13 June 2024

ਗੁੰਮ ਹੋਈ ਮੁਹੱਬਤ ਅਤੇ ਇਨਸਾਨੀਅਤ ਦੀ ਤ੍ਰਾਸਦੀ ਇਕਾਂਗੀ ‘ਤਲਾਸ਼’—ਉਜਾਗਰ ਸਿੰਘ

ਗੁੰਮ ਹੋਈ ਮੁਹੱਬਤ ਅਤੇ ਇਨਸਾਨੀਅਤ ਦੀ ਤ੍ਰਾਸਦੀ ਇਕਾਂਗੀ ‘ਤਲਾਸ਼’

ਮਨਵਿੰਦਰ ਜੀਤ ਸਿੰਘ ਦਾ ਲਿਖਿਆ ਅਤੇ ਜਗਜੀਤ ਸਰੀਨ ਦੁਆਰਾ ਨਿਰਦੇਸ਼ਨ ਕੀਤਾ ਇਕਾਂਗੀ ਤਲਾਸ਼ ਦੇਸ਼ ਦੀ ਵੰਡ ਤੋਂ ਲੈ ਕੇ ਹੁਣ ਤੱਕ ਇਨਸਾਨੀ ਕਦਰਾਂ ਕੀਮਤਾਂ ਵਿੱਚ ਆਈ ਗਿਰਾਵਟ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ। ਇਸ ਇਕਾਂਗੀ ਵਿੱਚ ਮੁੱਖ ਤੌਰ ਤੇ ਸਮਾਜ ਵਿੱਚੋਂ ਗੁੰਮ ਹੋਈ ਇਨਸਾਨੀਅਤ, ਮਨੁਖਤਾ ਵਿੱਚੋਂ ਮੁਹੱਬਤ, ਆਪਸੀ ਪਿਆਰ, ਸਦਭਾਵਨਾ, ਸਹਿਹੋਂਦ ਦੀ ਤਿਲਾਂਜ਼ਲੀ ਦੇ ਪ੍ਰਭਾਵਾਂ ਨਾਲ ਸਮਾਜਿਕ ਜੀਵਨ ਵਿੱਚ ਆਈ ਖੜੋਤ ਦੀ ਹੂਕ ਦਾ ਪ੍ਰਗਟਾਵਾ ਹੁੰਦਾ ਹੈ। ਇੱਕ ਛੋਟੇ ਜਿਹੇ ਇਕਾਂਗੀ ਵਿੱਚ ਲੇਖਕ ਅਤੇ ਨਿਰਦੇਸ਼ਕ ਨੇ ਅਨੇਕਾਂ ਅਜਿਹੇ ਮੁੱਦਿਆਂ ਦੀ ਪ੍ਰਤੀਨਿਧਤਾ ਕਰਕੇ ਸਮਾਜ ਵਿੱਚ ਆਈਆਂ ਕੁਰੀਤੀਆਂ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਨਾਲ ਸੁਨਹਿਰੇ ਸਮਾਜ ਦੀ ਮੁੜ ਸਿਰਜਣਾ ਦੀ ਆਸ ਕੀਤੀ ਜਾ ਸਕਦੀ ਹੈ। ਜਿਹੜਾ ਪੰਜਾਬ ਕਿਸੇ ਸਮੇਂ ਹਸਦਾ, ਵਸਦਾ, ਗਾਉਂਦਾ, ਨੱਚਦਾ ਟੱਪਦਾ, ਗਿੱਧੇ ਭੰਗੜੇ ਦੀਆਂ ਮਹਿਕਾਂ ਖਿਲਾਰਦਾ, ਪੰਜਾਬੀ ਵਿਰਾਸਤ ਦਾ ਪਹਿਰੇਦਾਰ ਕਹਾਉਂਦਾ ਸੀ। ਗੁਰੂਆਂ, ਸੰਤਾਂ ਅਤੇ ਭਗਤਾਂ ਦੀ ਬਾਣੀ ਦਾ ਗੁਣ ਗਾਇਨ ਕਰਕੇ ਸ਼ਾਂਤੀ ਪ੍ਰਪਤ ਕਰਦਾ ਸੀ। ਮਨੁੱਖਤਾ ਦੇ ਦੁੱਖ ਹਰਨ ਕਰਨ ਲਈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਦਿੱਤੀਆਂ ਕੁਰਬਾਨੀਆਂ ਤੇ ਮਾਣ ਕਰਦਾ ਸੀ, ਉਸ ਪੰਜਾਬ ਵਿੱਚੋਂ ਇਨਸਾਨੀਅਤ ਖੰਭ ਲਾ ਕੇ ਉਡ ਗਈ ਹੈ। ਪੰਜਾਬ ਦੀ ਮਿੱਟੀ ਵਿਚੋਂ ਸਤਰੰਗੀਆਂ ਪੀਂਘਾਂ, ਕੋਇਲਾਂ, ਤਿਤਲੀਆਂ, ਰੂਹਾਨੀ ਆਵਾਜ਼ਾਂ, ਫ਼ਕੀਰਾਂ ਦੀਆਂ ਮਸਤੀਆਂ ਅਤੇ ਕੁਦਰਤੀ ਨਜ਼ਾਰਿਆਂ ਦੀਆਂ ਠੰਡੀਆਂ ਹਵਾਵਾਂ ਗਾਇਬ ਹੋ ਗਈਆਂ ਹਨ। ਸਿਰਫ਼ ਦੋ ਕਲਾਕਾਰਾਂ ਬਾਬੇ ਦੇ ਰੂਪ ਵਿੱਚ ਜਗਜੀਤ ਸਰੀਨ ਅਤੇ ਜਗਿਆਸੂ ਦੇ ਤੌਰ ਤੇ ਗੁਰਸ਼ਰਨ ਸ਼ਿੰਗਾਰੀ ਹੀ ਸਟੇਜ ਤੇ ਆ ਕੇ ਵਰਤਮਾਨ ਸਮਾਜਿਕ, ਨੈਤਿਕ, ਸਭਿਆਚਾਰਕ ਅਤੇ ਧਾਰਮਿਕ ਸਥਿਤੀ ਬਾਰੇ ਸਵਾਲ ਜਵਾਬ ਕਰਦੇ ਹਨ। ਭਾਵੇਂ ਭਾਰਤ ਦੀ ਵੰਡ ਤੋਂ ਬਾਅਦ ਸਮਾਜਿਕ ਕਦਰਾਂ ਕੀਮਤਾਂ ਵਿੱਚ ਆਈ ਗਿਰਾਵਟ ਬਾਰੇ ਹਰ ਭਾਰਤੀ ਨੂੰ ਭਰਪੂਰ ਜਾਣਕਾਰੀ ਹੈ, ਪ੍ਰੰਤੂ ਇਸ ਇਕਾਂਗੀ ਦੀ ਮੰਚ ‘ਤੇ ਪ੍ਰਸਤਤੀ ਨੂੰ ਵੇਖਦਿਆਂ ਹਰ ਦਰਸ਼ਕ ਦਾ ਦਿਲ ਵਲੂੰਧਰਿਆ ਜਾਂਦਾ ਹੈ। ਇਨਸਾਨ ਵਿੱਚੋਂ ਗੁੰਮ ਹੋਈ ਇਨਸਾਨੀਅਤ ਦੀ ਪ੍ਰਵਿਰਤੀ ਨੂੰ ਕਲਾਕਾਰਾਂ ਨੇ ਅਜਿਹੇ ਢੰਗ ਨਾਲ ਪੇਸ਼ ਕੀਤਾ ਹੈ ਕਿ ਦਰਸ਼ਕ ਆਪਣੀ ਅੰਤਹਕਰਨ ਦੀ ਅਵਾਜ਼ ਨੂੰ ਪਛਾਨਣ ਲਈ ਮਜ਼ਬੂਰ ਹੋ ਜਾਂਦੇ ਹਨ। ਦੋਵੇਂ ਪਾਤਰਾਂ ਦੀ ਕਲਾ ਦੀ ਕਮਾਲ ਹੈ ਕਿ ਜਗਿਆਸੂ ਵੱਲੋਂ ਕੀਤੇ ਗਏ ਹਿਰਦੇਵੇਦਿਕ ਸਵਾਲਾਂ ਦੇ ਜਵਾਬ ਬਾਬਾ ਬਹੁਤ ਹੀ ਸੰਵੇਦਨਸ਼ੀਲ ਢੰਗ ਨਾਲ ਦਿੰਦਾ ਹੈ, ਜਿਸਦਾ ਦਰਸ਼ਕਾਂ ਦੇ ਮਨਾਂ ਤੇ ਗਹਿਰਾ ਪ੍ਰਭਾਵ ਪੈਂਦਾ ਹੈ। ਦੋਵੇਂ ਕਲਾਕਾਰ ਆਪੋ ਆਪਣੇ ਰੋਲ ਨੂੰ ਬਾਖ਼ੂਬੀ ਨਿਭਾਉਂਦੇ ਹੋਏ ਦਰਸ਼ਕਾਂ ਦੇ ਦਿਲ ਦਹਿਲਾਕੇ ਮੁਹੱਬਤ ਅਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਲਈ ਪ੍ਰੇਰਿਤ ਕਰਦੇ ਹਨ। ਸਭ ਤੋਂ ਪਹਿਲਾਂ ਮੰਚ ‘ਤੇ ਬਾਬਾ ਆਉਂਦਾ ਹੈ, ਮੰਚ ‘ਤੇ ਲੱਗੀ ਵੱਡੀ ਫਰੇਮ ਵੱਲ ਹੱਥ ਕਰਕੇ ਬੜੀ ਹੀ ਗੰਭੀਰਤਾ ਨਾਲ ਦਿਲ ਨੂੰ ਟੁੰਬਣ ਵਾਲੀ ਵਿਸਮਾਦੀ ਆਵਾਜ਼ ਵਿੱਚ ਕਹਿੰਦਾ ਹੈ-

ਲੱਭੋ ਨੀ ਲੱਭੋ ਲੋਕੋ ਯਾਰ ਗਵਾਚਾ,
ਲੱਭੋ ਵੇ ਲੱਭੋ ਲੋਕੋ ਮੇਰਾ ਯਾਰ ਗੁਆਚਾ।

ਬਾਬਾ ਦਾ ਪਾਤਰ ਕਿਸਨੂੰ ਲੱਭਣ ਦੀ ਗੱਲ ਕਰਦਾ ਹੈ? ਉਹ ਕੋਈ ਇਨਸਾਨ ਜਾਂ ਕਿਸੇ ਵਸਤੂ ਦੀ ਗੱਲ ਨਹੀਂ ਕਰਦਾ ਸਗੋਂ ਇਨਸਾਨੀਅਤ ਨੂੰ ਝੰਜੋੜਕੇ ਆਪਣੇ ਅੰਦਰ ਆਈ ਗ਼ੈਰ ਸਮਾਜਿਕ ਪ੍ਰਵਿਰਤੀ ਵਲ ਇਸ਼ਾਰਾ ਕਰਦਾ ਹੈ ਕਿਉਂਕਿ ਇਨਸਾਨ ਖੁਦਾ ਤੋਂ ਵੀ ਡਰਦਾ ਨਹੀਂ ਸਗੋਂ ਲਾਲਚ, ਧੋਖਾ, ਫਰੇਬ, ਘੁਮੰਡ ਅਤੇ ਚੁਸਤੀ ਚਲਾਕੀ ਨੂੰ ਆਪਣੇ ਘਨੇੜੇ ਚੁੱਕੀ ਫਿਰਦਾ ਮਹਿਸੂਸ ਕਰਦਾ ਹੈ। ਉਹ ਆਪਣੇ ਆਪ ਨੂੰ ਹੀ ਇਸ ਸੰਸਾਰ ਵਿੱਚੋਂ ਸਭ ਤੋਂ ਵਧੀਕ ਸ਼ਕਤੀਸ਼ਾਲੀ ਸਮਝਣ ਦਾ ਭੁਲੇਖਾ ਪਾਲ ਬੈਠਾ ਹੈ। ਹਾਲਾਂਕਿ ਉਹ ਪਾਣੀ ਦੇ ਬੁਲਬੁਲੇ ਦੀ ਤਰ੍ਹਾਂ ਹੈ, ਜਿਹੜੇ ਹਵਾ ਦੇ ਇਕ ਬੁਲੇ ਦੀ ਮਾਰ ਨਹੀਂ ਸਹਿ ਸਕਦੇ। ਉਹ ਇਨਸਾਨ ਵਾਹਿਗੂਰੂ ਵੱਲੋਂ ਇਨਸਾਨੀਅਤ ਦੇ ਰੂਪ ਵਿੱਚ ਦਿੱਤੇ ਸਰੀਰ ਰੂਪੀ ਤੋਹਫ਼ੇ ਦਾ ਖੁਦਗਰਜ਼ੀ ਲਈ ਦੁਰਉਪਯੋਗ ਕਰ ਰਿਹਾ ਹੈ। ਇਨਸਾਨ ਦੀ ਇਸ ਪ੍ਰਵਿਰਤੀ ਦਾ ਪ੍ਰਗਟਾਵਾ ਇਹ ਇਕਾਂਗੀ ਕਰਦਾ ਹੈ।

ਫਿਰ ਬਾਬਾ ਇਕ ਫਰੇਮ ਵਲ ਇਸ਼ਾਰਾ ਕਰਕੇ ਕਹਿੰਦਾ ਹੈ ਕਿ ‘ਤਲਾਸ਼ ਹੈ ਮੈਨੂੰ ਇਸਦੀ, ਤਲਾਸ਼ ਹੈ, ਜਿਸਦੀ ਇਹ ਤਸਵੀਰ ਹੈ। ਏਸੇ ਮੌਕੇ ਜਗਿਆਸੂ ਮੰਚ ‘ਤੇ ਆਉਂਦਾ ਹੈ, ਜਗਿਆਸੂ ਕਹਿੰਦਾ ਬਾਬਾ ਆਹ ਤਾਂ ਖਾਲੀ ਫਰੇਮ ਹੈ। ਇਸ ਦੀ ਤਸਵੀਰ ਕਿਥੇ ਹੈ। ਬਾਬਾ ਬੜੀ ਗੰਭੀਰਤਾ ਨਾਲ ਬੇਬਸੀ ਦੀ ਆਵਾਜ਼ ਵਿੱਚ ਕਹਿੰਦਾ ਹੈ ‘‘ਗੁੰਮ ਹੈ ਚਿਰਾਂ ਤੋਂ ਗੁੰਮ ਹੈ। ਕੋਈ ਕਹਿੰਦਾ ਅਪਹਰਨ ਕਰ ਲਿਆ ਹੈ ਕਿਸੇ ਨੇ। ਕੋਈ ਤਾਂ ਇਹ ਵੀ ਕਹਿੰਦਾ ਹੁਣ ਉਹ ਇਸ ਦੁਨੀਆਂ ਵਿੱਚ ਹੈ ਹੀ ਨਹੀਂ। ਮਾਰ ਦਿੱਤਾ ਇਸਨੂੰ ਸਾਰਿਆਂ ਨੇ ਰਲਕੇ। ਮੈਨੂੰ ਤਾਂ ਲਗਦਾ ਮੇਰੇ ਤੇਰੇ ਆਪਾਂ ਸਾਰਿਆਂ ਕੋਲੋਂ ਨਾਰਾਜ਼ ਹੈ। ਉਹ ਕਿਤੇ ਛੁਪ ਗਿਆ ਹੈ।’’

ਬਾਬੇ ਦੇ ਇਹ ਸੰਕੇਤਕ ਇਸ਼ਾਰਿਆਂ ਨੂੰ ਸਮਝਣ ਦੀ ਲੋੜ ਹੈ। ਉਹ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਦੀ ਨੈਤਿਕਤਾ ਖ਼ਤਮ ਹੋਣ ਵਲ ਇਸ਼ਾਰਾ ਕਰਦਾ ਹੈ। ਇਸ ਇਕਾਂਗੀ ਨੂੰ ਵੇਖਦਿਆਂ ਦਰਸ਼ਕਾਂ ਵਿੱਚ ਚੁਪ ਪਸਰ ਜਾਂਦੀ ਹੈ ਅਤੇ ਮਾਤਮ ਛਾ ਜਾਂਦਾ ਹੈ। ਉਹ ਵੀ ਆਪਣੇ ਆਪਨੂੰ ਕੋਸਦੇ ਹੋਏ ਬੇਬਸ ਮਹਿਸੂਸ ਕਰਨ ਲੱਗਦੇ ਹਨ। ਬਾਬਾ ਅਤੇ ਜਗਿਆਸੂ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਲੈਂਦੇ ਹਨ। ਦਰਸ਼ਕ ਆਪਣੀ ਗ਼ਲਤੀ ਦਾ ਅਹਿਸਾਸ ਕਰਨ ਲੱਗਦੇ ਹਨ। ਇਹੋ ਕਲਾਕਾਰਾਂ ਦੀ ਖ਼ੂਬੀ ਹੈ। ਜਦੋਂ ਜਗਿਆਸੂ ਬਾਬੇ ਨੂੰ ਪੁਛਦਾ ਹੈ ਕਿ ਉਹ ਸੀ ਕਿਦਾਂ ਦਾ, ਤਾਂ ਬਾਬਾ ਕਹਿੰਦਾ ਹੈ ਉਹਦਾ ਰੰਗ ਚੜ੍ਹਦੇ ਸੂਰਜ ਦੀ ਲਾਲੀ ਵਰਗਾ, ਕੱਦ ਅਸਮਾਨ ਵਰਗਾ ਅਤੇ ਸਰੀਰ ਅਡੋਲ ਸੀ। ਭਾਵ ਉਹ ਪੂਰਨ ਇਨਸਾਨ ਸੀ।

ਬਾਬਾ ਦੇ ਇਨ੍ਹਾਂ ਸ਼ਬਦਾਂ ਦਾ ਭਾਵ ਇਹ ਹੈ ਕਿ ਸਾਡੀ ਜਵਾਨੀ, ਇਨਸਾਨੀ ਦਾ ਰੰਗ ਚੜ੍ਹਦੇ ਸੂਰਜ ਵਰਗਾ ਭਾਵ ਇਨਸਾਨ ਸਿਹਤਮੰਦ ਸੀ। ਸਰੀਰ ਅਡੋਲ ਸੀ। ਅਸੀਂ ਉਸਦੀ ਉਦਾਸੀ ਅਤੇ ਨਿਰਾਸ਼ਾ ਨੂੰ ਗੰਭੀਰਤਾ ਨਾਲ ਨਹੀਂ ਲਿਆ, ਭਾਵ ਜਦੋਂ ਇਨਸਾਨੀਅਤ ਦੀ ਬੇਕਦਰੀ ਹੋ ਰਹੀ ਸੀ ਤਾਂ ਲੋਕਾਈ ਨੇ ਅਣਡਿਠ ਕਰ ਦਿੱਤਾ। ਉਸਦਾ ਵਾਸਾ ਪੀਰਾਂ, ਫ਼ਕੀਰਾਂ, ਮਸਤਾਂ ਦੀ ਮਸਤੀ, ਦੋਸਤਾਂ ਦੀ ਦੋਸਤੀ, ਆਸ਼ਕਾਂ ਦੀਆਂ ਆਹਾਂ ਤੇ ਮਸ਼ੂਕਾਂ ਦੀਆਂ ਬਾਹਾਂ ਵਿੱਚ ਸੀ। ਗਿੱਧਿਆਂ, ਭੰਗੜਿਆਂ, ਗੀਤ ਸੰਗੀਤ ਵਿੱਚ ਵਸਦਾ, ਖ਼ੁਸ਼ੀਆਂ ‘ਤੇ ਹਾਸੇ ਵੰਡਦਾ ਹੋਇਆ ਉਹ ਹੱਕ ਤੇ ਸੱਚ ‘ਤੇ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਰਹਿੰਦਾ ਸੀ। ਸਮਾਜ ਨੇ ਸਚਾਈ ਦਾ ਸਾਥ ਨਹੀਂ ਦਿੱਤਾ। ਮੰਚ ‘ਤੇ ਇੱਕ ਸ਼ਬਦ ਦੀ ਆਵਾਜ਼ ਆਉਂਦੀ ਹੈ ‘‘ਬੋਲੇ ਰਾਮ ਰਾਮ ਬੋਲ ਕੋਈ ਖੁਦਾਏ ਕੋਈ ਸਈਆਂ ਗੁਸਈਆਂ।’’ ਫਿਰ ਬਾਬਾ ਕਹਿੰਦਾ ਉਹ ਗੁਰਾਂ ਦੀ ਰੁਮਾਨ ਵਿੱਚ, ਮੰਦਰਾਂ ਦੀਆਂ ਘੰਟਿਆਂ ਵਿੱਚ, ਮਸਜਦਾਂ ਆਦਿ ਸਾਰੇ ਧਾਰਮਿਕ ਸਥਾਨਾ ਵਿੱਚ ਰਹਿੰਦਾ ਸੀ। ਭਾਵ ਗਿਰਾਵਟ ਹਰ ਖੇਤਰ ਵਿੱਚ ਆ ਗਈ ਹੈ। ਸਾਨੂੰ ਸੰਭਲਣ ਦੀ ਲੋੜ ਹੈ। ਬਾਬਾ ਦੇ ਡਾਇਲਾਗ ਕਮਾਲ ਦੇ ਹਨ, ਜਿਹੜੇ ਮਨੁੱਖੀ ਮਨਾਂ ਨੂੰ ਹਲੂਣਾ ਦਿੰਦੇ ਹਨ। ਬਾਬੇ ਦੇ ਡਾਇਲਾਗ:  ਸ਼ਬਦਾਂ ਦੇ ਗਾਣ ਵਿੱਚ, ਗੁਰਾਂ ਦੀ ਰਮਾਨ ਵਿੱਚ, ਸਵੇਰ ਤੋਂ ਸ਼ਾਮ ਤੱਕ, ਧੁੱਪਾਂ ਦੀ ਨੁਹਾਰ ਵਿੱਚ, ਮੀਂਹਾਂ ਦੀ ਫੁਹਾਰ ਵਿੱਚ, ਸਤਰੰਗੀਆਂ ਪੀਂਘਾਂ ਵਿੱਚ, ਮੌਸਮੀ ਬਹਾਰਾਂ ਵਿੱਚ, ਤਿਤਲੀਆਂ ਦੀ ਛੋਹ ਵਿੱਚ, ਭੌਰਿਆਂ ਦੀ ਤੁਣਕਾਰ ‘ਚ, ਕੋਇਲਾਂ ਵਾਲੇ ਗੀਤ ਵਿੱਚ, ਪਪੀਹਿਆਂ ਦੀ ਰੀਤ ਵਿੱਚ, ਝਰਨਿਆਂ ਦੀ ਢਾਲ ਵਿੱਚ, ਨਦੀਆਂ ਦੀ ਚਾਲ ਵਿੱਚ, ਯਾਰਾਂ ਦੀ ਯਾਰੀ ਵਿੱਚ, ਕੂੰਜਾਂ ਦੀਆਂ ਡਾਰੀਆਂ ‘ਚ, ਕੌਲ ਤੇ ਕਰਾਰਾਂ ਵਿੱਚ, ਕੁਦਰਤ ਦੇ ਮਾਣ ਵਿੱਚ, ਹੱਕ ‘ਤੇ ਅਸੂਲ ਲਈ, ਚੁੱਪ ਪਈਆਂ ਅੱਖੀਆਂ ਵਿੱਚੋਂ ਝਾਕਦੇ ਤੁਫਾੜਾਂ‘ਚ, ਇਹੋ ਤਾਂ ਦਿਸਦਾ ਸੀ। ਬਾਬੇ ਦੇ ਇਹ ਡਾਇਲਾਗ ਸੰਪੂਰਨ ਤੌਰ ‘ਤੇ ਇਨਸਾਨ ਦੇ ਮਨਾ ਨੂੰ ਕੁਰੇਦਦੇ ਹੋਏ ਵਡਮੁੱਲੀਆਂ ਗੱਲਾਂ ਕਹਿ ਜਾਂਦੇ ਹਨ। ਇਸ ਤੋਂ ਬਾਅਦ ਕੁੜੀਆਂ ਗੀਤ ਗਾਉਂਦੀਆਂ ਹਨ। ਸਵੇਰ ਤੋਂ ਸ਼ਾਮ ਤੱਕ, ਧਰਤੀ ਤੋਂ ਅਸਮਾਨ ਤੱਕ, ਮਾਵਾਂ ਦੀ ਪੁਕਾਰ, ਮਾਹੀ ਦੇ ਇੰਤਜ਼ਾਰ, ਆਉਂਦਿਆਂ ਜਾਂਦਿਆਂ, ਝੂਮਦੇ ਪਰਾਂਦਿਆਂ, ਖੁਲ੍ਹੇ ਖੁਲ੍ਹੇ ਵਿਹੜਿਆਂ ਵਿੱਚ, ਹਾਸਿਆਂ ਤੇ ਖੇੜਿਆਂ ਵਿਚ, ਜਗ ਦੀਆਂ ਰੀਤਾਂ ਵਿੱਚ ਚੰਦਰੀਆਂ ਪ੍ਰੀਤਾਂ ਵਿੱਚ, ਖ਼ੁਸ਼ੀਆਂ ਦੇ ਰਥਾਂ, ਮਹਿੰਦੀ ਵਾਲੇ ਹੱਥਾਂ ਉਤੇ। ਫਿਰ ਜਗਿਆਸੂ ਮੰਚ ‘ਤੇ ਆ ਕੇ ਕਹਿੰਦਾ ਹੈ, ਛੱਡ ਉਹ ਬਾਬਾ ਛੱਡ ਮੈਨੂੰ ਨਹੀਂ ਤੇਰੀਆਂ ਗੱਲਾਂ ਸਮਝ ਆਉਂਦੀਆਂ, ਬਾਬਾ ਮੈਨੂੰ ਨੀ ਸਮਝ ਆਉਂਦਾ ਮੈਂ ਤਾਂ ਚਲਦਾ ਹਾਂ। ਬਾਬੇ ਦੀਆਂ ਵਿਸਮਾਦੀ ਗੱਲਾਂ ਬਾਰੇ ਜਗਿਆਸੂ ਕਰਾ ਹੈ ਪ੍ਰੰਤੂ ਬਾਬਾ ਵਾਰ ਵਾਰ ਇਨਸਾਨ ਬਣਨ ਦੀ ਦੁਹਾਈ ਦਿੰਦਾ ਹੈ।

ਬਾਬੇ ਪਾਤਰ ਦੇ ਇੱਕ ਇੱਕ ਡਾਇਲਾਗ ਵਿੱਚ ਅਨੇਕਾਂ ਅਰਥ ਵਿਖਾਈ ਦਿੰਦੇ ਹਨ ਜਿਵੇਂ ਕੰਨ ਪੜਵਾਉਂਦਾ, ਪਿੰਡੇ ਤੋਂ ਖੱਲਾਂ ਲੁਹਾਉਂਦਾ, ਯਾਰਾਂ ਤੋਂ ਕੁਰਬਾਨ ਜਾਂਦਾ, ਮੀਰਾਂ ਦੀ ਪੁਕਾਰ ਵਿੱਚ, ਨਾਨਕ ਦੀ ਬਾਣੀ ਵਿੱਚ, ਸੱਚੇ ਸੁਚੇ ਗੀਤਾਂ, ਕਬੀਰ ਜਿਹੇ ਬਾਣੀਆਂ, ਗੋਬਿੰਦ ਦੀਆਂ ਕੀਤੀਆਂ ਕੁਰਬਾਨੀਆਂ, ਬੰਦੇ ਵਰਗੇ ਕੌਲਾਂ ਵਿੱਚ, ਤਾਨਸੈਨੀ ਤਾਰ ਵਿੱਚ, ਲਕਸ਼ਮੀ ਦੀ ਸ਼ਾਨ ਵਿੱਚ, ਸਰਾਭੇ ਵਾਲੇ ਜਹਾਜ ਵਿੱਚ, ਭਗਤ ਦੀਆਂ ਸ਼ਹਾਦਤਾਂ ਵਿੱਚ, ਟੀਪੂ ਦੀ ਬਹਾਦਰੀ ਵਿੱਚ, ਰਣਜੀਤ ਦੀ ਸ਼ਹਾਦਰੀ ਵਿੱਚ।   ਲੇਖਕ ਦੀ ਸ਼ਬਦਾਵਲੀ ਸਰਲ, ਅਰਥ ਭਰਪੂਰ ਅਤੇ ਆਮ ਜਨ ਜੀਵਨ ਵਿੱਚੋਂ ਲਈ ਗਈ ਹੈ, ਜਿਸ ਕਰਕੇ ਇਸ ਇਕਾਂਗੀ ਦੀ ਸਾਰਥਿਕਤਾ ਹੋਰ ਵੀ ਵਧ ਜਾਂਦੀ ਹੈ। ਸਾਹਿਤ ਦਾ ਮੰਤਵ ਸਿਰਫ ਮਨੋਰੰਜਨ ਕਰਨਾ ਹੀ ਨਹੀਂ ਹੁੰਦਾ ਸਗੋਂ ਸਮਾਜਿਕ ਸਰੋਕਾਰਾਂ ਦੀ ਰਹਿਨੁਮਾਈ ਕਰਨਾ ਹੰਦਾ ਹੈ। ਇਹ ਇਕਾਂਗੀ ਸਾਹਿਤ ਦੇ ਇਸ ਸਿਧਾਂਤ ‘ਤੇ ਪੂਰਾ ਉਤਰਦਾ ਹੈ।
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 1307
***
464
***
26 ਅਕਤੂਬਰ 2021

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ