ਵਿੱਚ ਲਿਫਾਫੇ ਬੰਦ ਕਰ ਮਾਇਆ, ਸੇਵਾ ਆਖ ਫੜਾ ਆਇਆ ਕਰ। ਪਰਮਜੀਤ ਵਿਰਕ ਦੀ ਇਸ ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ‘ਨਾ ਤਾਰੇ ਭਰਨ ਹੁੰਗਾਰੇ’ ਪਾਠਕ ਦੇ ਦਿਲ ਨੂੰ ਝੰਜੋੜਦੀ ਹੈ, ਜਦੋਂ ਉਹ ਆਧੁਨਿਕਤਾ ਦੇ ਪ੍ਰਭਾਵਾਂ ਦਾ ਇਨਸਾਨ ਦੇ ਜੀਵਨ ‘ਤੇ ਪੈ ਰਹੇ ਬੁਰੇ ਪ੍ਰਭਾਵਾਂ ਦਾ ਜ਼ਿਕਰ ਕਰਦਾ ਹੋਇਆ, ਪੰਜਾਬੀ ਵਿਰਾਸਤ ਨਾਲੋਂ ਟੁੱਟ ਰਹੇ ਲੋਕਾਂ ਦੀ ਤ੍ਰਾਸਦੀ ਦੀ ਬਾਤ ਪਾਉਂਦਾ ਹੈ। ਇਥੇ ਹੀ ਬਸ ਨਹੀਂ ਇਕੋ ਕਵਿਤਾ ਵਿੱਚ ਅਨੇਕ ਵਿਸ਼ੇ ਛੋਂਹਦਾ ਹੋਇਆ ਆਪਸੀ ਰਿਸ਼ਤਿਆਂ ਦੀ ਅਣਹੋਂਦ, ਨੌਜਵਾਨਾ ਦਾ ਪ੍ਰਵਾਸ ਨੂੰ ਭੱਜਣਾ, ਨਸ਼ਿਆਂ ਦੀ ਭਰਮਾਰ, ਖੇਡਾਂ ਤੋਂ ਕਿਨਾਰਾਕਸ਼ੀ ਅਤੇ ਸਾਂਝੇ ਪਰਿਵਾਰਾਂ ਦੇ ਟੁੱਟਣ ਦਾ ਜ਼ਿਕਰ ਕਰਦੀ ਹੈ। ‘ਪਾਣੀ’ ਦੇ ਸਿਰਲੇਖ ਵਾਲੀ ਕਵਿਤਾ ਜ਼ਮੀਨ ਵਿੱਚੋਂ ਸੁੱਕ ਰਹੇ ਪਾਣੀ ਦੇ ਨੁਕਸਾਨ ਬਾਰੇ ਚਿੰਤਾ ਪ੍ਰਗਟ ਕਰਦਾ ਹੋਇਆ ਪਾਣੀ ਨੂੰ ਬਚਉਣ ਦੀ ਤਾਕੀਦ ਕਰਦਾ ਹੈ। ਇਹ ਵੀ ਕਹਿੰਦਾ ਹੈ ਕਿ ਇਨਸਾਨ ਨਿੱਜੀ ਮੁਫਾਦਾਂ ਲਈ ਪਾਣੀ ਦੀ ਦੁਰਵਰਤੋਂ ਕਰ ਰਿਹਾ ਹੈ। ‘ਤਿੜਕਦੇ ਮਨੁੱਖੀ ਰਿਸ਼ਤੇ’ ਕਵਿਤਾ ਵਿੱਚ ਪਰਿਵਾਰਾਂ ਵਿੱਚ ਕੁੜਿਤਣ, ਰਿਸ਼ਤਿਆਂ ਨੂੰ ਪੈਸਿਆਂ ਨਾਲ ਮਾਪਣਾ, ਪੈਸੇ ਦਾ ਲਾਲਚ, ਮਾਪਿਆਂ ਦੀ ਅਣਵੇਖੀ, ਜਾਨਵਰਾਂ ਨਾਲ ਪਿਆਰ, ਦਾਜ ਦੀ ਲਾਹਣਤ, ਆਦਿ ਬਾਰੇ ਸੁਚੇਤ ਕੀਤਾ ਗਿਆ ਹੈ। ਇਨਸਾਨ ਜਿਉਂਦਿਆਂ ਦੀ ਕਦਰ ਨਈਂ ਕਰਦਾ ਸਗੋਂ ਮੌਤ ਤੋਂ ਬਾਅਦ ਰਸਮਾ ਕਰਕੇ ਪਖੰਡ ਕਰਦਾ ਹੈ। ਭਾਵ ਇਨਸਾਨ ਮਖੌਟੇ ਪਾਈ ਫਿਰਦਾ ਹੈ। ਕਵੀ ਲਿਖਦਾ ਹੈ, ਜਿਹੜਾ ਇਨਸਾਨਾਂ ਦੀ ਕਦਰ ਨਹੀਂ ਕਰਦਾ ਉਹ ਰੁੱਖਾਂ ਦੀ ਰੱਖਿਆ ਕਿਵੇਂ ਕਰੇਗਾ? ‘ਰੇਲ ਗੱਡੀ ਚੋਂ ਆਉਂਦੀ ਆਵਾਜ਼’ ਸਿੰਬਾਲਿਕ ਕਵਿਤਾ ਹੈ। ‘ਫੁੱਲ ਦੀ ਤਾਂਘ’ ਕਵਿਤਾ ਭਾਈ ਵੀਰ ਸਿੰਘ ਦੇ ਅਸਰ ਦੀ ਪ੍ਰਤੀਕ ਹੈ। ਇਨਸਾਨ ਫੁੱਲਾਂ ਦੀ ਖੁਸ਼ਬੋ ਦਾ ਆਨੰਦ ਮਾਨਣ ਦੀ ਥਾਂ ਘਰਾਂ ਦੀ ਸਜਾਵਟ ਲਈ ਫੁੱਲਾਂ ਨੂੰ ਵਰਤਕੇ ਆਪਣੇ ਮਾਨਸਿਕ ਖੋਖਲੇਪਣ ਦਾ ਸਬੂਤ ਦੇ ਰਿਹਾ ਹੈ। ‘ਪੰਛੀ ਚਹਿਚਹਾਉਂਦੇ’ ਕਵਿਤਾ ਇਨਸਾਨ ਦੀ ਪੈਸੇ ਪਿਛੇ ਭੱਜਣ ਦੀ ਫਿਤਰਤ ਦਾ ਜ਼ਿਕਰ ਹੈ, ਪੈਸੇ ਇਕੱਠੇ ਕਰਦਿਆਂ ਜੀਵਨ ਲੰਘਾ ਦਿੰਦਾ ਹੈ ਪਰੰਤੂ ਕੁਦਰਤ ਦੇ ਕਾਦਰ ਵੱਲੋਂ ਜ਼ਿੰਦਗੀ ਦੇ ਵਡਮੁੱਲੇ ਤੋਹਫ਼ੇ ਦਾ ਆਨੰਦ ਮਾਨਣ ਦੀ ਥਾਂ ਕੀਮਤੀ ਸਮਾਂ ਅਜਾਈਂਂ ਗੁਆ ਦਿੰਦਾ ਹੈ। ਬਾਅਦ ਵਿੱਚ ਪਛਤਾਉਂਦਾ ਹੈ, ਜਿਸ ਦਾ ਕੋਈ ਲਾਭ ਨਹੀਂ ਹੁੰਦਾ। ‘ਚੋਰ ਤੇ ਕੁੱਤੀ’ ਵੀ ਸਿੰਬਾਲਿਕ ਕਵਿਤਾ ਹੈ, ਜਿਸ ਵਿੱਚ ਪ੍ਰਸ਼ਾਸ਼ਨ ਅਤੇ ਰਾਜਨੀਤੀਵਾਨਾ ਦੇ ਮਿਲਕੇ ਲੋਕਾਂ ਨੂੰ ਲੁੱਟਣ ਦਾ ਸੰਕੇਤ ਹੈ। ‘ਕੀਮਤੀ ਗੱਲਾਂ’ ਕਵਿਤਾ ਵਿੱਚ ਵੀ ਕਈ ਮਹੱਤਵਪੂਰਨ ਵਿਸ਼ੇ ਜਿਵੇਂ ਵੱਧਦੀ ਆਬਾਦੀ, ਅਨਪੜ੍ਹਤਾ, ਨਸ਼ੇ, ਦਾਜ-ਦਹੇਜ, ਛੂਤ-ਛਾਤ, ਵਹਿਮ-ਭਰਮ, ਜਾਤ-ਪਾਤ ਅਤੇ ਸੰਪਰਦਾਇਕ ਦੰਗੇ ਆਦਿ ਦੇ ਨੁਕਸਾਨ ਦਾ ਜ਼ਿਕਰ ਕੀਤਾ ਗਿਆ ਹੈ।
‘ਜਦੋਂ ਅਕਲ ‘ਤੇ ਪਰਦਾ ਪੈ ਜਾਂਦਾ’ ਵਿੱਚ ਮਾਨਸਿਕ ਭਟਕਣਾ ਕਰਕੇ ਇਨਸਾਨ ਕੁਰਾਹੇ ਪੈ ਕੇ ਗ਼ਲਤ ਕੰਮ ਕਰਦਾ ਹੈ। ‘ਧੀ ਜੰਮੀ ਤੇ ਇਉਂ ਸੋਗ’ ਕਵਿਤਾ ਵਿੱਚ ਲੜਕੀ ਦੇ ਜੰਮਣ ਨੂੰ ਬੁਰਾ ਮਨਾਉਣ ਵਾਲਿਆਂ ਨੂੰ ਲੜਕੀਆਂ ਨੂੰ ਪੜ੍ਹਾਈ ਕਰਵਾਉਣ ਤੇ ਜ਼ੋਰ ਦਿੱਤਾ ਗਿਆ ਹੈ ਤਾਂ ਜੋ ਉਹ ਮਰਦਾਂ ਦੇ ਮੁਕਾਬਲੇ ਅੱਗੇ ਲੰਘ ਰਹੀਆਂ ਲੜਕੀਆਂ ਦੀ ਤਰ੍ਹਾਂ ਸਫਲਤਾ ਪ੍ਰਾਪਤ ਕਰ ਸਕੇ। ਲੜਕੀ ਸਰਾਪ ਨਹੀਂ ਹੁੰਦੀ। ‘ਆਟੇ ਦੀ ਪਰਾਤ’ ਕਵਿਤਾ ਆਲਸੀ ਲੋਕਾਂ ਦੀ ਜ਼ਿੰਦਗੀ ਦਾ ਪੱਖ ਉਜਾਗਰ ਕਰਦੀ ਹੈ। ‘ਸ਼ਰਾਬ’ ਅਤੇ ਨਸ਼ਿਆਂ ਤੇ ਗੰਦਿਆਂ ਗੀਤਾਂ ਵਾਲੀਆਂ ਕਵਿਤਾਵਾਂ ਸਮਾਜਿਕ ਬੁਰਾਈਆਂ ਤੋਂ ਖਹਿੜਾ ਛੁਡਾਉਣ ਦੀ ਤਾਕੀਦ ਕਰਦੀਆਂ ਹਨ। ‘ਨਿੱਕੀ ਨਿੱਕੀ ਗੱਲ ਪਿੱਛੇ’ ਕਵਿਤਾ ਵਿੱਚ ਏਕੇ ਵਿੱਚ ਬਰਕਤ, ਮਿੱਠੀ ਬੋਲੀ ਅਤੇ ਇਕ ਦੂਜੇ ਦਾ ਸਤਿਕਾਰ ਕਰਨ ਦੀ ਮਹੱਤਤਾ ਦੱਸੀ ਗਈ ਹੈ। ਦੁੱਖ-ਸੁੱਖ ਦੋਵੇਂ ਜ਼ਿੰਦਗੀ ਦਾ ਹਿੱਸਾ ਹਨ, ਇਨ੍ਹਾਂ ਨੂੰ ਪ੍ਰਵਾਨ ਕਰਨਾ ਚਾਹੀਦਾ। ‘ਕੁੜੀ ਤੇ ਚਿੜੀ’ ਵੀ ਸਿੰਬਾਲਿਕ ਕਵਿਤਾ ਹੈ। ‘ਕੁਝ ਸਚਾਈਆਂ’ ਅਤੇ ਕਾਵਿ ਸੰਗ੍ਰਹਿ ਦੀ ਆਖਰੀ ਕਵਿਤਾ ‘ਮਾਡਰਨ ਜਮਦੂਤ’ ਵਰਤਮਾਨ ਹਾਲਾਤ ਦਾ ਪ੍ਰਗਟਾਵਾ ਕਰਦੀਆਂ ਹਨ, ਜਿਨ੍ਹਾਂ ਵਿੱਚ ਸਮਾਜਿਕ ਕਦਰਾਂ ਕੀਤਾਂ ਦੇ ਹੋ ਰਹੇ ਘਾਣ ਦੀ ਤਸਵੀਰ ਪੇਸ਼ ਕੀਤੀ ਗਈ ਹੈ। ਮਾਨਵਵਾਦੀ ਕਵਿਤਾਵਾਂ ਤੋਂ ਇਲਾਵਾ 9 ਗੀਤ ਅਤੇ ਕਵਿਤਾਵਾਂ ਰੁਮਾਂਸਵਾਦ ਨਾਲ ਸੰਬੰਧਤ ਹਨ, ਜੋ ਪੰਜਾਬੀ ਸਭਿਅਚਾਰ ਦਾ ਪ੍ਰਗਟਾਵਾ ਵੀ ਕਰਦੀਆਂ ਹਨ। ‘ਪ੍ਰਦੇਸ ਵਸੇਂਦੇ ਮਾਹੀ ਨੂੰ’ ਕਵਿਤਾ ਵਿੱਚ ਵੀ ਪਿਛੇ ਰਹਿ ਗਏ ਪਰਿਵਾਰ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪਤਨੀ ਆਪਣੇ ਪਤੀ ਦੀ ਉਡੀਕ ਵਿੱਚ ਪਿਆਰ ਮੁਹੱਬਤ ਦੀ ਤਾਂਘ ਰੱਖਦੀ ਹੈ। ‘ਤੇਰੇ ਬਿਨਾਂ ਗਿੱਧਾ ਭਾਬੀ ਨਹੀਉਂ ਜੱਚਣਾ’ ਪੰਜਾਬੀ ਸਭਿਆਚਾਰ ਦੀ ਪ੍ਰਤੀਕ ਕਵਿਤਾ ਹੈ। ‘ਮੇਲੇ ‘ਚ ਸੋਹਣਾ ਗੁੰਮ ਹੋ ਗਿਆ’ ਰੁਮਾਂਟਿਕ ਗੀਤ ਹੈ ਜੋ ਪਿਆਰਿਆਂ ਦੀਆਂ ਭਾਵਨਾਵਾਂ ਦਰਸਾਉਂਦਾ ਹੈ। ‘ਚਿੱਠੀ ਸੱਜਣਾ ਦੀ’, ਉਡੀਕ, ਲੋਹੜੀ ਵਾਲੇ ਦਿਨ, ਯਾਦ ਸੱਜਣ ਦੀ ਅਤੇ ਮਾਡਰਨ ਮਿਰਜ਼ਾ ਕਵਿਤਾਵਾਂ ਵਿੱਚ ਮੁਹੱਬਤ ਦੀਆਂ ਬਾਤਾਂ ਪਾਈਆਂ ਹੋਈਆਂ ਹਨ। ਭਵਿਖ ਵਿੱਚ ਪਰਮਜੀਤ ਵਿਰਕ ਤੋਂ ਹੋਰ ਸਮਾਜਿਕ ਸਰੋਕਾਰਾਂ ਅਤੇ ਮਾਨਵਾਦੀ ਕਵਿਤਾਵਾਂ ਦੀ ਉਮੀਦ ਕੀਤੀ ਜਾ ਸਕਦੀ ਹੈ। 95 ਪੰਨਿਆਂ, 120 ਰੁਪਏ ਕੀਮਤ ਵਾਲਾ ਕਾਵਿ ਸੰਗ੍ਰਹਿ ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਨੇ ਪ੍ਰਕਾਸ਼ਤ ਕੀਤਾ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।* |
About the author
