ਮੈਂ ਅਤੇ ਮੇਰੀ ਪਤਨੀ 17 ਸਾਲ ਤੋਂ ਲਗਪਗ ਹਰ ਸਾਲ ਅਮਰੀਕਾ ਆਉਂਦੇ ਜਾਂਦੇ ਰਹਿੰਦੇ ਹਾਂ। ਇਥੇ ਸਾਡਾ ਸਪੁੱਤਰ ਨਵਜੀਤ ਸਿੰਘ ਅਤੇ ਨੂੰਹ ਮਨਪ੍ਰੀਤ ਕੌਰ ਆਈ. ਟੀ. ਵਿਚ ਕੰਮ ਕਰਦੇ ਹਨ। ਪਹਿਲੀ ਵਾਰ ਦਸੰਬਰ 2004 ਵਿਚ ਅਸੀਂ ਆਪਣੇ ਬੇਟੇ ਦੀ ਗਰੈਜੂਏਸ਼ਨ ‘ਸੈਰੇਮਨੀ’ ਸਮੇਂ ਮਿਲਵਾਕੀ ਆਏ ਸੀ। ਹਰ ਦੇਸ਼ ਦਾ ਆਪੋ ਆਪਣਾ ਸਭਿਆਚਾਰ ਹੁੰਦਾ ਹੈ। ਹੋਰ ਦੇਸ਼ਾਂ ਵਿਚੋਂ ਆਏ ਲੋਕਾਂ ਤੇ ਵੀ ਇਥੋਂ ਦੇ ਸਭਿਆਚਾਰ ਦਾ ਅਸਰ ਪੈਣਾ ਕੁਦਰਤੀ ਹੈ। ਇਥੋਂ ਦੀ ਬੋਲ ਚਾਲ ਦਾ ਮਾਧਿਅਮ ਅੰਗਰੇਜ਼ੀ ਹੈ। ਅਸੀਂ ਆਮ ਤੌਰ ਤੇ ਤਿੰਨ ਚਾਰ ਮਹੀਨੇ ਤੋਂ ਵੱਧ ਕਦੀਂ ਵੀ ਨਹੀਂ ਠਹਿਰੇ ਸੀ ਕਿਉਂਕਿ ਸਰਕਾਰੀ ਨੌਕਰੀ ਸੀ, ਐਕਸ ਇੰਡੀਆ ਛੁੱਟੀ ਲੈਣ ਦੀ ਸਮੱਸਿਆ ਖੜ੍ਹੀ ਰਹਿੰਦੀ ਸੀ। ਉਦੋਂ ਇਕ ਡੇਢ ਮਹੀਨਾ ਹੀ ਠਹਿਰਦੇ ਸੀ। ਬੱਚਿਆਂ ਨੂੰ ਇਹ ਹੁੰਦਾ ਹੈ ਕਿ ਅਸੀਂ ਆਪਣੇ ਮਾਪਿਆਂ ਨੂੰ ਸੈਰ ਸਪਾਟਾ ਕਰਵਾ ਕੇ ਖ਼ੁਸ਼ ਰੱਖੀਏ। ਉਹ ਸਾਨੂੰ ਸਾਡੇ ਸੰਬੰਧੀਆਂ ਅਤੇ ਹੋਰ ਦੋਸਤਾਂ ਮਿਤਰਾਂ ਕੋਲ ਕਈ ਵਾਰ ਹਵਾਈ ਅਤੇ ਕਈ ਵਾਰ ਸੜਕੀ ਰਸਤੇ ਹਜ਼ਾਰਾਂ ਮੀਲ ਦਾ ਸਫਰ ਕਰਵਾਕੇ ਲੈ ਜਾਂਦੇ ਰਹੇ ਹਨ ਤਾਂ ਜੋ ਅਸੀਂ ਘਰ ਬੈਠੇ ਉਕਤਾ ਨਾ ਜਾਈਏ। ਇਸ ਵਾਰ ਦਾ ਸਾਡਾ ਇੱਥੇ ਇਤਨਾ ਲੰਬਾ ਸਮਾਂ ਠਹਿਰਨ ਦੇ ਦੋ ਸਬੱਬ ਬਣੇ ਹਨ। ਪਹਿਲਾ ਕਰੋਨਾ ਦੀ ਮਿਹਰਬਾਨੀ ਦੂਜਾ ਆਪਣੀ ਨਵ ਜਨਮੀ ਪੋਤਰੀ ਕੋਲ ਰਹਿਣ ਦਾ ਆਨੰਦ। ਅਸੀਂ 22 ਨਵੰਬਰ 2019 ਨੂੰ ਕੈਲੇਫੋਰਨੀਆਂ ਰਾਜ ਦੇ ਝੀਲਾਂ ਦੇ ਸ਼ਹਿਰ ਸੈਂਡੀਅਗੋ ਵਿਖੇ ਆਪਣੀ ਪੋਤਰੀ ਨੂੰ ਵੇਖਣ ਲਈ ਪਹੁੰਚੇ ਸੀ। ਵਾਪਸੀ 26 ਮਾਰਚ 2020 ਦੀ ਬੇਟੇ ਨੇ ਟਿਕਟ ਲਈ ਹੋਈ ਸੀ। ਅਚਾਨਕ ਕੋਵਿਡ-19 ਦੀਆਂ ਪਾਬੰਦੀਆਂ ਲੱਗਣ ਕਰਕੇ ਫਲਾਈਟਾਂ ਰੱਦ ਹੋ ਗਈਆਂ, ਜਿਸ ਕਰਕੇ ਵਾਪਸ ਭਾਰਤ ਜਾਣਾ ਸੰਭਵ ਨਹੀਂ ਸੀ। ਭਾਵੇਂ ਕੋਵਿਡ ਨੂੰ ਸਾਰਾ ਸੰਸਾਰ ਘਾਤਕ ਬਿਮਾਰੀ ਦੇ ਤੌਰ ਤੇ ਜਾਣਦਾ ਹੈ। ਇਸ ਵਿਚ ਤਾਂ ਕੋਈ ਸ਼ੱਕ ਵੀ ਨਹੀਂ ਪ੍ਰੰਤੂ ਸਾਡੇ ਲਈ ਪੋਤਰੀ ਨਾਲ ਸਮਾਂ ਬਿਤਾਉਣਾ ਵਰਦਾਨ ਸਾਬਤ ਹੋਇਆ, ਭਾਵੇਂ ਇਸ ਸਮੇਂ ਦੌਰਾਨ ਸਾਨੂੰ ਦੋਹਾਂ ਪਤੀ ਪਤਨੀ ਨੂੰ ਅਣਕਿਆਸੀਆਂ ਬਿਮਾਰੀਆਂ ਨੇ ਘੇਰੀ ਰੱਖਿਆ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੰਜਾਬੀ ਪਰਵਾਸ ਵਿਚ ਜਾ ਕੇ ਆਪਣੇ ਵਿਰਸੇ ਅਤੇ ਮਾਂ ਬੋਲੀ ਪੰਜਾਬੀ ਤੋਂ ਦੂਰ ਹੋ ਰਹੇ ਹਨ। ਉਹ ਤਾਂ ਮਸ਼ੀਨ ਬਣਕੇ ਰੋਜ਼ੀ ਰੋਟੀ ਦੇ ਚੱਕਰ ਵਿਚ ਹੀ ਫਸੇ ਰਹਿੰਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਉਪਰ ਜਲਦੀ ਹੀ ਪਰਵਾਸ ਦੀ ਪਾਣ ਚੜ੍ਹ ਜਾਂਦੀ ਹੈ। ਉਹ ਘਰਾਂ ਵਿਚ ਵੀ ਪੰਜਾਬੀ ਦੀ ਥਾਂ ਅੰਗਰੇਜ਼ੀ ਨੂੰ ਹੀ ਤਰਜ਼ੀਹ ਦਿੰਦੇ ਹਨ। ਘਰਾਂ ਵਿਚ ਅੰਗਰੇਜ਼ੀ ਬੋਲਣ ਦੀ ਪਰੰਪਰਾ ਤਾਂ ਪੰਜਾਬ ਵਿਚ ਵੀ ਹੈ, ਜਿਹੜੇ ਪਰਿਵਾਰ ਆਪਣੇ ਆਪ ਨੂੰ ਹਾਈ ਫਾਈ ਅਤੇ ਖੱਬੀ ਖ਼ਾਨ ਸਮਝਦੇ ਹਨ, ਉਹ ਤਾਂ ਪੰਜਾਬ ਵਿਚ ਵੀ ਅੰਗਰੇਜ਼ੀ ਦੀ ਹੀ ਵਰਤੋਂ ਕਰਦੇ ਹਨ। ਅੰਗਰੇਜ਼ੀ ਅੰਤਰਰਾਸ਼ਟਰੀ ਭਾਸ਼ਾ ਹੈ, ਇਸਨੂੰ ਬੋਲਣ ਵਿਚ ਕੋਈ ਹਰਜ਼ ਨਹੀਂ ਪ੍ਰੰਤੂ ਪੰਜਾਬੀ ਦੀ ਕੀਮਤ ਤੇ ਅੰਗਰੇਜ਼ੀ ਨਹੀਂ ਬੋਲਣੀ ਚਾਹੀਦੀ। ਸਾਡੇ ਬੇਟੇ ਨੂੰ ਅਮਰੀਕਾ ਆਇਆਂ ਨੂੰ 20 ਸਾਲ ਹੋ ਗਏ ਹਨ, ਪੰਜਾਬ ਵਿਚ ਵੀ ਕਾਨਵੈਂਟ ਸਕੂਲ ਵਿਚ ਪੜ੍ਹਿਆ ਹੈ, ਪ੍ਰੰਤੂ ਘਰ ਵਿਚ ਉਹ ਪੰਜਾਬੀ ਵਿਚ ਹੀ ਗੱਲਾਂ ਕਰਦੇ ਹਨ। ਸਾਡੀ ਪੋਤਰੀ 10 ਅਪ੍ਰੈਲ ਨੂੰ ਦੋ ਸਾਲ ਦੀ ਹੋ ਗਈ ਹੈ, ਉਹ ਵੀ ਪੰਜਾਬੀ ਹੀ ਬੋਲਦੀ ਹੈ। ਅੰਗਰੇਜ਼ੀ ਸਮਝਦੀ ਤਾਂ ਹੈ ਪ੍ਰੰਤੂ ਬੋਲਦੀ ਘੱਟ ਹੈ। ਸਾਡੀ ਇਹ ਮਿਥ ਟੁੱਟ ਗਈ ਹੈ ਕਿ ਸਾਰੇ ਪੰਜਾਬੀ ਪਰਿਵਾਰ ਪਰਵਾਸ ਵਿਚ ਘਰਾਂ ਵਿਚ ਅੰਗਰੇਜ਼ੀ ਵਿਚ ਹੀ ਗੱਲਾਂ ਕਰਦੇ ਹਨ ਅਤੇ ਮਾਪਿਆਂ ਨੂੰ ਸਮਾਂ ਨਹੀਂ ਦਿੰਦੇ। ਹਾਲਾਂ ਕਿ ਜਿਸ ਇਲਾਕੇ ਵਿਚ ਸਾਡਾ ਬੇਟਾ ਰਹਿੰਦਾ ਹੈ, ਉਥੇ ਇਕ ਵੀ ਭਾਰਤੀ ਪਰਿਵਾਰ ਨਹੀਂ ਰਹਿੰਦਾ। ਆਮ ਤੌਰ ਤੇ ਪੰਜਾਬੀ ਬਾਹਰ ਜਾ ਕੇ ਆਪਣੇ ਨਾਮ ਵੀ ਅੰਗਰੇਜ਼ਾਂ ਵਰਗੇ ਹੀ ਰੱਖ ਲੈਂਦੇ ਹਨ। ਸਾਡੀ ਪੋਤਰੀ ਦਾ ਨਾਮ ਜੀਨਾ ਕੌਰ ਮੁੰਡੀ ਹੈ। ਇਹ ਕਹਾਵਤ ਹੈ ਕਿ ਮੂਲ ਨਾਲੋਂ ਵਿਆਜ਼ ਪਿਆਰਾ ਹੁੰਦਾ ਹੈ। ਇਸ ਲਈ ਸਾਡਾ ਇਥੇ ਸਾਰਾ ਸਮਾਂ ਉਸ ਨਾਲ ਆਨੰਦਮਈ ਨਿਕਲਿਆ ਹੈ। ਸਾਡਾ ਬੇਟਾ ਅਤੇ ਨੂੰਹ ਵੀ ਘਰੋਂ ਹੀ ਕੰਮ ਕਰਦੇ ਹਨ ਪ੍ਰੰਤੂ ਜੀਨਾ ਕੌਰ ਤਾਂ ਸਾਡੇ ਕੋਲ ਹੀ ਰਹਿੰਦੀ ਸੀ। ਸਾਨੂੰ ਪਹਿਲੀ ਵਾਰ ਇਤਨਾ ਲੰਬਾ ਸਮਾਂ ਆਪਣੀ ਪੋਤਰੀ ਨਾਲ ਗੁਜ਼ਾਰਨ ਦਾ ਮੌਕਾ ਮਿਲਿਆ ਹੈ। ਵੱਡੇ ਬੇਟੇ ਦੇ ਜਦੋਂ ਦੋਵੇਂ ਬੱਚੇ ਛੋਟੇ ਸਨ, ਉਦੋਂ ਅਸੀਂ ਦੋਵੇਂ ਨੌਕਰੀ ਕਰਦੇ ਸੀ, ਇਸ ਕਰਕੇ ਉਨ੍ਹਾਂ ਨਾਲ ਖੁਲ੍ਹਕੇ ਆਨੰਦ ਮਾਨਣ ਦਾ ਸਮਾਂ ਘੱਟ ਹੀ ਮਿਲਿਆ ਹੈ ਕਿਉਂਕਿ ਮੇਰੀ ਲੋਕ ਸੰਪਰਕ ਵਿਭਾਗ ਦੀ ਨੌਕਰੀ ਬਹੁਤ ਰੁਝੇਵਿਆਂ ਵਾਲੀ ਸੀ, ਮੈਨੂੰ ਤਾਂ ਇਹ ਵੀ ਮਹਿਸੂਸ ਹੋਇਆ ਹੈ ਕਿ ਮੈਂ ਕਦੀਂ ਵੀ ਇਤਨਾ ਖੁਲ੍ਹਕੇ ਹਸਿਆ ਹੀ ਨਹੀਂ ਸੀ। ਜਿਵੇਂ ਜੀਨਾ ਕੌਰ ਮੁੰਡੀ ਹਾਸੇ ਵਾਪਸ ਲੈ ਆਈ ਹੈ। ਪੰਜਾਬੀ ਆਪਣੇ ਸੁਭਾਅ ਮੁਤਾਬਕ ਜਿਥੇ ਵੀ ਜਾਂਦੇ ਹਨ, ਉਥੇ ਜੰਗਲ ਵਿਚ ਮੰਗਲ ਕਰ ਦਿੰਦੇ ਹਨ। ਪੰਜਾਬੀ ਪਰਵਾਸ ਵਿਚ ਪੰਜਾਬ ਦੀ ਤਰ੍ਹਾਂ ਉਥੋਂ ਦੇ ਸਥਾਨਕ ਅਤੇ ਪੰਜਾਬੀਆਂ ਦੇ ਤਿਓਹਾਰ ਮਨਾਉਂਦੇ ਰਹਿੰਦੇ ਹਨ। ਸਾਡੇ ਇਥੇ ਪਹੁੰਚਣ ਤੋਂ ਹਫ਼ਤਾ ਬਾਅਦ ਥੈਂਕਸ ਗਿਵਿੰਗ ਡੇ ਸੀ। ਮੇਰਾ ਬੇਟਾ ਅਤੇ ਨੂੰਹ ਸਾਨੂੰ ਲੈ ਕੇ ਰਾਜ ਦੇ ਫੀਨਿਕਸ ਸ਼ਹਿਰ ਵਿਚ 7 ਘੰਟੇ ਕਾਰ ਡਰਾਈਵ ਕਰਕੇ ਥੈਂਕਸ ਗਿਵਿੰਗ ਡੇ ਦਾ ਤਿਓਹਾਰ ਮਨਾਉਣ ਲਈ ਸਾਡੀ ਨੂੰਹ ਦੇ ਮਾਸੀ ਦੇ ਲੜਕੇ ਗੁਰਸ਼ਰਨ ਸਿੰਘ ਸੋਹੀ ਦੇ ਘਰ ਲੈ ਗਏ। ਭਾਰਤ ਵਿਚ 7 ਘੰਟੇ ਦਾ ਸਫ਼ਰ ਬਹੁਤ ਦੁਸ਼ਾਵਰੀਆਂ ਭਰਿਆ ਹੁੰਦਾ ਹੈ। ਪ੍ਰੰਤੂ ਇਹ ਸਫ਼ਰ ਪਿਕਨਿਕ ਦੀ ਤਰ੍ਹਾਂ ਲੰਘਿਆ। ਹੈਰਾਨੀ ਇਹ ਵੀ ਹੈ ਕਿ ਸਾਡੀ ਪੋਤਰੀ ਉਸ ਸਮੇਂ ਅਜੇ ਸਿਰਫ਼ 8 ਮਹੀਨੇ ਦੀ ਸੀ। ਉਹ ਆਪਣੀ ਵੱਖਰੀ ਸੀਟ ਤੇ ਸਫ਼ਰ ਕਰਦੀ ਰਹੀ। ਸਾਡੇ ਪੰਜਾਬ ਵਿਚ ਰਹਿੰਦੇ ਬੱਚਿਆਂ ਦੀ ਤਰ੍ਹਾਂ ਕੋਈ ਚੀਕ ਚਿਹਾੜਾ ਨਹੀਂ, ਸਗੋਂ ਬਾਹਰ ਵੇਖਕੇ ਆਨੰਦ ਮਾਣਦੀ ਰਹੀ। ਫੀਨਿਕਸ ਉਨ੍ਹਾਂ ਨੇ ਆਪਣੇ ਦੂਰੋਂ ਨੇੜਿਓਂ ਸੰਬੰਧੀ ਬੁਲਾਏ ਹੋਏ ਸਨ। ਮੇਰੇ ਵੱਡੇ ਭਰਾ ਦੀ ਦੋਹਤੀ ਵੀ ਉਸੇ ਸ਼ਹਿਰ ਵਿਚ ਰਹਿੰਦੀ ਹੈ। ਉਹ ਆਪਣੇ ਪਤੀ ਦੇ ਨਾਲ ਆਈ ਹੋਈ ਸੀ। ਗੋਰੇ ਪਰਿਵਾਰ ਵੀ ਪਹੁੰਚੇ ਹੋਏ ਸਨ। ਸਾਰਿਆਂ ਰਲ਼ਕੇ ਖ਼ੂਬ ਆਨੰਦ ਮਾਣਿਆਂ। ਇਉਂ ਲੱਗ ਰਿਹਾ ਸੀ ਜਿਵੇਂ ਪੰਜਾਬ ਵਿਚ ਹੀ ਬੈਠੇ ਹੋਈਏ। ਇਥੋਂ ਦਾ ਥੈਂਕਸ ਗਿਵਿੰਗ ਡੇ ਸਾਡੇ ਵਿਸਾਖੀ ਦੇ ਤਿਓਹਾਰ ਦੀ ਤਰ੍ਹਾਂ ਫਸਲਾਂ ਦੇ ਪੱਕਣ ਤੇ ਮਨਾਇਆ ਜਾਣ ਵਾਲਾ ਤਿਓਹਾਰ ਹੈ। ਥੈਂਕਸ ਡੇ ਦਿਨ ਦੇ ਨਾਲ ਹੀ ਇਥੇ ਬਲੈਕ ਫਰਾਈਡੇ ਮਨਾਇਆ ਜਾਂਦਾ ਹੈ। ਇਸ ਦਿਨ ਦੁਕਾਨਦਾਰ ਅਤੇ ਮਾਲਜ਼ ਵਿਚ ਵਿਸ਼ੇਸ ਰਿਆਇਤਾਂ ਨਾਲ ਵਿਕਰੀ ਕੀਤੀ ਜਾਂਦੀ ਹੈ। ਰਿਆਇਤਾਂ ਦੀਆਂ ਦਰਾਂ ਦੇ ਪਹਿਲਾਂ ਐਲਾਨ ਹੋ ਜਾਂਦੇ ਹਨ। ਲੋਕ ਲਾਈਨਾ ਬਣਾਕੇ ਖ੍ਰੀਦੋ ਫਰੋਖ਼ਤ ਕਰਦੇ ਹਨ। ਜਿੱਥੇ ਬਹੁਤ ਲੁਭਾਉਣੀਆਂ ਰਿਆਇਤਾਂ ਹੁੰਦੀਆਂ ਹਨ, ਲੋਕ ਉਸ ਥਾਂ ਤੇ ਇਕ ਦੋ ਦਿਨ ਪਹਿਲਾਂ ਹੀ ਆਪਣੀਆਂ ਕੁਰਸੀਆਂ ਲਿਜਾ ਕੇ ਲਾਈਨਾ ਵਿਚ ਬੈਠ ਜਾਂਦੇ ਹਨ। ਪਰਿਵਾਰਾਂ ਦੇ ਮੈਂਬਰ ਬਦਲ ਬਦਲ ਕੇ ਲਾਈਨ ਵਿਚ ਬੈਠਦੇ ਹਨ। ਹਫ਼ਤੇ ਬਾਅਦ ਵਾਪਸ ਸੈਂਡੀਆਗੋ ਆ ਗਏ। ਦਸੰਬਰ ਵਿਚ ਕਰਿਸਮਸ ਦਾ ਤਿਓਹਾਰ ਆਉਂਦਾ ਹੈ। ਇਸ ਤਿਓਹਾਰ ਦੇ ਮੌਕੇ ਤੇ ਲਗਪਗ 10 ਦਿਨ ਦੀਆਂ ਸਾਰੇ ਦਫਤਰਾਂ ਵਿਚ ਛੁੱਟੀਆਂ ਹੁੰਦੀਆਂ ਹਨ। ਇਨ੍ਹਾਂ ਦਿਨਾਂ ਵਿਚ ਬਹੁਤੇ ਪਰਵਾਸੀ ਆਪੋ ਆਪਣੇ ਵਤਨਾ ਦੇ ਗੇੜੇ ਮਾਰਦੇ ਹਨ ਪ੍ਰੰਤੂ ਜਿਹੜੇ ਉਥੇ ਰਹਿੰਦੇ ਹਨ ਉਹ ਅਮਰੀਕਾ ਵਿਚ ਹੀ ਸੈਰ ਸਪਾਟਾ ਕਰਦੇ ਹਨ ਅਤੇ ਕਰਿਸਮਸ ਦਾ ਤਿਓਹਾਰ ਆਪਸੀ ਮੇਲ ਮਿਲਾਪ ਦੇ ਤੌਰ ਤੇ ਪੰਜਾਬੀ ਪਰਿਵਾਰ ਇਕੱਠੇ ਹੋ ਕੇ ਆਨੰਦ ਮਾਣਦੇ ਹਨ। ਘਰਾਂ ਤੇ ਰੌਸ਼ਨੀਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਘਰ ਦੇ ਅੰਦਰ ਕਰਿਸਮਸ ਦੇ ‘ਟਰੀ’ ਵਿਚ ਰੌਸ਼ਨੀਆਂ ਕੀਤੀਆਂ ਜਾਂਦੀਆਂ ਹਨ। ਭਾਰਤ ਵਿਚ ਕਿਸੇ ਹੋਰ ਦੇ ਧਰਮ ਨੂੰ ਆਮ ਤੌਰ ਤੇ ਮਨਾਇਆ ਨਹੀਂ ਜਾਂਦਾ। ਇਥੋਂ ਦੇ ਲੋਕ ਫਰਾਖ਼ ਦਿਲ ਹਨ, ਉਹ ਜਿਥੇ ਰਹਿੰਦੇ ਹਨ, ਉਥੋਂ ਦੇ ਤਿਓਹਾਰ ਜ਼ਰੂਰ ਮਨਾਉਂਦੇ ਹਨ। ਜਨਵਰੀ ਦੇ ਮਹੀਨੇ ਲੋਹੜੀ ਦਾ ਤਿਓਹਾਰ ਸੀ। ਸਾਡੀ ਪੋਤਰੀ ਜੀਨਾ ਕੌਰ ਦੀ ਪਹਿਲੀ ਲੋਹੜੀ ਸੀ। ਸਾਡੇ ਬੇਟੇ ਅਤੇ ਨੂੰਹ ਨੇ ਵੀ ਇਸ ਤਿਓਹਾਰ ਨੂੰ ਵਧੀਆ ਢੰਗ ਨਾਲ ਮਨਾਇਆ। ਆਪਣੇ ਅਮਰੀਕਾ ਵਿਚ ਰਹਿੰਦੇ ਸੰਬੰਧੀਆਂ ਅਤੇ ਦੋਸਤਾਂ ਮਿਤਰਾਂ ਨੂੰ ਬੁਲਾਕੇ ਘਰ ਵਿਚ ਹੀ ਇਹ ਲੋਹੜੀ ਮਨਾਈ। ਬਿਲਕੁਲ ਪੰਜਾਬ ਦੀ ਤਰ੍ਹਾਂ ਲੋਹੜੀ ਬਾਲੀ ਗਈ। ਨਾਨਕੇ ਅਤੇ ਦਾਦਕਿਆਂ ਨੇ ਸ਼ਗਨਾ ਨਾਲ ਬਲਦੀ ਲੋਹੜੀ ਤੇ ਤਿਲ ਪਾ ਕੇ ਸੁੰਦਰੀਏ ਮੁੰਦਰੀਏ ਨੂੰ ਸੁਰ ਤਾਲ ਵਿਚ ਗਾਇਆ। ਗੋਰੇ ਵੀ ਇਸ ਤਿਓਹਾਰ ਦਾ ਆਨੰਦ ਮਾਣਦੇ ਰਹੇ। ਉਸ ਤੋਂ ਬਾਅਦ ਪੰਜਾਬ ਦੇ ਗਿੱਧੇ ਨੇ ਰੰਗ ਬੰਨ੍ਹ ਦਿੱਤੇ। ਮੇਰਾ ਜਮਾਤੀ ਮੇਰੇ ਪਿੰਡ ‘ਕੱਦੋਂ’ ਤੋਂ ਮੇਵਾ ਸਿੰਘ ਮੁੰਡੀ ਸ਼ਾਰਲਾਟ ਤੋਂ ਆਪਣੇ ਪਰਿਵਾਰ ਨਾਲ ਆਇਆ ਹੋਇਆ ਸੀ। ਮੇਵਾ ਸਿੰਘ ਮੁੰਡੀ ਦੀ ਲੜਕੀ ਰਾਸ਼ੀ ਅਤੇ ਬੱਚੇ ਵੀ ਆਏ ਹੋਏ ਸਨ। ਇਉਂ ਲੱਗ ਰਿਹਾ ਸੀ ਜਿਵੇਂ ਅਸੀਂ ਪਿੰਡ ‘ਕੱਦੋਂ’ ਵਿਚ ਹੀ ਬੈਠੇ ਹੋਈਏ। ਲਗਪਗ ਅੱਧੀ ਰਾਤ ਤੱਕ ਗੀਤ ਸੰਗੀਤ ਅਤੇ ਗਿੱਧਾ ਪੈਂਦਾ ਰਿਹਾ। ਆਮ ਤੌਰ ਤੇ ਇਥੇ ਪਰੰਪਰਾ ਹੈ ਕਿ ਖਾਣੇ ਦਾ ਸਮਾਂ ਨਿਸਚਤ ਕਰ ਦਿੱਤਾ ਜਾਂਦਾ ਹੈ। ਮਹਿਮਾਨ ਨਾਲੇ ਖਾਣਾ ਖਾਂਦੇ ਰਹੇ ਅਤੇ ਨਾਲ ਆਨੰਦ ਮਾਣਦੇ ਰਹੇ। ਖਾਣਾ ਖਾਣ ਤੋਂ ਬਾਅਦ ਪ੍ਰੋਗਰਾਮ ਖ਼ਤਮ ਨਹੀਂ ਹੁੰਦਾ। ਪ੍ਰੋਗਰਾਮ ਚਲਦਾ ਰਹਿੰਦਾ ਹੈ। ਗਲਾਸੀ ਵਾਲਿਆਂ ਦੀ ਗਲਾਸੀ ਖੜਕਦੀ ਰਹਿੰਦੀ ਹੈ। ਖ਼ੁਸ਼ੀ ਦੀ ਗੱਲ ਹੈ ਕਿ ਇਥੇ ਕੋਈ ਆਪਣੇ ਆਪ ਨੂੰ ਮਹਿਮਾਨ ਨਹੀਂ ਸਮਝਦਾ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਸਾਰੇ ਦੋਸਤਾਂ ਮਿਤਰਾਂ ਨੇ ਸਾਰਾ ਸਾਮਾਨ ਰਲ ਮਿਲਕੇ ਸੈਟ ਕੀਤਾ ਅਤੇ ਫਿਰ ਸਾਰੇ ਵਿਦਾ ਹੋਏ। ਜਿੱਥੇ ਮੇਰਾ ਬੇਟਾ ਰਹਿੰਦਾ ਹੈ ਇਥੇ ਆਲੇ ਦੁਆਲੇ ਸਾਰੇ ਹੀ ਗੋਰੇ ਪਰਿਵਾਰ ਹਨ। ਉਹ ਵੀ ਢੋਲ ਢਮੱਕੇ ਦਾ ਆਨੰਦ ਮਾਣਦੇ ਰਹੇ। ***
|