17 September 2024

ਡਾ.ਮੇਘਾ ਸਿੰਘ ਦੀ ‘ਸਮਕਾਲੀ ਦ੍ਰਿਸ਼ਟੀਕੋਣ-2012’ ਪੁਸਤਕ ਲੋਕਾਈ ਦੇ ਦਰਦ ਦੀ ਚੀਸ—-ਉਜਾਗਰ ਸਿੰਘ

ਡਾ. ਮੇਘਾ ਸਿੰਘ ਸਮਰੱਥ ਵਾਰਤਕਕਾਰ ਹਨ। ਉਨ੍ਹਾਂ ਨੇ ਹੁਣ ਤੱਕ ਲਗਪਗ ਇਕ ਦਰਜਨ ਪੁਸਤਕਾਂ ਪੰਜਾਬੀ ਬੋਲੀ ਦੀ ਝੋਲੀ ਵਿਚ ਪਾਈਆਂ ਹਨ। ਉਹ ਬਹੁਪੱਖੀ, ਬਹੁਰੰਗੀ ਅਤੇ ਵਿਲੱਖਣ ਸ਼ਖ਼ਸੀਅਤ ਦੇ ਮਾਲਕ ਹਨ। ਘੱਟ ਬੋਲਣ ਪ੍ਰੰਤੂ ਵੱਧ ਅਤੇ ਸਾਰਥਿਕ ਲਿਖਣ ਵਾਲੇ ਸਾਹਿਤਕਾਰ ਹਨ। ਕਹਿਣੀ ‘ਤੇ ਕਰਨੀ ਦੇ ਮਾਲਕ ਹਨ। ਸਮਾਜਿਕ ਤਾਣੇ ਬਾਣੇ ਵਿੱਚ ਵਿਚਰਦਿਆਂ ਜੋ ਕੁਝ ਉਹ ਵੇਖਦੇ ਅਤੇ ਅਨੁਭਵ ਕਰਦੇ ਰਹੇ ਹਨ, ਉਹੀ ਲਿਖਦੇ ਰਹੇ ਹਨ।

ਉਨ੍ਹਾਂ ਨੇ ਜੀਵਨ ਦੇ ਸਾਰੇ ਰੰਗ ਵੇਖੇ ਹਨ। ਉਨ੍ਹਾਂ ਦਾ ਜੀਵਨ ਵੀ ਜਦੋਜਹਿਦ ਅਤੇ ਸੰਘਰਸ਼ਸ਼ੀਲ ਰਿਹਾ ਹੈ। ਯੂਨੀਅਨ ਵਿੱਚ ਕੰਮ ਕੀਤਾ, ਅਧਿਆਪਕ ਰਹੇ ਫਿਰ ਲੋਕ ਸੰਪਰਕ ਅਧਿਕਾਰੀ ਅਤੇ ਅਖ਼ੀਰ ਵਿੱਚ ਪੰਜਾਬੀ ਟ੍ਰਿਬਿਊਨ ਦੇ ਸਹਾਇਕ ਸੰਪਾਦਕ ਰਹੇ। ਇਨ੍ਹਾਂ ਥਾਵਾਂ ‘ਤੇ ਵਿਚਰਦਿਆਂ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨਾਲ ਵਾਹ ਹੀ ਨਹੀਂ ਪਿਆ ਸਗੋਂ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿੱਚ ਸਹਾਈ ਬਣਦੇ ਰਹੇ। ਇਸ ਕਰਕੇ ਉਨ੍ਹਾਂ ਦਾ ਤਜ਼ਰਬਾ ਵੀ ਵਿਸ਼ਾਲ ਹੈ। ਇਸ ਵਿਸ਼ਾਲ ਤਜ਼ਰਬੇ ਕਰਕੇ ਹੀ ਉਨ੍ਹਾਂ ਵੱਲੋਂ ਪੰਜਾਬੀ ਟ੍ਰਿਬਿਊਨ ਦੇ ਸਹਾਇਕ ਸੰਪਾਦਕ ਹੁੰਦਿਆਂ ਬਿਹਤਰੀਨ ਸੰਪਾਦਕੀ ਲਿਖੇ ਗਏ ਹਨ। ਸੰਪਾਦਕੀ ਲਿਖਣਾ ਕੋਈ ਸੌਖਾ ਕੰਮ ਨਹੀਂ ਹੁੰਦਾ। ਉਨ੍ਹਾਂ ਨੇ ਇਨ੍ਹਾਂ 6 ਸਾਲਾਂ ਵਿੱਚ ਜਿਤਨੇ ਸੰਪਾਦਕੀ ਲਿਖੇ ਹਨ, ਉਨ੍ਹਾਂ ਸਾਰਿਆਂ ਨੂੰ ਪੁਸਤਕਾਂ ਦਾ ਰੂਪ ਦੇ ਕੇ ਇਤਿਹਾਸ ਦਾ ਹਿੱਸਾ ਬਣਾ ਦਿੱਤਾ ਹੈ।

ਉਨ੍ਹਾਂ ਦੀ ਪੁਸਤਕ ‘ਸਮਕਾਲੀ ਦ੍ਰਿਸ਼ਟੀਕੋਣ-2012’, ਉਨ੍ਹਾਂ ਵੱਲੋਂ ਵੱਖ-ਵੱਖ ਵਿਸ਼ਿਆਂ ‘ਤੇ ਲਿਖੇ ਗਏ 275 ਲੇਖ ਹਨ। ਇਹ ਸੰਪਾਦਕੀ ਆਮ ਨਹੀਂ ਹਨ। ਇਨ੍ਹਾਂ ਦੇ ਵਿਸ਼ੇ ਅੰਤਰਰਾਸ਼ਟਰੀ, ਰਾਸ਼ਟਰੀ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸੰਵੇਦਨਸ਼ੀਲ ਘਟਨਾਵਾਂ ਨਾਲ ਸੰਬੰਧਤ ਹਨ। ਇਨ੍ਹਾਂ ਸੰਪਾਦਕੀਅਾਂ ਨੂੰ ਲਿਖਣ ਲਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੀ ਜਾਣਕਾਰੀ ਹੋਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਦੇ ਸੰਪਾਦਕੀ ਲੇਖ ਦਲੇਰਾਨਾ ਅਤੇ ਬੇਬਾਕੀ ਨਾਲ ਲਿਖੇ ਹੋਏ ਹਨ।

ਡਾ.ਮੇਘਾ ਸਿੰਘ ਚਿੰਤਨਸ਼ੀਲ, ਚੇਤੰਨ ਅਤੇ ਨਿਰਪੱਖ ਵਿਦਵਾਨ ਹਨ, ਜਿਸ ਕਰਕੇ ਉਨ੍ਹਾਂ ਦੇ ਸੰਪਾਦਕੀ ਪੱਖਪਾਤ ਤੋਂ ਬਿਨਾ ਲੋਕਾਈ ਦੇ ਹਿੱਤਾਂ ਤੇ ਪਹਿਰਾ ਦੇਣ ਵਾਲੇ ਹਨ। ਉਹ ਕਾਨੂੰਨਦਾਨ ਵੀ ਹਨ, ਜਿਸ ਕਰਕੇ ਉਨ੍ਹਾਂ ਨੂੰ ਇਨ੍ਹਾਂ ਸੰਪਾਦਕੀਆਂ ਲਿਖਣ ਸਮੇਂ ਕਾਨੂੰਨੀ ਪੱਖ ਦੀ ਪੂਰੀ ਜਾਣਕਾਰੀ ਸੀ। ਭੱਖਦੇ ਮਸਲੇ ਅਸਲ ਵਿੱਚ ਲੋਕਾਈ ਦੇ ਹਿਤਾਂ ਨਾਲ ਜੁੜੇ ਹੋਏ ਹੁੰਦੇ ਹਨ। ਡਾ. ਮੇਘਾ ਸਿੰਘ ਖੁਦ ਸੰਘਰਸ਼ਸ਼ੀਲ ਹੋਣ ਕਰਕੇ ਇਨ੍ਹਾਂ ਮਸਲਿਆਂ ਦੇ ਹਰ ਪੱਖ ਦੀ ਜਾਣਕਾਰੀ ਰੱਖਦੇ ਹਨ। ਇਹ ਸੰਪਾਦਕੀਆਂ ਲਿਖਣ ਸਮੇਂ ਉਨ੍ਹਾਂ ਨੂੰ ਅਜਿਹੀ ਕੋਈ ਮੁਸ਼ਕਲ ਨਹੀਂ ਆਉਂਦੀ ਰਹੀ, ਜਿਸ ਨਾਲ ਸੰਪਾਦਕੀ ਲਿਖਣ ਵਿੱਚ ਕੋਈ ਨੁਕਤਾ ਰੁਕਾਵਟ ਬਣ ਸਕੇ। ਉਨ੍ਹਾਂ ਨੇ ਮਹਿੰਗਾਈ, ਨਸ਼ੇ, ਹਰ ਤਰ੍ਹਾਂ ਦੇ ਮਾਫ਼ੀਏ, ਸਿਹਤ, ਸਿਖਿਆ ਅਤੇ ਕਿਸਾਨੀ ਮਸਲਿਆਂ ਬਾਰੇ ਬਾਕਮਾਲ ਸੰਪਾਦਕੀਆਂ ਲਿਖੀਆਂ ਹਨ। ਇੱਕ ਲੇਖ ਵਿੱਚ 275 ਸੰਪਾਦਕੀਆਂ ਦੀ ਪੜਚੋਲ ਕਰਨੀ ਅਸੰਭਵ ਹੈ ਪ੍ਰੰਤੂ ਫਿਰ ਵੀ ਮਹੱਤਵਪੂਰਨ ਸੰਪਾਦਕੀਆਂ ਬਾਰੇ ਲਿਖਣ ਦੀ ਕੋਸ਼ਿਸ਼ ਕਰਾਂਗਾ।

ਪਹਿਲੀ ਹੀ ਸੰਪਾਦਕੀ ਤਤਕਾਲੀ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੀ ਕਾਰਗੁਜ਼ਾਰੀ ਬਾਰੇ ‘ਇਮਾਨਦਾਰ ਤੇ ਸਮਰੱਥ ਸਰਕਾਰ ਪ੍ਰਧਾਨ ਮੰਤਰੀ ਦਾ ਅਹਿਦ’ ਹੈ। ਇਸ ਵਿੱਚ ਡਾ.ਮਨਮੋਹਨ ਸਿੰਘ ਦੀ ਕਾਰਗੁਜ਼ਾਰੀ ਅਤੇ ਖਾਮੀਆਂ ਬਾਰੇ ਸਮਤੁਲ ਲਿਖਿਆ ਹੈ। ਅੰਤਰਰਾਸ਼ਟਰੀ ਮਸਲਿਆਂ ਤੇ ਲਿਖਣਾ ਕਾਫੀ ਮੁਸ਼ਕਲ ਹੁੰਦਾ ਹੈ ਕਿਉਂਕਿ ਲੇਖਕ ਨੂੰ ਅੰਤਰਰਾਸ਼ਟਰੀ ਪੱਧਰ ਦਾ ਗਿਆਨ ਹੋਣਾ ਜ਼ਰੂਰੀ ਹੁੰਦਾ ਹੈ। ਡਾ. ਮੇਘਾ ਸਿੰਘ ਨੇ ਬਾਖ਼ੂਬੀ ਪਾਕਿਸਤਾਨ, ਚੀਨ, ਇਜਰਈਲ, ਅਮਰੀਕਾ, ਅਫ਼ਗਾਨਿਸਤਾਨ-ਤਾਲਿਬਾਨ, ਮਿਸਰ, ਯੂਨਾਨ, ਸੀਰੀਆ ਅਤੇ ਬਰਤਾਨੀਆਂ ਦੇ ਭੱਖਦੇ ਮਸਲਿਆਂ ਬਾਰੇ ਸੁਚੱਜੇ ਢੰਗ ਨਾਲ ਲਿਖਕੇ ਆਪਣੀ ਕਾਬਲੀਅਤ ਦਾ ਸਿੱਕਾ ਜਮਾ ਦਿੱਤਾ ਹੈ। ਰਾਸ਼ਟਰੀ ਮਸਲਿਆਂ, ਜਿਨ੍ਹਾਂ ਵਿੱਚ ਪੱਛਵੀਂ ਬੰਗਾਲ, ਦਿੱਲੀ, ਡੀਜ਼ਲ-ਪੈਟਰੌਲ ਦੀਆਂ ਵਧਦੀਆਂ ਕੀਮਤਾਂ, ਜੰਮੂ ਕਸ਼ਮੀਰ ਵਰਗੇ ਸੰਜੀਦਾ ਮਸਲਿਆਂ ਤੇ ਵੀ ਵਧੀਆ ਢੰਗ ਨਾਲ ਲਿਖਕੇ ਵਧੀਆ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਤੋਂ ਇਲਾਵਾ ਪੰਜਾਬ ਦੀਆਂ ਘਟਨਾਵਾਂ ਨੂੰ ਪਹਿਲ ਦੇ ਆਧਾਰ ‘ਤੇ ਲੈ ਕੇ ਲਿਖਿਆ ਹੈ।

ਪੁਲਿਸ ਦੀਆਂ ਵਧੀਕੀਆਂ ਅਤੇ ਨਸ਼ੇ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਏ ਹਨ। ਕੈਂਸਰ ਵਰਗੀਆਂ ਲਾ ਇਲਾਜ ਬਿਮਾਰੀਆਂ ਵਧੇਰੇ ਕੀਟਨਾਸ਼ਕਾਂ ਦੀ ਵਰਤੋਂ ਦੇ ਸਿੱਟੇ ਵਜੋਂ ਸਾਹਮਣੇ ਆ ਰਹੀਆਂ ਹਨ। ਪੰਜਾਬੀਆਂ ਦੇ ਖਾਣ ਪੀਣ ਦੇ ਢੰਗ ਵੀ ਕਾਰਨ ਬਣਦੇ ਹਨ। ਹਵਾ ਅਤੇ ਪਾਣੀ ਨਾਲ ਫੈਲਦਾ ਪ੍ਰਦੂਸ਼ਣ ਵੀ ਇਕ ਹੋਰ ਮਹੱਤਵਪੂਰਨ ਕਾਰਨ ਹੈ, ਜਿਹੜਾ ਬਿਮਾਰੀਆਂ ਵਿੱਚ ਵਾਧਾ ਕਰ ਰਿਹਾ ਹੈ। ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਡਾ.ਮੇਘਾ ਸਿੰਘ ਨੇ ਘੋਖਵੀਂ ਅਤੇ ਆਲੋਚਨਾਤਮਕ ਸ਼ੈਲੀ ਵਿੱਚ ਆਪਣਾ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ। ਕਿਸਾਨੀ ਸਮੱਸਿਆਵਾਂ ਨੂੰ ਵੀ ਬੜੇ ਵਧੀਆ ਢੰਗ ਨਾਲ ਲਿਖਕੇ ਸਾਹਮਣੇ ਲਿਆਂਦਾ ਹੈ। ਫਿਰਕੂ ਹਿੰਸਾ ਵੀ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਕਹਿਣ ਤੋਂ ਭਾਵ ਡਾ.ਮੇਘਾ ਸਿੰਘ ਨੇ ਕੋਈ ਵਿਸ਼ਾ ਅਜਿਹਾ ਹੈ ਹੀ ਨਹੀਂ ਜਿਸਨੂੰ ਆਪਣੇ ਸੰਪਾਦਕੀਆਂ ਵਿੱਚ ਨਾ ਲਿਆ ਹੋਵੇ। ਭੱਖਦੇ ਮਸਲੇ ਕਦੀ ਵੀ ਸੰਪਾਦਕੀਆਂ ਵਿੱਚ ਅਣਡਿਠ ਨਹੀਂ ਕੀਤੇ ਜਾ ਸਕਦੇ। ਵਿਲੱਖਣ ਗੱਲ ਇਹ ਹੈ ਕਿ ਡਾ.ਮੇਘਾ ਸਿੰਘ ਬੇਬਾਕੀ ਅਤੇ ਦਲੇਰੀ ਨਾਲ ਬਿਨਾ ਕਿਸੇ ਡਰ ਅਤੇ ਭੈਅ ਤੋਂ ਲਿਖਦੇ ਹਨ। ਬੱਚਿਆਂ ਵਿੱਚ ਕੁਪੋਸ਼ਣ ਵਰਗੀ ਲਾਹਣਤ ਬਾਰੇ ਵੀ ਸੰਜੀਦਗੀ ਨਾਲ ਲਿਖਿਆ ਹੈ ਅਤੇ ਸਮਾਜ ਤੇ ਸਰਕਾਰ ਨੂੰ ਇਸ ਸਮੱਸਿਆ ਵਲ ਵਿਸ਼ੇਸ਼ ਧਿਆਨ ਦੇਣ ਦੀ ਤਾਕੀਦ ਕੀਤੀ ਹੈ। ਇਸਤਰੀਆਂ ਦੇ ਮਸਲਿਆਂ ਬਾਰੇ ਲੇਖਕ ਨੇ ਕਠੋਰ ਸ਼ਬਦਾਂ ਵਿੱਚ ਚੇਤਾਵਨੀ ਦੀ ਤਰ੍ਹਾ ਸੰਪਾਦਕੀ ਲਿਖੇ ਹਨ ਜਿਵੇਂ ਅਣਖ ਖਾਤਰ ਕਤਲ, ਜਣੇਪਾ ਭੱਤੇ ਦੀ ਅਦਾਇਗੀ ਦਾ ਸੰਕਟ, ਲਿੰਗ ਨਿਰਧਾਰਣ ਟੈਸਟ, ਬਾਲੜੀ ਦਿਵਸ ਦਾ ਸੁਨੇਹਾ, ਔਰਤਾਂ ਦੀ ਸੁਰੱਖਿਆ ਦਾ ਸਵਾਲ, ਸ਼ਰੁਤੀ ਅਗਵਾ ਕਾਂਡ, ਔਰਤਾਂ ਖਿਲਾਫ਼ ਵੱਧ ਰਹੇ ਜ਼ੁਰਮ ਅਤੇ ਦਿੱਲੀ ਬਲਾਤਕਾਰ ਕਾਂਡ ਦੀ ਜਾਂਚ ਆਦਿ ਸੰਪਾਦਕੀ ਮਾਨਵਤਾ ਦੇ ਮਨਾਂ ਨੂੰ ਝੰਜੋੜਦੀਆਂ ਹਨ, ਜਿਹੜੀਆਂ ਸਰਕਾਰਾਂ ਦੀ ਅਣਗਹਿਲੀ ਦਾ ਨਤੀਜਾ ਗਰਦਾਨੀਆਂ ਗਈਆਂ ਹਨ।

ਕਿਸਾਨਾਂ ਨਾਲ ਸੰਬੰਧਤ ਸਬਸਿਡੀਆਂ ਦਾ ਮੁੱਦਾ, ਕਣਕ ਦੇ ਸਮਰਥਨ ਭਾਅ ਵਿੱਚ ਵਾਧਾ, ਭੋਂ ਪ੍ਰਾਪਤੀ ਬਿਲ ਨੂੰ ਪ੍ਰਵਾਨਗੀ, ਨਕਦ ਭੁਗਤਾਨ ਸਕੀਮ ‘ਤੇ ਰੋਕ, ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਦਾ ਮੁੱਦਾ, ਖਾਦ ਸਬਸਿਡੀ ਦਾ ਮੁੱਦਾ, ਖੇਤੀ ਵਿੱਚ ਵਿਭਿੰਨਤਾ ਦਾ ਵੇਲਾ, ਅਨਾਜ ਘੁਟਾਲੇ ਬੇਪਰਦ, ਕੇਂਦਰ ਵੱਲੋਂ ਸੋਕਾ ਰਾਹਤ, ਡੀਜ਼ਲ ਕੀਮਤਾਂ ਕੰਟਰੋਲ ਮੁਕਤ ਕਰਨ ਦੇ ਸੰਕੇਤ ਅਤੇ ਕਿਸਾਨੀ ਜਿਨਸਾਂ ਦੀ ਅਦਾਇਗੀ ਦਾ ਸਵਾਲ ਆਦਿ ਸੰਪਾਦਕੀਆਂ ਵਿੱਚ ਮਹੱਤਵਪੂਰਨ ਨੁਕਤੇ ਉਠਾਏ ਗਏ ਹਨ। ਨੌਜਵਾਨਾਂ ਨਾਲ ਹੋ ਰਹੀਆਂ ਜ਼ਿਆਦਤੀਆਂ, ਬੇਰੋਜ਼ਗਾਰੀ ਅਤੇ ਸਿਖਿਆ ਬਾਰੇ ਬੇਰੋਜ਼ਗਾਰਾਂ ਤੇ ਲਾਠੀਚਾਰਜ, ਪ੍ਰਾਇਮਰੀ ਸਕੂਲਾਂ ਦਾ ਭਵਿਖ, ਤਕਨੀਕੀ ਸਿਖਿਆ ਦਾ ਡਿਗ ਰਿਹਾ ਮਿਆਰ, ਸਕੂਲਾਂ ਵਿੱਚ ਪਾਖਾਨਿਆਂ ਦੀ ਘਾਟ, ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ, ਸਰਕਾਰੀ ਸਿਖਿਆ ਸੰਸਥਾਵਾਂ ਦੀ ਅਣਦੇਖੀ, ਸਿਖਿਆ ਗ੍ਰਹਿਣ ਟੈਸਟ ਦੀ ਤਜ਼ਵੀਜ, ਅਧਿਆਪਕਾਂ ਤੋਂ ਸੱਖਣੇ ਸਕੂਲ, ਸਿਖਿਆ ਦਾ ਅਧਿਕਾਰ ਕਾਨੂੰਨ, ਸਭਨਾ ਲਈ ਮਿਆਰੀ ਅਤੇ ਸਸਤੀ ਸਿਖਿਆ ਅਤੇ ਸਿਖਿਆ ਲਈ ਨਿਗਰਾਨ ਆਦਿ ਵਿਸ਼ੇਸ਼ ਤੌਰ ਤੇ ਸੰਪਾਦਕੀਆਂ ਲਿਖਕੇ ਸਰਕਾਰਾਂ ਨੂੰ ਫਿਟਕਾਰਾਂ ਪਾਈਆਂ ਗਈਆਂ ਹਨ। ਡਾ. ਮੇਘਾ ਸਿੰਘ ਨੇ ਇਹ ਸੰਪਾਦਕੀਆਂ ਬੜੀ ਸਰਲ ਅਤੇ ਆਮ ਲੋਕਾਂ ਦੀ ਸਮਝ ਆਉਣ ਵਾਲੀ ਲੋਕ ਬੋਲੀ ਵਿੱਚ ਲਿਖੀਆਂ ਹਨ ਤਾਂ ਜੋ ਪਾਠਕਾਂ ਨੂੰ ਡਿਕਸ਼ਨਰੀ ਵੇਖ ਕੇ ਸੰਪਾਦਕੀ ਸਮਝਣੀ ਨਾ ਪਵੇ। ਭਾਸ਼ਾਈ ਗੁਣ ਦੇ ਪੱਖੋਂ ਵੀ ਸ਼ਬਦਾਵਲੀ ਢੁਕਵੀਂ ਹੈ। ਲੇਖ ਵਿੱਚ ਲਗਾਤਾਰਤਾ ਵੀ ਬਣੀ ਰਹਿੰਦੀ ਹੈ। ਪਾਠਕ ਦਾ ਉਤਸ਼ਾਹ ਵੀ ਬਰਕਰਾਰ ਰਹਿੰਦਾ ਹੈ ਕਿ ਅੰਗੋਂ ਸਿੱਟਾ ਕੀ ਕੱਢਿਆ ਗਿਆ ਹੈ। ਹਰ ਰੋਜ਼ ਸੰਪਾਦਕੀ ਲਿਖਣਾ ਵੀ ਕਾਫੀ ਮੁਸ਼ਕਲ ਹੁੰਦਾ ਹੈ ਕਿਉਂਕਿ ਸ਼ਬਦਾਂ ਅਤੇ ਮੁਹਾਵਰਿਆਂ ਦਾ ਦੁਹਰਾਓ ਹੋ ਸਕਦਾ ਹੈ। ਡਾ. ਮੇਘਾ ਸਿੰਘ ਇਸ ਪੱਖੋਂ ਵੀ ਸੁਚੇਤ ਰਹੇ ਹਨ। ਪੱਤਰਕਾਰੀ ਦੇ ਵਿਦਿਆਰਥੀਆਂ ਲਈ ਇਹ ਪੁਸਤਕ ਬਹੁਤ ਹੀ ਸਾਰਾਂਂਗਤ ਸਾਬਤ ਹੋਵੇਗੀ। ਡਾ. ਮੇਘਾ ਸਿੰਘ ਦੀਆਂ ਸੰਪਾਦਕੀਆਂ ਵਿੱਚੋਂ ਉਨ੍ਹਾਂ ਦੇ ਸੁਭਾਅ ਮੁਤਾਬਕ ਸੰਜੀਦਗੀ ਦਾ ਪ੍ਰਗਟਾਵਾ ਹੁੰਦਾ ਹੈ।
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com
***
952
***

ੳੁਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ