1 July 2024

ਸੰਜੀਵ ਸਿੰਘ ਸੈਣੀ ਦੀ ਪੁਸਤਕ ‘ਖ਼ੂਬਸੂਰਤ ਜ਼ਿੰਦਗੀ ਦਾ ਰਾਜ਼’ ਰਾਹ ਦਸੇਰਾ ਬਣੇਗੀ — ਉਜਾਗਰ ਸਿੰਘ

ਸੰਜੀਵ ਸਿੰਘ ਸੈਣੀ ਪ੍ਰਸਿੱਧ ਕਾਲਮ ਨਵੀਸ ਹੈ। ਉਸ ਦੇ ਲੇਖ ਲਗਪਗ ਹਰ ਰੋਜ਼ ਕਿਸੇ ਨਾ-ਕਿਸੇ-ਇੱਕ ਅਖ਼ਬਾਰ ਵਿੱਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਉਸ ਦੇ ਲੇਖਾਂ ਦੇ ਵਿਸ਼ੇ ਇਨਸਾਨ ਦੀ ਇਨਸਾਨੀਅਤ ਅਤੇ ਰੋਜ਼ਾਨਾ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣ ਦੇ ਉਪਰਾਲਿਆਂ ਵਾਲੇ ਹੁੰਦੇ ਹਨ। ਭਾਵ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਹੁਣ ਤੱਕ ਉਸ ਦੀਆਂ ਦੋ ਪੁਸਤਕਾਂ ‘ਕਿਸਾਨ ਅੰਦੋਲਨ’ ਅਤੇ ‘ਸਮਾਜ ਅਤੇ ਜੀਵਨ ਜਾਚ’ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਖ਼ੂਬਸੂਰਤ ਜ਼ਿੰਦਗੀ ਦਾ ਰਾਜ਼’ ਉਸ ਦੀ ਤੀਜੀ ਪੁਸਤਕ ਹੈ। 

ਇਸ ਪੁਸਤਕ ਵਿੱਚ ਉਸ ਦੇ ਚਾਰ ਦਰਜਨ ਲਘੂ ਲੇਖ ਹਨ। ਸਾਰੇ ਲੇਖ ਲੋਕ ਸਰੋਕਾਰਾਂ ਨਾਲ ਸੰਬੰਧਤ ਹਨ, ਜਿਹੜੇ ਲੋਕਾਈ ਨੂੰ ਆਪਣਾ ਜੀਵਨ ਸਫ਼ਲ ਬਣਾਉਣ ਵਿੱਚ ਅਗਵਾਈ ਕਰ ਸਕਦੇ ਹਨ। ਆਮ ਬੋਲਚਾਲ ਵਿੱਚ ਵਰਤੀ ਜਾਣ ਵਾਲੀ ਸ਼ਬਦਾਵਲੀ ਠੇਠ ਮਲਵਈ ਹੈ। ਲੇਖਾਂ ਦੇ ਵਾਕ ਵੀ ਛੋਟੇ-ਛੋਟੇ ਹਨ। ਇਨ੍ਹਾਂ ਲੇਖਾਂ ਵਿੱਚੋਂ ਸੰਜੀਵ ਸਿੰਘ ਸੈਣੀ ਦਾ ਨਿਮਰਤਾ ਵਾਲਾ ਵਿਅਤਿਤਵ ਵਿਖਾਈ ਦਿੰਦਾ ਹੈ। ਇਸ ਪੁਸਤਕ ਵਿੱਚ ਜ਼ਿੰਦਗੀ ਜਿਓਣ ਦੇ ਨੁਕਤੇ ਦਿੱਤੇ ਗਏ ਹਨ, ਜਿਨ੍ਹਾਂ ‘ਤੇ ਅਮਲ ਕਰਨ ਨਾਲ ਸਫ਼ਲਤਾ ਲੋਕਾਈ ਦੇ ਪੈਰ ਚੁੰਮੇਗੀ। ਵਰਤਮਾਨ ਸਮਾਜਿਕ ਤਾਣੇ-ਬਾਣੇ ਉਪਰ ਆਧੁਨਿਕਤਾ ਦੇ ਪਏ ਪ੍ਰਭਾਵ ਤੋਂ ਬਚ ਕੇ ਆਪਣੀ ਪੁਰਾਤਨ ਵਿਰਾਸਤ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਵੀ ਦਿੰਦੇ ਹਨ। ਕਿਸੇ ਵੀ ਸਮਾਜ ਦਾ ਸਭਿਅਚਾਰ ਹਰ ਦੂਜੇ ਸਭਿਆਚਾਰ ਤੋਂ ਤੋਂ ਵੱਖਰਾ ਹੁੰਦਾ ਹੈ, ਜਿਹੜਾ ਮਾਨਵਤਾ ਨੂੰ ਇੱਕ ਦੂਜੇ ਨਾਲੋਂ ਵੱਖਰਾ ਬਣਾਉਂਦਾ ਹੈ। ਇਸ ਲਈ ਲੇਖਕ ਦੀ ਇਨ੍ਹਾਂ ਲੇਖਾਂ ਵਿੱਚੋਂ ਆਪੋ-ਆਪਣੇ ਸਭਿਅਚਾਰ ਅਨੁਸਾਰ ਵਿਚਰਣ ਦੀ ਭਾਵਨਾ ਵਿਖਾਈ ਦਿੰਦੀ ਹੈ। 

ਵਰਤਮਾਨ ਸਮਾਜ ਵਿੱਚ ਸਮਾਜਿਕ, ਆਰਥਿਕ, ਸਭਿਆਚਰਿਕ ਅਤੇ ਵਿਵਹਾਰਿਕ ਜੀਵਨ ਵਿੱਚ ਆਈਆਂ ਤਰੁਟੀਆਂ ਇਨਸਾਨੀ ਕਦਰਾਂ ਕੀਮਤਾਂ ਨੂੰ ਖ਼ੋਰਾ ਲਾ ਰਹੀਆਂ ਹਨ। ਲੇਖਕ ਇਨ੍ਹਾਂ ਤਰੁਟੀਆਂ ਦੇ ਵਿਰੁੱਧ ਆਪਣੇ ਲੇਖਾਂ ਵਿੱਚ ਆਵਾਜ਼ ਬੁਲੰਦ ਕਰਦਾ ਹੈ। ਸੰਜੀਵ ਸਿੰਘ ਸੈਣੀ ਦੇ ਲੇਖਾਂ ਦੇ ਸਿਰਲੇਖ ਵੱਡੇ ਹੁੰਦੇ ਹਨ, ਉਸ ਦੇ ਲੇਖ ਦਾ ਸਾਰੰਸ ਸਿਰਲੇਖ ਪੜ੍ਹਕੇ ਹੀ ਪਤਾ ਲੱਗ ਜਾਂਦਾ ਹੈ। ਭਾਵੇਂ ਲੇਖਾਂ ਵਿੱਚ ਕਈ-ਕਈ ਵਿਸ਼ੇ ਛੋਹੇ ਹੁੰਦੇ ਹਨ। ਲੇਖਕ ਨੂੰ ਸਿਰਲੇਖ ਛੋਟੇ ਰੱਖਣੇ ਚਾਹੀਦੇ ਹਨ ਤਾਂ ਜੋ ਪਾਠਕ ਨੂੰ ਸਿਰਲੇਖ ਤੋਂ ਪਤਾ ਨਾ ਲੱਗ ਸਕੇ, ਉਸ ਲੇਖ ਵਿੱਚ ਕੀ ਮੈਟਰ ਹੈ, ਸਗੋਂ ਸਿਰਲੇਖ ਅਜਿਹਾ ਹੋਣਾ ਚਾਹੀਦਾ ਹੈ, ਜਿਸ ਨੂੰ ਪੜ੍ਹਦਿਆਂ ਹੀ ਪਾਠਕ ਨੂੰ ਲੇਖ ਪੜ੍ਹਨ ਦੀ ਉਤਸੁਕਤਾ ਪੈਦਾ ਹੋ ਜਾਵੇ। ਉਹ ਲਿਖਦਾ ਹੈ, ਪਿਆਰ ਸਫ਼ਲ ਜ਼ਿੰਦਗੀ ਬਸਰ ਕਰਨ ਦਾ ਧੁਰਾ ਹੈ। ਇਮਾਨਦਾਰੀ, ਸ਼ਹਿਨਸ਼ੀਲਤਾ, ਸਹਿਯੋਗ, ਸਹਿਹੋਂਦ ਅਤੇ ਨਮਰਤਾ ਇਨਸਾਨ ਦੇ ਗਹਿਣੇ ਹਨ। ਨਫ਼ਰਤ, ਹਓਮੈ, ਧੋਖ਼ਾ, ਫ਼ਰੇਬ ਅਤੇ ਖ਼ੁਦਗਰਜ਼ੀ ਸਫਲ ਜੀਵਨ ਨੂੰ ਗ੍ਰਹਿਣ ਲਾਉਂਦੇ ਹਨ। ਇਨ੍ਹਾਂ ਤੋਂ ਤਿਲਾਂਜ਼ਲੀ ਲੈਣੀ ਚਾਹੀਦੀ ਹੈ। 

ਵਿਆਹਾਂ ਵਿੱਚ ਮੈਰਿਜ ਪੈਲਸਾਂ ਦੀ ਵਰਤੋਂ ਪੁਰਾਤਨ ਪਰੰਪਰਾਵਾਂ ਅਤੇ ਪੰਜਾਬੀ ਸਭਿਆਚਾਰ ਨੂੰ ਠੇਸ ਪਹੁੰਚਾ ਰਹੇ ਹਨ। ਪੁਰਾਤਨ ਢੰਗ ਨਾਲ ਕੀਤੇ ਜਾਂਦੇ ਵਿਆਹਾਂ ਵਿੱਚ ਸਦਭਾਵਨਾ ਬਣੀ ਰਹਿੰਦੀ ਸੀ। ਇਕ ਦੂਜੇ ਦਾ ਸਹਾਈ ਬਣਨਾ ਮਿਲਵਰਤਨ ਦੀ ਭਾਵਨਾ ਪੈਦਾ ਕਰਦਾ ਸੀ। ਭੱਠੀ ਚੜ੍ਹਾਉਣ ਸਮੇਂ ਸਾਰੇ ਆਂਢੀ-ਗੁਆਂਢੀ ਇਕੱਠੇ ਬੈਠ ਕੇ ਲੱਡੂ ਵੱਟਦੇ। ਘਰੇ ਸ਼ੁਧ ਮਠਿਆਈਆਂ ਬਣਦੀਆਂ। ਭਾਜੀ ਦਿੰਦੇ , ਨਾਨਕਾ ਮੇਲ ਆਉਂਦਾ, ਸਿਠਣੀਆਂ ਦਿੰਦੇ ਪੰਜਾਬੀ ਸਭਿਅਚਾਰ ਦਾ ਪ੍ਰਗਟਾਵਾ ਹੁੰਦਾ ਸੀ। ਪੈਲਸਾਂ ਵਿੱਚ ਖ਼ਰਚੇ ਵੱਧ ਹੁੰਦੇ ਹਨ। ਪ੍ਰੀ ਵੈਡਿੰਗ ਦੇ ਚੋਚਲੇ ਵੀ ਖ਼ਰਚੇ ਵਧਾਉਂਦੇ ਹਨ। ਲੇਖਕ ਦੁੱਧ ਵਿਚ ਹੋ ਰਹੀ ਰਸਾਇਣਕ ਮਿਲਾਵਟ ਤੋਂ ਚਿੰਤਾ ਪ੍ਰਗਟ ਕਰਦਾ ਲਿਖਦਾ ਹੈ, ਮਿਲਾਵਟ ਨਾਲ ਬਿਮਾਰੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ। ਜੰਕ ਫ਼ੂਡ ਵੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਤਕਨਾਲੋਜੀ ਦੇ ਲਾਭਾਂ ਨਾਲੋਂ ਨੁਕਸਾਨ ਜ਼ਿਆਦਾ ਹੋ ਰਹੇ ਹਨ। ਮੋਬਾਈਲ ਨੇ ਬੇੜਾ ਹੀ ਗਰਕ ਕਰ ਦਿੱਤਾ ਹੈ। ਦੁੱਖ-ਸੁੱਖ ਦੇ ਸਾਂਝੀਵਾਲ ਨਹੀਂ ਬਣਦੇ। ਚੰਗਾ ਬਣਨ ਦੀ ਕੋਸ਼ਿਸ਼ ਕਿਸੇ ਕੰਮ ਨਹੀਂ ਆਉਂਦੀ ਬਲਕਿ ਚੰਗੇ ਕੰਮ ਕਰੋ। ਵਿਖਾਵੇ ਤੋਂ ਪ੍ਰਹੇਜ ਕਰੋ, ਵੱਡੇ ਘਰ ਠੀਕ ਨਹੀਂ, ਵਿਤੋਂ ਬਾਹਰਾ ਕੋਈ ਕੰਮ ਨਾ ਕਰੋ। 

ਮਨੁੱਖ ਤੇ ਕੁਦਰਤ ਦਾ ਗੂੜ੍ਹਾ ਸੰਬੰਧ ਹੈ। ਦਰੱਖਤ ਲਗਾਓ ਅਤੇ ਬਚਾਓ ਤਾਂ ਵਾਤਵਰਨ ਸਾਫ ਰਹੇਗਾ, ਕੁਦਰਤੀ ਵਾਹਓ ਨਾ ਰੋਕੋ ਫਿਰ ਹੜ੍ਹ ਨਹੀਂ ਆਉਣਗੇ । ਦੁੱਖ-ਸੁੱਖ ਇਕ ਸਿੱਕੇ ਦੇ ਦੋ ਪਾਸੇ ਹਨ, ਦੋਹਾਂ ਵਿੱਚੋਂ ਕੋਈ ਵੀ ਹਮੇਸ਼ਾ ਨਹੀਂ ਰਹਿੰਦਾ। ਅੱਗੇ ਵੱਧਕੇ ਮੁਸੀਬਤਾਂ ਦਾ ਟਾਕਰਾ ਕਰੋ, ਸਫਲਤਾ ਮਿਲੇਗੀ। ਲਗਾਤਾਰਤਾ ਦਾ ਨਾਮ ਜ਼ਿੰਦਗੀ ਹੈ। ਆਤਮ ਵਿਸ਼ਵਾਸ ਕਾਇਮ ਰੱਖੋ ਕਿਸੇ ਤੋਂ ਕੋਈ ਆਸ ਨਾ ਰੱਖੋ, ਖੁਦ ਮਿਹਨਤ ਕਰੋ, ਲੋਕਾਂ ਵਿੱਚ ਸਵਾਰਥੀਪੁਣਾ ਭਾਰੂ ਹੈ। ਹਰ ਇਨਸਾਨ ਵਿੱਚ ਕੋਈ ਇੱਕ ਗੁਣ ਹੁੰਦਾ ਹੈ। ਇਸ ਲਈ ਆਪਣੇ ਅੰਦਰਲੇ ਗੁਣ ਦੀ ਪਛਾਣ ਕਰੋ ਤੇ ਉਸ ‘ਤੇ ਅਮਲ ਕਰੋ। ਜ਼ਿੰਦਗੀ ਬਿਹਤਰੀਨ ਤੋਹਫ਼ਾ ਹੈ, ਇਸ ਦਾ ਸਦਉਪਯੋਗ ਕਰੋ। ਗੁੱਸਾ ਥੁੱਕ ਦਿਓ, ਸਕੂਨ ਮਿਲੇਗਾ। ਹਮੇਸ਼ਾ ਮੁਸਕਰਾਉਂਦੇ ਰਹੋ, ਹਰ ਸਮੱਸਿਆ ਦਾ ਹੱਲ ਹੋ ਜਾਵੇਗਾ। ਸਾਕਾਰਤਮਕ ਸੋਚ ਅਪਣਾਓ, ਸਫਲ ਲੋਕਾਂ ਤੋਂ ਸਬਕ ਸਿੱਖੋ ਅਤੇ ਚੰਗੀਆਂ ਪੁਸਤਕਾਂ ਪੜ੍ਹੋ। ਇਛਾਵਾਂ ‘ਤੇ ਕਾਬੂ ਰੱਖੋ, ਸਾਰੀਆਂ ਖ਼ਵਾਹਿਸ਼ਾਂ ਕਦੀ ਪੂਰੀਆਂ ਨਹੀਂ ਹੁੰਦੀਆਂ। ਸਬਰ-ਸੰਤੋਖ ਦਾ ਪੱਲਾ ਫੜ੍ਹੋ। ਖ਼ੁਸ਼ ਰਹੋ ਅਤੇ ਸਿਹਤਮੰਦ ਖਾਣਾ ਖਾਓ, ਦੋਸਤਾਂ ਦਾ ਸਾਥ ਮਾਣੋ। ਆਪਣੀ ਜ਼ਿੰਦਗੀ ਦਾ ਟੀਚਾ ਨਿਸਚਤ ਕਰਕੇ ਸਖ਼ਤ ਮਿਹਨਤ ਕਰੋ। ਮੁਕਾਬਲੇ ਦੇ ਇਮਤਿਹਾਨ ਵਿੱਚੋਂ ਇਕ ਵਾਰ ਅਸਫਲ ਹੋਣ ਤੋਂ ਬਾਅਦ ਫਿਰ ਕੋਸ਼ਿਸ਼ ਕਰੋ, ਪੜ੍ਹਾਈ ਦਾ ਸਮਾਂ ਨਿਸਚਤ ਕਰ ਲਵੋ, ਇਕ- ਨਾ-ਇਕ ਦਿਨ ਸਫਲਤਾ ਮਿਲੇਗੀ। ਵਿਖਾਵਾ ਘੁਣ ਵਾਂਗ ਖਾ ਰਿਹਾ, ਕਿਸੇ ਨੂੰ ਨੀਵਾਂ ਨਾ ਵਿਖਾਓ, ਪਹਿਲਾਂ ਕੱਚੇ ਤੇ ਛੋਟੇ ਘਰਾਂ ਵਿਚ ਖ਼ੁਸ਼ ਰਹਿੰਦੇ ਸੀ ਕਿਉਂਕਿ ਵਿਖਾਵੇ ਤੋਂ ਦੂਰ ਸੀ। ਆਪਣੀ ਕਦਰ ਆਪ ਕਰੋ ਪ੍ਰੰਤੂ ਐਨੇ ਮਿੱਠੇ ਨਾ ਬਣੋ, ਦੂਜੇ ਲੋਕ ਤੁਹਾਨੂੰ ਨਿਗਲ ਜਾਣ। ਦੋਸਤੀ ਸੋਚ ਸਮਝਕੇ ਕਰੋ ਕਿਉਂਕਿ ਲੋਕਾਂ ਦੇ ਕਿਰਦਾਰ ਦੋਹਰੇ ਹਨ। ਸੋਚ ਉਚੀ ਤੇ ਸੁੱਚੀ ਰੱਖੋ, ਗ਼ਲਤੀਆਂ ਨੂੰ ਸੁਧਾਰਕੇ ਕੁਝ ਸਿਖਿਆ ਲਓ। ਸ਼ਾਂਤ ਚਿਤ ਰਹੋ, ਪੰਜਾਬ ਦੇ ਲੋਕ ਬਦਲ ਗਏ ਹਨ, ਲੜਨ ਨੂੰ ਤਿਆਰ ਰਹਿੰਦੇ ਹਨ। ਗੱਲ ਸੋਚ ਸਮਝ ਤੇ ਤੋਲ ਕੇ ਕਰੋ, ਵਾਦ ਵਿਵਾਦ ਤੋਂ ਬਚੋ ਤੇ ਬਹਿਸਬਾਜ਼ੀ ਤੋਂ ਪ੍ਰਹੇਜ਼ ਕਰੋ। ਬਜ਼ੁਰਗਾਂ ਦਾ ਸਤਿਕਾਰ ਕਰੋ, ਜਿਨ੍ਹਾਂ ਨੇ ਮਿਹਨਤਾਂ ਕਰਕੇ ਤੁਹਾਡਾ ਪਾਲਣ ਪੋਸ਼ਣ ਕੀਤਾ ਹੈ। 

ਸਫ਼ਲਤਾ ਦੀ ਪ੍ਰਾਪਤੀ ਲਈ ਅੱਜ ਦਾ ਕੰਮ ਕਲ੍ਹ ‘ਤੇ ਨਾਂ ਛੱਡੋ। ਟੈਨਸ਼ਨ ਤੋਂ ਖਹਿੜਾ ਤੁਡਾਓ, ਹਰ ਮੁਸੀਬਤ ਦਾ ਖ਼ੁਸ਼ੀ ਨਾਲ ਮੁਕਾਬਲਾ ਕਰੋ। ਖ਼ੁਸ਼ੀ ਲੱਭਣ ਦਾ ਹੁਨਰ ਸਿੱਖਣਾ ਚਾਹੀਦਾ ਹੈ। ਬਦਲੇ ਸਮੇਂ ਅਨੁਸਾਰ ਜੀਵਨ ਬਸਰ ਕਰੋ। ਸਰੀਰਕ ਸੁੰਦਰਤਾ ਸਥਾਈ ਨਹੀਂ ਹੁੰਦੀ ਪ੍ਰੰਤੂ ਅੰਦਰੂਨੀ ਸੁੰਦਰਤਾ ਹਮੇਸ਼ਾ ਬਰਕਰਾਰ ਰਹਿੰਦੀ ਹੈ। ਜ਼ਿੰਦਗੀ ਤੋਂ ਹਾਰ ਨਹੀਂ ਮੰਨਣੀ ਚਾਹੀਦੀ। ਇੱਛਾ ਸ਼ਕਤੀ ਮਜ਼ਬੂਤ ਰੱਖੋ। ਜੀਵਨ ਜਿਓਣ ਦੀ ਕਲਾ ਦਾ ਢੰਗ ਅਪਣਾਉਣਾ ਚਾਹੀਦਾ ਹੈ। ਮਨੁੱਖਤਾ ਦੀ ਸੇਵਾ ਨਿਰਸਵਾਰਥ ਹੋ ਕੇ ਕਰਨੀ ਚਾਹੀਦੀ ਹੈ। ਕਿਸਾਨ ਭਰਾਵਾਂ ਨੂੰ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਕਿਉਂਕਿ ਵਾਤਾਵਰਨ ਦੂਸ਼ਿਤ ਹੋ ਜਾਂਦਾ ਹੈ। ਜੀਵ ਜੰਤੂ ਤੇ ਪੰਛੀ ਪ੍ਰਭਾਵਤ ਹੁੰਦੇ ਹਨ। ਰਹਿੰਦ ਖੂੰਹਦ ਦਾ ਸਹੀ ਇਸਤੇਮਾਲ ਕੀਤਾ ਜਾਵੇ। ਜ਼ਿੰਦਗੀ ਨੂੰ ਕਦੀ ਵੀ ਬੋਝ ਨਹੀਂ ਸਗੋਂ ਕੁਦਰਤ ਦੀ ਨਿਆਮਤ ਸਮਝੋ। ਕਿਸਮਤ ਤੇ ਵਿਸ਼ਵਾਸ ਨਾ ਕਰੋ, ਮਿਹਨਤ ਸਫਲਤਾ ਬਖ਼ਸ਼ਦੀ ਹੈ। ਅਸਫਲਤਾ ਹਾਰ ਨਹੀਂ ਹੁੰਦੀ ਸਗੋਂ ਦੁਬਾਰਾ ਮਿਹਨਤ ਕਰਨ ਦੀ ਪ੍ਰੇਰਨ ਕਰਦੀ ਹੈ।  ਘਬਰਾਉਣਾ ਨਹੀਂ ਚਾਹੀਦਾ, ਘਬਰਾਉਣ ਨਾਲ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ। ਆਪਣੇ ਤੋਂ ਛੋਟੇ ਲੋਕਾਂ ਦੀ ਜ਼ਿੰਦਗੀ ਤੋਂ ਸਬਕ ਸਿੱਖੋ। 

ਭਗਵੰਤ ਸਿੰਘ ਮਾਨ ਅਤੇ ਉਸ ਦੀ ਸਰਕਾਰ ਤੇ ਕਾਰਗੁਜ਼ਾਰੀ ਨਾਲ ਸੰਬੰਧਤ ਤਿੰਨ ਲੇਖ ਹਨ। ਪੰਜਾਬ ਦੇ ਲੋਕ ਨਸ਼ੇ, ਅਵਾਰਾ ਪਸ਼ੂਆਂ, ਅਵਾਰਾ ਕੁੱਤਿਆਂ, ਪ੍ਰਵਾਸ, ਭਰਿਸ਼ਟਾਚਾਰ, ਸਰਕਾਰ ‘ਤੇ ਕਰਜ਼ੇ ਆਦਿ ਤੋਂ ਪੰਜਾਬ ਦੇ ਲੋਕਾਂ ਨੇ ਛੁਟਕਾਰਾ ਪਾਉਣ ਲਈ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਾਈ ਹੈ। ਲੇਖਕ ਲਿਖਦਾ ਹੈ ਕਿ ਲੋਕਾਂ ਦੀਆਂ ਆਸਾਂ ਤੇ ਪੂਰੇ ਉਤਰੇ ਤੇ ਲੋਕਾਂ ਨੂੰ ਸੰਤੁਸ਼ਟ ਕਰਨਾ ਚਾਹੀਦਾ ਹੈ। ਆਪਣੇ ਹੀ ਮੰਤਰੀਆਂ ਅਤੇ ਵਿਧਾਨਕਾਰਾਂ ਤੇ ਸਰਕਾਰ ਵੱਲੋਂ ਭਰਿਸ਼ਟਾਰ ਸੰਬੰਧੀ ਚੁੱਕੇ ਗਏ ਕਦਮ ਸਹੀ ਹਨ ਪ੍ਰੰਤੂ ਅਜੇ ਸਰਕਾਰ ਤੋਂ ਪੰਜਾਬ ਦੇ ਲੋਕਾਂ ਨੂੰ ਆਸਾਂ ਹਨ। ਬਜ਼ੁਰਗ ਸੁਰੱਖਿਅਤ ਨਹੀਂ, ਭਰਿਸ਼ਟਾਚਾਰ ਅਜੇ ਬਰਕਰਾਰ ਹੈ, ਇਲਾਜ ਮਹਿੰਗੇ  ਹਨ, ਸ਼ਹਿਰਾਂ ਵਿੱਚ ਗੰਦਗੀ ਦੇ ਢੇਰ, ਸੜਕਾਂ ਦੇ ਮੰਦੇ ਹਾਲ ਅਤੇ ਲੋਕ ਬੁਨਿਆਦੀ ਸਹੂਲਤਾਂ ਤੋਂ ਆਤੁਰ ਹਨ। ਸੰਜੀਵ ਸਿੰਘ ਸੈਣੀ ਨੇ ਇਨ੍ਹਾਂ ਲੇਖਾਂ ਵਿੱਚ ਸਫ਼ਲ ਜੀਵਨ ਜਿਓਣ ਲਈ ਨੁਕਤੇ ਦੱਸੇ ਹਨ, ਜਿਹੜੇ ਇਨਸਾਨ ਦਾ ਜੀਵਨ ਸੁਨਹਿਰਾ ਬਣਾ ਸਕਦੇ ਹਨ। ਇਹ ਨੁਕਤੇ ਉਦਾਹਰਣਾ ਸਮੇਤ ਦਿੱਤੇ ਗਏ ਹਨ ਤਾਂ ਜੋ ਪਾਠਕ ਸਮਝ ਸਕੇ। ਹਰ ਲੇਖ ਵਿੱਚ ਦੁਹਰਾਓ ਲੋੜ ਤੋਂ ਜ਼ਿਆਦਾ ਹੈ। ਜਿਹੜਾ ਨੁਕਤਾ ਇਕ ਲੇਖ ਵਿੱਚ ਆ ਗਿਆ ਉਹ ਦੂਜੇ ਵਿੱਚ ਨਹੀਂ ਆਉਣਾ ਚਾਹੀਦਾ। ਇਹ ਲੇਖ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੋਏ ਹਨ, ਹਰ ਲੇਖ ਦੇ ਨਾਲ ਉਸ ਦੇ ਪ੍ਰਕਾਸ਼ਤ ਹੋਣ ਦੀ ਤਾਰੀਕ ਪਾਉਣੀ ਚਾਹੀਦੀ ਸੀ। ਫਿਰ ਵੀ ਸੰਜੀਵ ਸਿੰਘ ਸੈਣੀ ਦਾ ਉਦਮ ਸਲਾਹੁਣਯੋਗ ਹੈ।

176 ਪੰਨਿਆਂ, 325 ਰੁਪਏ ਕੀਮਤ ਵਾਲੀ ਇਹ ਪੁਸਤਕ ਪੁਲਾਂਘ ਪ੍ਰਕਾਸ਼ਨ ਬਰਨਾਲਾ ਨੇ ਪ੍ਰਕਾਸ਼ਤ ਕੀਤੀ ਹੈ।
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1356
***

ੳੁਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ