22 September 2023

ਸਿਆਸਤਦਾਨਾ ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ—-ਉਜਾਗਰ ਸਿੰਘ

 

ਸਿਆਸਤਦਾਨ ਹਮੇਸ਼ਾ ਆਪਣੇ ਨਿੱਜੀ ਹਿੱਤਾਂ ਅਨੁਸਾਰ ਫੈਸਲੇ ਕਰਦੇ ਹਨ। ਆਪਣੇ ਫੈਸਲਿਆਂ ਨੂੰ ਬਦਲਣ ਲੱਗੇ ਮਿੰਟ ਸਕਿੰਟ ਹੀ ਲਾਉਂਦੇ ਹਨ। ਕਹਿਣ ਤੋਂ ਭਾਵ ਅਜੋਕੀ ਸਿਆਸਤ ਖ਼ੁਦਗਰਜ਼ੀ ਦੇ ਰਾਹ ਪੈ ਗਈ ਹੈ। ਸਿਆਸਤਦਾਨ ਅਸੂਲਾਂ ਦੀ ਸਿਆਸਤ ਨੂੰ ਤਿਲਾਂਜ਼ਲੀ ਦੇ ਰਹੇ ਹਨ। ਸਿਆਸੀ ਲਾਭ ਲਈ ਗਿਰਗਟ ਦੀ ਤਰ੍ਹਾਂ ਰੰਗ ਬਦਲ ਲੈਂਦੇ ਹਨ। ਜੇਕਰ ਇਤਿਹਾਸ ਉਪਰ ਨਜ਼ਰ ਮਾਰੀਏ ਤਾਂ ਸਿੱਖ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਸਰਬਸਾਂਝੀਵਾਲਤਾ, ਸ਼ਹਿਨਸ਼ੀਲਤਾ, ਸਹਿਹੋਂਦ, ਸਦਭਾਵਨਾ ਅਤੇ ਭਰਾਤਰੀ ਭਾਵ ਦੀ ਪ੍ਰੇਰਨਾ ਦਿੰਦੀ ਹੈ। ਭਾਵ ਸਰਬਤ ਦੇ ਭਲੇ ਦੀ ਗੱਲ ਕਰਦੀ ਹੈ। ਪ੍ਰੰਤੂ ਸਿੱਖ ਸਿਆਸਤਦਾਨਾ ਨੇ ਸਿੱਖ ਵਿਚਾਰਧਾਰਾ ਨੂੰ ਆਪੋ ਆਪਣੇ ਨਿੱਜੀ ਲਾਭਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ। ਇਸਦੀਆਂ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਸ਼ਰੋਮਣੀ ਅਕਾਲੀ ਦਲ ਨੇ ਆਪਣਾ ਸਿਆਸੀ ਆਧਾਰ ਬਣਾਉਣ ਅਤੇ ਬਚਾਉਣ ਲਈ ਸਿੱਖ ਧਰਮ ਨੂੰ ਵਰਤਿਆ ਹੈ। ਉਨ੍ਹਾਂ ਜਦੋਂ ਵੀ ਪੰਜਾਬ ਵਿਚ ਸਰਕਾਰ ਬਣਾਈ ਤਾਂ ਹਮੇਸ਼ਾ ਅਸੂਲਾਂ ਨੂੰ ਛਿਕੇ ‘ਤੇ ਟੰਗ ਕੇ ਸਾਂਝੀ ਸਰਕਾਰ ਬਣਾਈ ਹੈ, ਜਿਸ ਵਿਚ ਪਹਿਲਾਂ ਜਨ ਸੰਘ ਅਤੇ ਹੁਣ ਨਵੇਂ ਨਾਂ ਨਾਲ ਭਾਰਤੀ ਜਨਤਾ ਪਾਰਟੀ ਸ਼ਾਮਲ ਰਹੀ ਹੈ। ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਸ੍ਰ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ 10  ਸਾਲ ਲਗਾਤਾਰ ਸਾਂਝੀ ਸਰਕਾਰ ਦਾ ਆਨੰਦ ਮਾਣਿਆਂ ਹੈ। ਦੋਵੇਂ ਪਾਰਟੀਆਂ ਘਿਓ ਖਿਚੜੀ ਸਨ। ਇਕ ਦੂਜੇ ਤੋਂ ਬਿਨਾ ਸਾਹ ਨਹੀਂ ਲੈਂਦੀਆਂ ਸਨ ਕਿਉਂਕਿ ਸਿਆਸੀ ਤਾਕਤ ਦਾ ਆਨੰਦ ਲੈਣ ਲਈ ਜ਼ਰੂਰੀ ਸੀ। ਕਿਸਾਨਾਂ ਦੇ ਦਿੱਲੀ ਦੀਆਂ ਬਰੂਹਾਂ ‘ਤੇ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਨਹੁੰ ਮਾਸ ਦਾ ਸੰਬੰਧ ਸੀ ਪ੍ਰੰਤੂ ਹੁਣ ਨਹੁੰ ਮਾਸ ਨਾਲੋਂ ਵੱਖਰਾ ਹੋ ਗਿਆ ਹੈ। ਇਸ ਵਿਚ ਵੀ ਕੋਈ ਮਾੜੀ ਗੱਲ ਨਹੀਂ ਕਿ ਜੇਕਰ ਕਿਸੇ ਨੁਕਤੇ ‘ਤੇ ਵਿਚਾਰ ਨਾ ਮਿਲਦੇ ਹੋਣ ਤਾਂ ਵੱਖਰੇ ਹੋ ਜਾਓ। ਪ੍ਰੰਤੂ ਵਖਰੇ ਹੋਣ ਦਾ ਭਾਵ ਇਹ ਨਹੀਂ ਕਿ ਤੁਹਾਡੀ ਵਿਚਾਰਧਾਰਾ ਬਦਲ ਗਈ ਹੈ। ਵੱਖਰੇ ਹੋਣ ਨਾਲ ਭਾਈਚਾਰਕ ਸੰਬੰਧਾਂ ਤੇ ਕੋਈ ਅਸਰ ਨਹੀਂ ਹੋਣਾ ਚਾਹੀਦਾ। ਨੈਤਿਕਤਾ ਬਰਕਰਾਰ ਰਹਿਣੀ ਚਾਹੀਦੀ ਹੈ। ਇਕ ਦੂਜੇ ਉਪਰ ਚਿਕੜ ਨਹੀਂ ਸੁੱਟਣਾ ਚਾਹੀਦਾ। ਇਕ ਦੂਜੇ ਦੀ ਨਿੰਦਿਆ ਕਰਨੀ ਆਪਣੇ ਨਿੱਜੀ ਵਿਅਤਿਤਵ ਦਾ ਪ੍ਰਗਟਾਵਾ ਕਰਦੀ ਹੈ। ਵੱਖਰੇ ਹੋਣ ਤੋਂ ਪਹਿਲਾਂ ਅਕਾਲੀ ਦਲ ਆਰ. ਐਸ. ਐਸ. ਦੀ ਪ੍ਰਸੰਸਾ ਕਰਦਾ ਥੱਕਦਾ ਨਹੀਂ ਸੀ। ਇਥੋਂ ਤੱਕ ਕਿ ਅਕਾਲੀ ਦਲ ਦਾ ਪ੍ਰਧਾਨ ਅਤੇ ਮੁੱਖ ਮੰਤਰੀ ਆਰ. ਐਸ. ਐਸ. ਮੁੱਖੀ ਦੇ ਪੈਰਾਂ ਨੂੰ ਹੱਥ ਲਾਉਂਦਾ ਰਿਹਾ ਸੀ। ਕੀ ਉਸ ਸਮੇਂ ਉਨ੍ਹਾਂ ਨੂੰ ਆਰ. ਐਸ. ਐਸ. ਦੀਆਂ ਚਾਲਾਂ ਬਾਰੇ ਪਤਾ ਨਹੀਂ ਸੀ? ਜਦੋਂ ਅਕਾਲ ਤਖ਼ਤ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਰ. ਐਸ. ਐਸ. ਨੂੰ ਸਿੱਖ ਧਰਮ ਲਈ ਖ਼ਤਰਾ ਕਿਹਾ ਸੀ ਤਾਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੂੰ ਅਕਾਲ ਤਖ਼ਤ ਦੇ ਜਥੇਦਾਰ ਅਤੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸ਼ਰੋਮਣੀ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਲਾਂਭੇ ਕਰ ਦਿੱਤਾ ਗਿਆ। ਵਰਤਮਾਨ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਆਰ. ਐਸ. ਐਸ. ਨੂੰ ਸਿੱਖ ਧਰਮ ਲਈ ਖ਼ਤਰਾ ਕਿਹਾ ਤਾਂ ਉਸ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਅਕਾਲੀ ਦਲ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿਚੋਂ ਬਾਹਰ ਆ ਚੁੱਕਾ ਹੈ, ਭਾਵ ਜਦੋਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨਾਲ ਮਿਲਕੇ ਸਾਂਝੀ ਸਰਕਾਰ ਦਾ ਆਨੰਦ ਮਾਣ ਰਿਹਾ ਹੁੰਦਾ, ਉਸ ਸਮੇਂ ਉਸਨੂੰ ਭਾਰਤੀ ਜਨਤਾ ਪਾਰਟੀ ਅਤੇ ਆਰ. ਐਸ.ਐਸ. ਵਿਚ ਕੋਈ ਮਾੜੀ ਗੱਲ ਨਹੀਂ ਦਿਸਦੀ। ਜਾਂ ਇਉਂ ਕਹਿ ਲਓ ਕਿ ਉਸ ਸਮੇਂ ਉਹ ਬਿੱਲੀ ਦੀ ਤਰ੍ਹਾਂ ਅੱਖਾਂ ਮੀਚ ਲੈਂਦਾ ਹੈ। ਹੁਣ ਜਦੋਂ ਸਿਆਸੀ ਤਾਕਤ ਵਿਚ ਨਹੀਂ ਤਾਂ ਇਤਿਹਾਸ ਵਿਚ ਪਹਿਲੀ ਵਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਰਲ ਹਾਊਸ ਦੀ ਮੀਟਿੰਗ ਵਿਚ ਆਰ. ਐਸ. ਐਸ. ਨੂੰ ਸਿੱਖ ਧਰਮ ਅਤੇ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖ਼ਤਰੇ ਦੀ ਘੰਟੀ ਕਿਹਾ ਹੈ। ਹਾਲਾਂ ਕਿ ਅਜੇ ਤੱਕ ਆਰ. ਐਸ. ਐਸ. ਨੇ ਸਿੱਖਾਂ ਨਾਲ ਸਿੱਧਾ ਪੰਗਾ ਨਹੀਂ ਲਿਆ। ਉਹ ਸਿੱਧਾ ਪੰਗਾ ਲੈ ਵੀ ਨਹੀਂ ਸਕਦੇ ਕਿਉਂਕਿ ਸਿੱਖਾਂ ਦੀ ਪਛਾਣ ਵੱਖਰੀ ਹੈ। ਇਸਤੋਂ ਉਹ ਮੁਨਕਰ ਨਹੀਂ ਹੋ ਸਕਦੇ ਕਿਉਂਕਿ ਬਹੁਤ ਸਾਰੇ ਹਿੰਦੂ ਅਤੇ ਖਾਸ ਤੌਰ ਤੇ ਸਿੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਮੁਦਈ ਹਨ। ਸ੍ਰੀ ਗੁਰੂ ਤੇਗ ਬਹਾਦਰ ਦੀ ਹਿੰਦੂਆਂ ਲਈ ਦਿੱਤੀ ਗਈ ਕੁਰਬਾਨੀ ਨੂੰ ਉਹ ਭੁੱਲ ਨਹੀਂ ਸਕਦੇ, ਜਿਸ ਕਰਕੇ ਅੱਜ ਹਿੰਦੂ ਧਰਮ ਦੀ ਹੋਂਦ ਬਰਕਰਾਰ ਹੈ।  ਇਸ ਤੋਂ ਇਲਾਵਾ ਸਿੱਖ ਧਰਮ ਦੀ ਵਿਚਾਰਧਾਰਾ ‘ਕੋਈ ਨਾ ਦਿਸੇ ਬਾਹਰਾ ਜੀਓ’ ‘ਤੇ ਅਧਾਰਤ ਹੈ। ਸਿੱਖ ਧਰਮ ਦੀ ਵਿਚਾਰਧਾਰਾ ਅਨੁਸਾਰ ਸਾਰੇ ਇਨਸਾਨ ਬਰਾਬਰ ਹਨ। ਸਿੱਖ ਧਰਮ ਸਰਬਤ ਦਾ ਭਲਾ ਮੰਗਦਾ ਹੈ।

ਇਕ ਵਾਰ ਜਦੋਂ ਤਰਲੋਚਨ ਸਿੰਘ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਨ, ਉਦੋਂ ਉਨ੍ਹਾਂ ਆਰ. ਐਸ. ਐਸ. ਮੁੱਖੀ ਨੂੰ ਤਲਬ ਕੀਤਾ ਸੀ ਕਿ ਸਿੱਖ ਮਹਿਸੂਸ ਕਰਦੇ ਹਨ ਕਿ ਆਰ. ਐਸ. ਐਸ. ਸਿੱਖਾਂ ਦੇ ਵਿਰੁੱਧ ਹੈ। ਉਨ੍ਹਾਂ ਦੀ ਸਿੱਖ ਪ੍ਰਤੀਨਿਧਾਂ ਨਾਲ ਘੱਟ ਗਿਣਤੀ ਕਮਿਸ਼ਨ ਦੇ ਦਫ਼ਤਰ ਵਿਚ ਲੰਬੀ ਮੀਟਿੰਗ ਹੋਈ ਸੀ, ਜਿਸ ਵਿਚ ਉਨ੍ਹਾਂ ਲਿਖਕੇ ਦਿੱਤਾ ਸੀ ਕਿ ਆਰ. ਐਸ. ਐਸ. ਸਿੱਖ ਧਰਮ ਦੇ ਵਿਰੁਧ ਨਹੀਂ, ਸਗੋਂ ਉਨ੍ਹਾਂ ਦੇ ਮੁੱਖ ਦਫ਼ਤਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਲਗਾਈ ਹੋਈ ਹੈ। ਭਾਵ ਹਿੰਦੂ ਸਿੱਖਾਂ ਵਿਚ ਭਰਾਤਰੀ ਭਾਵ ਬਰਕਰਾਰ ਹੈ। ਉਨ੍ਹਾਂ ਦੀ ਭਾਈਚਾਰਕ ਸਾਂਝ ਅਟੁੱਟ ਹੈ। ਆਰ ਐਸ. ਐਸ. ਦੀ ਥਿਊਰੀ ਵਿਚ ਵੀ ਸਿੱਖ ਧਰਮ ਨੂੰ ਵੱਖਰੀ ਮਾਣਤਾ ਦਿੱਤੀ ਹੋਈ ਹੈ। ਭਾਵੇਂ ਆਰ. ਐਸ. ਐਸ. ਦੀ ਕਹਿਣੀ ਤੇ ਕਰਨੀ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ। ਉਹ ਕਹਿੰਦੇ ਕੁਝ ਹਨ ਪ੍ਰੰਤੂ ਕਰਦੇ ਉਸਦੇ ਉਲਟ ਹਨ। ਸਾਡੇ ਸਿੱਖ ਸਿਆਸਤਦਾਨ ਵੀ ਘੱਟ ਮੌਕਾ ਪ੍ਰਸਤ ਨਹੀਂ ਹਨ। ਉਹ ਅਸੂਲਾਂ ਦੀ ਗੱਲ ਨਹੀਂ ਕਰਦੇ ਸਗੋਂ ਆਪਣੀ ਸਿਆਸਤ ਦੇ ਲਾਭ ਨੂੰ ਮੁੱਖ ਰਖਕੇ ਫੈਸਲੇ ਕਰਦੇ ਹਨ। ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਦੀ ਥਾਂ ਉਨ੍ਹਾਂ ਦਾ ਘਾਣ ਕਰ ਰਹੇ ਹਨ। ਸਿਆਸੀ ਮੰਤਵ ਲਈ ਸਿੱਖ ਧਰਮ ਨੂੰ ਵਰਤਣਾ ਬਹੁਤ ਮਾੜੀ ਗੱਲ ਹੈ। ਹੁਣੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜ਼ਲਾਸ ਹੋਇਆ ਹੈ। ਉਸ ਇਜ਼ਲਾਸ ਵਿਚ ਆਰ. ਐਸ. ਐਸ. ਦੇ ਵਿਰੁਧ ਮਤਾ ਪਾਸ ਕੀਤਾ ਗਿਆ ਹੈ। ਜਨਰਲ ਹਾਊਸ ਵਿਚ ਅਜਿਹਾ ਮਤਾ ਪਹਿਲੀ ਵਾਰ ਪਾਸ ਕੀਤਾ ਗਿਆ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਾ ਅਕਾਲੀ ਦਲ ਦੇ ਪ੍ਰਧਾਨ ਦੀ ਸਹਿਮਤੀ ਤੋਂ ਬਿਨਾ ਪਾਸ ਨਹੀਂ ਹੋ ਸਕਦਾ। ਮੇਰਾ ਭਾਵ ਇਹ ਵੀ ਨਹੀਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਆਰ. ਐਸ. ਐਸ. ਦੇ ਵਿਰੁਧ ਕਿਉਂ ਪਾਇਆ ਹੈ। ਮੇਰਾ ਭਾਵ ਤਾਂ ਇਹ ਹੈ ਕਿ ਅਸੂਲਾਂ ਤੇ ਅਧਾਰਤ ਸਿੱਖ ਸਿਅਸਤਦਾਨਾ ਨੂੰ ਸਿਆਸਤ ਕਰਨੀ ਚਾਹਦੀ ਹੈ। ਗਿਰਗਟ ਵਾਂਗੂੰ ਰੰਗ ਨਹੀਂ ਬਦਲਣੇ ਚਾਹੀਦੇ। ਕਲ੍ਹ ਆਰ. ਐਸ. ਐਸ. ਬਹੁਤ ਚੰਗੀ ਸੀ ਤੇ ਫਿਰ ਅੱਜ ਕਿਵੇਂ ਮਾੜੀ ਹੋ ਗਈ? ਹਿੰਦੂ ਸਿੱਖ ਭਾਈਚਾਰਕ ਸੰਬੰਧਾਂ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। ਆਰ. ਐਸ. ਐਸ. ਹਮੇਸ਼ਾਂ ਅੰਦਰਖਾਤੇ ਘੱਟ ਗਿਣਤੀਆਂ,  ਜਿਨ੍ਹਾਂ ਵਿਚ ਸਿੱਖ ਵੀ ਸ਼ਾਮਲ ਹਨ ਦੇ ਵਿਰੁਧ ਵਿਓਂਤਾਂ ਬੁਣਦਾ ਰਹਿੰਦਾ ਹੈ। ਮੇਰਾ ਲਿਖਣ ਦਾ ਭਾਵ ਹੈ ਕਿ ਸਿਆਸੀ ਲਾਭਾਂ ਦੀ ਖ਼ਾਤਰ ਸਿੱਖ ਧਰਮ ਨੂੰ ਹੁਣ ਤੱਕ ਨੁਕਸਾਨ ਅਕਾਲੀ ਦਲ ਪਹੁੰਚਾਉਂਦਾ ਰਿਹਾ ਹੈ। ਰਾਜ ਭਾਗ ਤਾਂ ਵਕਤੀ ਹੁੰਦਾ ਹੈ। ਧਰਮ ਤਾਂ ਸਥਾਈ ਹੈ। ਧਰਮ ਨੂੰ ਪਹੁੰਚਾਇਆ ਨੁਕਸਾਨ ਆਉਣ ਵਾਲੀਆਂ ਪੀੜ੍ਹੀਆਂ ਦਾ ਨੁਕਸਾਨ ਕਰੇਗਾ। ਅਕਾਲੀ ਦਲ ਨੂੰ ਆਪਣੀ ਪੰਜਾਬੀ ਪਾਰਟੀ ਵਾਲੀ ਨੀਤੀ ਬਦਲਣੀ ਪਵੇਗੀ। ਜੇਕਰ ਅਕਾਲੀ ਦਲ ਆਪਣੀਅਾਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਸਿੱਖ ਜਗਤ ਉਸਤੋਂ ਮੂੰਹ ਮੋੜ ਲਵੇਗਾ।

***
149
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ