10 October 2024
ਉਜਾਗਰ ਸਿੰਘ

ਦੋ ਪੁਸਤਕਾਂ: 1. ਦਲੀਪ ਸਿੰਘ ਵਸਨ ਦੀ ਜੀਵਨ ਇਕ ਸਚਾਈ ਅਤੇ 2. ਸੁਭਾਸ਼ ਸ਼ਰਮਾ ਨੂਰ ਦਾ ਕਾਵਿ ਸੰਗ੍ਰਹਿ ‘ਕਿਤਾਬ-ਏ-ਜ਼ਿੰਦਗੀ’ —ਉਜਾਗਰ ਸਿੰਘ

ਦਲੀਪ ਸਿੰਘ ਵਾਸਨ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਗੂੜ੍ਹ ਗਿਆਨ ਰੱਖਣ ਵਾਲਾ ਬਹੁਪੱਖੀ, ਬਹੁਮੰਤਵੀ ਅਤੇ ਸਰਬਕਲਾ ਸੰਪੂਰਨ ਵਿਦਵਾਨ ਇਨਸਾਨ ਹੈ। ਉਨ੍ਹਾਂ ਦੀਆਂ ਰਚਨਾਵਾਂ ਸੱਚਾਈ ਅਤੇ ਸਾਰਥਿਕਤਾ ਦਾ ਪ੍ਰਮਾਣ ਹਨ। ਉਹ ਜਿਹੋ ਜਹੇ ਬਾਹਰੋਂ ਹਨ, ਉਹੋ ਜਹੇ ਹੀ ਅੰਦਰੋਂ ਹਨ। ਕੋਈ ਮੁਲੰਮਾ ਨਹੀਂ। ਸਾਦਾ ਅਤੇ ਸਰਲ ਜੀਵਨ ਬਤੀਤ ਕਰਦੇ ਹਨ। ਕਹਿਣੀ ਤੇ ਕਰਨੀ ਵਿਚ ਕੋਈ ਅੰਤਰ ਨਹੀਂ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਉਹ ਜਿਤਨੇ ਵੱਡੇ ਇਨਸਾਨ ਅਤੇ ਵਿਦਵਾਨ ਹਨ, ਉਤਨੀ ਹੀ ਸਰਲ ਭਾਸ਼ਾ ਅਤੇ ਸ਼ੈਲੀ ਵਿਚ ਜੀਵਨ ਦੀ ਵਿਚਾਰਧਾਰਾ ਨੂੰ ਅਜਿਹੇ ਢੰਗ ਨਾਲ ਲਿਖਦੇ ਹਨ ਕਿ ਉਨ੍ਹਾਂ ਦੇ ਹਰ ਸ਼ਬਦ ਨੂੰ ਪਾਠਕ ਪੱਲੇ ਬੰਨ੍ਹਣ ਦਾ ਪ੍ਰਣ ਕਰ ਲੈਂਦਾ ਹੈ। ਵੈਸੇ ਤਾਂ ਉਨ੍ਹਾਂ ਨੇ ਪੰਜਾਬੀ ਅਤੇ ਅੰਗਰੇਜ਼ੀ ਵਿਚ 50 ਤੋਂ ਵੱਧ ਪੁਸਤਕਾਂ ਲਿਖੀਆਂ ਪ੍ਰੰਤੂ ਅੱਜ ਮੈਂ ਉਨ੍ਹਾਂ ਦੀ ਲੇਖਾਂ ਦੀ ਪੁਸਤਕ ‘ਜੀਵਨ ਇਕ ਸੱਚਾਈ’ ਬਾਰੇ ਪਾਠਕਾਂ ਨੂੰ ਜਾਣਕਾਰੀ ਦੇਵਾਂਗਾ।

ਇਸ ਪੁਸਤਕ ਵਿਚ ਛੋਟ-ਛੋਟੇ 55 ਲੇਖ ਹਨ ਪ੍ਰੰਤੂ ਹਰ ਲੇਖ ਆਪਣੇ ਆਪ ਵਿਚ ਇਕ ਅਟੱਲ ਸਚਾਈ ਬਾਰੇ ਬਹੁਮੁਲੀ ਮੁਕੰਮਲ ਜਾਣਕਾਰੀ ਦਿੰਦਾ ਹੈ। ਭਾਵੇਂ ਸਰਸਰੀ ਤੌਰ ਤੇ ਪਾਠਕ ਨੂੰ ਇਹ ਨਿੱਕੀਆਂ-ਨਿੱਕੀਆਂ ਗੱਲਾਂ ਬਹੁਤੀਆਂ ਪਸੰਦ ਨਾ ਆਉਣ ਪ੍ਰੰਤੂ ਜੇਕਰ ਤੁਸੀਂ ਉਨ੍ਹਾਂ ਤੇ ਅਮਲ ਕਰੋਗੇ ਤਾਂ ਸਫਲਤਾ ਤੁਹਾਡੇ ਪੈਰ ਚੁੰਮੇਗੀ। ਇਸ ਪੁਸਤਕ ਦਾ ਪਹਿਲਾ ਹੀ ਲੇਖ ‘ਝੂਠ ਦਾ ਦਾਇਰਾ’ ਬੜਾ ਦਿਲਚਸਪ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਜੀਵਨ ਦਾ ਆਧਾਰ ਝੂਠ ਹੈ। ਕੋਈ ਵੀ ਇਨਸਾਨ ਪੂਰਾ ਸੱਚ ਨਹੀਂ ਬੋਲਦਾ। ਜਿਹੜੇ ਸੱਚ ਬੋਲਣ ਦੀ ਨਸੀਹਤ ਦੇ ਰਹੇ ਹੁੰਦੇ ਹਨ, ਉਹ ਵੀ ਝੂਠ ਬੋਲ ਰਹੇ ਹੁੰਦੇ ਹਨ। ਇਹ ਠੀਕ ਹੈ ਕਿ ਝੂਠ ਮੁਸੀਬਤਾਂ ਖੜ੍ਹੀਆਂ ਕਰਦਾ ਹੈ ਕਿਉਂਕਿ ਇਕ ਝੂਠ ਨੂੰ ਛੁਪਾਉਣ ਲਈ ਅਨੇਕ ਝੂਠ ਬੋਲਣੇ ਪੈਂਦੇ ਹਨ। ਝੂਠ ਨਾਲ ਨੁਕਸਾਨ ਹੁੰਦਾ ਹੈ, ਇਸ ਲਈ ਉਹ ਝੂਠ ਦਾ ਦਾਇਰਾ ਘਟਾਉਣ ਦੀ ਗੱਲ ਕਰਦੇ ਹਨ।

ਅਗਲੇ ਲੇਖਾਂ ਵਿਚ ਉਹ ਸਲਾਹ ਦਿੰਦੇ ਹਨ ਕਿ ਜ਼ਿੰਦਗੀ ਵਿਚ ਚੰਗੇ ਕੰਮ ਤਾਂ ਜ਼ਰੂਰ ਕਰਨੇ ਚਾਹੀਦੇ ਹਨ ਤਾਂ ਜੋ ਸਮਾਜ ਦਾ ਭਲਾ ਹੋ ਸਕੇ। ਉਹ ਲਿਖਦੇ ਹਨ ਕਿ ਸੁਪਨੇ ਲੈਣੇ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਚੁਣੌਤੀਆਂ ਕਬੂਲ ਕਰਨੀਆਂ ਚਾਹੀਦੀਆਂ ਹਨ ਤਾਂ ਹੀ ਸਫਲਤਾ ਮਿਲੇਗੀ। ਸਰੀਰ ਤੰਦਰੁਸਤ ਰੱਖੋ, ਦਿਲ ਤੇ ਦਿਮਾਗ ਤੇ ਕਾਬੂ ਕਰੋ ਅਤੇ ਕਸਰਤ ਕਰੋ ਤਾਂ ਹੀ ਚੰਗਾ ਸੋਚ ਸਕੋਗੇ। ਆਪਣੇ ਕਈ ਨਿਸ਼ਾਨੇ ਜ਼ਰੂਰ ਨਿਸਚਤ ਕਰੋ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਜਿਤਨਾ ਵੀ ਨਿਸ਼ਾਨਾ ਪੂਰਾ ਹੋ ਜਾਵੇ ਉਥੇ ਹੀ ਸੰਤੁਸ਼ਟੀ ਕਰੋ। ਚੰਗੀਆਂ ਆਦਤਾਂ ਬਣਾਓ ਤਾਂ ਹੀ ਤੁਹਾਡੀ ਪਛਾਣ ਬਣੇਗੀ। ਤੁਹਾਡੇ ਬੱਚੇ ਵੀ ਤੁਹਾਡੀਆਂ ਚੰਗੀਆਂ ਆਦਤਾਂ ਨੂੰ ਗ੍ਰਹਿਣ ਕਰਨਗੇ। ਕਿਸੇ ਦੂਜੇ ਵਿਅਕਤੀ ‘ਤੇ ਨਿਰਭਰ ਹੋਣਾ ਮੰਗਤਾ ਬਣਨ ਦੇ ਬਰਾਬਰ ਹੈ। ਉਹ ਡੇਰੇਦਾਰ ਧਾਰਮਿਕ ਵਿਅਕਤੀਆਂ ਨੂੰ ਮੰਗਤੇ ਕਹਿੰਦੇ ਹਨ, ਜਿਹੜੇ ਦੂਜਿਆਂ ਦੀ ਕਮਾਈ ਖਾਂਦੇ ਹਨ। ਚਾਦਰ ਵੇਖਕੇ ਪੈਰ ਪਸਾਰਨ ਦੀ ਨਸੀਹਤ ਦਿੰਦੇ ਹਨ। ਆਪਣੇ ਪੈਰਾਂ ‘ਤੇ ਆਪ ਖੜ੍ਹਨ ਦੀ ਕੋਸ਼ਿਸ਼ ਕਰੋ। ਕਿਸੇ ਨੂੰ ਧੋਖਾ ਨਾ ਦਿਓ, ਜੇਕਰ ਤੁਸੀਂ ਆਪ ਧੋਖਾ ਦਿਓਗੇ ਤਾਂ ਦੂਜਿਆਂ ਤੋਂ ਵੀ ਧੋਖਾ ਹੀ ਲਵੋਗੇ। ਨਫਰਤ ਨਾ ਕਰੋ ਕਿਉਂਕਿ ਦੂਜੇ ਵੀ ਤੁਹਾਡਾ ਜਵਾਬ ਨਫਰਤ ਨਾਲ ਹੀ ਦੇਣਗੇ। ਬੁਰਾ ਕਰਕੇ ਚੰਗੇ ਦੀ ਆਸ ਰੱਖਣਾ ਮੂਰਖਤਾ ਹੈ। ਕਿਸੇ ਦੀ ਜ਼ਿਆਦਤੀ ਨੂੰ ਬਰਦਾਸ਼ਤ ਨਾ ਕਰੋ ਪ੍ਰੰਤੂ ਜੇ ਕਿਸੇ ਦੀਆਂ ਆਦਤਾਂ ਤੁਹਾਡੇ ਨਾਲ ਨਹੀਂ ਮਿਲਦੀਆਂ ਤਾਂ ਉਨ੍ਹਾਂ ਨੂੰ ਬਰਦਾਸ਼ਤ ਕੀਤਾ ਜਾ ਸਕਦਾ ਹੈ। ਬੇਇਨਸਾਫ਼ੀ ਨੂੰ ਸਹਿਣ ਨਾ ਕਰੋ, ਇਨਸਾਫ ਦਿਓ ਅਤੇ ਲਓ। ਅਜਿਹੇ ਕੰਮ ਕਰੋ, ਜਿਨ੍ਹਾਂ ਕਰਕੇ ਸਮਾਜ ਤੁਹਾਨੂੰ ਪ੍ਰਵਾਨ ਕਰੇ। ਸਫਾਈ ਰੱਖੋ, ਤੰਦਰੁਸਤ ਰਹੋ, ਵਿਦਿਆ ਪ੍ਰਾਪਤ ਕਰੋ, ਆਪਣੇ ਗੁਜ਼ਾਰੇ ਦਾ ਆਪ ਪ੍ਰਬੰਧ ਕਰੋ ਅਤੇ 25 ਸਾਲ ਤੋਂ ਪਹਿਲਾਂ ਸ਼ਾਦੀ ਨਾ ਕਰੋ।

ਉਨ੍ਹਾਂ ਦੀ ਕਮਾਲ ਇਸ ਗੱਲ ਵਿਚ ਹੈ ਕਿ ਇਹ ਨਸੀਹਤਾਂ ਉਹ ਉਦਾਹਰਨਾ ਦੇ ਕੇ ਕਰਦੇ ਹਨ। ਆਪਣਾ ਨਾਮ ਕਮਾਉਣ ਲਈ ਹਓਮੈ ਦਾ ਸ਼ਿਕਾਰ ਨਾ ਹੋਵੋ। ਸਮਾਜ ਤੁਹਾਡੇ ਬਾਰੇ ਸਭ ਕੁਝ ਜਾਣਦਾ ਹੁੰਦਾ ਹੈ। ਇਨਸਾਨੀਅਤ ਦੀ ਬਿਹਤਰੀ ਲਈ ਕੰਮ ਕਰੋ। ਸਵੈ ਮਾਣ ਨਾਲ ਜੀਵਨ ਜਿਓਣਾ ਸਿੱਖੋ। ਹੀਣਤਾ ਦੀ ਭਾਵਨਾ ਨੂੰ ਤਿਲਾਂਜਲੀ ਦਿਓ। ਇਨਸਾਨ ਸਾਰੇ ਬਰਾਬਰ ਹਨ। ਸਾਰੇ ਧਰਮ ਬਰਾਬਰ ਹਨ। ਬਹੁਤਾ ਧਰਮੀ ਬਣਨ ਨਾਲੋਂ ਚੰਗੇ ਨਾਗਰਿਕ ਬਣੋ। ਧਾਰਮਿਕ ਸਥਾਨਾਂ ਵਿਚ ਸਭ ਅੱਛਾ ਨਹੀਂ। ਧਾਰਮਿਕ ਗ੍ਰੰਥ ਪੜ੍ਹੋ ਪ੍ਰੰਤੂ ਧਾਰਮਿਕ ਵਿਚੋਲਿਆਂ ਤੋਂ ਬਚਕੇ ਰਹੋ ਕਿਉਂਕਿ ਧਾਰਮਿਕ ਸਥਾਨ ਨਿਰਾਸ਼ਾ ਦੂਰ ਕਰਨ ਦੇ ਬਹਾਨੇ ਲੁੱਟ ਕਰ ਰਹੇ ਹਨ। ਧਰਮੀ ਬਣ ਸਕਦੇ ਹੋ ਬਸ਼ਰਤੇ ਕੱਟੜ ਨਾ ਬਣੋ। ਜੀਵਨ ਸਾਥੀ ਨਾਲ ਰਹਿਣਾ ਸਿੱਖੋ ਫਿਰ ਤੁਹਾਡਾ ਜੀਵਨ ਏਥੇ ਹੀ ਸਵਰਗ ਬਣ ਜਾਵੇਗਾ। ਏਥੇ ਹੀ ਸਵਰਗ ਨਰਕ ਹੈ। ਤੁਹਾਡੇ ਕੰਮਾਂ ਦਾ ਫਲ ਇਥੇ ਹੀ ਮਿਲ ਜਾਂਦਾ ਹੈ। ਚਿੰਤਾ ਨਾ ਕਰੋ ਕਿਉਂਕਿ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹਨ। ਸੰਘਰਸ਼ ਦਾ ਨਾਮ ਜ਼ਿੰਦਗੀ ਹੈ। ਚੰਗੇ ਤੇ ਮਾੜੇ ਦਿਨ ਸਥਾਈ ਨਹੀਂ ਹੁੰਦੇ। ਹੌਸਲਾ ਰੱਖੋ ਚੰਗਾ ਅਤੇ ਮਾੜਾ ਸਮਾਂ ਆਉਂਦਾ ਜਾਂਦਾ ਰਹਿੰਦਾ ਹੈ।
ਰੱਬ ਕੋਲ ਬਹੁਤੀਆਂ ਮੰਗਾਂ ਨਾ ਰੱਖੋ। ਰੱਬ ‘ਤੇ ਵਿਸ਼ਵਾਸ਼ ਕਰੋ, ਉਹ ਤੁਹਾਡੇ ਅੰਦਰ ਹੈ। ਸਬਰ ਸੰਤੋਖ਼ ਦਾ ਪੱਲਾ ਫੜੋ। ਕਾਬਲੀਅਤ ਦਾ ਹਮੇਸ਼ਾ ਮੁੱਲ ਪੈਂਦਾ ਹੈ। ਰੱਬ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਅਮੀਰਾਂ ਨੂੰ ਨੀਂਦ ਨਹੀਂ ਆਉਂਦੀ, ਗ਼ਰੀਬਾਂ ਨੂੰ ਨੀਂਦ ਦੇ ਗੱਫੇ ਮਿਲਦੇ ਹਨ। ਚੋਣ ਤੁਸੀਂ ਕਰਨੀ ਹੈ। ਤਰੱਕੀ ਕਰਨੀ ਚਾਹੀਦੀ ਹੈ ਪ੍ਰੰਤੂ ਕਿਸੇ ਹੋਰ ਦੀ ਕੀਮਤ ‘ਤੇ ਨਹੀਂ। ਕਿਸੇ ਨੂੰ ਨੀਵਾਂ ਨਾ ਵਿਖਾਓ। ਆਤਮ ਹੱਤਿਆ ਕਰਨੀ ਰੱਬ ਨੂੰ ਠੋਕਰ ਮਾਰਨ ਬਰਾਬਰ ਹੈ। ਚੁਗਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਚੁਗਲਖ਼ੋਰ ਬਾਰੇ ਚੁਗਲੀ ਸਣਨ ਵਾਲੇ ਵੀ ਜਾਣਦੇ ਹੁੰਦੇ ਹਨ। ਆਪਣੇ ਮਨ ਸਾਫ਼ ਰੱਖੋ, ਵਿਖਾਵਾ ਅੰਦਰੋਂ ਖ਼ੁਸ਼ੀ ਨਹੀਂ ਦਿੰਦਾ। ਗ਼ਮ ਮਨ ਸਾਫ਼ ਰੱਖਣ ਨਾਲ ਦੂਰ ਹੋ ਜਾਂਦੇ ਹਨ। ਜੀਵਨ ਦਾ ਆਨੰਦ ਮਾਣੋ, ਇਹ ਮੁੜਕੇ ਨਹੀਂ ਆਉਣਾ। ਨਸ਼ੇ ਵਕਤੀ ਤੌਰ ਤੇ ਗ਼ਮ ਭੁਲਾ ਦਿੰਦੇ ਹਨ ਪ੍ਰੰਤੂ ਹੋਰ ਗ਼ਮ ਲਾ ਦਿੰਦੇ ਹਨ। ਪੈਸਾ ਜ਼ਿੰਦਗੀ ਬਸਰ ਕਰਨ ਲਈ ਜ਼ਰੂਰੀ ਹੈ ਪ੍ਰੰਤੂ ਭਰਿਸ਼ਟਾਚਾਰ ਨਾਲ ਕੀਤੀ ਕਮਾਈ ਮੁਸੀਬਤਾਂ ਖੜ੍ਹੀਆਂ ਕਰਦੀ ਹੈ। ਨੇਕ ਕਮਾਈ ਸੰਤੁਸ਼ਟੀ ਦਿੰਦੀ ਹੈ। ਲੇਖਕ ਇਸਤਰੀਆਂ ਨੂੰ ਸਲਾਹ ਵੀ ਦਿੰਦਾ ਹੈ ਕਿ ਉਨ੍ਹਾਂ ਨੂੰ ਨੂੰਹਾਂ ਨੂੰ ਆਪਣੀਆਂ ਧੀਆਂ ਦੀ ਤਰ੍ਹਾਂ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਆਪਣਾ ਪੇਕਿਆਂ ਦਾ ਘਰ ਛੱਡਕੇ ਤੁਹਾਡੇ ਘਰ ਨੂੰ ਨਿਹਾਰਨ ਆਉਂਦੀਆਂ ਹਨ। ਬੁਢਾਪੇ ਵਿਚ ਵੀ ਉਸਨੇ ਹੀ ਤੁਹਾਡਾ ਸਾਥ ਦੇਣਾ ਹੈ। ਨੂੰਹਾਂ ਨੂੰ ਵੀ ਸਦਭਾਵਨਾ ਅਤੇ ਪ੍ਰੇਮ ਪਿਆਰ ਨਾਲ ਵਿਚਰਨਾ ਚਾਹੀਦਾ। ਕਦੀ ਵੀ ਹਾਰ ਨੂੰ ਸਵੀਕਾਰ ਨਾ ਕਰੋ ਕਿਉਂਕਿ ਹਾਰ ਕਮਜ਼ੋਰੀ ਅਤੇ ਨਿਰਾਸ਼ਾ ਪੈਦਾ ਕਰਦੀ ਹੈ।

ਮੈੈੈਂ ਅਤੇ ਅਸੀਂ ਦਾ ਅੰਤਰ ਦਸਦੇ ਹੋਏ ਵਾਸਨ ਸਾਹਿਬ ਮੁਕਾਬਲਾ ਕਰਨ ਲਈ ਮੈਂ ਨੂੰ ਤਾਕਤਵਰ ਮੰਨਦੇ ਹਨ। ਗ਼ੁਰਬਤ ਦੇ ਕਾਰਨ ਲੱਭੋ, ਫਿਰ ਉਨ੍ਹਾਂ ਨੂੰ ਕਿਵੇਂ ਦੂਰ ਕਰਨਾ ਹੈ? ਗ਼ੁਰਬਤ ਅਰਥਾਤ ਗ਼ਰੀਬੀ ‘ਚੋਂ ਮਿਹਨਤ ਨਾਲ ਬਾਹਰ ਨਿਕਲਣਾ ਚਾਹੀਦਾ ਹੈ। ਉਹ ਇਹ ਵੀ ਲਿਖਦੇ ਹਨ ਕਿ ਇਨਸਾਨ ਬਨਾਉਟੀ ਅਰਥਾਤ ਦੋਗਲਾ ਜੀਵਨ ਬਤੀਤ ਕਰ ਰਿਹਾ ਹੈ। ਬਾਹਰੋਂ ਅੰਦਰੋਂ ਇਕ ਨਹੀਂ ਹੁੰਦਾ। ਕਈ ਵਾਰ ਇਨਸਾਨ ਪੁਰਾਣੀਆਂ ਗੱਲਾਂ ਯਾਦ ਕਰਕੇ ਝੂਰਨ ਲੱਗ ਜਾਂਦਾ ਹੈ। ਪੁਰਾਣੀਆਂ ਖ਼ੁਸ਼ ਕਰਨ ਵਾਲੀਆਂ ਗੱਲਾਂ ਯਾਦ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣੇ ਘਰਾਂ ਦੇ ਜ਼ਰੂਰੀ ਕਾਗ਼ਜ਼ਾਤ ਜਿਵੇਂ ਸਰਟੀਫੀਕੇਟ, ਰਾਸ਼ਣ ਕਾਰਡ, ਆਧਾਰ ਕਾਰਡ ਆਦਿ ਖੁਦ ਸੰਭਾਲਕੇ ਕਿਸੇ ਟਿਕਾਣੇ ਤੇ ਰੱਖੋ ਤਾਂ ਜੋ ਲੋੜ ਪੈਣ ਤੇ ਤੁਰੰਤ ਲੱਭੇ ਜਾ ਸਕਣ। ਜਨਮ ਦਿਨ ਮਨਾਉਣ ਸੰਬੰਧੀ ਉਹ ਕਹਿੰਦੇ ਹਨ ਕਿ ਇਸ ਦਿਨ ਇਨਸਾਨ ਨੂੰ ਆਪਣੇ ਅੰਦਰ ਝਾਤੀ ਮਾਰਕੇ ਆਤਮ ਨਿਰੀਖਣ ਕਰਨਾ ਚਾਹੀਦਾ ਕਿ ਅਸੀਂ ਕੀ ਚੰਗਾ ਤੇ ਮਾੜਾ ਕੰਮ ਕਰ ਰਹੇ ਹਾਂ। ਅੱਗੇ ਵਾਸਤੇ ਆਪਣੇ ਆਪ ਨੂੰ ਸੁਧਾਰਨ ਦਾ ਪ੍ਰਬੰਧ ਕਰੋ। ਅਗਲੇ ਸਾਲ ਦਾ ਪ੍ਰੋਗਰਾਮ ਬਣਾ ਲਓ ਕਿ ਕੀ ਕਰਨਾ ਹੈ? ਦਿਮਾਗ਼ ਤੇ ਬਹੁਤਾ ਬੋਝ ਨਾ ਪਾਓ। ਹਰ ਗੱਲ ਤੇ ਤੁਰੰਤ ਰੀਐਕਟ ਨਾ ਕਰੋ। ਸਮੱਸਿਆਵਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਇਨਸਾਨ ਨੂੰ ਉਮਰ ਮੁਤਾਬਕ ਸਮਾਜ ਵਿਚ ਵਿਵਹਾਰ ਅਤੇ ਵਿਚਾਰ ਪ੍ਰਗਟ ਕਰਨੇ ਚਾਹੀਦੇ ਹਨ। ਬਟਵਾਰੇ ਦੇ ਦਰਦ ਦਾ ਵੀ ਇਜ਼ਹਾਰ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਸਾਡਾ ਇਤਿਹਾਸ ਸਹੀ ਜਾਣਕਾਰੀ ਨਹੀਂ ਦਿੰਦਾ। ਦਲੀਪ ਸਿੰਘ ਵਾਸਨ ਦਾਨ ਕਰਨ ਨੂੰ ਪਾਪ ਸਮਝਦੇ ਹਨ, ਸਗੋਂ ਕਿਸੇ ਲੋੜਵੰਦ ਦੀ ਮਦਦ ਕਰਨਾ ਪੁੰਨ ਹੁੰਦਾ ਹੈ। ਦਾਨ ਉਪਰ ਵਿਹਲੜ ਪਲਦੇ ਹਨ। ਨੈਤਿਕਤਾ ਖ਼ਤਮ ਹੁੰਦੀ ਜਾ ਰਹੀ ਹੈ। ਦੁਰਘਟਨਾਵਾਂ ਦੇ ਸ਼ਿਕਾਰ ਸੜਕਾਂ ‘ਤੇ ਰੁਲਦੇ ਹਨ, ਲੋਕ ਉਨ੍ਹਾਂ ਦੇ ਕੋਲੋਂ ਲੰਘੀ ਜਾਂਦੇ ਹਨ। ਪ੍ਰੇਮ ਵਿਆਹ ਮਾੜੇ ਨਹੀਂ ਪ੍ਰੰਤੂ ਪ੍ਰੇਮ ਵਿਚ ਅੰਤਰਜ਼ਾਤੀ ਵਿਆਹ ਬਹੁਤੇ ਸਭਿਆਚਾਰ ਦੇ ਵਖਰੇਵੇਂ ਕਰਕੇ ਸਫ਼ਲ ਨਹੀਂ ਹੁੰਦੇ। ਸਾਡੇ ਸਮਾਜ ਵਿਚ ਪੁੱਤਰ ਨੂੰ ਵਿਰਾਸਤ ਦਾ ਵਾਰਸ ਸਮਝਕੇੇ ਖ਼ੁਸ਼ੀ ਮਨਾਈ ਜਾਂਦੀ ਹੈ ਪ੍ਰੰਤੂ ਬੁਢਾਪੇ ਵਿਚ ਪੁੱਤਰ ਬਜ਼ੁਰਗਾਂ ਨਾਲ ਚੰਗਾ ਵਿਵਹਾਰ ਨਹੀਂ ਕਰਦੇ। ਲੇਖਕ ਅਨੁਸਾਰ ਲੋਭ, ਕਾਮ, ਕਰੋਧ, ਮੋਹ ਅਤੇ ਹੰਕਾਰ ਬਹੁਤੇ ਹੋਣ ਤਾਂ ਬੁਰੇ ਹਨ ਪ੍ਰੰਤੂ ਇਨ੍ਹਾਂ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਕਾਮ ਉਤਪਤੀ ਦਾ ਸਾਧਨ, ਕ੍ਰੋਧ ਤੋਂ ਅਨੁਸ਼ਾਸ਼ਨ, ਮੋਹ ਤੋਂ ਮੁਹੱਬਤ, ਲੋਭ ਤੋਂ ਮੁਕਾਬਲੇ ਦੀ ਰੁਚੀ ਅਤੇ ਅਹੰਕਾਰ ਤੋਂ ਸਫ਼ਲਤਾ ਪ੍ਰਾਪਤ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਇਨ੍ਹਾਂ ਦੀ ਮਿਕਦਾਰ ਘਟਾਈ ਵਧਾਈ ਜਾ ਸਕਦੀ ਹੈ।
***

ਸੁਭਾਸ਼ ਸ਼ਰਮਾ ਨੂਰ ਦਾ ਕਾਵਿ ਸੰਗ੍ਰਹਿ ‘ਕਿਤਾਬ-ਏ-ਜ਼ਿੰਦਗੀ’ ਮੁਹੱਬਤੀ ਦਾਸਤਾਂ—ਉਜਾਗਰ ਸਿੰਘ

ਸੁਭਾਸ਼ ਸ਼ਰਮਾ ਨੂਰ ਦਾ ਪਲੇਠਾ ਕਾਵਿ ਸੰਗ੍ਰਹਿ ‘ਕਿਤਾਬ-ਏ-ਜ਼ਿੰਦਗੀ’ ਮੁਹੱਬਤ ਦੀਆਂ ਬਾਤਾਂ ਪਾ ਰਿਹਾ ਹੈ। ਸ਼ੁਭਾਸ਼ ਸਰਮਾ ਅੰਗਰੇਜ਼ੀ ਦੇ ਸੇਵਾ ਮੁਕਤ ਪ੍ਰੋਫ਼ੈਸਰ ਹਨ। ਪ੍ਰੰਤੂ ਉਨ੍ਹਾਂ ਆਪਣੀ ਇਹ ਪਹਿਲੀ ਪੁਸਤਕ ਹੀ ਹਿੰਦੀ ਵਿਚ ਪ੍ਰਕਾਸ਼ਤ ਕਰਵਾਈ ਹੈ। ਇਸ ਪੁਸਤਕ ਦੇ ਪਹਿਲੇ 52 ਪੰਨਿਆਂ ਵਿਚ 30 ਕਵਿਤਾਵਾਂ ਅਤੇ ਨਜ਼ਮਾਂ ਅਤੇ 17 ਗ਼ਜ਼ਲਾਂ ਹਨ। ਉਸਤੋਂ ਬਾਅਦ 96 ਪੰਨਿਆਂ ਤੱਕ 79 ਰੁਬਾਈਆਂ ਅਤੇ 53 ਸ਼ੇਅਰ ਹਨ। ਉਨ੍ਹਾਂ ਦੀਆਂ ਬਹੁਤੀਆਂ ਕਵਿਤਾਵਾਂ, ਨਜ਼ਮਾਂ ਅਤੇ ਰੁਬਾਈਆਂ, ਮੁਹੱਬਤ, ਸਦਭਾਵਨਾ, ਆਪਸੀ ਮਿਲਵਰਤਨ, ਜ਼ਿੰਦਗੀ, ਸੁਖੀ ਜੀਵਨ, ਸ਼ਾਂਤੀ, ਇਸਤਰੀਆਂ, ਪੰਛੀਆਂ, ਬਜ਼ੁਰਗਾਂ ਦਾ ਸਤਿਕਾਰ, ਆਪਸੀ ਪਿਆਰ, ਭਰਿਸ਼ਟਾਚਾਰ, ਮਿਲਵਰਤਨ, ਜ਼ਾਤੀਵਾਦ, ਰਾਜਨੀਤੀ, ਪਾਰਦਰਸ਼ਤਾ, ਗ਼ਰੀਬਾਂ, ਮਜ਼ਲੂਮਾ, ਹਓਮੈ ਅਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ। ਮੁੱਢਲੇ ਤੌਰ ‘ਤੇ ਸ਼ੁਭਾਸ਼ ਸ਼ਰਮਾ ਨੂਰ ਇਕ ਬਿਹਤਰੀਨ ਅਧਿਆਪਕ, ਖ਼ੁਸ਼ਮਿਜ਼ਾਜ਼, ਸਲੀਕੇ ਨਾਲ ਵਿਚਰਨ ਵਾਲੇ ਇਨਸਾਨ, ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਦੇ ਸਰਬ-ਪ੍ਰਮਾਣਤ ਮੰਚ ਸੰਚਾਲਕ ਹਨ। ਇਸ ਪੁਸਤਕ ਵਿਚਲੀਆਂ ਰੁਬਾਈਆਂ ਅਤੇ ਸ਼ੇਅਰ ਆਮ ਤੌਰ ਤੇ ਜਦੋਂ ਉਹ ਮੰਚ ਸੰਚਾਲਨ ਕਰਦੇ ਹਨ ਤਾਂ ਉਨ੍ਹਾਂ ਦੀ ਵਰਤੋਂ ਕਰਦੇ ਹਨ। ਪੁਸਤਕ ਵਿਚਲੀਆਂ ਰਚਨਾਵਾਂ ਵਿਚ ਉਨ੍ਹਾਂ ਦੇ ਵਿਅਕਤਿਤਵ ਦਾ ਪ੍ਰਗਟਾਵਾ ਹੁੰਦਾ ਹੈ। ਇਨ੍ਹਾਂ ਰਚਨਾਵਾਂ ਨੂੰ ਜੇ ਉਨ੍ਹਾਂ ਦੀ ਰੂਹ ਦੀ ਆਵਾਜ਼ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਉਨ੍ਹਾਂ ਨੇ ਆਪਣੀ ਪਹਿਲੀ ਕਵਿਤਾ ਹੀ ਆਪਣੀ ਧਰਮ ਪਤਨੀ ਨੂੰ ਸਮਰਪਤ ਕੀਤੀ ਹੈ। ਉਨ੍ਹਾਂ ਉਸ ਕਵਿਤਾ ਵਿਚ ਲਿਖਿਅਾ ਹੈ ਕਿ ਉਸਦੀ ਜ਼ਿੰਦਗੀ ਨੂੰ ਸੁਚੱਜੀ ਬਣਾਉਣ ਵਿਚ ਉਨ੍ਹਾਂ ਦੀ ਪਤਨੀ ਦਾ ਵਿਸ਼ੇਸ਼ ਯੋਗਦਾਨ ਹੈ। ਬਿਹਤਰ ਰਿਸ਼ਤੇ ਬਣਾਉਣ, ਖ਼ੁਸ਼ਹਾਲ ਜੀਵਨ ਬਤੀਤ ਕਰਨ, ਇਨਸਾਨੀਅਤ ਦੀਆਂ ਕਦਰਾਂ ਕੀਮਤ ‘ਤੇ ਪਹਿਰਾ ਦੇਣ, ਸ਼ਾਂਤਮਈ ਵਾਤਾਵਰਨ ਪੈਦਾ ਕਰਨ, ਹਓਮੈ ਤੋਂ ਛੁਟਕਾਰਾ ਪਾਉਣ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਕੁਲ 46 ਕਵਿਤਾਵਾਂ ਅਤੇ 79 ਰੁਬਾਈਆਂ ਵਿਚੋਂ ਅੱਧ ਤੋਂ ਵੱਧ ਮੁਹੱਬਤ ਦੇ ਗੀਤ ਗਾਉਂਦੀਆਂ ਹਨ। ਬਾਕੀ ਦੀਆਂ ਅੱਧੀਆਂ ਰਚਨਾਵਾਂ ਸਮਾਜਿਕ ਸਰੋਕਾਰਾਂ ਦੀ ਗੱਲ ਕਰਦੀਆਂ ਹਨ। ਸ਼ਾਇਰੀ ਦਾ ਜ਼ਿਕਰ ਕਰਦਿਆਂ ਉਹ ਲਿਖਦੇ ਹਨ:

ਸ਼ਾਇਰੀ ਹੁਸਨ ਕਾ ਅੰਦਾਜ਼ ਹੂਆ ਕਰਤੀ ਹੈ,
ਸ਼ਾਇਰੀ ਵਕਤ ਕੀ ਹਮਰਾਜ਼ ਹੂਆ ਕਰਤੀ ਹੈ।
ਸ਼ਾਇਰੀ ਸਿਰਫ਼ ਲਫ਼ਾਜ਼ੀ ਨਹੀਂ ਹੋਤੀ, ਏ ਦੋਸਤ!
ਸ਼ਾਇਰੀ ਰੂਹ ਕੀ ਆਵਾਜ਼ ਹੂਆ ਕਰਤੀ ਹੈ।

ਸ਼ੁਭਾਸ਼ ਸ਼ਰਮਾ ਦੀ ਇਹ ਕਵਿਤਾ ਹੀ ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਦਾ ਆਧਾਰ ਹੈ। ਉਹ ਮੁਹੱਬਤ, ਇਸ਼ਕ, ਪਿਆਰ ਅਤੇ ਹੁਸਨ ਨੂੰ ਇਸ਼ਕ ਮਜ਼ਾਜ਼ੀ ਨਹੀਂ ਸਗੋਂ ਇਸ਼ਕ ਹਕੀਕੀ ਮੰਨਦੇ ਹਨ। ਦੁਨੀਆਂ ਇਨਸਾਨ ਦੇ ਚਿਹਰੇ ਮੋਹਰੇ ਦੇ ਮਗਰ ਪਾਗਲ ਹੋਈ ਫਿਰਦੀ ਹੈ। ਦੁਨਿਆਵੀ ਲਾਲਚ ਨੇ ਇਨਸਾਨੀਅਤ ਦੀ ਫਿਤਰਤ ਵਿਚ ਤਬਦੀਲੀ ਲਿਆਕੇ ਇਨਸਾਨ ਨੂੰ ਬੁਰਾਈਆਂ ਵਲ ਧਕੇਲ ਦਿੱਤਾ ਹੈ। ਸਮਾਜ ਵਿਚ ਸੁੱਖ, ਸ਼ਾਂਤੀ ਅਤੇ ਸਦਭਾਵਨਾ ਦਾ ਵਾਤਵਰਨ ਪੈਦਾ ਕਰਨ ਦੇ ਇਰਾਦੇ ਨਾਲ ਸ਼ਾਇਰ ਆਪਣੀ ਇਕ ਰਚਨਾ ਵਿਚ ਲਿਖਦੇ ਹਨ:

ਤੁਮਨੇ ਇਸ ਸ਼ਹਿਰ ਕੋ ਸਦੀਓਂ ਸੇ ਨੂਰ ਬਖ਼ਸ਼ਾ ਹੈ,
ਇਲਮ ਬਖ਼ਸ਼ਾ ਹੈ ਇਸਕੋ ਸ਼ਾਊਰ ਬਖ਼ਸ਼ਾ ਹੈ।
ਤੁਮਨੇ ਇਸ ਸ਼ਹਿਰ ਕੇ ਹਾਥੋਂ ਕੋ ਹਿਨਾ ਬਖ਼ਸ਼ੀ ਹੈ,
ਹੁਸਨ ਬਖ਼ਸ਼ਾ ਹੈ ਇਸੇ ਨਾਜ਼-ਅੋ-ਅਦਾ ਬਖ਼ਸ਼ੀ ਹੈ।

ਸ਼ਾਇਰ ਦਾ ਇਸ ਸ਼ਹਿਰ ਤੋਂ ਭਾਵ ਇਕੱਲੇ ਪਟਿਆਲਾ ਸ਼ਹਿਰ ਬਾਰੇ ਨਹੀਂ ਸਗੋਂ ਸਮੁੱਚੀ ਮਾਨਵਤਾ ਦੀ ਗੱਲ ਕਰ ਰਹੇ ਹਨ। ਸਮੁੱਚੇ ਪੰਜਾਬ/ਦੇਸ਼ ਦੀ ਗੱਲ ਕਰ ਰਹੇ ਹਨ। ਇਸ ਪੁਸਤਕ ਬਾਰੇ ਸ਼ਾਇਰ ਕਹਿੰਦੇ ਹਨ ਕਿ ਇਹ ਪੁਸਤਕ ਮੇਰੀ ਜ਼ਿੰਦਗੀ ਦੇ ਤਜ਼ਰਬਿਆਂ ਦਾ ਸਾਰੰਸ਼ ਹੈ। ਮੇਰੀ ਜ਼ਿੰੰਦਗੀ ਤੋਂ ਉਨ੍ਹਾਂ ਦਾ ਅਰਥ ਹੈ, ਇਨਸਾਨੀਅਤ ਦੀ ਜ਼ਿੰਦਗੀ ਹੈ। ਉਹ ਆਪਣੇ ਨਿੱਜੀ ਤਜ਼ਰਬਿਆਂ ਨੂੰ ਲੋਕਾਈ ਦੇ ਬਣਾਕੇ ਪੇਸ਼ ਕਰਦੇ ਹਨ। ਮਾਨਵਤਾ ਦੁਨਿਆਵੀ ਵਸਤਾਂ ਦੀ ਪ੍ਰਾਪਤੀ ਲਈ ਕਿਸ ਤਰ੍ਹਾਂ ਹਰ ਰੋਜ਼ ਭਟਕਦੀ ਰਹਿੰਦੀ ਹੈ, ਜਦੋਂ ਕਿ ਉਸਨੂੰ ਪਤਾ ਹੈ ਕਿ ਇਹ ਸਭ ਵਸਤਾਂ ਸਥਾਈ ਨਹੀਂ ਹਨ। ਇਸ ਲਈ ਜਿਹੜੀ ਇਹ ਜ਼ਿੰਦਗੀ ਮਿਲੀ ਹੈ, ਇਸਦਾ ਸਦਉਪਯੋਗ ਮਾਨਵਤਾ ਦੀ ਬਿਹਤਰੀ ਲਈ ਕੀਤਾ ਜਾਵੇ। ਇਸ ਨੂੰ ਅਜਾਈਂਂ ਨਾ ਗੁਆ ਦਿੱਤਾ ਜਾਵੇ। ਵਕਤ ਨੂੰ ਸਾਂਭਣਾ ਹੀ ਇਨਸਾਨੀਅਤ ਦੀ ਮੁੱਢਲੀ ਜ਼ਿੰਮੇਵਾਰੀ ਹੈ:

ਮੈਂ ਜੋ ਲਮਹਾ-ਲਮਹਾ ਜੀਆ ਕਭੀ, ਮੈਂ ਜੋ ਕਤਰਾ ਕਤਰਾ ਮਰਾ ਕਭੀ।
ਮੇਰੀ ਖੁਵਾਹਸ਼ੇਂ, ਮੇਰੀ ਕੋਸ਼ਿਸ਼ੇਂ, ਮੇਰੀ ਸ਼ੋਹਰਤੇਂ, ਮੇਰੀ ਜ਼ਿਲਤੇਂ।
ਉਨ ਸਭੀ ਪਲੋਂ ਕਾ ਹਿਸਾਬ ਹੈ, ਇਸੇ ਪੜ੍ਹੋ ਜ਼ਰਾ।

ਸ਼ੁਭਾਸ਼ ਸ਼ਰਮਾ ਇਨਸਾਨ ਨੂੰ ਪੰਛੀਆਂ ਤੋਂ ਪ੍ਰੇਰਨਾ ਲੈਣ ਲਈ ਵੀ ਆਪਣੀਆਂ ਕਵਿਤਾਵਾਂ ਵਿਚ ਕਹਿੰਦਾ ਹੈ। ਪੰਛੀਆਂ ਵਿਚ ਕੋਈ ਵੈਰ ਭਾਵ ਨਹੀਂ ਹੁੰਦਾ, ਉਹ ਸਥਾਈ ਘਰ ਵੀ ਨਹੀਂ ਬਣਾਉਂਦੇ, ਉਨ੍ਹਾਂ ਲਈ ਸਰਹੱਦਾਂ ਦਾ ਕੋਈ ਅਰਥ ਨਹੀਂ, ਕੋਈ ਲਾਲਚ ਨਹੀਂ, ਜੋ ਕੁਝ ਮਿਲ ਗਿਆ ਖਾ ਲਿਆ, ਪੀ ਲਿਆ, ਕੋਈ ਕਬਜ਼ਾ ਨਹੀਂ ਕਰਦੇ, ਫਿਰ ਵੀ ਉਹ ਚਹਿਕਦੇ ਰਹਿੰਦੇ ਹਨ। ਉਨ੍ਹਾਂ ਦੀ ਖ਼ੁਸ਼ੀਆਂ ਭਰੀ ਜ਼ਿੰਦਗੀ ਵੇਖਕੇ ਇਨਸਾਨ ਨੂੰ ਵੀ ਖ਼ੁਸ਼ੀਆਂ ਦਾ ਆਨੰਦ ਮਾਨਣਾ ਚਾਹੀਦਾ ਹੈ। ਲੋਭ, ਮੋਹ ਅਤੇ ਅਹੰਕਾਰ ਦੇ ਚੱਕਰ ਵਿਚੋਂ ਬਾਹਰ ਨਿਕਲਕੇ ਇਨਸਾਨ ਨੂੰ ਪਰਮਾਤਮਾ ਦੀਆਂ ਬਰਕਤਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਪਤਾ ਨਹੀਂ ਉਹ ਇਨ੍ਹਾਂ ਰਹਿਮਤਾਂ ਦਾ ਲਾਭ ਕਿਉਂ ਨਹੀਂ ਉਠਾ ਰਿਹਾ?

ਪਰਿੰਦੇ ਆਬ-ਅੋ-ਦਾਨਾ ਢੂੰਡਤੇ ਹੈਂ, ਵੋਹ ਬਸ ਮੌਸਮ ਸੁਹਾਨਾ ਢੂੰਢਤੇ ਹੈਂ।
ਪਰਿੰਦੋਂ ਕੀ ਸਿਆਸਤ ਬਸ ਯਹੀ ਹੈ, ਵੋਹ ਮਿਲਨੇ ਕਾ ਬਹਾਨਾ ਢੂੰਢਤੇ ਹੈਂ।
ਸਰਹੱਦੋਂ ਸੇ ਉਨਹੇਂ ਕਿਆ ਲੇਨਾ ਹੈ, ਵੋਹ ਉੜਨੇ ਕਾ ਬਹਾਨਾ ਢੂੰਢਤੇ ਹੈਂ।
ਸ਼ਜ਼ਰ ਕੀ ਟਹਿਨੀਅਓਂ ਪਰ ਬੈਠੇ-ਬੈਠੇ, ਮੁਹੱਬਤ ਕਾ ਜ਼ਮਾਨਾ ਢੂੰਢਤੇ ਹੈਂ।
ਜ਼ਮਾਨੇ ਕੀ ਫ਼ਿਜ਼ਾ ਸੇ ਦੂਰ ਉੜਕਰ, ਖ਼ੁਦਾ ਕਾ ਆਸ਼ਿਆਨਾ ਢੂੰਢਤੇ ਹੈ।
‘ਨੂਰ’ ਕੁਛ ਸੀਖ਼ ਲੇ ਪਰਿੰਦੋਂ ਸੇ, ਜੋ ਖ਼ੁਸ਼ੀਓਂ ਕਾ ਖ਼ਜਾਨਾ ਢੂੰਢਤੇ ਹੈ।

ਸ਼ਾਇਰ ਆਪਣੀ ਸ਼ਾਇਰੀ ਵਿਚ ਇਨਸਾਨ ਨੂੰ ਲੜਾਈ ਝਗੜੇ ਛੱਡ ਕੇ ਕੁਰਕਸ਼ੇਤਰ ਦਾ ਯੁੱਧ ਖ਼ਤਮ ਕਰਨ ਦੀ ਨਸੀਹਤ ਦੇ ਰਿਹਾ ਹੈ। ਸਾਰਾ ਕੁਝ ਇਥੇ ਹੀ ਰਹਿ ਜਾਣਾ ਹੈ। ਆਪਸੀ ਝਗੜੇ, ਖੁੰਦਕਾਂ ਅਤੇ ਦੁਸ਼ਮਣੀਆਂ ਵਿਚੋਂ ਸੁੱਖ ਨਹੀਂ ਸਗੋਂ ਅਸ਼ਾਂਤੀ ਮਿਲਦੀ ਹੈ, ਸ਼ਾਇਰ ਲਿਖਦੇ ਹਨ:

ਸ਼ਸ਼ਤਰੋਂ ਕੀ ਹੋੜ ਘਟੇ ਜਗ ਮੇਂ, ਸਬ ਦੇਸ਼ ਕੁਟੁੰਬ ਸਮਾਨ ਰਹੇਂ।
ਸਾਰੀ ਸ੍ਰਿਸ਼ਟੀ ਸੰਗੀਤ ਬਨੇ, ਨਵ ਵਰਸ਼ ਨਯਾ ਸੰਦੇਸ਼ ਲੀਏ।

ਯੂੰ ਖ਼ੂਨ ਵਹਾਨੇ ਕੇ ਬਹਾਨੇ ਬਹੁਤ ਸੀਖੇ,
ਕੋਈ ਪਿਆਰ ਮੁਹੱਬਤ ਕਾ ਤਰਾਨਾ ਨਹੀਂ ਸੀਖਾ।
ਹਮ ਖ਼ੁਸ਼ ਹੈਂ ਜਮਾ ਕਰਕੇ ਸਾਮਾਨੇ-ਏ-ਜੰਗ ਲੇਕਿਨ,
ਹਮਨੇ ਅਭੀ ਜੰਗੋਂ ਕੋ ਮਿਟਾਨਾ ਨਹੀਂ ਸੀਖਾ।

ਸ਼ੁਭਾਸ਼ ਸ਼ਰਮਾ ਪਰਮਾਤਮਾ ਨੂੰ ਵੀ ਆਪਣੀ ‘ਭਗਵਾਨ ਤੁਮ ਅਸਤੀਫ਼ਾ ਦੇ ਦੋ’ ਦੇ ਸਿਰਲੇਖ ਵਾਲੀ ਕਵਿਤਾ ਵਿਚ ਵਿਅੰਗ ਕਰਦਾ ਲਿਖਦਾ ਹੈ ਕਿ ਇਨਸਾਨੀਅਤ ਤੇਰੇ ਕਾਬੂ ਵਿਚ ਨਹੀਂ ਹੈ। ਰਾਜਨੀਤੀ ‘ਤੇ ਵਿਅੰਗ ਕਰਦੇ ਲਿਖਦੇ ਹਨ, ਆਪਣੀ ਵਿਰਾਸਤ ਸਾਬਤ ਕਰਨ ਲਈ ਸਬੂਤ ਮੰਗੇ ਜਾ ਰਹੇ ਹਨ। ਸਭ ਪਾਸੇ ਆਪੋ ਧਾਪੀ ਪਈ ਹੋਈ ਹੈ। ਤੁਹਾਡੀ ਕੋਈ ਪਰਵਾਹ ਨਹੀਂ ਕਰ ਰਿਹਾ, ਇਸ ਲਈ ਤੁਹਾਨੂੰ ਵੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਪੰਜਾਬ ਦੀ ਮਿੱਟੀ ਦੀ ਮਹਿਕ ਦਾ ਜ਼ਿਕਰ ਕਰਦਾ ਸ਼ਾਇਰ ਕਹਿੰਦਾ ਹੈ ਕਿ ਪੰਜਾਬ ਸ਼ਹੀਦਾਂ, ਗੁਰੂਆਂ, ਪੀਰਾਂ, ਸੂਫ਼ੀ ਫ਼ਕੀਰਾਂ, ਧਰਮ ਗ੍ਰੰਥਾ ਦੀ ਪਾਕਿ ਪਵਿਤਰ ਸਰਜ਼ਮੀਂ ਹੈ। ਇਨਸਾਨ ਆਪਣੀ ਇਸ ਅਮੀਰ ਵਿਰਾਸਤ ਤੋਂ ਸਿੱਖਣ ਤੋਂ ਭੱਜ ਰਿਹਾ ਹੈ। ਚਿੜੀਆ ਘਰ ਕਵਿਤਾ ਵਿਚ ਚਿੜੀਆਂ ਦੇ ਰਾਹੀਂ ਪਰਜਾਤੰਤਰ ਵਿਚ ਸ਼ਰੀਫ਼ ਮਾਨਵਤਾ ‘ਤੇ ਹੋ ਰਹੇ ਅਤਿਆਚਾਰਾਂ ਦਾ ਜ਼ਿਕਰ ਕਰਦੇ ਸ਼ਾਇਰ ਲਿਖ ਰਹੇ ਹਨ ਕਿ ਤਕੜੇ ਦਾ ਸਤੀਂ ਵੀਹੀਂ ਸੌ ਹੋ ਰਿਹਾ ਹੈ। ਮਾਜ਼ੀ, ਆਜ ਔਰ ਕਲ੍ਹ ਵਿਚ ਸਪੁੱਤਰਾਂ ਵਲੋਂ ਬਜ਼ੁਰਗਾਂ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਬਾਰੇ ਲਿਖਦੇ ਹਨ। ਜ਼ਿੰਦਗੀ ਕਵਿਤਾ ਵਿਚ ਸ਼ਾਇਰ ਲਿਖਦੇ ਹਨ ਕਿ ਖ਼ੁਸ਼ੀਆਂ ਭਾਲਣ ਲਈ ਜੰਗਲ, ਗੁਫ਼ਾ ਅਤੇ ਪਹਾੜਾਂ ਵਿਚ ਜਾ ਕੇ ਤਪੱਸਿਆ ਕਰਨ ਦੀ ਲੋੜ ਨਹੀਂ। ਖ਼ੁਸ਼ੀ ਇਨਸਾਨ ਦੇ ਅੰਦਰ ਹੈ। ਇਸ ਲਈ ਉਸਨੂੰ ਆਪਣੇ ਅੰਦਰ ਝਾਕਣਾ ਚਾਹੀਦਾ। ‘ਕਲ’ ਕਵਿਤਾ ਵਿਚ ਵਰਤਮਾਨ ਨੂੰ ਸਫਲ ਬਣਾਉਣਾ ਜ਼ਰੂਰੀ ਹੈ, ਬੀਤੇ ਅਤੇ ਆਉਣ ਵਾਲੇ ਸਮੇਂ ਬਾਰੇ ਨਹੀਂ ਸੋਚਣਾ ਚਾਹੀਦਾ। ਕਰੋਨਾ ਸਿਰਲੇਖ ਵਾਲੀ ਕਵਿਤਾ ਵਿਚ ਇਨਸਾਨੀਅਤ ਨਾਲ ਹੋ ਰਹੇ ਦੁਖਾਂਤ ਦਾ ਜ਼ਿਕਰ ਕੀਤਾ ਹੈ। ਸ਼ਾਇਰ ਲੋਕਾਂ ਨੂੰ ਆਪਣਾ ਭਵਿਖ ਆਪ ਬਣਾਉਣ ਦੀ ਤਾਕੀਦ ਕਰ ਰਿਹਾ ਹੈ:

ਖ਼ੁਸ਼ਨਸੀਬੀ ਯੂੰ ਹੀ ਨਹੀਂ ਮਿਲਤੀ, ਯੇ ਬਜ਼ੁਰਗੋਂ ਕੀ ਮਿਹਰਬਾਨੀ ਹੈ।
ਘਰ ਮੇਂ ਖਿਲਤੇ ਗੁਲਾਬ ਹੋਤੀ ਹੈਂ, ਬੇਟੀਆਂ ਲਾਜਵਾਬ ਹੋਤੀ ਹੈਂ।

ਸ਼ਾਇਰ ਪਿਆਰ ਮੁਹੱਬਤ ਦੇ ਗੀਤ ਗਾਉਂਦੇ ਰਹਿੰਦੇ ਹਨ। ਉਹ ਕਹਿੰਦੇ ਹਨ ਕਿ ਮਨੁੱਖੀ ਜੀਵਨ ਇਨਸਾਨ ਲਈ ਪਰਮਾਤਮਾ ਦਾ ਸਭ ਤੋਂ ਵੱਡਾ ਤੋਹਫ਼ਾ ਹੈ। ਇਸ ਲਈ ਇਸਨੂੰ ਮੁਹੱਬਤ ਨਾਲ ਹੀ ਬਸਰ ਕੀਤਾ ਜਾਵੇ। ਮੁਹੱਬਤ ਨਾਲ ਸੰਬੰਧਤ ਕਵਿਤਾਵਾਂ, ਨਜ਼ਮਾ, ਸ਼ੇਅਰ ਅਤੇ ਰੁਬਾਈਆਂ ਵਿਚੋਂ ਕੁਝ ਸ਼ੇਅਰ ਇਸ ਪ੍ਰਕਾਰ ਹਨ:

ਸੂਰਤੇ ਸ਼ਮਾ ਪਿਘਲ ਜਾਉਂਗੀ, ਵਕਤ ਕੇ ਸਾਂਚੇ ਮੇਂ ਢਲ ਜਾਉਂਗੀ।
ਆਪਨੇ ਸੀਨੇ ਸੇ ਲਗਾਕਰ ਦੇਖੋ, ਜ਼ਿੰਦਗੀ ਬਨ ਜਾਉਂਗੀ।
ਦਿਲ ਕੀ ਨਜ਼ਰੋਂ ਸੇ ਨਿਹਾਰੋ, ਏ ‘ਨੂਰ’, ਜ਼ਲਵਾ-ਏ-ਹੂਰ ਨਜ਼ਰ ਆਉਂਗੀ।

ਕੋਈ ਕਹਿ ਰਹਾ ਫ਼ਲਸਫ਼ਾ-ਏ-ਮੁਹੱਬਤ, ਵੋਹ ਵਾਈਜ਼ ਕਹੇ ਹੁਸਨ ਫ਼ਾਨੀ ਕੀ ਬਾਤੇਂ।

ਮੈਨੇ ਏਕ ਤਾਜ ਮਹਲ ਦਿਲ ਮੇਂ ਬਨਾ ਰੱਖਾ ਹੈ,
ਜਿਸਕੋ ਦੁਨੀਆ ਕੀ ਨਿਗਾਹੋਂ ਸੇ ਛਿਪਾ ਰਖਾ ਹੈ।

ਤੁਮ ਮੁਹੱਬਤ ਕੇ ਗੀਤ ਗਾਇਆ ਕਰੋ,
ਔਰ ਨਈ ਨਸਲ ਕੋ ਸੁਨਾਯਾ ਕਰੋ।

ਯਹਾਂ ਹਰ ਗੁਲ ਕੋ ਮਹਕਨੇ ਕੀ ਅਦਾ ਆਤੀ ਹੈ,
ਯਹਾਂ ਬੁਲਬੁਲ ਕੋ ਚਹਕਨੇ ਕੀ ਅਦਾ ਆਤੀ ਹੈ।
ਮੇਰੇ ਮਹਿਬੂਬ! ਮੇਰੇ ਸ਼ਹਿਰ ਕਾ ਆਲਮ ਤੋ ਦੇਖ,
ਯਹਾਂ ਹਰ ਦਿਲ ਕੋ ਬਹਿਕਨੇ ਕੀ ਅਦਾ ਆਤੀ ਹੈ।

ਤੁਮਹਾਰੀ ਏਕ ਅਦਾ ਨੇ ਲੂਟ ਲੀ ਮਹਿਫ਼ਲ ਮੇਰੇ ਦਿਲ ਕੀ,
ਤੁਮਹਾਰੀ ਏਕ ਅਦਾ ਨੇ ਜ਼ਿੰਦਗੀ ਕਾ ਰੁਖ ਬਦਲ ਡਾਲਾ।
ਵਿਛੜ ਕਰ ਯਾਰ ਸੇ ਸੋਤਾ ਹੈ ਕੌਨ ਰਾਤੋਂ ਮੇਂ,
ਜ਼ਮੀਂ ਕਰਵਟ ਬਦਲਤੀ ਹੈ, ਫ਼ਲਕ ਬਸ ਆਹੇਂ ਭਰਤਾ ਹੈ।

ਸੂਰਤੇ ਸ਼ਮਾਂ ਪਿਘਲ ਜਾਉਂਗੀ, ਵਕਤ ਕੇ ਸਾਂਚੇ ਮੇਂ ਢਲ ਜਾਉਂਗੀ,
ਅਪਨੇ ਸੀਨੇ ਸੇ ਲਗਾਕਰ ਦੇਖੋ, ਜ਼ਿੰਦਗੀ ਬਨ ਕੇ ਮਚਲ ਜਾਉਂਗੀ

ਇਹ ਸ਼ੁਭਾਸ਼ ਸ਼ਰਮਾ ਨੂਰ ਦੀਆਂ ਮੁਹੱਬਤ ਨਾਲ ਸੰਬੰਧਤ ਕਵਿਤਾਵਾਂ ਦੇ ਸ਼ੇਅਰ ਸਨ। ਉਮੀਦ ਹੈ ਕਿ ਸ਼ੁਭਾਸ਼ ਸ਼ਰਮਾ ਭਵਿਖ ਵਿਚ ਹੋਰ ਨਵੇਂ ਉਤਸ਼ਾਹ ਨਾਲ ਵਧੀਆ ਰਚਨਾਵਾਂ ਲਿਖਕੇ ਪਾਠਕਾਂ ਦੀ ਝੋਲੀ ਵਿਚ ਪਾਉਣਗੇ।
***
240
***
ਸਾਬਕਾ ਜਿਲ੍ਹਾ ਲੋਕ ਸੰਪਕ ਅਧਿਕਾਰੀ
ਮੋਬਾਈਲ-9417913072
ujagarsingh48@yahoo.com

ੳੁਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ