13 June 2024

ਔਰਤ ਦੀ ਉੱਚਤਾ ਦਾ ਹਾਮੀ ਹੈ ਮੇਰਾ ਸਾਹਿਤ: ਬਲਬੀਰ ਕੌਰ ਸੰਘੇੜਾ—ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲ

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (17 ਅਕਤੂਬਰ 2021 ਨੂੰ) 58ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਨਾਮਵਰ ਪੰਜਾਬੀ ਗਲਪਕਾਰ ਬਲਬੀਰ ਕੌਰ ਸੰਘੇੜਾ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਗਲਪਕਾਰ ਬਲਬੀਰ ਕੌਰ ਸੰਘੇੜਾ’ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

-ਅਦੀਬ ਸਮੁੰਦਰੋਂ ਪਾਰ ਦੇ-
ਔਰਤ ਦੀ ਉੱਚਤਾ ਦਾ ਹਾਮੀ ਹੈ ਮੇਰਾ ਸਾਹਿਤ: ਬਲਬੀਰ ਕੌਰ ਸੰਘੇੜਾ—ਹਰਮੀਤ ਸਿੰਘ ਅਟਵਾਲ

ਬਲਬੀਰ ਕੌਰ ਸੰਘੇੜਾ
001-416-509-4173

ਨਾਮਵਰ ਹੋਣਾ, ਮਸ਼ਹੂਰ ਜਾਂ ਮਕਬੂਲ ਹੋਣਾ, ਪ੍ਰਸਿੱਧ ਹੋਣਾ ਜਾਂ ਉੱਘਾ ਹੋਣਾ ਬੜੀ ਤਪੱਸਿਆ/ਮਿਹਨਤ ਤੋਂ ਬਾਅਦ ਪ੍ਰਾਪਤ ਹੋਣ ਵਾਲਾ ਮਰਤਬਾ ਹੈ। ਪੰਜਾਬੀ ਗਲਪਕਾਰੀ ਦੇ ਖੇਤਰ ਵਿਚ ਬਲਬੀਰ ਕੌਰ ਸੰਘੇੜਾ ਨੂੰ ਇਹ ਮਰਤਬਾ ਕਈ ਦਹਾਕਿਆਂ ਤੋਂ ਪ੍ਰਾਪਤ ਹੈ। ਗਲਪ ਦੇ ਅੰਤਰਗਤ ਆਮ ਤੌਰ ’ਤੇ ਨਾਵਲ, ਨਾਵਲਿਟ, ਕਹਾਣੀ ਤੇ ਮਿੰਨੀ ਕਹਾਣੀ ਨੂੰ ਮੰਨਿਆ ਜਾਂਦਾ ਹੈ। ਬਲਬੀਰ ਕੌਰ ਸੰਘੇੜਾ ਨੇ ਕਹਾਣੀਆਂ ਵੀ ਲਿਖੀਆਂ ਹਨ ਤੇ ਨਾਵਲ ਵੀ। ਉਸ ਦੀ ਤਕਰੀਬਨ ਹਰ ਗਲਪ ਰਚਨਾ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਘਾਰਾ ਮਿਲਿਆ ਹੈ।

ਬਲਬੀਰ ਕੌਰ ਸੰਘੇੜਾ ਦਾ ਜਨਮ 2 ਮਾਰਚ 1944 ਨੂੰ ਪਿੰਡ ਮੁਕੰਦਪੁਰ (ਕਿਸੇ ਵੇਲੇ ਜ਼ਿਲ੍ਹਾ ਜਲੰਧਰ ਤੇ ਹੁਣ ਨਵਾਂ ਸ਼ਹਿਰ ਵਿਚ) ਪਿਤਾ ਗੁਰਬਚਨ ਸਿੰਘ ਸ਼ੇਰਗਿੱਲ ਅਨਾਮੀਆ ਤੇ ਮਾਤਾ ਰਜਿੰਦਰ ਕੌਰ ਮਾਹਲ ਸ਼ੇਰਗਿੱਲ ਦੇ ਘਰ ਹੋਇਆ। ਬਲਬੀਰ ਕੌਰ ਸੰਘੇੜਾ ਨੇ ਕਾਫੀ ਉੱਚ ਵਿੱਦਿਆ ਪ੍ਰਾਪਤ ਕੀਤੀ ਹੋਈ ਹੈ। ਉਸ ਨੇ ਗਿਆਨੀ-ਬੀ.ਏ ਪੰਜਾਬ ਤੋਂ, ਬਿਜ਼ਨੈੱਸ ਸਟੱਡੀ ਐਂਡ ਲਾਅ ਬਰਮਿੰਘਮ ਯੂਨੀਵਰਸਿਟੀ ਤੋਂ ਅਤੇ ਟੈਕਨੀਕਲ ਬੈਂਕਿੰਗ ਕੋਰਸ ਯੌਰਕ ਯੂਨੀਵਰਸਿਟੀ ਟੋਰਾਂਟੋ ਤੋਂ ਕੀਤਾ ਹੋਇਆ ਹੈ। ਪਰਵਾਸ ਦੇ ਆਰੰਭ ਤੇ ਵਿੱਦਿਆ ਸੰਬੰਧੀ ਉਸ ਦਾ ਆਪਣਾ ਕਥਨ ਇਥੇ ਲਿਖਣਯੋਗ ਹੈ:-

* ‘‘ਮੈਂ 1962 ਨੂੰ ਇੰਗਲੈਂਡ ਮੈਰਿਜ ਬੇਸਿਸ ਤੇ ਆਈ ਸਾਂ। ਜਿਥੇ ਜ਼ਿੰਦਗੀ ਦੇ 25-26 ਵਰੵੇ ਬਿਤਾਏ। ਇੱਥੋਂ ਹੀ ਮੈਂ ਅਗਲੀ ਪੜ੍ਹਾਈ ਕੀਤੀ। ਡਿਪਲੋਮੈ ਤੋਂ ਬਿਨਾਂ ਕਈ ਹੋਰ ਕੋਰਸ ਕੰਪਿਊਟਰ ਆਦਿ ਦੇ ਕੀਤੇ ਤੇ ਐਜੂਕੇਸ਼ਨ ਡਿਪਾਰਟਮੈਂਟ ਵਿਚ ਕੰਮ ਕਰਦਿਆਂ ਤੇ ਉਸ ਤੋਂ ਬਾਅਦ ਸੋਸ਼ਲ ਸਰਵਿਸਿਜ਼ ਵਿਚ ਕੰਮ ਕਰਦਿਆਂ ਇਨ ਸਰਵਿਸ ਕੋਰਸ ਵੀ ਕੀਤੇ। ਇਥੇ ਹੀ ਬੱਚੇ ਪਾਲੇ-ਪੜ੍ਹਾਏ। ਬਹੁਤ ਸਾਰੇ ਚੰਗੇ ਮਾੜੇ ਦਿਨ ਵੀ ਦੇਖੇ। 1987 ਨੂੰ ਅਸੀਂ ਚੰਗੇ ਭਵਿੱਖ ਵਾਸਤੇ ਕੈਨੇਡਾ ਆਣ ਪਹੰੁਚੇ। ਕੈਨੇਡਾ ਵਿਚ ਮੈਨੂੰ ਬੈਂਕਿੰਗ ਸੈਕਟਰ ਦੇ ਹੈੱਡ ਆਫਿਸ ਵਿਚ ਇਨਫਰਮੇਸ਼ਨ ਅਫ਼ਸਰ ਦਾ ਕੰਮ ਮਿਲ ਗਿਆ। ਇਹ ਹਾਈ ਲੈਵਲ ਦੀ ਪੁਜੀਸ਼ਨ ਸੀ। ਉਸ ਤੋਂ ਹੀ ਮੈਂ ਰਿਟਾਇਰਡ ਹੋਈ ਹਾਂ।’’

ਸਾਹਿਤ ਪੜ੍ਹਨ ਤੇ ਸਿਰਜਣਾ ਵਾਲੇ ਪਾਸੇ ਆਉਣ ਦਾ ਸਬੱਬ ਬਲਬੀਰ ਕੌਰ ਸੰਘੇੜਾ ਨੇ ਇੰਝ ਦਰਸਾਇਆ ਹੈ :

* ਸਾਹਿਤ ਪੜ੍ਹਨ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਮੇਰੇ ਪਿਤਾ ਜੀ ਵੱਲੋਂ ਲਾ ਦਿੱਤਾ ਗਿਆ ਸੀ। ਉਹ ਕਿੱਸਾ ਕਾਵਿ ਪੜ੍ਹਨ ਅਤੇ ਮਾਨਣ ਦੇ ਸ਼ੌਕੀਨ ਸਨ। ਗੁਰਬਾਣੀ ਉਨ੍ਹਾਂ ਨੂੰ ਮੂੰਹ ਜਵਾਨੀ ਚੇਤੇ ਸੀ। ਸਾਡੇ ਘਰ ਗ੍ਰੰਥਾਂ ਦਾ ਭੰਡਾਰ ਸੀ। ਸੋਹਣ ਸਿੰਘ ਸੀਤਲ ਦਾ ਨਾਵਲ ‘ਦੀਵੇ ਦੀ ਲੋਅ’ ਮੈਂ 10 ਵਰਿ੍ਹਆਂ ਦੀ ਉਮਰ ਵਿਚ ਪੜਿ੍ਹਆ ਸੀ ਜੋ ਮੈਨੂੰ ਅੱਜ ਵੀ ਚੇਤੇ ਹੈ। ਭਾਈ ਵੀਰ ਸਿੰਘ ਦਾ ਨਾਵਲ ‘ਸੁੰਦਰੀ’ ਵੀ ਉਦੋਂ ਈ ਪੜਿ੍ਹਆ ਸੀ। ਇਹ ਗੱਲ ਹੋ ਗਈ ਪੜ੍ਹਨ ਦੀ। ਹੁਣ ਕਰਦੇ ਹਾਂ ਲਿਖਣ ਦੀ। ਮੇਰੇ ਘਰ ਦੀਆਂ ਔਰਤਾਂ ਬਹੁਤ ਕੁਝ ਸਹਿ ਰਹੀਆਂ ਸਨ। ਉਨ੍ਹਾਂ ਵਿੱਚੋਂ ਤਿੰਨਾਂ ਦਾ ਜਿਕਰ ਮੈਂ ਅਕਸਰ ਕਰਦੀ ਹਾਂ। ਮੇਰੇ ਬਾਲ ਵਿਧਵਾ ਭੂਆ ਜੀ, ਮੇਰੀ ਮਾਂ ਤੇ ਮੇਰੀ ਨਾਨੀ। ਇਨ੍ਹਾਂ ਤਿੰਨਾਂ ਦੇ ਆਪਣੇ-ਆਪਣੇ ਦੁੱਖ ਸਨ। ਆਪਣੀ-ਆਪਣੀ ਚੁੱਪ ਸੀ ਜੋ ਮੇਰੇ ਅੰਦਰ ਬਹੁਤ ਸਵਾਲ ਪੈਦਾ ਕਰਦੀ ਸੀ। ਮੈਨੂੰ ਤੀਜੀ ਵਿਚ ਪੜ੍ਹਦਿਆਂ ਹੋਇਆਂ ‘ਪ੍ਰੀਤਲੜੀ’ ਇਨਾਮ ਵਿਚ ਮਿਲੀ ਸੀ। ਉਸ ਨੇ ਮੇਰੇ ਅੰਦਰ ਕੁਝ ਕਹਿ ਸਕਣ ਦੀ ਜਾਗ ਲਾਈ। ਪਰ ਕਿਵੇਂ ਕਹਿਣਾ-ਲਿਖਣਾ ਹੈ ਉਹ ਇੰਗਲੈਂਡ ਦੀ ਦੁਨੀਆ ਵਿਚ ਵਸਕੇ ਪਤਾ ਲੱਗਾ। ਸੱਠਵਿਆਂ ਦੇ ਅਖ਼ੀਰ ਵਿਚ ਮੇਰੀ ਕਲਮ ਆਪਣੇ ਆਪ ਚੱਲਣ ਲੱਗੀ। ਭਾਵੇਂ ਮੈਂ ਕਵਿਤਾ ਤੋਂ ਸ਼ੁਰੂ ਕੀਤਾ ਸੀ ਪਰ ਕਹਾਣੀਆਂ ਮੇਰੀ ਕਲਮ ਨੂੰ ਵੱਧ ਰਾਸ ਆਈਆਂ। ਭਾਵੇਂ ਮੇਰੇ ਦੋ ਨਾਵਲ ਸਭ ਤੋਂ ਪਹਿਲਾਂ ਛਪੇ ਪਰ ਮੇਰੀ ਪਛਾਣ ਇੱਕ ਕਹਾਣੀਕਾਰ ਦੇ ਤੌਰ ’ਤੇ ਹੀ ਬਣੀ। ਇੰਗਲੈਂਡ ਵਿਚ ਉਸ ਵੇਲੇ ਕੈਲਾਸ਼ਪੁਰੀ ਤੋਂ ਬਿਨਾਂ ਹੋਰ ਕੋਈ ਔਰਤ ਹੈ ਵੀ ਨਹੀਂ ਸੀ ਜੋ ਲਿਖਦੀ ਹੋਵੇ। ਇੰਗਲੈਂਡ ਵਿਚ ਰਹਿੰਦਿਆਂ ਮੇਰੀਆਂ ਤਿੰਨ ਕਿਤਾਬਾਂ ਛਪ ਚੁੱਕੀਆਂ ਸਨ ਤੇ ਬਾਕੀ ਸਫ਼ਰ ਕੈਨੇਡਾ ਦਾ ਹੈ।

ਬਲਬੀਰ ਕੌਰ ਸੰਘੇੜਾ ਦੇ ਗਲਪ ਸੰਸਾਰ ਵੱਲ ਨਜ਼ਰ ਮਾਰੀਏ ਤਾਂ ਸਭ ਤੋਂ ਪਹਿਲਾਂ ਸੰਘੇੜਾ ਦਾ ਪਹਿਲਾ ਨਾਵਲ ‘ਹੱਕ ਦੀ ਮੰਗ’ (1979) ਧਿਆਨ ਵਿਚ ਆਉਂਦਾ ਹੈ ਜਿਹੜਾ ਨਾਰੀ ਚੇਤਨਾ ਦੇ ਨੁਕਤਾ-ਨਿਗਾਹ ਤੋਂ ਹੈ ਤੇ ਬਾਖ਼ੂਬੀ ਦਰਸਾਉਂਦਾ ਹੈ ਕਿ ਅਕਸਰ ਹੱਕ ਕੋਈ ਦਿੰਦਾ ਨਹੀਂ, ਉਹ ਆਪ ਹੀ ਲੈਣੇ ਪੈਂਦੇ ਹਨ। ਸੰਘੇੜਾ ਦਾ ਦੂਜਾ ਨਾਵਲ ‘ਇੱਕ ਖ਼ੱਤ ਨਾਂ ਸੱਜਣਾਂ ਦੇ’ ਹੈ। ਇਹ ਨਾਵਲ ਮੂਲ ਰੂਪ ਵਿਚ ਪਰਵਾਸ ਦੇ ਆਰੰਭਲੇ ਦਿਨਾਂ ’ਚ ਆਉਂਦੀਆਂ ਔਕੜਾਂ ਬਾਰੇ ਹੈ। ਸੰਘੇੜਾ ਦੀ ਕਹਾਣੀਆਂ ਦੀ ਕਿਤਾਬ ‘ਆਪਣੇ ਹੀ ਓਹਲੇ’ ਨੂੰ ਵੀ ਪਾਠਕਾਂ ਵੱਲੋਂ ਖਾਸਾ ਹੁੰਘਾਰਾ ਮਿਲਿਆ ਹੈ। ਅਗਲੀ ਪੁਸਤਕ ‘ਪਰਛਾਈਆਂ ਦੇ ਓਹਲੇ ਪਰਕਰਮਾ’ ਵਿਚ ਸੰਘੇੜਾ ਨੇ ਆਪਣੀਆਂ ਕੁਝ ਕੌੜੀਆਂ-ਮਿੱਠੀਆਂ ਯਾਦਾਂ ਦਰਜ ਕੀਤੀਆਂ ਹਨ। ‘ਠੰਡੀ ਹਵਾ’ ਸੰਗ੍ਰਹਿ ਵੀ ਸੰਘੇੜਾ ਦੀਆਂ ਕਹਾਣੀਆਂ ਦੇ ਵਿਕਾਸਾਤਮਕ ਪੱਖ ਦੀ ਸ਼ਾਅਦੀ ਭਰਦਾ ਹੈ। ਅੱਗੋਂ ਫਿਰ ਸੰਘੇੜਾ ਦਾ ਨਾਵਲ ‘ਜਾਲ’ ਛਪਦਾ ਹੈ ਜਿਹੜਾ ਨਾਰੀ ਦੀ ਉੱਚਤਾ ਦਾ ਹਾਮੀ ਹੈ। ਇਸ ਨਾਵਲ ਵਿਚ ਕੈਨੇਡੀਅਨ ਜ਼ਿੰਦਗੀ ਦੇ ਬਹੁਤ ਸਾਰੇ ਪੱਖ ਵੀ ਸਾਹਮਣੇ ਆਉਂਦੇ ਹਨ। ‘ਖੰਡਰ’ ਕਹਾਣੀ ਸੰਗ੍ਰਹਿ ਤੇ ‘ਖੰਭੇ’ ਦੋਵੇ ਸੰਘੇੜਾ ਦੇ ਲੰਮੀਆਂ ਕਹਾਣੀਆਂ ਦੇ ਸੰਗ੍ਰਹਿ ਹਨ ਤੇ ਦੋਵਾਂ ਦੇ ਵਿਸ਼ੇ ਬਹੁਤਾ ਕਰਕੇ ਕੈਨੇਡੀਅਨ ਜੀਵਨ ਜਾਚ ’ਤੇ ਹੀ ਆਧਾਰਿਤ ਹਨ। ਮਨੁੱਖ ਅੰਦਰਲੀ ਟੁੱਟ-ਭੱਜ ਨੂੰ ਇਨ੍ਹਾਂ ਕਹਾਣੀਆਂ ’ਚ ਬਹੁਤ ਟੁੰਬਵੇਂ ਅੰਦਾਜ਼ ’ਚ ਉਜਾਗਰ ਕੀਤਾ ਗਿਆ ਹੈ। ਸੰਘੇੜਾ ਨੇ ਉੱਤਰੀ ਅਮਰੀਕਾ ਦੀਆਂ ਕਹਾਣੀਆਂ ਦੀ ਇੱਕ ਪੁਸਤਕ ਸੰਪਾਦਿਤ ਵੀ ਕੀਤੀ ਹੈ ਜਿਸ ਵਿਚ ਸਿਰਫ਼ ਉਤਰੀ ਅਮਰੀਕਾ ਦੀਆਂ ਔਰਤ ਲੇਖਕਾਂ ਦੀਆਂ ਕਹਾਣੀਆਂ ਹੀ ਹਨ। ਸੰਘੇੜਾ ਦੇ ‘ਚਿੱਕੜ’ ਨਾਂ ਦੇ ਨਾਵਲ ਵਿਚ ਪਰਵਾਸੀ ਮਨੁੱਖ ਦੀ ਆਪਣੇ ਘਰ ਪੰਜਾਬ ਵਿਚ ਪਰਤ ਕੇ ਜ਼ਮੀਨ ਜ਼ਾਇਦਾਦ ਨੂੰ ਲੈ ਕੇ ਹੁੰਦੀ ਆਪਸੀ ਖਿੱਚੋਤਾਣ ਨੂੰ ਗਲਪੀ ਰੂਪ ਦਿੱਤਾ ਗਿਆ ਹੈ। ਬਿਗੜੇ ਹੋਏ ਸਿਸਟਮ ਦੀ ਅਸਲੀਅਤ ਵੀ ਉਜਾਗਰ ਕੀਤੀ ਗਈ ਹੈ। ਸੰਘੇੜਾ ਨੇ ਆਪਣੀ ਸਾਹਿਤਕ ਸਵੈ ਜੀਵਨੀ ‘ਤੁਰਦਿਆਂ ਤੁਰਦਿਆਂ’ ਵੀ ਲਿਖੀ ਹੈ। ਅਗਲੇ ਸਮੇਂ ’ਚ ਬਲਬੀਰ ਕੌਰ ਸੰਘੇੜਾ ਦੀਆਂ ਦੋ ਹੋਰ ਪੁਸਤਕਾਂ (ਇੱਕ ਲੇਖਕਾਂ ਨਾਲ ਮੁਲਾਕਾਤਾਂ ਦੀ ਤੇ ਦੂਜੀ ਵਾਰਤਕ ਦੀ ਹੈ) ਵੀ ਜਲਦੀ ਪਾਠਕਾਂ ਦੇ ਹੱਥਾਂ ’ਚ ਪੁਜ ਰਹੀਆਂ ਹਨ।

ਕਾਬਲਿ ਜਿਕਰ ਹੈ ਕਿ ਬਲਬੀਰ ਕੌਰ ਸੰਘੇੜਾ ਨੇ ਕਾਫ਼ੀ ਚਿਰ ਇੱਕ ਆਰ-ਪਾਰ ਨਾਂ ਦਾ ਪਰਚਾ ਵੀ ਕੱਢਿਆ ਸੀ ਜਿਸ ਬਾਰੇ ਸੰਘੇੜਾ ਨੇ ਵਿਸਤਾਰ ’ਚ ਇੰਝ ਦੱਸਿਆ ਹੈ:-

* ‘‘ਆਰ-ਪਾਰ ਮੈਂ ਜਨਵਰੀ 1993 ਨੂੰ ਸ਼ੁਰੂ ਕੀਤਾ ਸੀ। ਪਰ ਪੂਰਾ ਸਾਲ ਪਰਚੇ ਨੂੰ ਕਿਸੇ ਨੇ ਗੌਲਿਆ ਨਹੀਂ ਸੀ। ਮੈਂ ਜਨਵਰੀ 1994 ਨੂੰ ਸਾਡੇ ਸਾਹਿਤਕਾਰਾਂ ਨੂੰ ਘਰ ਸੱਦਿਆ ਤੇ ਨਵੇਂ ਤੌਰ ’ਤੇ ‘ਆਰ-ਪਾਰ’ ਨੂੰ ਰਿਲੀਜ਼ ਕੀਤਾ। ਭਾਵੇਂ ਮੈਨੂੰ ਹੁੰਘਾਰਾ ਉਸ ਵੇਲੇ ਵੀ ਨਾ ਮਾਤਰ ਹੀ ਮਿਲਿਆ ਪਰ ਫੇਰ ਵੀ ਕਈ ਸਾਹਿਤਕਾਰ ਪਰਚੇ ਨਾਲ ਜੁੜ ਗਏ। ਚੰਗੇ ਕਾਲਮ ਚੱਲ ਪਏ। ਹੌਲੀ-ਹੌਲੀ ਪਰਚਾ ਪੂਰੇ ਜੋਬਨ ’ਤੇ ਪਹੁੰਚ ਗਿਆ। ਇਹ ਮਾਸਿਕ ਪਰਚਾ ਸੀ। ਇਸ ਦਾ ਸਰਕੂਲੇਸ਼ਨ ਤਾਂ ਦੁਨੀਆ ਦੇ ਤਕਰੀਬਨ ਹਰ ਕੋਨੇ ਤਕ ਚਲਾ ਗਿਆ ਸੀ। ਰਹੀ ਗੱਲ ਇਸ ਪਰਚੇ ਨੂੰ ਬੰਦ ਕਰਨ ਦੀ, ਇਹ ਸਾਡਾ ਘਰੇਲੂ ਕਾਰਨ ਸੀ।

ਬਲਬੀਰ ਕੌਰ ਸੰਘੇੜਾ ਨਾਲ ਹੋਏ ਸਾਹਿਤਕ ਵਿਚਾਰ ਵਟਾਂਦਰੇ ’ਚੋਂ ਕੁਝ ਹੋਰ ਅੰਸ਼ ਵੀ ਇਥੇ ਆਪ ਦੀ ਨਜ਼ਰ ਹਨ :-

* ‘ਕਹਾਣੀ ਵਿਚਾਰ ਮੰਚ’ ਤੇ ‘ਕਲਮਾਂ ਦਾ ਕਾਫ਼ਲਾ’ ਕੈਨੇਡਾ ਦੀਆਂ ਵਚਨਬੱਧ ਸੰਸਥਾਵਾਂ ਹਨ। ਇਨ੍ਹਾਂ ਦੋਵਾਂ ਸੰਸਥਾਵਾਂ ਨੇ ਆਪਣੇ-ਆਪਣੇ ਥਾਂ ਵਧੀਆ ਕੰਮ ਕੀਤਾ ਹੈ। ਇੱਕ-ਦੋ ਹੋਰ ਵੀ ਚੱਲ ਰਹੀਆਂ ਹਨ।

* ਓਨਟਾਰੀਓ ਵਿਚ ਬਹੁਤ ਸਾਹਿਤਕਾਰ ਹਨ। ਕਵਿਤਾ ਧੜਾ-ਧੜ ਲਿਖੀ ਜਾ ਰਹੀ ਹੈ। ਰਹੀ ਗੱਲ ਗਲਪ ਦੀ, ਉਹ ਤਾਂ ਕੁਝ ਨਾਂ ਹੀ ਹਨ।

* ਪਾਠਕਾਂ ਦੀ ਕਮੀ ਦਾ ਰੌਲਾ ਪਬਲਿਸ਼ਰਾਂ ਵੱਲੋਂ ਪਾਇਆ ਜਾਂਦਾ ਹੈ। ਅੱਜ ਪਾਠਕ ਸਿਆਣਾ ਹੋ ਚੁੱਕਾ ਹੈ। ਪਹਿਲੀ ਗੱਲ ਤਾਂ ਕਿਤਾਬ ਦਾ ਮੁੱਲ ਹੀ ਐਨਾ ਹੁੰਦਾ ਹੈ ਕਿ ਆਮ ਪਾਠਕ ਖ਼ਰੀਦਣ ਤੋਂ ਝਿਜਕਦਾ ਹੈ। ਦੂਜਾ ਕਿਤਾਬ ਵਿਚ ਉਸ ਦੇ ਦਿਮਾਗ਼ ਨੂੰ ਕੋਈ ਗੱਲ ਝੰਜੋੜਦੀ ਹੋਵੇ ਤਾਂ ਹੀ ਖ਼ਰੀਦੇਗਾ। ਤੀਜਾ ਅੱਜ ਦੀ ਦੁਨੀਆ ਵਿਚ ਬੰਦਾ ਦੇਖਣ ਵਿਚ ਵੱਧ ਯਕੀਨ ਰੱਖਦਾ ਹੈ ਤੇ ਪੜ੍ਹਨ ਵਾਸਤੇ ਸਮਾਂ ਘੱਟ ਕੱਢਦਾ ਹੈ।

* ਅੱਜ ਵਾਰਤਕ ਦੇ ਟੋਟਿਆਂ ਨੂੰ ਵੀ ਖੁੱਲ੍ਹੀ ਕਵਿਤਾ ਦਾ ਨਾਂ ਦਿੱਤਾ ਜਾ ਰਿਹਾ ਹੈ। ਖੁੱਲ੍ਹੀ ਕਵਿਤਾ ਵਿਚ ਵੀ ਇੱਕ ਰਿਦਮ ਹੈ, ਲੈਅ ਹੈ, ਕਹਾਣੀ ਹੈ। ਜਿਨ੍ਹਾਂ ਨੇ ਖੁੱਲ੍ਹੀ ਕਵਿਤਾ ਲਿਖੀ, ਸਰਾਹੀ ਵੀ ਗਈ। ਪਾਸ਼, ਮੀਸ਼ਾ, ਜਗਤਾਰ, ਅੰਮ੍ਰਿਤਾ ਪ੍ਰੀਤਮ, ਮੋਹਣ ਸਿੰਘ ਤੇ ਅੱਜ ਦੇ ਦੌਰ ਦੇ ਕਿੰਨੇ ਹੀ ਕਵੀਆਂ ਨੇ ਵਧੀਆ ਤੇ ਸਲਾਹੁਣਯੋਗ ਖੁੱਲ੍ਹੀ ਕਵਿਤਾ ਲਿਖੀ ਹੈ। ਨਵੇਂ ਕਵੀਆਂ ਕਵਿੱਤਰੀਆਂ ਨੂੰ ਖੁੱਲ੍ਹੀ ਕਵਿਤਾ ਦੇ ਅਸੂਲ ਸਿੱਖਣ ਦੀ ਲੋੜ ਹੈ।

* ਸਿਆਣੇ ਲੇਖਕਾਂ ਦੀ ਸਲਾਹ ਤੋਂ ਬਿਨਾਂ ਛਪੀਆਂ ਲਿਖਤਾਂ ਵਿਚ ਪੇਤਲਾਪਨ ਰਹਿ ਜਾਂਦਾ ਹੈ। ਉਹ ਬੰਦੇ ਦੇ ਦਿਮਾਗ਼ ਨੂੰ ਉਤੇ ਜਿਤ ਨਹੀਂ ਕਰਦੀਆਂ।

* ਪੰਜਾਬੀ ਵਿਚ ਅਵੱਲ ਤਾਂ ਆਲੋਚਕ ਹੈ ਨਹੀਂ, ਜੋ ਹੈਨ ਵੀ ਉਨ੍ਹਾਂ ਦੇ ਆਪਣੇ ਮਾਪਦੰਡ ਨਹੀਂ ਹਨ।

* ਹਰ ਗਰਮੀ ਨੂੰ ਮੈਂ ਨਿੱਕੇ ਪਿੰਡਾਂ ਨੂੰ ਦੇਖਣ ਜ਼ਰੂਰ ਜਾਂਦੀ ਹਾਂ। ਮੈਨੂੰ ਪਿੰਡਾਂ ਵਿਚ ਜਾ ਕੇ ਸਕੂਨ ਮਿਲਦਾ ਹੈ। ਮੈਂ ਪਿੰਡੋਂ ਆਈ ਤੇ ਇੰਗਲੈਂਡ ਵਿਚ ਰਹੀ। ਕੈਨੇਡਾ ਆ ਕੇ ਡੇਰੇ ਵੀ ਮਿਲਟਨ ਪਿੰਡ ਲਾਏ। ਭਾਵੇਂ ਉਹ ਵੀ ਅੱਜ ਸ਼ਹਿਰ ਬਣਦਾ ਜਾ ਰਿਹਾ ਹੈ।

* ਮੇਰੇ ਹਰ ਕਮਰੇ ਵਿਚ ਕਿਤਾਬਾਂ ਤੇ ਮੈਗਜ਼ੀਨ ਹੁੰਦੇ ਹਨ। ਮੇਰੀ ਲਾਇਬ੍ਰੇਰੀ ਵਿਚ ਕੋਈ 6-7 ਹਜ਼ਾਰ ਕਿਤਾਬ ਜ਼ਰੂਰ ਹੋਵੇਗੀ। ਮੈਨੂੰ ਚੰਗੀ ਲੱਗੀ ਕਿਤਾਬ ਵਾਰ-ਵਾਰ ਪੜ੍ਹਨ ਦਾ ਸ਼ੌਕ ਵੀ ਹੈ।

ਨਿਰਸੰਦੇਹ ਬਲਬੀਰ ਕੌਰ ਸੰਘੇੜਾ ਦੇ ਵਡੇਰੇ ਗੁਣਾਤਮ ਗਲਪੀ ਕਾਰਜ ਨੇ ਉਸ ਨੂੰ ਦੇਸ-ਪ੍ਰਦੇਸ ਦੇ ਅਦਬੀ ਆਲਮ ਅੰਦਰ ਇੱਕ ਵਿਸ਼ੇਸ਼ ਤੇ ਵਿਲੱਖਣ ਥਾਂ ਦਿੱਤੀ ਹੋਈ ਹੈ। ਪਾਠਕ ਉਸ ਦੀਆਂ ਲਿਖਤਾਂ ਲੱਭ ਕੇ ਪੜ੍ਹਦੇ ਹਨ।
***
ਹਰਮੀਤ ਸਿੰਘ ਅਟਵਾਲ
98155-05287

***

ਪਹਿਲੀ ਵਾਰ ਛਪਿਆ 17 ਅਕਤੂਬਰ 2021)
***
449
***

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ