆ’, ‘ਚਲੋ ਰੱਬ ਭਾਲੀਏ’, ‘ਹੰਭਲਾ ਮਾਰ ਕਿਸਾਨਾ’, ‘ਮਾਵਾਂ ਧੀਆਂ ਜਦ ਬਹਿੰਦੀਆਂ’, ‘ਬਾਲਾਂ ਵਿੱਚੋਂ ਰੱਬ’, ‘ਸੋਨੇ ਦਾ ਬਾਜ਼’, ‘ਸਿੱਖਾਂ ਦਾ ਰਾਜ’ ਆਦਿ।

ਹਰਦਿਆਲ ਸਿੰਘ ਚੀਮਾ ਨੇ ‘ਸੋਨੇ ਦਾ ਬਾਜ਼’ ਕਿਤਾਬ ਦੇ ਆਰੰਭ ’ਚ ਲਿਖਿਆ ਹੈ ਕਿ ‘‘ਮੈਨੂੰ ਮੇਰੀ ਸਰਲ ਤੇ ਸਾਦੀ ਸ਼ਬਦਾਵਲੀ ਉੱਤੇ ਮਾਣ ਹੈ। ਉਂਜ ਗੁੰਝਲਦਾਰ ਸ਼ਬਦਾਂ ਵਾਲੇ ਅਨੇਕਾਂ ਮੇਰੇ ਦੋਸਤ (ਲੇਖਕ) ਹਨ। ਚੀਮਾ ਦੀ ਇਸ ਗੱਲ ਬਾਰੇ ਜੇ ਮੈਂ ਆਪਣੀ ਗੱਲ ਪ੍ਰਿੰਸੀਪਲ ਤੇਜਾ ਸਿੰਘ ਦੇ ਹਵਾਲੇ ਨਾਲ ਕਰਾਂ ਤਾਂ ਉਨ੍ਹਾਂ ਬਿਲਕੁਲ ਸਹੀ ਕਿਹਾ ਹੈ ਕਿ ਜਿਹੜੇ ਲਿਖਾਰੀ ਔਖੀ ਸ਼ਬਦਾਵਲੀ ਵਿਚ ਲਿਖਦੇ ਹਨ ਉਹ ਆਪ ਤਾਂ ਸੌਖੇ ਰਹਿੰਦੇ ਹਨ ਪਰ ਪਾਠਕ ਨੂੰ ਔਖਾ ਕਰ ਦਿੰਦੇ ਹਨ ਪਰ ਜਿਹੜੇ ਸੌਖੀ ਸ਼ਬਦਾਵਲੀ ਵਿਚ ਲਿਖਦੇ ਹਨ, ਉਹ ਆਪ ਔਖੇ ਹੋ ਲੈਂਦੇ ਹਨ ਪਰ ਪਾਠਕ ਨੂੰ ਸੌਖਾ ਰੱਖਦੇ ਹਨ।’’ ਸੋ ਸਾਨੂੰ ਵੀ ਹਰਦਿਆਲ ਸਿੰਘ ਚੀਮਾ ਦੀ ਸਰਲ ਤੇ ਸਾਦੀ ਸ਼ਬਦਾਵਲੀ ਚੰਗੀ ਲਗਦੀ ਹੈ ਕਿਉਂਕਿ ਇਹੀ ਸ਼ਬਦਾਵਲੀ ਵਾਸਤਵ ਵਿਚ ਪਾਠਕਾਂ ਜਾਂ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਦੀ ਹੈ।

ਹਰਦਿਆਲ ਸਿੰਘ ਚੀਮਾ ਦੇ ਗੀਤਾਂ ਬਾਰੇ ਮਨਜੀਤ ਕੌਰ ਗਿੱਲ, ਸਾਧੂ ਸਿੰਘ ਝੱਜ, ਹਰਭਜਨ ਸਿੰਘ ਮਾਂਗਟ, ਇੰਦਰਜੀਤ ਸਿੰਘ ਬੱਲੋਵਾਲੀਆ, ਅਮਰਜੀਤ ਸਿੰਘ ਤਰਸਿੱਕਾ, ਬਲਿਹਾਰ ਸਿੰਘ ਲੇਹਲ ਆਦਿ ਪ੍ਰਬੁੱਧ ਲਿਖਾਰੀਆਂ ਨੇ ਆਪਣੇ ਪ੍ਰਸੰਸਾਮੂਲਕ ਵਿਚਾਰ ਬਾਖ਼ੂਬੀ ਵਿਅਕਤ ਕੀਤੇ ਹਨ।

ਹਰਦਿਆਲ ਸਿੰਘ ਚੀਮਾ ਨੇ ਗੀਤਾਂ ਦੇ ਨਾਲ-ਨਾਲ ਟੱਪੇ ਵੀ ਲਿਖੇ ਹਨ ਤੇ ਕਵਿਤਾਵਾਂ ਵੀ। ਇੱਕ ਗੀਤ ਦਾ ਮੁੱਖੜਾ ਤੇ ਕੁਝ ਟੱਪੇ ਵੀ ਇੱਥੇ ਆਪ ਦੀ ਨਜ਼ਰ ਹਨ। ‘ਮਾਵਾਂ ਧੀਆਂ ਜਦ ਬਹਿੰਦੀਆਂ’ ਪੁਸਤਕ ਵਿੱਚੋਂ ਇੱਕ ਗੀਤ ਦਾ ਮੁੱਖੜਾ:

ਪਿਓ ਦੀ ਮਾਂ ਨੂੰ ਬੇਬੇ ਆਖੋ ਤੇ ਬਾਪੂ ਨੂੰ ਬਾਬਾ
ਮਿਸਟਰ ਰੋਜ਼ ਨਾ ਕਹਿ ਦਿਓ ਜਿਹੜਾ ਨੰਬਰਦਾਰ ਗੁਲਾਬਾ
ਭੁੱਲ ਚੱਲੇ ਪੰਜਾਬੀ ਬੋਲੀ ਹੁਣ ਕੀ ਥੋਡਾ ਵਸਾਹ ਜੀ।
ਜਿਉਂਦੇ ਰਹਿਣ ਦਿਓ-ਰਹਿਣ ਦਿਓ- ਰਿਸ਼ਤਿਆਂ ਨੂੰ ਮੇਰੇ ਭਾਅ ਜੀ।

ਇਸੇ ਪੁਸਤਕ ’ਚੋਂ ਕੁਝ ਟੱਪੇ ਵੀ ਹਾਜ਼ਰ ਹਨ:

1. ਸਾਨੂੰ ਕਾਹਦਾ ਲਕੋ ਲੋਕੋ!
ਜਦ ਮਾਵਾਂ ਧੀਆਂ ਵਿਛੁੜ ਦੀਆਂ
ਪੈਣ ਕੰਧਾਂ ਵੀ ਰੋ ਲੋਕੋ।

2. ਇਸ ਗੱਲ ਦਾ ਕੀ ਪਰਦਾ!
ਬਾਪੂ ਵੇ ਤੇਰੀਆਂ ਝਿੜਕਾਂ ਨੂੰ
ਹੁਣ ਸੁਣਨ ਨੂੰ ਚਿੱਤ ਕਰਦਾ।

3. ਬੋਲੇ ਕੋਠੇ ਉੱਤੇ ਕਾਂ ਲੋਕੋ!
ਸੱਸ ਜਦੋਂ ਬੁੱਲ੍ਹ ਕੱਢਦੀ
ਚੇਤੇ ਆਉਂਦੀ ਐ ਮਾਂ ਲੋਕੋ।

ਹਰਦਿਆਲ ਸਿੰਘ ਚੀਮਾ ਨਾਲ ਸਾਡੀ ਅਕਸਰ ਵਿਚਾਰ ਚਰਚਾ ਹੁੰਦੀ ਰਹਿੰਦੀ ਹੈ। ਚੀਮਾ ਵੱਲੋਂ ਕੁਝ ਅੰਸ਼ ਇਥੇ ਪੇਸ਼ ਹਨ:

* ਸਕੂਲ ਵਿਚ ਪੜ੍ਹਦਿਆਂ ਹੀ ਮੈਨੂੰ ਗੀਤ ਸੁਣਨ ਦਾ ਸ਼ੌਕ ਸੀ। ਬੱਸ ਗੁਣਗੁਣਾਉਂਦਿਆਂ ਗੱਲਾਂ ਤੋਂ ਗੀਤ ਬਣ ਗਏ। ਕਈ ਕਿਤਾਬਾਂ ਵੀ ਲਿਖੀਆਂ ਤੇ ਕਈ ਗੀਤ ਰਿਕਾਰਡ ਵੀ ਹੋਏ। ਮੇਰੇ ਭਾਗ ਚੰਗੇ ਸਨ। ਗੀਤ ਲਿਖਣ ਲਈ ਸਮੇਂ ਦੀ ਪ੍ਰਸਿੱਧ ਗਾਇਕਾ ਨਰਿੰਦਰ ਬੀਬਾ ਜੀ, ਉਸਤਾਦ ਗਾਇਕ ਮੁਹੰਮਦ ਸਦੀਕ ਜੀ ਨੇ ਮੈਨੂੰ ਹੱਲਾਸ਼ੇਰੀ ਤੇ ਥਾਪੜਾ ਦਿੱਤਾ। ਦੂਸਰਾ ਸੰਯੋਗ ਪ੍ਰਿੰ: ਤਖਤ ਸਿੰਘ ਗ਼ਜ਼ਲਗੋ, ਕਾਲਜ ਪੜ੍ਹਦਿਆਂ ਪ੍ਰਿੰ: ਸੁਜਾਨ ਸਿੰਘ ਕਹਾਣੀਕਾਰ, ਪ੍ਰਿੰ: ਸਰਵਣ ਸਿੰਘ ਜੀ ਤੇ ਪ੍ਰੋ. ਜਗਜੀਤ ਸਿੰਘ ਗਰੇਵਾਲ (ਥਰੀਕੇ) ਦੀ ਸੰਗਤ ਕਰਨ ਦਾ ਤੇ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਜਸਵੰਤ ਸਿੰਘ ਕੰਵਲ ਦੇ ਤਾਂ ਕਾਲਜ ਸਮੇਂ ਤਕਰੀਬਨ ਰੋਜ ਹੀ ਦਰਸ਼ਨ ਕੀਤੇ। ਉਦੋਂ 1969 ਵਿਚ ਮੇਰੀ ਛਪੀ ਪਹਿਲੀ ਕਹਾਣੀ ‘ਕੰਵਾਰੀ ਧੀ’ ਨੂੰ ਪਾਠਕਾਂ ਵੱਲੋਂ ਚਿੱਠੀਆਂ ਰਾਹੀਂ ਕਾਫ਼ੀ ਸਲਾਹਿਆ ਗਿਆ ਸੀ।

* ਅਮਰੀਕਾ ਦੇ ਸ਼ਹਿਰ ਸਿਆਟਲ ਤੋਂ ਭਾਵ ਇੱਕ ਕਸਬਾ ਜਿਥੇ ਸਾਰੇ ਹੀ ਧਰਮਾਂ ਦੇ ਲੋਕ ਵੱਸਦੇ ਹਨ। ਪਰ ਏਥੇ ਬੋਇੰਗ ਦਾ ਪ੍ਰੋਡਕਟ, ਮਾਈਕਰੋਸੋਫਟ ਵਿਸ਼ਾਲ ਸਮੁੰਦਰੀ ਤੱਟ, ਕਈ ਏਅਰਪੋਰਟ, ਪਾਈਲਟਾਂ ਦੀ ਸਿਖਲਾਈ ਲਈ ਕਈ ਟ੍ਰੇਨਿੰਗ ਸਕੂਲ ਤੇ ਐਮੇਜੋਨ ਵਰਗੀਆਂ ਵੱਡੀਆਂ ਕੰਪਨੀਆਂ ਮੌਜੂਦ ਹਨ। ਏਸੇ ਕਰਕੇ ਇਸ ਵਾਸਿੰਗਟਨ ਸਟੇਟ ਨੂੰ ਵੀ ਐਵਰ ਗਰੀਨ ਸਟੇਟ ਮੰਨਿਆ ਜਾਂਦਾ ਹੈ। ਉੱਚੀਆਂ ਪਹਾੜੀਆਂ ਵਿਚ ਘਿਰਿਆ, ਵੱਡੇ ਉੱਚੇ ਰੁੱਖਾਂ ਦੀ ਛਾਂ ਅਤੇ ਸ਼ਹਿਰ ਦੁਆਲੇ ਸਮੁੰਦਰ ਦੀਆਂ ਪਾਣੀ ਦੀਆਂ ਛੱਲਾਂ ਕਰਕੇ ਵੀ ਇਸ ਸ਼ਹਿਰ ਨੂੰ ਗਰੇਟ ਸਿਆਟਲ ਦਾ ਰੁਤਬਾ ਦੇਣਾ ਮੁਨਾਸਬ ਹੈ।

* ਪ੍ਰਸਿੱਧ ਢਾਡੀਆਂ ਨੇ ਵੀ ਦਾਸ ਦੀਆਂ ਕਵਿਤਾਵਾਂ ਗਾ ਕੇ ਮਾਣ ਬਖਸ਼ਿਆ ਹੈ।

* ਮੇਰਾ ਜਨਮ ਤਾਂ ਭਾਵੇਂ ਸ਼ਹਿਰ ’ਚ ਹੋਇਆ ਪਰ ਮੈਂ ਆਪਣੇ ਵਡੇਰਿਆਂ ਦੇ ਨਗਰ ਵਹਿਣੀਵਾਲ ਦੀ ਮਿੱਟੀ ਵਿਚ ਖੇਡਿਆ, ਪਲ਼ਿਆ ਤੇ ਆਨੰਦ ਮਾਣਦਾ ਵੱਡਾ ਹੋਇਆ।

* ਢੁਡੀਕੇ ਕਾਲਜ ਪੜ੍ਹਦਿਆਂ ਮੇਰੀ ਲਿਖਤ ਦੀ ਸ਼ੁਰੂਆਤ ਕਹਾਣੀਆਂ ਤੋਂ ਹੀ ਹੋਈ। ਇੱਕ ਅਣਛਪਿਆ ਨਾਵਲ ‘ਡੇਰੇ ਸਾਧਾਂ ਦੇ’ ਵੀ ਲਿਖਿਆ। ਪਿੱਛੋਂ ਗੀਤਾਂ ਰਾਹੀਂ ਵੀ ਐਲਬਮ ‘ਲਹੂ ਦਾ ਰੰਗ ਲਾਲ ਕਿਉਂ?’ ਤੇ ‘ਗੁਰੂ ਘਰ ਜੰਗ ਦੇ ਮੈਦਾਨ ਕਿਉਂ?’ ਵਿਚ ਨਿਮਰਤਾ, ਪਿਆਰ, ਦਯਾ ਤੇ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੱਤਾ। ਐਲਬਮ ‘ਸਲਾਮੀਆਂ’ ਵਿਚ ਸਮਾਜਿਕ ਕਦਰਾਂ ਕੀਮਤਾਂ ਅਤੇ ਰਿਸ਼ਤਿਆਂ ਦੀ ਸਚਾਈ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੀ ਗਾਇਕ ਜੋੜੀ ਰਣਜੀਤ ਤੇਜੀ ਸਾਹਿਬ ਅਤੇ ਮਿਸ ਪੂਜਾ ਹਨ। ਹੁਣ ਮੇਰੀ ਕਹਾਣੀਆਂ ਦੀ ਕਿਤਾਬ ‘ਅਕਲ ਨੂੰ ਸਜ਼ਾ’ ਵੀ ਜਲਦੀ ਛਪ ਰਹੀ ਹੈ। ਬੱਚਿਆਂ ਲਈ ਵੀ ਕਹਾਣੀਆਂ ਦੀ ਪੁਸਤਕ ਲਿਖ ਰਿਹਾ ਹਾਂ।

* ਸਿਆਟਲ ਵਿਚ ਰਹਿੰਦਿਆਂ 2001 ਤੋਂ ‘ਪੰਜਾਬੀ ਸਾਹਿਤ ਸਭਾ ਸਿਆਟਲ’ ਦਾ ਮੈਂਬਰ, ਪੰਜਾਬੀ ਕਲਚਰਲ ਸੋਸਾਇਟੀ ਸਿਆਟਲ ਦਾ ਮੈਂਬਰ ਅਤੇ ਅੱਜਕੱਲ੍ਹ ਪੰਜਾਬੀ ਲਿਖਾਰੀ ਸਭਾ ਸਿਆਟਲ ਦਾ ਮੈਂਬਰ ਹਾਂ। ਦੋਸਤਾਂ-ਮਿੱਤਰਾਂ ਸਹਿਯੋਗੀ ਲੇਖਕਾਂ ਦੇ ਪਿਆਰ-ਮਾਣ ਸਦਕਾ ਪ੍ਰਧਾਨਗੀਆਂ ਵੀ ਕਰ ਚੁੱਕਿਆ ਹਾਂ।

* ਲੋਕਾਂ ਵਿਚ ਪੁਸਤਕਾਂ ਪੜ੍ਹਨ ਦਾ ਰੁਝਾਨ ਤੇ ਪੁਸਤਕਾਂ ਘਰਾਂ ਵਿਚ ਰੱਖਣ ਦਾ ਰੁਝਾਨ ਘੱਟ ਰਿਹਾ ਹੈ। ਚਾਹੀਦਾ ਤਾਂ ਇਹ ਸੀ ਕਿ ਪੰਜਾਬ ਦੇ ਹਰ ਪਿੰਡ ਹਰ ਘਰ ਵਿਚ ਲਾਇਬ੍ਰੇਰੀ ਹੋਵੇ। ਮੈਨੂੰ ਆਪਣੀਆਂ ਪੁਸਤਕਾਂ ਲਾਇਬ੍ਰੇਰੀਆਂ ਵਿਚ ਪਹੁੰਚਾਉਣ ਲਈ ਸ਼ਹਿਰਾਂ ਦੀਆਂ ਵੱਡੀਆਂ ਲਾਇਬ੍ਰੇਰੀਆਂ ਵਿਚ ਜਾਣਾ ਪਿਆ ਪਰ ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਓਥੇ ਡਿਊਟੀ ਨਿਭਾਉਂਦੇ ਕਰਮਚਾਰੀਆਂ ਦੀ ਲਾਪਰਵਾਹੀ ਨਾਲ ਅਲਮਾਰੀਆਂ ਵਿਚ ਮਿੱਟੀ ਘੱਟੇ ਨਾਲ ਲੱਦੀਆਂ, ਉੱਘੜ ਦੁੱਘੜ ਪਈਆਂ ਕਿਤਾਬਾਂ ਤਕ ਕੇ ਮੇਰਾ, ਮੇਰੀਆਂ ਕਿਤਾਬਾਂ ਉੱਥੇ ਰੱਖਣ ਨੂੰ ਚਿੱਤ ਹੀ ਨਹੀਂ ਕੀਤਾ।

* ਮੈਂ ਆਲੋਚਕਾਂ ਤੇ ਆਲੋਚਨਾ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ।

* ਬਾਪੂ ਜੀ ਦੀ ਮੌਤ ਤੋਂ ਦੋ ਦਿਨ ਪਹਿਲਾਂ ਕਹੇ ਇਹ ਸ਼ਬਦ ਕਿ ‘‘ਪੁੱਤਰ ਦਿਆਲੇ ਲਗਦਾ ਹੈ ਹੁਣ ਆਪਾਂ ਨਹੀਂ ਮਿਲਣਾ। ਚਲੋ ਰੱਬ ਦੀ ਮਰਜ਼ੀ। ਕੋਈ ਗੱਲ ਨਹੀਂ। ਮੈਂ ਚਾਹੁੰਦਾ ਹਾਂ ਅਗਰ ਮੈਨੂੰ ਮੁੜ ਬੰਦੇ ਦੀ ਜੂਨ ਮਿਲੇ ਤਾਂ ਫਿਰ ਤੂੰ ਮੇਰਾ ਪੁੱਤਰ ਹੋਵੇਂ ਤੇ ਮੈਂ ਤੇਰਾ ਪਿਤਾ।’’ ਮੇਰੇ ਬਾਪੂ ਜੀ ਦੇ ਇਹ ਸ਼ਬਦ ਮੇਰੇ ਲਈ ਪਦਮਸ਼੍ਰੀ ਜਾਂ ਨੋਬਲ ਪੁਰਸਕਾਰ ਨਾਲੋਂ ਘੱਟ ਨਹੀਂ ਹਨ।

ਨਿਰਸੰਦੇਹ ਹਰਦਿਆਲ ਸਿੰਘ ਚੀਮਾ ਦੀਆਂ ਸਾਰੀਆਂ ਗੱਲਾਂ ਵੱਡੇ ਅਰਥ ਰੱਖਦੀਆਂ ਹਨ। ਰੱਬ ਕਰੇ ਉਸ ਦੀ ਸਿਰਜਣਾਤਮਕ ਸਮਰੱਥਾ ਇੰਜ ਹੀ ਕਾਇਮ ਰਹੇ ਤੇ ਉਹ ਸੁਹਿਰਦਤਾ ਨਾਲ ਪੰਜਾਬੀ ਗੀਤਕਾਰੀ/ਸਾਹਿਤਕਾਰੀ ਵਿਚ ਹੋਰ ਵੀ ਮੱਲਾਂ ਮਾਰਦਾ ਰਹੇ ਤੇ ਪਾਠਕਾਂ/ਸਰੋਤਿਆਂ ਦੇ ਮਾਣ ਦਾ ਪਾਤਰ ਬਣਦਾ ਰਹੇ।
***
244
***

 ਹਰਮੀਤ ਸਿੰਘ ਅਟਵਾਲ
98155-05287/td>

ਹਰਮੀਤ ਸਿੰਘ ਅਟਵਾਲ