8 December 2024

2021 ਦਾ ਸਤਿਕਾਰਤ ਸਰਵੋਤਮ ਪੰਜਾਬੀ: ਪੰਜਾਬੀਆਂ ਦਾ ਮਾਣ : ਡਾ ਸਵੈਮਾਨ ਸਿੰਘ ਪੱਖੋਕੇ—ਉਜਾਗਰ ਸਿੰਘ

ਡਾ. ਸਵੈਮਾਨ ਸਿੰਘ ਜੀ ਦਾ ਬਹੁਤ ਹੀ ਸ਼ਲਾਘਾਯੋਗ ਉੱਦਮ

ਪੰਜਾਬੀਆਂ ਨੇ 2021 ਦੇ ਸਾਲ ਵਿੱਚ ਬਹੁਤ ਸਾਰੀਆਂ ਮੱਲਾਂ ਮਾਰੀਆਂ ਹਨ। ਉਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਸਫ਼ਲਤਾ ਕਿਸਾਨ ਅੰਦੋਲਨ ਦੀ ਅਗਵਾਈ ਕਰਕੇ ਉਸਦੀ ਜਿੱਤ ਦੇ ਝੰਡੇ ਗੱਡਣਾ ਹੈ। ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਮਜ਼ਦੂਰ ਅੰਦੋਲਨ ਇਕ ਸਾਲ ਲਗਾਤਾਰ ਚਲਣ ਕਰਕੇ 2021 ਦਾ ਵਰੵਾ ਭਾਰਤੀਆਂ ਅਤੇ ਖਾਸ ਤੌਰ ‘ਤੇ ਪੰਜਾਬੀਆਂ ਲਈ ਇਤਿਹਾਸਿਕ ਸਾਲ ਸਾਬਤ ਹੋਇਆ ਹੈ। ਜਿਸਨੇ ਸਮੁੱਚੇ ਭਰਤੀਆਂ/ਪੰਜਾਬੀਆਂ ਵਿੱਚ ਆਪਣੇ ਹੱਕਾਂ ਲਈ ਲੜਾਈ ਲੜਨ ਵਾਸਤੇ ਜਾਗ੍ਰਤੀ ਪੈਦਾ ਕਰਨ ਦਾ ਕੰਮ ਕੀਤਾ ਹੈ।

ਇਸ ਅੰਦੋਲਨ ਦੌਰਾਨ ਸਾਰਾ ਸਾਲ ਸਭ ਤੋਂ ਜ਼ਿਆਦਾ ਚਰਚਾ ਵਿੱਚ ਅਮਰੀਕਾ ਤੋਂ ਅੰਦੋਲਨ ਵਿੱਚ ਹਿੱਸਾ ਲੈਣ ਆਏ ਦਿਲ ਦੇ ਰੋਗਾਂ ਦੇ ਮਾਹਿਰ ਡਾ. ਸਵੈਮਾਨ ਸਿੰਘ ਪੱਖੋਕੇ ਰਹੇ ਹਨ। ਕਿਸਾਨ ਮਜ਼ਦੂਰ ਅੰਦੋਲਨ ਦੀ ਸਫ਼ਲਤਾ ਨੇ ਬਹੁਤ ਸਾਰੇ ਛੁਪੇ ਹੋਏ ਪੰਜਾਬੀ ਹੀਰੇ ਮੋਤੀ ਸਾਹਮਣੇ ਲਿਆਂਦੇ ਹਨ, ਜਿਨ੍ਹਾਂ ਦੀ ਚਮਕ ਨੇ ਸਮਾਜ ਦੀਆਂ ਅੱਖਾਂ ਚੁੰਧਿਆਈਆਂ ਹੀ ਨਹੀਂ ਸਗੋਂ ਸਮੂਹਕ ਤੌਰ ਤੇ ਉਨ੍ਹਾਂ ਦੀ ਰੌਸ਼ਨੀ ਨੇ ਅਨੇਕਾਂ ਅੱਖਾਂ ਨੂੰ ਗਿਆਨ ਅਤੇ ਸੇਵਾ ਦੀ ਭਾਵਨਾ ਪੈਦਾ ਕਰਨ ਵਿੱਚ ਅਗਵਾਈ ਦਿੱਤੀ ਹੈ।

ਇਨਸਾਨ ਦੀ ਕਾਬਲੀਅਤ ਦਾ ਸਿਰਫ਼ ਉਦੋਂ ਹੀ ਪਤਾ ਲੱਗਦਾ ਹੈ, ਜਦੋ ਉਸਨੂੰ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕਰਨ ਦਾ ਮੌਕਾ ਮਿਲਦਾ ਹੈ। ਪੰਜਾਬੀ ਸਾਰੇ ਸੰਸਾਰ ਵਿੱਚ ਵਸੇ ਹੋਏ ਹਨ। ਉਨ੍ਹਾਂ ਵਿੱਚ ਚੰਦ ਕੁ ਅਜਿਹੇ ਇਨਸਾਨ ਵੀ ਹੋਣਗੇ ਜਿਨ੍ਹਾਂ ਦੀ ਕਾਬਲੀਅਤ ਸੰਸਾਰ ਲਈ ਹੈਰਾਨੀ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੋਵੇਗੀ। ਪ੍ਰੰਤੂ ਆਮ ਤੌਰ ‘ਤੇ ਉਨ੍ਹਾਂ ਦੀ ਕਾਬਲੀਅਤ ਆਪਣੇ ਕਾਰੋਬਾਰ ਦੇ ਖੇਤਰ ਵਿੱਚ ਹੀ ਜਾਣੀ ਜਾਂਦੀ ਹੈ। ਕਿਸਾਨ ਮਜ਼ਦੂਰ ਅੰਦੋਲਨ ਵਿੱਚ ਸਮੁੱਚੇ ਸੰਸਾਰ ਵਿੱਚੋਂ ਪੰਜਾਬੀਆਂ ਨੇ ਹੁੰਮ ਹੁੰਮਾ ਕੇ ਕਿਸੇ ਨਾ ਕਿਸੇ ਨਾ ਕਿਸੇ ਰੂਪ ਵਿੱਚ ਸ਼ਮੂਲੀਅਤ ਕੀਤੀ ਹੈ। ਕਿਸੇ ਨੇ ਆਰਥਿਕ, ਸਮਾਜਿਕ, ਭਾਵਨਾਤਮਿਕ, ਪ੍ਰਬੰਧਕੀ ਅਤੇ ਕਿਸੇ ਨੇ ਨਿੱਜੀ ਤੌਰ ਤੇ ਪਹੁੰਚਕੇ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਅੰਦੋਲਨ ਦੀ ਸਫ਼ਲਤਾ ਦਾ ਰਾਜ ਵੀ ਸਮੂਹਿਕ ਯੋਗਦਾਨ ਕਰਕੇ ਹੀ ਸੰਭਵ ਹੋ ਸਕਿਆ ਹੈ ਪ੍ਰੰਤੂ ਕੁਝ ਕੁ ਵਿਅਕਤੀਆਂ ਦੇ ਨਿੱਜੀ ਸਰਬਪੱਖੀ ਅਤੇ ਬਹੁ-ਪੱਖੀ ਯੋਗਦਾਨ ਨੂੰ ਅਣਡਿਠ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਦੀ ਸਮਾਜ ਨੂੰ ਦਾਦ ਦੇ ਕੇ ਸਿਰ ਝੁਕਾਉਣ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਨਸਾਨ ਨੂੰ ਅਹਿਸਾਨ ਫਰਾਮੋਸ਼ ਨਹੀਂ ਹੋਣਾ ਚਾਹੀਦਾ। ਜੇਕਰ ਸਮਾਜ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਮੁੱਲ ਨਹੀਂ ਪਾਵੇਗਾ ਤਾਂ ਉਸਦੇ ਯੋਗਦਾਨ ਨੂੰ ਅਣਡਿਠ ਕਰਨ ਦੀ ਕੋਤਾਹੀ ਸਮਾਜਿਕ ਤਾਣੇ ਬਾਣੇ ਨੂੰ ਸਦਾ ਲਈ ਤੜਪਾਉਂਦੀ ਰਹੇਗੀ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਕਿਸੇ ਇਕ ਵਿਅਕਤੀ ਦੇ ਯੋਗਦਾਨ ਕਰਕੇ ਸਫਲਤਾ ਨੇ ਕਿਸਾਨ ਮਜ਼ਦੂਰ ਅੰਦੋਲਨ ਦੇ ਪੈਰ ਚੁੰਮੇ ਹਨ ਪ੍ਰੰਤੂ ਸਮਾਜ ਉਨ੍ਹਾਂ ਦੀ ਨਿੱਜੀ ਹਿੰਮਤ ਨੂੰ ਅੱਖੋਂ ਪ੍ਰੋਖੇ ਕਰਨ ਦੀ ਗ਼ਲਤੀ ਵੀ ਨਹੀਂ ਕਰ ਸਕਦਾ।

ਡਾ.ਸਵੈਮਾਨ ਸਿੰਘ ਆਪਣੀ ਪਤਨੀ ਨਾਲ

ਭਾਰਤ ਵਿੱਚ ਵਸਦੇ ਪੰਜਾਬੀਆਂ ਨੇ ਤਾਂ ਅੰਦੋਲਨ ਵਿੱਚ ਬਣਦਾ ਯੋਗਦਾਨ ਪਾਇਆ ਹੀ ਹੈ ਪ੍ਰੰਤੂ ਪਰਵਾਸੀ ਭਾਰਤੀਆਂ ਦੇ ਯੋਗਦਾਨ ਨੇ ਤਾਂ ਨਵੇਂ ਕੀਰਤੀਮਾਨ ਸਥਾਪਤ ਕਰ ਦਿੱਤੇ ਹਨ। ਇਸ ਅੰਦੋਲਨ ਦੌਰਾਨ ਪਰਵਾਸੀ ਭਾਰਤੀਆਂ/ਪੰਜਾਬੀਆਂ ਵਿੱਚੋਂ ਇਕ ਨਾਮ ਉਭਰਕੇ ਸਾਹਮਣੇ ਆਇਆ ਹੈ, ਜਿਸਨੇ ਸਮੁੱਚੇ ਸੰਸਾਰ ਦੀਆਂ ਨਿਗਾਹਾਂ ਆਪਣੇ ਵੱਲ ਖਿੱਚੀਆਂ ਹੀ ਨਹੀਂ ਸਗੋਂ ਸਮਾਜ ਨੂੰ ਆਪਣੇ ਫ਼ਰਜ਼ ਨਿਭਾਉਣ ਲਈ ਪ੍ਰੇਰਿਤ ਵੀ ਕੀਤਾ ਹੈ। ਉਹ ਨਾਮ ਹੈ ਸਰਬਕਲਾ ਸੰਪੂਰਨ ਅਤੇ ਸਮਰੱਥ ਇਨਸਾਨ ਦਿਲ ਦੇ ਰੋਗਾਂ ਦੇ ਮਾਹਿਰ ਡਾ. ਸਵੈਮਾਨ ਸਿੰਘ ਪੱਖੋਕੇ, ਜਿਹੜੇ ਅਮਰੀਕਾ ਤੋਂ ‘‘ਫਾਈਵ ਰਿਵਰਜ਼ ਹਰਟ ਐਸੋਸੀਏਸ਼ਨ ਜੈਕਸਨ ਨਿਊਜਰਸੀ’’ ਸੰਸਥਾ ਦੇ ਬੈਨਰ ਹੇਠ ਅੰਦੋਲਨ ਵਿੱਚ ਸ਼ਾਮਲ ਅੰਦੋਲਨਕਾਰੀਆਂ ਦੀ ਵਿਲੱਖਣ ਸੇਵਾ ਕਰਨ ਦਾ ਮਾਣ ਹਾਸਲ ਕਰ ਚੁੱਕੇ ਹਨ। ਅੱਜ ਦੇ ਪਦਾਰਥਵਾਦੀ ਜ਼ਮਾਨੇ ਵਿੱਚ ਜਦੋਂ ਲੋਕਾਂ ਨੂੰ ਆਪੋ ਧਾਪੀ ਪਈ ਹੋਈ ਹੈ ਅਤੇ ਖਾਸ ਤੌਰ ਤੇ ਪੰਜਾਬੀ ਵਹੀਰਾਂ ਘੱਤ ਕੇ ਪਰਵਾਸ ਵਿੱਚ ਜਾ ਕੇ ਸੈਟਲ ਹੋਣ ਲਈ ਲਟਾ ਪੀਂਘ ਹੋਏ ਫਿਰਦੇ ਹਨ। ਜ਼ਾਇਜ਼ ਨਜ਼ਾਇਜ਼ ਢੰਗ ਵਰਤਕੇ ਪਰਵਾਸ ਨੂੰ ਭੱਜੇ ਜਾ ਰਹੇ ਹਨ ਤਾਂ ਅਜਿਹੇ ਹਾਲਾਤ ਵਿੱਚ ਆਰਾਮਦਾਇਕ ਜ਼ਿੰਦਗੀ ਨੂੰ ਲੱਤ ਮਾਰਕੇ ਅਣਸੁਖਾਵੇਂ ਹਾਲਾਤ ਵਿੱਚ ਜੂਝ ਰਹੇ ਕਿਸਾਨ ਮਜ਼ਦੂਰਾਂ ਦੀ ਬਾਂਹ ਫੜ੍ਹਨ ਲਈ ਅਮਰੀਕਾ ਵਰਗੇ ਸੰਸਾਰ ਦੇ ਸਭ ਤੋਂ ਸੁੰਦਰ, ਖ਼ੁਸ਼ਹਾਲ ਅਤੇ ਵਿਕਾਸਮਈ ਦੇਸ਼ ਵਿੱਚੋਂ ਲੱਖਾਂ ਡਾਲਰਾਂ ਦੀ ਚਕਾਚੌਂਧ ਵਾਲੀ ਨੌਕਰੀ ਨੂੰ ਤਿਲਾਂਜ਼ਲੀ ਦੇ ਕੇ ਆਪਣੀ ਮਾਤ ਭੂਮੀ ਨੂੰ ਸਿਜਦਾ ਕਰਨ ਲਈ ਆਉਣ ਵਾਲੇ ਇਨਸਾਨ ਨੂੰ ਫਰਿਸ਼ਤਾ ਨਹੀਂ ਕਹਾਂਗੇ ਤਾਂ ਹੋਰ ਕਿਹੜਾ ਸ਼ਬਦ ਵਰਤਾਂਗੇ? ਉਹ ਆਪਣੀ ਡੇਢ ਸਾਲ ਦੀ ਅਣਭੋਲ ਅਤੇ ਮਾਸੂਮ ਬੱਚੀ ਤੋਂ ਵੀ ਪਿਛਲੇ ਇਕ ਸਾਲ ਤੋਂ ਦੂਰ ਰਹੇ ਹਨ, ਜਿਹੜੀ ਆਪਣੇ ਪਿਤਾ ਨੂੰ ਮਿਸ ਕਰਦੀ ਰਹੀ ਅਤੇ ਸਿਰਫ ਵੀਡੀਓਜ਼ ਵਿੱਚ ਵੇਖਕੇ ਹੀ ਸੰਤੁਸ਼ਟ ਹੁੰਦੀ ਰਹੀ।

ਪਿਤਾ ਜਸਵਿੰਦਰ ਪਾਲ ਸਿੰਘ ਪੱਖੋਕੇ ਅਤੇ ਮਾਤਾ ਸੁਰਿੰਦਰ ਕੌਰ ਪੱਖੋਕੇ ਦੀ ਅਮੀਰ ਵਿਰਾਸਤ ਦਾ ਚਸ਼ਮੇ ਚਿਰਾਗ ਜਿਨ੍ਹਾਂ ਨੇ ਆਪਣੇ ਮਾਪਿਆਂ ਦੀ ਜਦੋਜਹਿਦ ਅਤੇ ਸਮੂਹਿਕ ਸਮਾਜਿਕ ਹਿਤਾਂ ਲਈ ਕੀਤੀ ਕੁਰਬਾਨੀ ‘ਤੇ ਪਹਿਰਾ ਦਿੰਦਿਆਂ ਕੰਡਿਆਲੇ ਰਸਤਿਆਂ ‘ਤੇ ਤੁਰਦਿਆਂ ਕਿਸਾਨ ਮਜ਼ਦੂਰ ਅੰਦੋਲਨ ਦੀ ਸਫਲਤਾ ਵਿੱਚ ਬਹੁਪੱਖੀ ਯੋਗਦਾਨ ਪਾਉਂਦਿਆਂ ਰਾਤਾਂ ਜਾਗ ਕੇ ਸੇਵਾ ਕੀਤੀ ਹੈ। ਦੇਸ਼ ਭਗਤੀ ਉਸ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਹੈ। ਇਸਦਾ ਮੁੱਖ ਕਾਰਨ ਉਨ੍ਹਾਂ ਦੀ ਦੇਸ਼ ਭਗਤਾਂ ਦੀ ਅਮੀਰ ਵਿਰਾਸਤ ਹੈ। ਉਨ੍ਹਾਂ ਦੇ ਪੜਨਾਨਾ ਤਾਰਾ ਸਿੰਘ ਜੈਤੋ ਦੇ ਮੋਰਚੇ ਵਿੱਚ ਗ੍ਰਿਫ਼ਤਾਰ ਹੋਏ ਅਤੇ ਨਾਭਾ ਜੇਲ੍ਹ ਵਿੱਚ ਤੇਜਾ ਸਿੰਘ ਸਮੁੰਦਰੀ ਨਾਲ ਨਜ਼ਰਬੰਦ ਰਹੇ। ਇਸੇ ਤਰ੍ਹਾਂ ਉਨ੍ਹਾਂ ਦੇ ਦਾਦਾ ਜਗਜੀਤ ਸਿੰਘ ਸਾਰੀ ਉਮਰ ਆਪਣੇ ਪਿੰਡ ਦੇ ਸਰਪੰਚ ਹੁੰਦਿਆਂ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਹਿੱਸਾ ਲੈਂਦੇ ਰਹੇ ਸਨ।

ਡਾ. ਸਵੈਮਾਨ ਸਾਈਕਲ ‘ਤੇ

ਇਹ ਤਾਂ ਵੇਖਣ ਨੂੰ ਮਿਲਦਾ ਹੈ ਕਿ ਇਨਸਾਨ ਆਪੋ ਆਪਣੇ ਖੇਤਰ ਵਿੱਚ ਮੁਹਾਰਤ ਰੱਖਦਾ ਹੋਵੇ ਪ੍ਰੰਤੂ ਡਾ. ਸਵੈਮਾਨ ਸਿੰਘ ਪੱਖੋਕੇ ਅਜਿਹੇ ਵਿਅਕਤੀ ਹਨ, ਜਿਹੜੇ ਡਾਕਟਰੀ ਖੇਤਰ ਤੋਂ ਇਲਾਵਾ ਪ੍ਰਬੰਧਕੀ ਯੋਗਤਾ ਵੀ ਰੱਖਦੇ ਹਨ। ਉਹ ਆਪਣੀ ਡਾਕਟਰਾਂ ਦੀ ਟੀਮ ਨਾਲ ਹਰ ਪੰਡਾਲ, ਝੋਂਪੜੀ, ਟਰਾਲੀ ਅਤੇ ਲੰਗਰਾਂ ਵਿੱਚ ਜਾ ਕੇ ਮਰੀਜ਼ਾਂ ਨੂੰ ਦਵਾਈਆਂ ਦਿੰਦੇ ਰਹੇ। ਅੱਧੀ ਅੱਧੀ ਰਾਤ ਤੱਕ ਉਹ ਲੋਕ ਸੇਵਾ ਵਿੱਚ ਜੁੱਟੇ ਰਹਿੰਦੇ ਸਨ। ਉਨ੍ਹਾਂ ਦੀ ਲੋਕ ਸੇਵਾ ਦੀ ਲਗਨ ਅਤੇ ਦ੍ਰਿੜ੍ਹਤਾ ਨੇ ਅੰਦੋਲਨਕਾਰੀਆਂ ਦੇ ਦਿਲ ਜਿੱਤ ਲਏ। ਉਹ ਸਥਾਨਕ ਲੋਕਾਂ ਨੂੰ ਵੀ ਦਵਾਈਆਂ ਦਿੰਦੇ ਰਹੇ ਹਨ। ਭਾਈ ਘਨਈਆ ਦੇ ਪੈਰ ਚਿੰਨ੍ਹਾ ‘ਤੇ ਚਲਦੇ ਹੋਏ ਹਰ ਵਰਗ ਦੀ ਸੇਵਾ ਭਾਵੇਂ ਉਹ ਪੁਲਿਸ ਵਾਲੇ ਹੀ ਕਿਉਂ ਨਾ ਹੋਣ ਸੱਚੇ ਦਿਲੋਂ ਕੀਤੀ? ਜੇ ਉਨ੍ਹਾਂ ਨੂੰ ਗੁਣਾ ਦੀ ਗੁਥਲੀ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ। ਅੱਜ ਦਿਨ ਉਹ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। ਜਦੋਂ ਉਨ੍ਹਾਂ ਨੂੰ ਗਰਮੀਆਂ ਦੇ ਮੌਸਮ ਵਿੱਚ ਕਿਸਾਨਾਂ ਲਈ ਰੈਣ ਬਸੇਰਿਆਂ ਦੀ ਘਾਟ ਮਹਿਸੂਸ ਹੋਈ ਤਾਂ ਉਨ੍ਹਾਂ ਇਸਤਰੀਆਂ ਲਈ ਰੈਣ ਬਸੇਰਾ ਬਣਾ ਦਿੱਤਾ, ਜਦੋਂ ਅੰਦਲਨਕਾਰੀਆਂ ਵਿੱਚ ਬਿਮਾਰੀਆਂ ਫ਼ੈਲਣ ਲੱਗੀਆਂ ਤਾਂ ਸਫ਼ਾਈ ਦਾ ਪ੍ਰਬੰਧ ਕਰ ਦਿੱਤਾ। ਏਥੇ ਹੀ ਬਸ ਨਹੀਂ ਪੀਣ ਲਈ ਸਾਫ ਪਾਣੀ ਦਾ ਇੰਤਜ਼ਾਮ ਕਰਵਾ ਦਿੱਤਾ। ਸਭ ਤੋਂ ਵਿਲੱਖਣ ਕੰਮ ਅੰਦੋਲਨਕਾਰੀਆਂ ਦੇ ਪੜ੍ਹਨ ਲਈ ਲਾਇਬਰੇਰੀ ਸਥਾਪਤ ਕਰ ਦਿੱਤੀ। ਇਥੋਂ ਤੱਕ ਕਿ ਜਦੋਂ ਹਰਿਆਣਾ ਵਿੱਚ ਕਿਸਾਨਾ ਨੇ ਕਰਨਾਲ ਜੀ ਟੀ ਰੋਡ ‘ਤੇ ਅੰਦੋਲਨ ਸ਼ੁਰੂ ਕੀਤਾ ਤਾਂ ਸ਼ਾਮਿਆਨੇ ਦਾ ਸਾਮਾਨ ਟਰੱਕਾਂ ਵਿੱਚ ਲੱਦ ਕੇ ਉਥੇ ਪਹੁੰਚ ਗਏ ਤਾਂ ਜੋ ਅੰਦੋਲਨਕਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਭਾਸ਼ਣ ਦੇ ਕੇ ਲੋਕਾਂ ਨੂੰ ਕੀਲ ਕੇ ਰੱਖਣ ਅਤੇ ਉਨ੍ਹਾਂ ਨੂੰ ਅੰਦੋਲਨ ਵਿੱਚ ਸ਼ਾਂਤਮਈ ਢੰਗ ਨਾਲ ਹਿੱਸਾ ਪਾਉਣ ਦੀ ਪ੍ਰੇਰਨਾ ਵੀ ਆਪਣੀ ਕਿਸਮ ਦੀ ਸੀ, ਜਿਸ ਕਰਕੇ ਲੋਕ ਉਨ੍ਹਾਂ ਦੀ ਹਰ ਆਖੀ ਗੱਲ ਉਪਰ ਵਿਸ਼ਵਾਸ਼ ਹੀ ਨਹੀਂ ਕਰਦੇ ਸਨ, ਸਗੋਂ ਅਮਲ ਵੀ ਕਰਦੇ ਸਨ। ਉਹ ਨੌਜਵਾਨਾਂ, ਬਜ਼ੁਰਗਾਂ ਅਤੇ ਮਾਤਾਵਾਂ ਭੈਣਾਂ ਦੇ ਮਾਰਗ ਦਰਸ਼ਕ ਬਣੇ। ਨੌਜਵਾਨਾ ਨੂੰ ਲਾਮਬੰਦ ਕਰਕੇ ਉਨ੍ਹਾਂ ਦੇ ਮਨੋਰੰਜਨ ਲਈ ਖੇਡਾਂ ਕਰਵਾਉਂਦੇ ਰਹੇ। ਉਨ੍ਹਾਂ ਤੋਂ ਅੰਦੋਲਨਕਾਰੀ ਇਤਨੇ ਪ੍ਰਭਾਵਤ ਹੋਏ ਕਿ ਉਨ੍ਹਾਂ ਨੂੰ ਵੱਖ-ਵੱਖ ਪੰਡਾਲਾਂ ਵਿੱਚ ਭਾਸ਼ਣ ਦੇਣ ਲਈ ਬੁਲਾਇਆ ਜਾਣ ਲੱਗ ਪਿਆ। 26 ਜਨਵਰੀ ਦੀ ਲਾਲ ਕਿਲੇ ਵਾਲੀ ਘਟਨਾ ਤੋਂ ਬਾਅਦ ਉਨ੍ਹਾਂ ਦੀ ਅਪੀਲ ਲੋਕਾਂ ਦੇ ਦਿਲਾਂ ਨੂੰ ਹਲੂਣ ਗਈ ਸੀ। ਅਜਿਹੇ ਉਦਮ ਉਹ ਵਿਅਕਤੀ ਹੀ ਕਰ ਸਕਦਾ ਹੈ, ਜਿਸਦਾ ਅਕਸ ਸਾਫ਼ ਹੋਵੇ ਅਤੇ ਲੋਕਾਂ ਦਾ ਉਨ੍ਹਾਂ ਵਿੱਚ ਵਿਸ਼ਵਾਸ਼ ਪੈਦਾ ਹੋ ਜਾਵੇ। ਲੋਕਾਂ ਤੋਂ ਸਹਿਯੋਗ ਪ੍ਰਾਪਤ ਕਰਨ ਦੀ ਸਮਰੱਥਾ ਵੀ ਉਨ੍ਹਾਂ ਦੀ ਕਮਾਲ ਦੀ ਹੈ। ਦੇਸ਼ ਵਿਦੇਸ਼ ਤੋਂ ਹਰ ਵਿਅਕਤੀ ਉਨ੍ਹਾਂ ਨੂੰ ਸਹਿਯੋਗ ਦਿੰਦਾ ਰਿਹਾ ਹੈ। ਅੰਦੋਲਨ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਅੰਦੋਲਨਕਾਰੀਆਂ ਨੂੰ ਸਾਰੀਆਂ ਥਾਵਾਂ ਦੀ ਸਫ਼ਾਈ ਕਰਨ ਲਈ ਪ੍ਰਬੰਧ ਕੀਤੇ ਤਾਂ ਜੋ ਸਮਾਜ ‘ਤੇ ਅੰਦੋਲਨ ਦਾ ਮਾੜਾ ਪ੍ਰਭਾਵ ਨਾ ਪਵੇ। ਇਸ ਸਮੇਂ ਸਮੁੱਚੇ ਪੰਜਾਬ ਵਿੱਚ ਡਾ. ਸਵੈਮਾਨ ਸਿੰਘ ਦੀ ਮੰਗ ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਵਧ ਗਈ ਹੈ। ਹਰ ਸੰਸਥਾ ਉਨ੍ਹਾਂ ਦੇ ਵਿਲੱਖਣ ਯੋਗਦਾਨ ਲਈ ਉਨ੍ਹਾਂ ਨੂੰ ਸਨਮਾਨਤ ਕਰਨਾ ਚਾਹੁੰਦੀ ਹੈ। ਹੁਣ ਉਹ ਪੰਜਾਬੀਆਂ ਨੇ ਜਿਸ ਤਰ੍ਹਾਂ ਅੰਦੋਲਨ ਦੀ ਸਫਲਤਾ ਲਈ ਇਕਮੁਠਤਾ ਦਾ ਸਬੂਤ ਦਿੱਤਾ ਹੈ, ਉਨ੍ਹਾਂ ਨੂੰ ਉਸੇ ਤਰ੍ਹਾਂ ਪੰਜਾਬ ਦੀ ਰਾਜਨੀਤੀ ਵਿੱਚ ਸਾਫ਼ ਸੁਥਰੇ ਅਕਸ ਵਾਲੇ ਵਿਧਾਨਕਾਰਾਂ ਦੀ ਚੋਣ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਨਿਮਰਤਾ ਅਤੇ ਦੇਸ਼ ਭਗਤੀ ਦੇ ਪੁਜ਼ਾਰੀ ਡਾ. ਸਵੈਮਾਨ ਸਿੰਘ ਦਾ ਹਰ ਪੰਜਾਬੀ ਆਪਣੇ ਆਪ ਨੂੰ ਉਨ੍ਹਾਂ ਦਾ ਕਰਜ਼ਈ ਸਮਝਦਾ ਹੈ। ਅੰੋਦੋਲਨ ਸਮਾਪਤ ਹੋਣ ਤੋਂ ਬਾਅਦ ਲਗਪਗ ਹਰ ਅੰਦੋਲਨਕਾਰੀ ਆਪਣੇ ਪਰਿਵਾਰਾਂ ਵਿੱਚ ਆਉਣ ਲਈ ਤਤਪਰ ਸੀ ਪ੍ਰੰਤੂ ਡਾ. ਸਵੈਮਾਨ ਸਿੰਘ ਪੱਖੋਕੇ ਵਾਪਸ ਆਪਣੇ ਪਰਿਵਾਰ ਵਿੱਚ ਜਾਣ ਦੀ ਥਾਂ ਪੰਜਾਬੀਆਂ ਨੂੰ ਸਵੱਛ ਲੋਕਾਂ ਦੀ ਰਾਜਨੀਤਕ ਤਬਦੀਲੀ ਲਿਆਉਣ ਲਈ ਪੰਜਾਬ ਵਿੱਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ। ਪੰਜਾਬੀਆਂ ਨੂੰ ਉਨ੍ਹਾਂ ਦੀ ਡੈਡੀਕੇਸ਼ਨ ਤੋਂ ਸਬਕ ਸਿੱਖਣਾ ਚਾਹੀਦਾ ਹੈ।
**
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

***
562
***
ੳੁਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ