18 September 2024
ਉਜਾਗਰ ਸਿੰਘ

ਸੁਰਜੀਤ ਦੀ ਪੁਸਤਕ ‘ਪਰਵਾਸੀ ਪੰਜਾਬੀ ਸਾਹਿਤ’ (ਸ਼ਬਦ ਤੇ ਸੰਬਾਦ) ਨਿਵੇਕਲਾ ਉਪਰਾਲਾ—ਉਜਾਗਰ ਸਿੰਘ

ਸੁਰਜੀਤ ਪੰਜਾਬੀ ਦੀ ਬਹੁ-ਪੱਖੀ ਅਤੇ ਬਹੁ-ਵਿਧਾਵੀ ਸਾਹਿਤਕਾਰ ਹਨ। ਕੈਨੇਡਾ ਦੀ ਧਰਤੀ ‘ਤੇ ਪੰਜਾਬ ਅਤੇ ਪੰਜਾਬੀਅਤ ਦੀ ਮਿੱਟੀ ਦੀ ਮਹਿਕ ਨੂੰ ਸਮੁੱਚੇ ਜਗਤ ਵਿੱਚ ਫੈਲਾਕੇ ਸੰਸਾਰ ਨੂੰ ਸੁਗੰਧਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਪੁਸਤਕ ਵੀ ਉਸੇ ਕੜੀ ਦਾ ਹਿੱਸਾ ਹੈ। ਇਸੇ ਕੋਸ਼ਿਸ਼ ਵਿੱਚ ਉਨ੍ਹਾਂ ਨੇ ਹੁਣ ਤੱਕ ਪੰਜਾਬੀ ਬੋਲੀ ਦੀ ਝੋਲੀ ਵਿੱਚ ਕਵਿਤਾ ਅਤੇ ਕਹਾਣੀਆਂ ਦੀਅਾਂ 6 ਪੁਸਤਕਾਂ ਪਾਈਆਂ ਹਨ। ਉਨ੍ਹਾਂ ਦੀ ਸਤਵੀਂ ਪੁਸਤਕ ‘ਪਰਵਾਸੀ ਪੰਜਾਬੀ ਸਾਹਿਤ (ਸ਼ਬਦ ਤੇ ਸੰਬਾਦ) ਆਮ ਪ੍ਰਚਲਿਤ ਵਿਧਾਵਾਂ ਨਾਲੋਂ ਨਿਵੇਕਲੀ ਪੁਸਤਕ ਹੈ। ਇਸ ਪੁਸਤਕ ਵਿੱਚ ਉਨ੍ਹਾਂ ਨੇ 23 ਲੇਖਾਂ ਵਿੱਚ ਉਨ੍ਹਾਂ ਸਾਹਿਤਕਾਰਾਂ ਦੀਆਂ ਰਚਨਾਵਾਂ ਦੀ ਸਮੀਖਿਆ ਕੀਤੀ ਹੈ, ਜਿਹੜੇ ਪੰਜਾਬ ਅਤੇ ਪੰਜਾਬੀਅਤ ਨਾਲ ਬਾਵਾਸਤਾ ਹਨ। ਉਨ੍ਹਾਂ ਦਾ ਪਹਿਲਾ ਹੀ ਲੇਖ ‘ਕੈਨੇਡੀਅਨ ਪੰਜਾਬੀ ਨਾਰੀ-ਕਾਵਿ ਦੇ ਥੀਮਕ ਪਾਸਾਰ’ ਬਾਰੇ ਹੈ।

ਇਸ ਲੇਖ ਵਿੱਚ ਉਨ੍ਹਾਂ ਨੇ ਨਾਰੀ ਕਾਵਿ ਦੇ ਅਨੇਕਾਂ ਰੰਗਾਂ ‘ਤੇ ਝਾਤ ਪਵਾਉਂਦਿਆਂ ਇਹ ਦੱਸਿਆ ਹੈ ਕਿ ਪੰਜਾਬੀ ਨਾਰੀ ਅਜੇ ਤੱਕ ਵੀ ਪੂਰੀ ਤਰ੍ਹਾਂ ਸੁੰਤਤਰ ਨਹੀਂ ਹੈ। ਘੁਟਣ ਵਿੱਚ ਜ਼ਿੰਦਗੀ ਬਸਰ ਕਰ ਰਹੀ ਹੈ। ਪਰਵਾਸ ਵਿੱਚ ਆਕੇ ਵੀ ਹੀਣਤਾ ਭਾਵਨਾ ਦਾ ਸ਼ਿਕਾਰ ਹੈ ਕਿਉਂਕਿ ਸਮਾਜਿਕ ਮਾਨਸਿਕਤਾ ਵਿੱਚੋਂ ਬਰਾਬਰਤਾ ਦਾ ਸੰਕਲਪ ਉਘੜਕੇ ਨਹੀਂ ਆ ਰਿਹਾ। ਇਕ ਹੋਰ ਕਮਾਲ ਦੀ ਗੱਲ ਕਰਦਿਆਂ ਉਨ੍ਹਾਂ ਨਾਰੀ ਨੂੰ ਆਪਣੀ ਮਹੱਤਤਾ ਅਤੇ ਪਛਾਣ ਬਣਾਉਣ ਲਈ ਉਨ੍ਹਾਂ ਨੂੰ ਕਵਿਤਰੀ ਨਹਂੀਂ ਸਗੋਂ ਕਵੀ ਹੀ ਲਿਖਿਆ ਹੈ।

ਇਸ ਪੁਸਤਕ ਵਿੱਚ ਸੁਖਿੰਦਰ ਦੀਆਂ ਕਵਿਤਾਵਾਂ ਦੀਆਂ ਦੋ ਪੁਸਤਕਾਂ ਬਾਰੇ ਲੇਖ ਹਨ। ਗਲੋਬਲੀ ਚਿੰਤਨ ਦੀ ਕਵਿਤਾ-‘ਸਮੋਸਾ ਪਾਲਿਟਿਕਸ’ ਪੁਸਤਕ ਨੂੰ ਗਲੋਬਲੀ ਚਿੰਤਨ ਦੀ ਕਵਿਤਾ ਦੇ ਸਿਰਲੇਖ ਸਮਝਦਿਆਂ ਇਸ ਲੇਖ ਵਿਚ ਸੁਰਜੀਤ ਨੇ ਲਿਖਿਆ ਹੈ ਕਿ ਕਵੀ ਸਮਾਜਿਕ ਸਰੋਕਾਰਾਂ ਦਾ ਮੁੱਦਈ ਹੈ। ਸਮਾਜ ਵਿੱਚ ਜਿੰਨੀਆਂ ਵੀ ਸਮਾਜਿਕ ਬੁਰਾਈਆਂ ਹਨ, ਉਨ੍ਹਾਂ ਸੰਬੰਧੀ ਦਿਲਾਂ ਨੂੰ ਕੁਰੇਦਣ ਵਾਲੀਆਂ ਕਵਿਤਾਵਾਂ ਲਿਖਦੇ ਹਨ, ਜਿਹੜੀਆਂ ਪਾਠਕਾਂ ਨੂੰ ਆਪਣੇ ਨਾਲ ਤੋਰਦੀਆਂ ਹੋਈਆਂ ਦ੍ਰਿਸ਼ਟਾਂਤਕ ਪ੍ਰਗਟਾਵਾ ਕਰ ਜਾਂਦੀਆਂ ਹਨ। ਸਮਾਜਿਕ ਵਿਸੰਗਤੀਆਂ ਦੇ ਹਰ ਪਹਿਲੂ ਬਾਰੇ ਸੁਖਿੰਦਰ ਦੀ ਸੰਜੀਦਾ ਪਹੁੰਚ ਕਵਿਤਾਵਾਂ ਰਾਹੀਂ ਲੋਕ ਲਹਿਰ ਪੈਦਾ ਕਰਨ ਦੇ ਸਮਰੱਥ ਹਨ। ਇਸਤਰੀਆਂ ਬਾਰੇ ਸੁਖਿੰਦਰ ਦੀਆਂ ਕਵਿਤਾਵਾਂ ਸਟੀਕ ਕਿਸਮ ਦੀਆਂ ਹਨ। ਇਸੇ ਤਰ੍ਹਾਂ ਉਨ੍ਹਾਂ ਦੀ ਦੂਜੀ ‘ਡਾਇਰੀ ਦੇ ਪੰਨੇ’ ਪੁਸਤਕ ਵਿੱਚ ਕਵੀ ਦੀ ਵਿਚਾਰਧਾਰਕ ਦ੍ਰਿਸ਼ਟੀ ਵਿੱਚ ਸੁਰਜੀਤ ਨੇ ਦੱਸਿਆ ਹੈ ਕਿ ਸੁਖਿੰਦਰ ਦੀ ਇਸ ਪੁਸਤਕ ਵਿੱਚ 25 ਕਵਿਤਾਵਾਂ ਹਨ। ਇਹ ਕਵਿਤਾਵਾਂ ਸਮਾਜ ਵਿੱਚ ਜਿਹੜੀਆਂ ਰੋਜ ਮਰਰ੍ਹਾ ਦੀ ਜ਼ਿੰਦਗੀ ਵਿੱਚ ਘਟਨਾਵਾਂ ਵਾਪਰ ਰਹੀਆਂ ਸਨ, ਉਨ੍ਹਾਂ ਦੀ ਪ੍ਰਤੀਕਿ੍ਰਆ ਵਿੱਚ ਬੜੀ ਸਖ਼ਤ ਸ਼ਬਦਾਵਲੀ ਵਿੱਚ ਲਿਖੀਆਂ ਗਈਆਂ ਹਨ। ਉਹ ਹਰ ਸਮਾਜਿਕ ਕੁਰੀਤੀ ਅਤੇ ਕੁਰੀਤੀ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲੈਂਦਿਆਂ ਲਿਖੀਆਂ ਗਈਆਂ ਹਨ।

ਡਾ. ਗੁਰਬਖ਼ਸ ਸਿੰਘ ਭੰਡਾਲ ਦੀਆਂ ਦੋ ਪੁਸਤਕਾਂ ‘ਰੂਹ ਰੇਜ਼ਾ’ ਅਤੇ ਜ਼ਿੰਦਗੀ ਦੀਆਂ ਕਵਿਤਾਵਾਂ ਦਾ ਕਾਵਿ ਸੰਬਾਦ ਕਰਦਿਆਂ ਸੁਰਜੀਤ ਨੇ ਲਿਖਿਆ ਹੈ ਕਿ ਉਹ ਇਕ ਵਿਲੱਖਣ ਕਿਸਮ ਦੀ ਕਾਵਿ ਸ਼ੈਲੀ ਦੇ ਮਾਲਕ ਹਨ। ਇਕ ਵਿਗਿਆਨਕ ਹੋਣ ਦੇ ਨਾਤੇ ਕਵੀ ਦੀ ਸ਼ਬਦਾਵਲੀ ਵੀ ਬਹੁਰੰਗੀ ਹੈ। ਉਹ ਸੰਵੇਦਨਸ਼ੀਲ ਕਵਿਤਾਵਾਂ ਲਿਖਦੇ ਹਨ ਅਤੇ ਸਮਾਜਿਕ ਤਾਣੇ ਬਾਣੇ ਵਿੱਚ ਆਈ ਗਿਰਾਵਟ ਕਾਰਨ ਮਾਨਵੀ ਰਿਸ਼ਤਿਆਂ ਦੀ ਕੁੜੱਤਣ ਬਾਰੇ ਚਿੰਤਾਤੁਰ ਹਨ ਪ੍ਰੰਤੂ ਇਸਦੇ ਨਾਲ ਹੀ ਉਨ੍ਹਾਂ ਦੀਆਂ ਕਵਿਤਾਵਾਂ ਵਿੱਚੋਂ ਆਸ਼ਾ ਦੀ ਕਿਰਨ ਵਿਖਾਈ ਦਿੰਦੀ ਹੈ। ਜ਼ਿੰਦਗੀ 100 ਪੰਨਿਆਂ ਦੀ ਇਕ ਲੰਬੀ ਕਵਿਤਾ ਹੈ, ਜਿਸ ਵਿੱਚ ਜ਼ਿੰਦਗੀ ਦੇ ਅਨੇਕਾਂ ਰੰਗ ਅਤੇ ਉਤਰਾਅ-ਚੜ੍ਹਾਅ ਨੂੰ ਦ੍ਰਿਸ਼ਟਾਂਤਕ ਰੂਪ ਵਿੱਚ ਬਿੰਬ, ਚਿੰਨ੍ਹ, ਅਲੰਕਾਰ ਅਤੇ ਮੁਹਾਵਰੇ ਵਰਤਕੇ 3-4 ਸਤਰਾਂ ਦੇ ਟੋਟਿਆਂ ਵਿੱਚ ਬੜੀ ਸਰਲ ਸ਼ਬਦਾਵਲੀ ਵਿੱਚ ਲਿਖਿਆ ਗਿਆ ਹੈ।

ਪਿਆਰਾ ਸਿੰਘ ਕੁੱਦੋਵਾਲ ਦੀਆਂ ਤਿੰਨ ਪੁਸਤਕਾਂ ਜਿਨ੍ਹਾਂ ਵਿੱਚ ਦੋ ‘ਸਮਿਆਂ ਤੋਂ ਪਾਰ’ ਅਤੇ ‘ਸੂਰਜ ਨਹੀਂ ਮੋਇਆ’ ਦੀ ਕਾਵਿ ਦ੍ਰਿਸ਼ਟੀ ਦਾ ਵਿਸ਼ਲੇਸ਼ਣ ਕਰਦਿਆਂ ਸੁਰਜੀਤ ਨੇ ਕੁੱਦੋਵਾਲ ਦੀਆਂ ਕਵਿਤਾਵਾਂ ਵਿੱਚ ਮਾਨਵਾਦੀ ਵਿਚਾਰਧਾਰਾ, ਮਨੁਖਤਾ ਦੇ ਦਰਦ ਦੀ ਦਾਸਤਾਂ ਨੂੰ ਬਿਆਨਦਿਆਂ ਦਹਿਸ਼ਤਗਰਦੀ ਦੇ ਬੁਰੇ ਪ੍ਰਭਾਵਾਂ ਦਾ ਸਾਹਿਤਕ ਰੰਗ ਵਿੱਚ ਕੀਤਾ ਪ੍ਰਗਟਾਵਾ ਕਿਹਾ ਹੈ। ਕੁੱਦੋਵਾਲ ਦੀ ਕਵਿਤਾ ਸੰਸਾਰ ਵਿੱਚ ਹੋ ਰਹੇ ਮੁਨੁੱਖ ਅਧਿਕਾਰਾਂ ਦੀ ਉਲੰਘਣਾ ਦੀ ਚਿੰਤਾ ਵਿੱਚ ਲਿਖੀ ਗਈ ਹੈ। ਕੁੱਦੋਵਾਲ ਦੀ ਤੀਜੀ ਕਾਵਿ ਨਾਟਕ ਪੁਸਤਕ ‘ਸਰਹਿੰਦ ਫ਼ਤਿਹ’ ਇਕ ਇਤਿਹਸਕ ਨਾਟਕ ਹੈ ਜੋ ਨੌਜਵਾਨਾ ਨੂੰ ਆਪਣੀ ਅਮੀਰ ਵਿਰਾਸਤ ਦੀ ਯਾਦ ਦਿਵਾਉਂਦੀ ਪ੍ਰੇਰਨਾਦਾਇਕ ਬਣਦੀ ਹੈ।

ਪਰਮ ਸਰਾਂ ਦੀ ਪਲੇਠੀ ਪੁਸਤਕ ‘ਤੂੰ ਕੀ ਜਾਣੇਂ’ ਦਾ ਕਾਵਿ ਪ੍ਰਵਚਨ ਬਾਰੇ ਸਮੀਖਿਆ ਕਰਦਿਆਂ ਸੁਰਜੀਤ ਨੇ ਲਿਖਿਆ ਹੈ ਕਿ ਪਰਮ ਸਰਾਂ ਦੀ ਇਸ ਪੁਸਤਕ ਵਿੱਚ ਇਸਤਰੀ ਜ਼ਾਤੀ ਨਾਲ ਮਰਦ ਵੱਲੋਂ ਕੀਤੀਆਂ ਜਾਂਦੀਆਂ ਸਰੀਰਕ ਅਤੇ ਮਾਨਸਿਕ ਅਭੀਵਿਅਕਤੀਆਂ ਦਾ ਪ੍ਰਗਟਾਵਾ ਹਨ ਪ੍ਰੰਤੂ ਕੁਝ ਕਵਿਤਾਵਾਂ ਵਿੱਚ ਪਰਮ ਸਰਾਂ ਇਸਤਰੀਆਂ, ਮਰਦਾਂ ਦੇ ਪਿਆਰ ਵਿੱਚ ਗੜੁਚ ਹੋ ਕੇ ਪ੍ਰਸੰਨ ਵੀ ਹੁੰਦੀਆਂ ਵਿਖਾਈਆਂ ਹਨ। ਸਮੁੱਚੇ ਤੌਰ ਤੇ ਪਰਮ ਸਰਾਂ ਰੁਮਾਂਸਵਾਦੀ ਕਵਿਤਾ ਲਿਖਦੀ ਹੈ।

ਸੁਰਜੀਤ ਨੇ ਨੀਲਮ ਸੈਣੀ ਦੀਆਂ ਦੋ ਪੁਸਤਕਾਂ ‘ਹਰਫਾਂ ਦੀ ਡੋਰ’-ਦੇ ਕਾਵਿ ਪਾਸਾਰ ਅਤੇ ‘ਅਕਸ’ ਦੀ ਵਿਸ਼ੈਗਤ ਅਧਿਐਨ ਬਾਰੇ ਲਿਖਦਿਆਂ ਦੱਸਿਆ ਹੈ ਕਿ ਕਵੀ ਦੀਆਂ ਕਵਿਤਾਵਾਂ ਪੰਜਾਬੀ ਸਭਿਅਚਾਰ ਦੀਆਂ ਪ੍ਰਤੀਕ ਹਨ। ਉਨ੍ਹਾਂ ਦੀ ਹਰ ਕਵਿਤਾ ਵਿਚੋਂ ਪੰਜਾਬੀਅਤ ਝਲਕਦੀ ਹੈ। ਅਮਰੀਕਾ ਦੇ ਆਰਥਿਕ ਖੋਖਲੇਪਣ ਬਾਰੇ ਵੀ ਚਿੰਤਾ ਵਾਲੀਆਂ ਕਵਿਤਾਵਾਂ ਲਿਖਦੀ ਹੈ। ਅਕਸ ਪੁਸਤਕ ਵਿੱਚ ਪਰਵਾਸੀਆਂ ਦੀ ਜਦੋਜਹਿਦ, ਲਾਲਚ ਵਿੱਚ ਹੋਏ ਅਣਜੋੜ ਵਿਆਹਾਂ, ਮਾਪਿਆਂ ਦੀ ਬੇਕਦਰੀ ਨਸ਼ਿਆਂ ਅਤੇ ਖੁਦਕਸ਼ੀਆਂ ਬਾਰੇ ਸੰਵੇਦਨਸ਼ੀਲ ਕਵਿਤਾਵਾਂ ਲਿਖੀਆਂ ਹਨ।

ਸੁਰਜੀਤ ਨੇ ਜਸਬੀਰ ਕਾਲਰਵੀ ਦੀਆਂ ਦੋ ਪੁਸਤਕਾਂ ਜਿਨ੍ਹਾਂ ਵਿੱਚ ਇਕ ਕਵਿਤਾ ਦੀ ਅਤੇ ਦੂਜੀ ਨਾਵਲ-ਜਗਤ ਹੈ। ਪੁਸਤਕ ‘ਗੁੰਬਦ’ ਵਿੱਚ ਮਨੁੱਖੀ ਅੰਤਰਮਨ ਦੀ ਸ਼ਾਇਰੀ ਬਾਰੇ ਬਹੁਤ ਕਮਾਲ ਦਾ ਲਿਖਿਆ ਕਿਉਂਕਿ ਉਨ੍ਹਾਂ ਨੇ ਖੁਦ ਸਾਧਨਾ ਕੀਤੀ ਹੋਈ ਹੈ, ਇਸ ਲਈ ਉਹ ਕਵੀ ਦੀ ਗੁੰਬਦ ਪੁਸਤਕ ਵਿਚਲੀ ਅੰਤਰੀਵ ਆਤਮਾ ਨੂੰ ਬਾਖ਼ੂਬੀ ਸਮਝਦੀ ਹੈ। ਉਨ੍ਹਾਂ ਨੇ ਕਵੀ ਦੀ ਅੰਤਹਕਰਨ ਦੀ ਆਵਾਜ਼ ਨੂੰ ਪਛਾਣਦਿਆਂ ਦੱਸਿਆ ਹੈ ਕਿ ਕਾਲਰਵੀ ਨੇ ਆਪਣੀਆਂ ਕਵਿਤਾਵਾਂ ਨੂੰ ਲੋਕਾਈ ਦੀਆਂ ਕਵਿਤਾਵਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਕਵੀ ਦੀ ਭਾਵਨਾ ਖੁਦ ਆਪਣੀ ਹਓਮੈ ਹੀ ਨਹੀਂ ਸਗੋਂ ਉਹ ਲੋਕਾਈ ਨੂੰ ਹਓਮੈ ਤੋਂ ਖਹਿੜਾ ਛੁਡਾਉਣ ਲਈ ਪ੍ਰੇਰਦੇ ਹਨ। ਕਾਲਰਵੀ ਦੇ ਨਾਵਲ ਜਗਤ ਦੀ ਸਮੀਖਿਆ ਕਰਦਿਆਂ ਸੁਰਜੀਤ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਨਾਵਲ ‘ਅੰਮ੍ਰਿਤ’ ਵਿੱਚ ਸਮਾਜ ਦੇ ਤਾਣੇ ਬਾਣੇ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਬਾਖੂਬੀ ਚਿਤਰਿਆ ਹੈ। ਨਾਵਲ ਵਿੱਚ ਇਨਸਾਨ ਦੀ ਉਪਰਾਮਤਾ, ਉਦਾਸੀ, ਅੰਤਰ ਦਵੰਦ, ਜੀਵਨ ਦਾ ਰਹੱਸ ਅਤੇ ਜ਼ਿੰਦਗੀ ਜਿਓਣ ਦਾ ਢੰਗ ਦੱਸਿਆ ਹੈ। ਨਾਵਲ ਗਿਆਨ ਦਾ ਭੰਡਾਰ ਅਤੇ ਆਤਮਿਕ ਪ੍ਰਾਪਤੀ ਦੀ ਜਦੋਜਹਿਦ ਦੀ ਤਸਵੀਰ ਵੀ ਪੇਸ਼ ਕਰਦਾ ਹੈ।

ਪ੍ਰੋਫ਼ੈਸਰ ਜਾਗੀਰ ਸਿੰੰਘ ਕਾਹਲੋਂ ਦੀ ਪੁਸਤਕ ‘ਜਲਾਵਤਨ’ ਦੀ ਕਾਵਿ ਕਲਾ ਬਾਰੇ ਲਿਖਦਿਆਂ ਸੁਰਜੀਤ ਨੇ ਸ਼ਪਸ਼ਟ ਕੀਤਾ ਹੈ ਕਿ ਉਨ੍ਹਾਂ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਇਸ ਪੁਸਤਕ ਦਾ ਮੁੱਖ ਵਿਸ਼ਾ ਪਰਵਾਸ ਵਿੱਚ ਜਦੋਜਹਿਦ ਦੀ ਜ਼ਿੰਦਗੀ ਜਿਓ ਰਹੇ ਲੋਕ ਘੁਟਣ ਵਿੱਚ ਵੀ ਚੰਗਾ ਮਹਿਸੂਸ ਕਰਦੇ ਹਨ ਪ੍ਰੰਤੂ ਵਤਨ ਵਾਪਸ ਜਾਣ ਦਾ ਹੇਰਵਾ ਰਹਿੰਦਾ ਹੈ। ਹਰਜਿੰਦਰ ਸਿੰਘ ਪੱਤੜ ਦੀ ਪੁਸਤਕ ‘ਪੈਂਡਾ’ ਦਾ ਕਾਵਿ ਅਧਿਐਨ ਕਰਦਿਆਂ ਸੁਰਜੀਤ ਨੇ ਦੱਸਿਆ ਹੈ ਕਿ ਕਵੀ ਪਰਵਾਸੀਆਂ ਦੀ ਜ਼ਿੰਦਗੀ ਦੇ ਸਾਰੇ ਰੰਗਾਂ, ਜਿਨ੍ਹਾਂ ਵਿੱਚ ਰੋਜ਼ੀ ਰੋਟੀ ਲਈ ਸਖਤ ਮਿਹਨਤ ਅਤੇ ਦੇਸ ਪੰਜਾਬ ਜਾਣ ਦੀ ਤਾਂਘ ਭਾਰੂ ਰਹਿੰਦੀ ਹੈ[

ਜੋਗਿੰਦਰ ਸਿੰਘ ਅਣਖੀਲਾ ਦੀ ਪੁਸਤਕ ‘ਅੱਜ ਕਲ੍ਹ’ ਦੀ ਸ਼ਾਇਰੀ ਬਾਰੇ ਸੁਰਜੀਤ ਨੇ ਲਿਖਿਆ ਹੈ ਕਿ ਉਸਦੀ ਕਵਿਤਾ ਸੰਵੇਦਨਸ਼ੀਲ ਹੈ। ਅਣਖੀਲਾ ਦੀ ਕਵਿਤਾ ਕੈਨੇਡੀਅਨ ਜੀਵਨ ਦੇ ਸਾਰੇ ਰੰਗਾਂ ਨੂੰ ਦਰਸਾਉਂਦੀ ਹੋਈ ਦਰਿਆ ਦੀ ਰਵਾਨਗੀ ਦੀ ਤਰ੍ਹਾਂ ਵਹਿੰਦੀ ਰਹਿੰਦੀ ਹੈ। ਸੁਰਜੀਤ ਨੇ ਅਮਨਦੀਪ ਕੌਰ ਹਾਂਸ ਦੀ ਪੁਸਤਕ ‘ਨਾ ਵੰਝਲੀ ਨਾ ਤਿਤਲੀ’ ਵਿਚਲੀ ਔਰਤ ਦੇ ਅੰਤਰਮਨ ਦੀ ਆਵਾਜ਼ ਬਾਰੇ ਦੱਸਿਆ ਹੈ ਕਿ ਉਸਦੀਆਂ ਕਵਿਤਾਵਾਂ ਇਸਤਰੀ ਜਾਤੀ ਵਿੱਚ ਦਲੇਰੀ, ਹਿੰਮਤ ਅਤੇ ਦ੍ਰਿੜ੍ਹਤਾ ਦਾ ਸੰਕਲਪ ਪੈਦਾ ਕਰਨ ਦਾ ਯੋਗਦਾਨ ਪਾ ਰਹੀਆਂ ਹਨ। ਹਾਂਸ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ‘ਤੇ ਪਹਿਰਾ ਦੇਣ ਵਾਲੀਆਂ ਹੁੰਦੀਆਂ ਹਨ।

ਇਸੇ ਤਰ੍ਹਾਂ ਜੱਗੀ ਬਰਾੜ ਸਮਾਲਸਰ ਦੀ ਪੁਸਤਕ ‘ਵੰਝਲੀ’ ਬਾਰੇ ਵੀ ਉਹ ਲਿਖਦੇ ਹਨ ਕਿ ਇਸ ਪੁਸਤਕ ਦੀਆਂ ਕਵਿਤਾਵਾਂ ਇਕ ਗੁਲਦਸਤੇ ਦਾ ਰੂਪ ਧਾਰ ਕੇ ਬਹੁਰੰਗੀ ਖ਼ੁਸ਼ਬੋ ਖਿਲਾਰਦੀਆਂ ਵਾਤਾਵਰਨ ਨੂੰ ਸੰਗੀਤਮਈ ਕਰ ਲੈਂਦੀਆਂ ਹਨ। ਉਨ੍ਹਾਂ ਦੀਆਂ ਕਵਿਤਾਵਾਂ ਵਿਚੋਂ ਸੰਗੀਤ ਦੀਆਂ ਧੁਨਾ ਦੀ ਮਧੁਰ ਆਵਾਜ਼ ਆਉਂਦੀ ਰਹਿੰਦੀ ਹੈ।

ਸੁਰਜੀਤ ਨੇ ਮਲੂਕ ਸਿੰਘ ਦੀ ਪੁਸਤਕ ‘ਵਿਰਸੇ ਦੇ ਵਾਰਿਸ’ ਦੇ ਸਾਹਿਤਕ ਸੰਦੇਸ਼ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਪੁਸਤਕ ਦੀਆਂ ਕਵਿਤਾਵਾਂ ਅਮੀਰ ਪੰਜਾਬੀ ਵਿਰਾਸਤ ਦੀ ਬਾਤ ਪਾਉਂਦੀਆਂ ਹੋਈਆਂ ਉਨ੍ਹਾਂ ‘ਤੇ ਪਹਿਰਾ ਦੇਣ ਦੀ ਪ੍ਰੇਰਨਾ ਦਿੰਦੀਆਂ ਹਨ। ਇਸੇ ਤਰ੍ਹਾਂ ਪਰਵਿੰਦਰ ਗੋਗੀ ਦੀ ਪੁਸਤਕ ‘ਪਿਆਸੀ ਨਦੀ’ ਦਾ ਕਾਵਿ ਅਧਿਐਨ ਕਰਦਿਆਂ ਲਿਖਿਆ ਹੈ ਕਿ ਕਵਿਤਰੀ ਦੀਆਂ ਕਵਿਤਾਵਾਂ ਸੂਖਮ ਅਤੇ ਸੰਵੇਦਨਸ਼ੀਲ ਹਨ। ਪੀੜਾ ਅਤੇ ਉਦਾਸੀ ਉਨ੍ਹਾਂ ਦੀ ਕਵਿਤਾ ਦਾ ਧੁਰਾ ਹਨ।

‘ਕੁਛ ਹਰਫ਼ ਤੇਰੇ ਨਾਂ’ ਨੌਜਵਾਨ ਸ਼ਾਇਰ ਲਖਵੀਰ ਸਿੰਘ ਦੀ ਪੁਸਤਕ ਦੀਆਂ ਬਹੁਤੀਆਂ ਕਵਿਤਾਵਾ ਭਾਵਨਾ ਵਿੱਚ ਵਹਿਕੇ ਲਿਖੀਆਂ ਗਈਆਂ ਹਨ। ਕਵੀ ਨਿਰਾਸ਼ਾਵਾਦੀ ਕਵਿਤਾਵਾਂ ਨੂੰ ਤਰਜ਼ੀਹ ਦਿੰਦਾ ਹੈ। ਨਾਹਰ ਔਜਲਾ ਦੇ ਨਾਟਕ ‘ਡਾਲਰਾਂ ਦੀ ਦੌੜ’ ਦੇ ਨਾਟ ਸਰੋਕਾਰਾਂ ਬਾਰੇ ਲਿਖਦਿਆਂ ਸੁਰਜੀਤ ਨੇ ਦੱਸਿਆ ਹੈ ਕਿ ਪੰਜਾਬੀ ਪਰਵਾਸੀ ਕੈਨੇਡਾ ਵਿਚ ਆ ਕੇ ਵੀ ਵਿਖਾਵੇ ਵਿੱਚ ਵਿਸ਼ਵਾਸ਼ ਕਰਦੇ ਹੋਏ ਝੁਗਾ ਚੌੜ ਕਰਵਾ ਲੈਂਦੇ ਹਨ। ਪੰਜਾਬੀਆਂ ਦੀ ਗਿਰਾਵਟ ਦੀ ਤਸਵੀਰ ਵੀ ਪੇਸ਼ ਕੀਤੀ ਗਈ ਹੈ।

ਸਪਨਾ ਚਾਮੜੀਆ ਦੁਆਰਾ ਲਿਖੀ ਅਤੇ ਨੀਤੂ ਅਰੋੜਾ ਦੁਆਰਾ ਅਨੁਵਾਦਿਤ ‘ਮੈਨੂੰ ਛੁੱਟੀ ਚਾਹੀਦੀ ਹੈ’ ਦੀ ਸਾਹਿਤਕ ਮਹੱਤਤਾ ਬਾਰੇ ਸੁਰਜੀਤ ਨੇ ਲਿਖਦਿਆਂ ਦੱਸਿਆ ਹੈ ਕਿ ਇਸ ਪੁਸਤਕ ਵਿੱਚ ਔਰਤ ਦੀ ਔਰਤ ਤੋਂ ਮੁਕਤੀ, ਪਰੰਪਰਾਵਾਂ ਨਾਲ ਜਦੋਜਹਿਦ, ਮਰਦ ਦਾ ਔਰਤ ਨੂੰ ਬਰਾਬਰ ਨਾ ਰੱਖਣਾ ਅਤੇ ਔਰਤ ਦੀ ਹੀਣ ਭਾਵਨਾ ਦੀ ਤ੍ਰਾਸਦੀ ਦੀ ਕਹਾਣੀ ਹੈ। ਔਰਤ ਸਿਰਫ ਰੋਟੀ ਬਣਾਉਣ ਦਾ ਸਾਧਨ ਹੀ ਸਮਝੀ ਜਾਂਦੀ ਹੈ। ਇਹ ਪੁਸਤਕ ਔਰਤ ਨੂੰ ਝੰਜੋੜਕੇ ਆਪਣੇ ਹੱਕਾਂ ਲਈ ਲੜਨ ਦੀ ਪ੍ਰੇਰਨਾ ਦਿੰਦੀ ਹੈ।

ਸੁਰਜੀਤ ਨੇ ਸਲੀਮ ਪਾਸ਼ਾ ਦੀ ਸ਼ਾਹਮੁਖੀ ਵਿੱਚ ਲਿਖੀ ਪੁਸਤਕ ‘ਮੁਹੱਬਤ ਦਾ ਲੋਕ ਗੀਤ’ ਦਾ ਕਾਵਿ ਪ੍ਰਵਚਨ ਕਰਦਿਆਂ ਦੱਸਿਆ ਹੈ ਕਿ ਇਸ ਪੁਸਤਕ ਵਿੱਚ ਅੰਮ੍ਰਿਤਾ ਪ੍ਰੀਤਮ ਨਾਲ ਇਮਰੋਜ਼ ਦੀ ਸੱਚੀ ਮੁਹੱਬਤ ਦੀ ਕਹਾਣੀ ਹੈ। ਇਮਰੋਜ਼ ਨੂੰ ਮੁਹੱਬਤ ਦਾ ਪ੍ਰਤੀਕ ਗਿਣਿਆਂ ਗਿਆ ਹੈ।

ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਸੁਰਜੀਤ ਨੇ ਪਰਵਾਸੀ ਸਾਹਿਤਕਾਰਾਂ ਦੇ ਸਾਹਿਤਕ ਯੋਗਦਾਨ ਨੂੰ ਸਮਾਜ ਦੇ ਹਿਤ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।
**
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

***
578
***
ੳੁਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ