8 December 2024

ਪੰਜਾਬੀਅਤ ਦੀ ਉਪਾਸ਼ਕ ਲਾਜ ਨੀਲਮ ਸੈਣੀ—-ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ. ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (13 ਫਰਵਰੀ 2022 ਨੂੰ) 74ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਪੰਜਾਬੀਅਤ ਦੀ ਉਪਾਸ਼ਕ ਲਾਜ ਨੀਲਮ ਸੈਣੀ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਲਾਜ ਨੀਲਮ ਸੈਣੀ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਨਿਰਪੱਖ ਆਲੋਚਕ  ਸ. ਹਰਮੀਤ ਸਿੰਘ ਅਟਵਾਲ ਜੀ ਅਤੇ ‘ਲਾਜ ਨੀਲਮ ਸੈਣੀ’ ਨੂੰ ਹਾਰਦਿਕ ਵਧਾਈ ਹੋਵੇ।  ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

ਅਦੀਬ ਸਮੁੰਦਰੋਂ ਪਾਰ ਦੇ
ਪੰਜਾਬੀਅਤ ਦੀ ਉਪਾਸ਼ਕ ਲਾਜ ਨੀਲਮ ਸੈਣੀ
-ਹਰਮੀਤ ਸਿੰਘ ਅਟਵਾਲ-

ਅਮਰੀਕਾ ਦੀ ਸਟੇਟ ਕੈਲੀਫੋਰਨੀਆ ’ਚ ਵੱਸਦੀ ਨਾਮਵਰ ਕਲਮਕਾਰ ਲਾਜ ਨੀਲਮ ਸੈਣੀ ਨੂੰ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਵਾਨ ਬੀਬੀ ਡਾ. ਧਨਵੰਤ ਕੌਰ ਨੇ ਪੰਜਾਬੀਅਤ ਦੀ ਉਪਾਸ਼ਕ ਆਖਿਆ ਹੈ। ਧਨਵੰਤ ਕੌਰ ਦਾ ਲਾਜ ਨੀਲਮ ਸੈਣੀ ਬਾਰੇ ਪੂਰਾ ਕਥਨ ਇਸ ਪ੍ਰਕਾਰ ਹੈ:-

-ਨੀਲਮ ਸੈਣੀ ਸਾਹਿਤਕ ਹਲਕਿਆਂ ਵਿਚ, ਵਿਸ਼ੇਸ਼ ਕਰ ਅਮਰੀਕੀ ਪੰਜਾਬੀ ਸਾਹਿਤਕ ਸਰਗਰਮੀਆਂ ਦੇ ਹਵਾਲੇ ਨਾਲ, ਇੱਕ ਪਰਿਚਿਤ ਨਾਂ ਹੈ। ਨੀਲਮ ਸੈਣੀ ਦੇ ਪਾਠਕ/ਪ੍ਰਸ਼ੰਸਕ ਉਸ ਨੂੰ ਇੱਕ ਸੰਵੇਦਨਸ਼ੀਲ ਕਵਿੱਤਰੀ ਵਜੋਂ ਹੀ ਨਹੀਂ, ਪੰਜਾਬੀ ਲੋਕ ਗੀਤਾਂ ਵਿੱਚੋਂ ਪੰਜਾਬੀ ਰਹਿਤਲ ਦੇ ਖ਼ੂਬਸੂਰਤ ਝਲਕਾਰੇ ਲੱਭ ਲੱਭ ਕੇ ਵਿਖਾਉਣ ਵਾਲੀ ਪੰਜਾਬੀਅਤ ਦੀ ਉਪਾਸ਼ਕ ਵਜੋਂ ਵੀ ਜਾਣਦੇ ਹਨ।

ਇਥੇ ਇਹ ਵੀ ਕਾਬਿਲ-ਏ-ਗੌਰ ਹੈ ਕਿ ਡਾ. ਧਨਵੰਤ ਕੌਰ ਵਲੋਂ ਸੰਪਾਦਿਤ 147 ਪੰਨਿਆਂ ਦੀ ਪੁਸਤਕ ‘ਪੰਜਾਬੀਅਤ : ਸੰਕਲਪ ਤੇ ਸਰੂਪ ਵਿਚ ਡਾ. ਜਸਬੀਰ ਸਿੰਘ ਆਹਲੂਵਾਲੀਆ, ਸੰਤ ਸਿੰਘ ਸੇਖੋਂ, ਡਾ. ਕਰਨੈਲ ਸਿੰਘ ਥਿੰਦ, ਰਾਜਿੰਦਰ ਸਿੰਘ ਭਸੀਨ, ਡਾ. ਸਤਿੰਦਰ ਸਿੰਘ ਨੂਰ, ਡਾ. ਆਤਮਜੀਤ ਤੇ ਕੁਝ ਹੋਰ ਵਿਦਵਾਨਾਂ ਨੇ ਪੰਜਾਬੀਅਤ ਨੂੰ ਅਨੇਕ ਪੱਖਾਂ ਤੋਂ ਬਾਖ਼ੂਬੀ ਪ੍ਰੀਭਾਸ਼ਿਤ ਕੀਤਾ ਹੈ। ਇਨ੍ਹਾਂ ਵਿੱਚੋਂ ਡਾ. ਹਿੰਮਤ ਸਿੰਘ ਸੋਢੀ ਵਲੋਂ ਪੰਜਾਬੀਅਤ ਬਾਰੇ ਕੀਤੀ ਗਈ ਟਿੱਪਣੀ ਲਾਜ ਨੀਲਮ ਸੈਣੀ ਦੇ ਪੰਜਾਬੀਅਤ ਵਾਲੇ ਸੁਭਾਅ ਨਾਲ ਕਾਫ਼ੀ ਮਿਲਦੀ ਹੈ। ਟਿੱਪਣੀ ਹੈ:-
* ‘‘ਪੰਜਾਬੀਅਤ ਦਾ ਅਰਥ ‘ਪੰਜਾਬੀਪਣ’ ਜਾਂ ‘ਪੰਜਾਬੀ ਸੱਭਿਆਚਾਰ ਹੀ ਹੈ। ਪੰਜਾਬੀ ਸੱਭਿਆਚਾਰ ਦੀ ਆਪਣੀ ਹੀ ਇੱਕ ਗੌਰਵਮਈ ਵਿਲੱਖਣਤਾ ਹੈ ਜੋ ਸਦੀਆਂ ਦੇ ਲੰਘੇ ਇਤਿਹਾਸਕ ਪੈਂਡੇ ਵਿਚ ਸਹਿਜ ਰੂਪ ਵਿਚ ਵਿਗਸੀ ਹੈ। ਇਸ ਸੱਭਿਆਚਾਰ ਦੇ ਨਿਰਮਾਣ ਵਿਚ ਉਨ੍ਹਾਂ ਅਨੇਕ ਆਰਿਆਈ, ਗ਼ੈਰ ਆਰਿਆਈ ਤੇ ਬਦੇਸ਼ੀ ਜਾਤੀਆਂ ਦੇ ਸਾਂਸਕ੍ਰਿਤਕ ਤੱਤਾਂ, ਜੀਵਨ ਜੁਗਤਾਂ ਤੇ ਪਰੰਪਰਾਵਾਂ ਨੇ ਬੜਾ ਅਹਿਮ ਹਿੱਸਾ ਪਾਇਆ ਹੈ ਜੋ ਏਥੋਂ ਦੀ ਵਸੋਂ ਵਿਚ ਰਲਕੇ ਇਸ ਮੂਲ ਪ੍ਰਵਾਹ ਵਿਚ ਲੀਨ ਹੁੰਦੀਆਂ ਰਹੀਆਂ। ਇਸ ਤਰ੍ਹਾਂ ਦੇ ਨਸਲੀ ਸੰਜੋਗ ਦੇ ਫਲਸਰੂਪ ਪੰਜਾਬੀ ਸੱਭਿਆਚਾਰ ਇੱਕ ਬਹੁ-ਵਿਧ, ਮਿੱਸਾ ਤੇ ਲਚਕਦਾਰ ਸਰੂਪ ਗ੍ਰਹਿਣ ਕਰ ਗਿਆ।’’

ਲਾਜ ਨੀਲਮ ਸੈਣੀ ਦਾ ਜਨਮ ਪਿੰਡ ਮੂਨਕ ਕਲਾਂ (ਹੁਸ਼ਿਆਰਪੁਰ) ਵਿਚ ਅਗਸਤ 1966 ਈ: ਨੂੰ ਪਿਤਾ ਆਤਮਾ ਰਾਮ ਤੇ ਮਾਤਾ ਕਮਲਾ ਦੇਵੀ ਦੇ ਘਰ ਹੋਇਆ। ਲਾਜ ਨੀਲਮ ਸੈਣੀ ਨੇ ਐੱਮਏ ਰਾਜਨੀਤੀ ਸ਼ਾਸਤਰ ਤੇ ਪੰਜਾਬੀ ਅਤੇ ਐੱਮਐੱਡ ਵੀ ਕੀਤੀ ਹੋਈ ਹੈ। ਇਸ ਤੋਂ ਵੀ ਅੱਗੇ ਉਹ ‘ਪ੍ਰੋਗਰਾਮ ਡਾਇਰੈਕਟਰ ਆਫ਼ ਐਜੂਕੇਸ਼ਨ’ (ਪਰਮਿਟ ਇਨ ਯੂਐੱਸਏ) ਵੀ ਹੈ। 1997 ਤੋਂ ਊਸ ਦਾ ਸੰਯੁਕਤ ਰਾਜ ਅਮਰੀਕਾ ਵਿਚ ਵਾਸਾ ਹੈ ਤੇ ਉਥੇ ਰਹਿੰਦਿਆਂ ਸਾਹਿਤਕ ਸਰਗਰਮੀਆਂ ਨਿਰੰਤਰ ਜਾਰੀ ਹਨ।
ਸਾਹਿਤ ਸਿਰਜਣਾ ਵਾਲੇ ਪਾਸੇ ਆਉਣ ਦਾ ਸਬੱਸ ਲਾਜ ਨੀਲਮ ਸੈਣੀ ਮੁਤਾਬਕ ਇਉਂ ਹੈ:-

* ‘‘ਬਚਪਨ ਤੋਂ ਹੀ ਘਰ ਪਰਿਵਾਰ ਵਿਚ ਸਾਹਿਤਕ ਮਾਹੌਲ ਮਿਲਿਆ। ਮੇਰੇ ਨਾਨਾ ਚੌਧਰੀ ਵੀਰ ਚੰਦ ਜੀ ਮਿਡਲ ਸਕੂਲ ਬੁੱਢੀ ਪਿੰਡ ਵਿਖੇ ਅੰਗਰੇਜ਼ੀ ਦੇ ਮਾਸਟਰ ਸਨ। ਮੰਮੀ-ਡੈਡੀ ਦੋਵੇਂ ਪ੍ਰਾਇਮਰੀ ਟੀਚਰ ਸਨ। ਨਾਨਕੇ ਘਰ ਜਾਂਦੀ ਤਾਂ ਨਾਨਾ ਜੀ ਕੋਲੋਂ ਪੰਚਤੰਤਰ ਦੀਆਂ ਕਹਾਣੀਆਂ, ਬੁਝਾਰਤਾਂ, ਬਾਤਾਂ, ਮੁਹਾਵਰੇ ਤੇ ਅਖਾਣਾਂ ਸੁਣਦੀ। ਘਰ ਪੰਜਾਬੀ ਦੀ ਅਖ਼ਬਾਰ ਆਉਂਦੀ ਸੀ। ਪੰਜਵੀਂ ਕਲਾਸ ਵਿਚ ਪਹਿਲੀ ਵਾਰੀ ਮੇਰੇ ਮੰਮੀ-ਡੈਡੀ ਨੇ ਕਵਿਤਾ ਲਿਖ ਕੇ ਮੈਨੂੰ ਸਟੇਜ ’ਤੇ ਬੋਲਣ ਭੇਜਿਆ। ਉਸ ਤੋਂ ਬਾਅਦ ਸਕੂਲ ਸਮਾਗਮਾਂ ਵਿਚ ਲਗਾਤਾਰ ਕਵਿਤਾ ਬੋਲਦੀ ਅਤੇ ਭਾਸ਼ਣ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਂਦੀ ਰਹੀ। ਡੈਡੀ ਨੇ ‘ਪੰਖੜੀਆਂ’ ਮੈਗਜ਼ੀਨ ਲਗਵਾ ਕੇ ਦਿੱਤਾ ਹੋਇਆ ਸੀ। ‘ਸੈਣੀ ਦੁਨੀਆ’ ਰਸਾਲਾ ਮੈਨੂੰ ਬਹੁਤ ਪਸੰਦ ਸੀ। ਅਕਾਸ਼ਵਾਣੀ ਜਲੰਧਰ ਤੋਂ ਹਫ਼ਤਾਵਾਰੀ ਬਾਲਵਾੜੀ ਪ੍ਰੋਗਰਾਮ ਸੁਣਨਾ ਮੇਰਾ ਸ਼ੌਕ ਬਣ ਗਿਆ ਸੀ। ਕਾਲਜ ਵਿਚ ਪਹੁੰਚਕੇ ਕਾਵਿ-ਉਚਾਰਣ ਮੁਕਾਬਲਿਆਂ ਵਿਚ ਭਾਗ ਲੈਣ ਦੀ ਸ਼ਰਤ ਪੂਰੀ ਕਰਨ ਲਈ ਕਵਿਤਾ ਲਿਖਣ ਲਗ ਪਈ।’’

ਲਾਜ ਨੀਲਮ ਸੈਣੀ ਦੀਆਂ ਹੁਣ ਤੱਕ ਜਿਹੜੀਆਂ ਪੁਸਤਕਾਂ ਪਾਠਕਾਂ ਕੋਲ ਪੁਜੀਆਂ ਹਨ ਉਨ੍ਹਾਂ ਦੇ ਨਾਂ ਹਨ ‘ਅਰਜੋਈ’ (ਕਾਵਿ-ਸੰਗ੍ਰਹਿ), ‘ਕਾਨੀ ਦੇ ਘੁੰਗਰੂ’ (ਕਾਵਿ-ਸੰਗ੍ਰਹਿ) ‘ਵਨ ਲਿਟਲ ਚਾਈਲਡ’ (ਅੰਗਰੇਜ਼ੀ ਬਾਲ ਕਾਵਿ-ਸੰਗ੍ਰਹਿ), ‘ਉਧਾਰ ਲਏ ਪਰਾਂ ਦੀ ਦਾਸਤਾਨ’ (ਸਹਿ-ਸੰਪਾਦਿਤ ਕਾਵਿ-ਸੰਗ੍ਰਹਿ), ‘ਹਰਫ਼ਾਂ ਦੀ ਡੋਰ’ (ਕਾਵਿ-ਸੰਗ੍ਰਹਿ), ‘ਸਾਡੀਆਂ ਰਸਮਾਂ ਸਾਡੇ ਗੀਤ’ (ਸੰਪਾਦਿਤ ਸੱਭਿਆਚਾਰ ਪੁਸਤਕ), ‘ਤੀਆਂ ਤੀਜ ਦੀਆਂ’ (ਸੰਪਾਦਿਤ ਸੱਭਿਆਚਾਰ ਪੁਸਤਕ), ‘ਅਕਸ’ (ਕਾਵਿ-ਸੰਗ੍ਰਹਿ), ‘ਇਨਸਾਨੀ ਰੇਲ’ (ਬਾਲ ਕਾਵਿ-ਸੰਗ੍ਰਹਿ), ‘ਧਰਤ ਪਰਾਈ ਆਪਣੇ ਲੋਕ’ (ਸਹਿ-ਸੰਪਾਦਿਤ ਕਹਾਣੀਆਂ ਦੀ ਪੁਸਤਕ) ਅਤੇ ‘ਲਟ ਲਟ ਬਲਦਾ ਦੀਵਾ’ (ਮੌਲਿਕ ਕਹਾਣੀ ਸੰਗ੍ਰਹਿ)।

ਇਥੇ ਥਾਂ ਦੇ ਸੰਜਮ ਸਨਮੁਖ ਬਹੁਤ ਸੰਖੇਪ ਵਿਚ ਵੀ ਲਾਜ ਨੀਲਮ ਸੈਣੀ ਸਾਹਿਤ ਦੀ ਅੰਤਰਵਸਤੂ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਕਾਵਿ-ਸਿਰਜਣਾ ਬਾਰੇ ਪ੍ਰਸਿੱਧ ਕਵੀ ਮਦਨ ਵੀਰਾ ਦਾ ਇਹ ਕਥਨ ਵਿਚਾਰਨਯੋਗ ਹੈ:-

* ‘‘ਲਾਜ ਨੀਲਮ ਸੈਣੀ ਦੀਆਂ ਕਈ ਕਵਿਤਾਵਾਂ ਹਨ ਜੋ ਦੇਸ ਕਾਲ ਅਤੇ ਭੂਗੋਲ ਦੀਆਂ ਹੱਦਾਂ ਤੋਂ ਪਾਰ ਫੈਲਦੀਆਂ ਹਨ। ਆਪਣੀ ਕਵਿਤਾ ਦੇ ਮਾਨਵਵਾਦੀ ਸਰੋਕਾਰਾਂ ਨਾਲ ਲਾਜ ਨੀਲਮ ਸੈਣੀ ਉਨ੍ਹਾਂ ਹਾਲਤਾਂ, ਵਿਅਕਤੀਆਂ ਅਤੇ ਘਟਨਾਵਾਂ ਨੂੰ ਮੁੜ ਕੇਂਦਰ ਵਿਚ ਰੱਖਕੇ ਸੰਵਾਦ ਸਿਰਜਦੀ ਹੈ, ਜਿਨ੍ਹਾਂ ਨੂੰ (ਭਾਰਤੀ/ਅਮਰੀਕੀ) ਪ੍ਰਬੰਧ ਨੇ ਹਾਸ਼ੀਏ ਤੇ ਧੱਕ ਦਿੱਤਾ। ਹਾਸ਼ੀਏ ’ਤੇ ਪਿਆ ਇਹ ਵਿਅਕਤੀ ਆਪਣੀ ਜ਼ਿੰਦਗੀ ਨੂੰ ਥਾਂ ਸਿਰ ਕਰਨ ਲਈ ਸਮੁੰਦਰ ਪਾਰ ਕਰਕੇ ਵੀ ਆਪਣੀ ਆਰਥਿਕਤਾ ਨੂੰ ਠੁੰਮਣਾ ਦਿੰਦਾ ਹੋਇਆ ਤਰਲੋਮੱਛੀ ਹੋ ਰਿਹਾ ਹੈ।’’

ਤੱਤਸਾਰ ਇਹ ਹੈ ਕਿ ਆਪਣੀ ਕਵਿਤਾ ਵਿਚ ਨੀਲਮ ਸੈਣੀ ਦੀ ਕਲਮ ਨੇ ਪੰਜਾਬ, ਪੰਜਾਬੀਅਤ, ਘਰ-ਪਰਿਵਾਰ, ਰਿਸ਼ਤੇ-ਨਾਤੇ, ਨਾਰੀਤਵ, ਮਾਨਵੀ ਕਦਰਾਂ ਕੀਮਤਾਂ, ਰਾਜਨੀਤੀ ਅਤੇ ਆਰਥਿਕ ਵਰਤਾਰੇ ਸਮੇਤ ਹਰ ਭਖਵੇਂ ਮਸਲੇ ਨੂੰ ਕਲਾਵੇ ਵਿਚ ਲਿਆ ਹੈ।

ਲਾਜ ਨੀਲਮ ਸੈਣੀ ਦੇ ਪੰਜਾਬੀ ਸੱਭਿਆਚਾਰ ਨਾਲ ਮੋਹ ਵਿੱਚੋਂ ਉਸ ਦੀਆਂ ਸੱਭਿਆਚਾਰ/ਲੋਕ ਸਾਹਿਤ ਨਾਲ ਸੰਬੰਧਿਤ ਪੁਸਤਕਾਂ ਨੇ ਹੋਂਦ ਗ੍ਰਹਿਣ ਕੀਤੀ ਹੈ। ਉਸ ਦੀਆਂ ਇਨ੍ਹਾਂ ਪੁਸਤਕਾਂ ਬਾਰੇ ਡਾ. ਕਰਮਜੀਤ ਸਿੰਘ, ਡਾ. ਚਰਨਜੀਤ ਕੌਰ, ਸੁਖਵਿੰਦਰ ਕੰਬੋਜ, ਗੁਰਮੀਤ ਸਿੰਘ ਖਾਨਪੁਰੀ ਆਦਿ ਸਿਆਣੇ ਸੱਜਣਾਂ ਨੇ ਕਾਫ਼ੀ ਭਾਵਪੂਰਤ ਵਿਚਾਰ ਪ੍ਰਗਟ ਕੀਤੇ ਹਨ। ‘ਸਾਡੀਆਂ ਰਸਮਾਂ ਸਾਡੇ ਗੀਤ’ ਤਾਂ 344 ਪੰਨਿਆਂ ਦੀ ਪੁਸਤਕ ਹੈ ਜਿਸ ਦੇ ਅਧਿਐਨ ਨਾਲ ਪੰਜਾਬੀ ਲੋਕ ਸਾਹਿਤ ਦੇ ਅੰਤਰਮਨ ਨਾਲ ਅੰਤਰੀਵੀ ਸਾਂਝ ਸਹਿਜੇ ਹੀ ਪਾਈ ਜਾ ਸਕਦੀ ਹੈ।

ਲਾਜ ਨੀਲਮ ਸੈਣੀ ਦੀ ਬਹੁਪੱਖੀ ਸਾਹਿਤਕ ਪ੍ਰਤਿਭਾ ਨੇ ਉਸ ਕੋਲੋਂ ਕਹਾਣੀਆਂ ਵੀ ਲਿਖਾਈਆਂ ਹਨ ਜਿਨ੍ਹਾਂ ਦੀ ਪਾਏਦਾਰੀ ਉਸ ਦੀ ਕਥਾਤਮਕ ਕਾਬਲੀਅਤ ਦਾ ਪੁਖਤਾ ਪ੍ਰਮਾਣ ਹੈ। ਅਜੇ ਪਿਛਲੇ ਸਾਲ ਹੀ ਉਸ ਦੀ ਕਹਾਣੀਆਂ ਦੀ ਕਿਤਾਬ ‘ਲਟ ਲਟ ਬਲਦਾ ਦੀਵਾ’ ਪਾਠਕਾਂ ਦੇ ਹੱਥਾਂ ’ਚ ਪੁਜੀ ਹੈ ਜਿਸ ਵਿਚ ਕੁਲ 11ਕਹਾਣੀਆਂ ਹਨ ਜਿਹੜੀਆਂ ਪੁਸਤਕ ਦੇ 152 ਪੰਨਿਆਂ ’ਤੇ ਪਸਰੀਆਂ ਹੋਈਆਂ ਹਨ। ਇਨ੍ਹਾਂ ਕਹਾਣੀਆਂ ਬਾਰੇ ਡਾ. ਧਨਵੰਤ ਕੌਰ ਦਾ ਇਹ ਆਖਣਾ ਬਿਲਕੁਲ ਸਹੀ ਹੈ ਕਿ ਮੂਲਵਾਸ ਦੇ ਸਰੋਤ ਪਰਵਾਸੀ ਹੋਂਦ ਲਈ ਸੁੱਕਦੇ ਨਹੀਂ। ਵਿਰਾਸਤਾਂ ਵਾਂਗ ਸਿਮਰਤੀਆਂ ਦੀ ਲੋਅ ਕਰਦੇ ਵਿਖਾਏ ਗਏ ਹਨ। ਨੀਲਮ ਸੈਣੀ ਦੀ ਕਹਾਣੀ ਦਾ ਇਹ ਅੰਦਾਜ਼ ਵੀ ਪਰਵਾਸੀ ਬਿਰਤਾਂਤ ਦੇ ਭਾਰੂ ਚਲਨ ਤੋਂ ਵੱਖਰਾ ਹੈ… ਨੀਲਮ ਸੈਣੀ ਦੀਆਂ ਕਹਾਣੀਆਂ ਦੇ ਪਾਤਰ ਆਪਣੀਆਂ ਲੋਕੇਸ਼ਨਾਂ ਨਾਲ ਸੰਬੰਧ ਬਣਾਉਂਦੇ ਹਨ, ਉਨ੍ਹਾਂ ਲੋਕੇਸ਼ਨਾਂ ਵਿਚ ਵਾਪਰ ਰਹੇ ਸਮਾਜਕ ਵਰਤਾਰਿਆਂ ਪ੍ਰਤੀ ਸਮਝ ਬਣਾਉਂਦੇ ਹਨ ਆਪਣੀਆਂ ਮੂਲ ਸ਼ਨਾਖ਼ਤਾਂ ਨਾਲ ਡੂੰਘੀ ਤੇ ਸਜਿੰਦ ਸਾਂਝ ਪੁਗਾਉਣ ਦਾ ਚਾਅ ਵੀ ਰੱਖਦੇ ਹਨ। ਨਿਰਸੰਦੇਹ ਲਾਜ ਨੀਲਮ ਸੈਣੀ ਦੀਆਂ ਕਹਾਣੀਆਂ ਆਪਣੇ ਮੌਲਿਕ ਮੁਹਾਂਦਰੇ ਵਾਲੀਆਂ ਹਨ।
ਲਾਜ ਨੀਲਮ ਸੈਣੀ ਨਾਲ ਹੋਏ ਸਾਹਿਤਕ ਵਿਚਾਰ ਵਟਾਂਦਰੇ ’ਚੋਂ ਵੀ ਉਸ ਵਲੋਂ ਕੁਝ ਅੰਸ਼ ਇਥੇ ਸਾਂਝੇ ਕੀਤੇ ਜਾਂਦੇ ਹਨ :-

* ਅਮਰੀਕਾ ਵਿਚ ਬਹੁਤ ਸਾਰੇ ਸਾਹਿਤਕਾਰ ਸਿਰਜਣਾ ਅਤੇ ਜਥੇਬੰਦਕ ਕਾਰਜਾਂ ਵਿਚ ਨਿਰੰਤਰ ਯੋਗਦਾਨ ਪਾ ਰਹੇ ਹਨ। ਇਨ੍ਹਾਂ ਵਿਚ ਡਾ. ਸੁਖਵਿੰਦਰ ਕੰਬੋਜ, ਕੁਲਵਿੰਦਰ, ਸੁਰਿੰਦਰ ਸੋਹਲ, ਰਵਿੰਦਰ ਸਹਿਰਾਅ, ਅਮਰਜੀਤ ਕੌਰ ਪੰਨੂ, ਸੁਰਿੰਦਰ ਸਿੰਘ ਸੀਰਤ, ਚਰਨਜੀਤ ਸਿੰਘ ਪੰਨੂ, ਗੁਲਸ਼ਨ ਦਿਆਲ, ਜਗਜੀਤ ਨੌਸ਼ਹਿਰਵੀ, ਤਾਰਾ ਸਿੰਘ ਸਾਗਰ, ਹਰਜਿੰਦਰ ਕੰਗ, ਡਾ. ਗੁਰੂਮੇਲ ਸਿੱਧੂ, ਪਰਵੇਜ਼ ਸੰਧੂ, ਸੰਤੋਖ ਸਿੰਘ ਮਿਨਹਾਸ, ਪ੍ਰੋ. ਹਰਭਜਨ ਸਿੰਘ, ਕਰਮ ਸਿੰਘ ਮਾਨ, ਮਨਜੀਤ ਕੌਰ ਸੇਖੋਂ, ਰਾਠੇਸ਼ਵਰ ਸਿੰਘ ਸੂਰਾਪੁਰੀ, ਸੁਰਜੀਤ ਸਖੀ, ਡਾ. ਸੁਖਪਾਲ ਸੰਘੇੜਾ, ਰਵੀ ਸ਼ੇਰਗਿੱਲ, ਹਰਪ੍ਰੀਤ ਕੌਰ ਧੂਤ, ਡਾ. ਗੁਰਪ੍ਰੀਤ ਸਿੰਘ ਧੁੱਗਾ ਆਦਿ ਦੇ ਨਾਮ ਵਰਣਨਯੋਗ ਹਨ।

* ਅਮਰੀਕਾ ਦੀਆਂ ਪੰਜਾਬੀ ਸਾਹਿਤ ਸਭਾਵਾਂ ਅਤੇ ਸੰਚਾਰ ਸਾਧਨਾਂ ਦਾ ਸਾਹਿਤ ਦੇ ਪ੍ਰਚਾਰ ਅਤੇ ਪਸਾਰ ਵਿਚ ਭਰਪੂਰ ਯੋਗਦਾਨ ਹੈ। ਇਨ੍ਹਾਂ ਸੰਸਥਾਵਾਂ ਦੇ ਪ੍ਰਤਿਨਿਧ ਸੰਪਾਦਕਾਂ ਵਲੋਂ ਸੰਪਾਦਿਤ ਮਿਆਰੀ ਕਵਿਤਾ ਅਤੇ ਕਹਾਣੀ ਦੀਆਂ ਪੁਸਤਕਾਂ ‘ਅਮਰੀਕਨ ਪੰਜਾਬੀ ਕਵਿਤਾ’ (ਭਾਗ ਦੂਜਾ) ਦਿੱਲੀ ਯੂਨੀਵਰਸਿਟੀ ਅਤੇ ਕਹਾਣੀਆਂ ਦੀ ਪੁਸਤਕ ‘ਪੰਖ ਪਿੰਜਰਾ ਤੇ ਪਰਵਾਜ਼’ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਲੇਬਸ ਵਿਚ ਸ਼ਾਮਲ ਹਨ।

* ਗਲੋਬਲ ਮੰਡੀ ਦੇ ਤਲਿੱਸਮ ਅਤੇ ਤਕਨਾਲੋਜੀ ਦੇ ਵਧ ਰਹੇ ਰੁਝਾਨ ਕਾਰਨ ਸਾਹਿਤ ਸਭਾਵਾਂ ਵਿਚ ਨੌਜਵਾਨਾਂ ਦੀ ਘਾਟ ਰੜਕਦੀ ਹੈ।

ਨਿਰਸੰਦੇਹ ਲਾਜ ਨੀਲਮ ਸੈਣੀ ਦੀ ਹਰ ਗੱਲ ਗੌਲਣਯੋਗ ਹੈ। ਉਸ ਦੀ ਸਾਹਿਤਕਾਰੀ ਬਾਰੇ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਪਰ ਹਾਲ ਦੀ ਘੜੀ ਉਸ ਦੇ ਇਸ ਕਥਨ ਨਾਲ ਹੀ ਇਜ਼ਾਜਤ ਲਈ ਜਾਂਦੀ ਹੈ :
– ‘‘ਮੈਨੂੰ ਪੰਜਾਬੀ ਹੋਣ ’ਤੇ ਬਹੁਤ ਮਾਣ ਹੈ। ਮੈਂ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨਾਲ ਨਿਰੰਤਰ ਜੁੜੀ ਹੋਈ ਹਾਂ।’’ ਪੰਜਾਬੀ ਦਾ ਇੱਕ ਟੱਪਾ ਯਾਦ ਆ ਰਿਹੈ:

ਅਸੀਂ ਮਾਹੀਆ ਗਾ ਲਈਦਾ
ਜਦੋਂ ਜਿਥੇ ਜੀ ਕਰਦਾ
ਪੰਜਾਬ ਬਣਾ ਲਈਦਾ।
**
ਹਰਮੀਤ ਸਿੰਘ ਅਟਵਾਲ
98155-05287

***
631
***
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ