ਸੰਗੀਤ ਦੇ ਇਤਿਹਾਸ ਦੇ ਬਾਦਲੀਲ ਤੱਥਾਂ ਸਮੇਤ ਵਰਕੇ ਫਰੋਲਦੀ ਗੁਰਿੰਦਰਪਾਲ ਸਿੰਘ ਜੋਸਨ ਦੀ ਪੁਸਤਕ ‘‘ਰਬਾਬੀ ਭਾਈ ਮਰਦਾਨਾ ਤੇ ਪੁਰਾਤਨ ਕੀਰਤਨਏ’’ ਤੰਤੀ ਸ਼ਾਜ਼ਾਂ ਦੇ ਸਫ਼ਰ ਬਾਰੇ ਮੀਲ ਪੱਥਰ ਸਾਬਤ ਹੋਵੇਗੀ। ਗੁਰਿੰਦਰਪਾਲ ਸਿੰਘ ਜੋਸਨ ਇਤਿਹਾਸ ਦੇ ਵਿਦਿਆਰਥੀ ਅਤੇ ਸਿੱਖ ਧਰਮ ਦੇ ਪੈਰੋਕਾਰ ਹੋਣ ਕਰਕੇ ਖੋਜੀ ਰੁਚੀ ਦੇ ਮਾਲਕ ਹਨ। ਉਨ੍ਹਾਂ ਨੇ ਹੁਣ ਤੱਕ ਜਿਤਨੀਆਂ ਵੀ ਪੁਸਤਕਾਂ ਲਿਖੀਆਂ ਹਨ, ਸਾਰੀਆਂ ਹੀ ਸਿੱਖ ਇਤਿਹਾਸ ਦੇ ਸੁਨਹਿਰੀ ਯੁਗ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀਆਂ ਹਨ। ਉਨ੍ਹਾਂ ਦੀ ਲੇਖਣੀ ਦੀ ਕਮਾਲ ਇਹ ਹੈ ਕਿ ਉਹ ਹਰ ਘਟਨਾ ਬਾਰੇ ਪੂਰੀ ਖੋਜ ਕਰਨ ਤੋਂ ਬਾਅਦ ਹਵਾਲਿਆਂ ਦਾ ਜ਼ਿਕਰ ਕਰਕੇ ਲਿਖਦੇ ਹਨ। ਹਵਾਲੇ ਤੱਥਾਂ ਦੀ ਸਾਰਥਿਕਤਾ ਦਾ ਪ੍ਰਗਟਾਵਾ ਹੁੰਦੇ ਹਨ। ਇਸ ਪੁਸਤਕ ਵਿਚ ਭਾਈ ਮਰਦਾਨਾ ਤੋਂ ਇਲਾਵਾ 19 ਹੋਰ ਕੀਰਤਨੀਆਂ ਅਤੇ ਮੁਰੀਦ ਲੇਖਕਾਂ ਬਾਰੇ ਖੋਜ ਕਰਕੇ ਜਾਣਕਾਰੀ ਦਿੱਤੀ ਹੈ। ਇਹ ਜਾਣਕਾਰੀ ਇਕੱਤਰ ਕਰਨ ਲਈ ਲੇਖਕ ਪਾਕਿਸਤਾਨ ਸਮੇਤ ਉਸ ਹਰ ਸਥਾਨ ਤੇ ਗਿਆ ਹੈ, ਜਿਥੋਂ ਇਨ੍ਹਾਂ ਕੀਰਤਨੀਆਂ ਬਾਰੇ ਜਾਣਕਾਰੀ ਮਿਲ ਸਕਦੀ ਸੀ। ਲੇਖਕ ਦੀ ਵਿਰਾਸਤ ਸਿੱਖ ਸੰਕਲਪ ਨਾਲ ਜੁੜੀ ਹੋਣ ਕਰਕੇ ਬਹੁਤ ਅਮੀਰ ਹੈ। ਇਸ ਲਈ ਕੁਦਰਤੀ ਹੈ ਕਿ ਗੁਰਿੰਦਰਪਾਲ ਸਿੰਘ ਜੋਸਨ ਵਿਚ ਵੀ ਸਿੱਖੀ ਵਿਚਾਰਧਾਰਾ ਵਿਚ ਅਥਾਹ ਸ਼ਰਧਾ ਤੇ ਵਿਸ਼ਵਾਸ਼ ਹੋਵੇਗਾ। ਇਹ ਪੁਸਤਕ ਉਨ੍ਹਾਂ ਦੀ ਸਿੱਖ ਧਰਮ ਦੇ ਸੰਗੀਤ ਪ੍ਰਤੀ ਬਚਨਵੱਧਤਾ ਦਾ ਸਬੂਤ ਹੈ। ਉਨ੍ਹਾਂ ਨੇ ਸਿੱਖ ਸੰਗੀਤ ਜਗਤ ਦੇ ਵਿਸਾਰੇ ਅਨਮੋਲ ਮੋਤੀਆਂ ਨੂੰ ਲੱਭਕੇ ਇਕ ਲੜੀ ਵਿਚ ਪ੍ਰੋ ਦਿੱਤਾ ਹੈ। ਭਾਰਤ ਵਿਚ ਸੰਗੀਤ ਦੇ ਇਤਿਹਾਸ ਵਿਚ ਤੰਤੀ ਸਾਜ਼ਾਂ ਦੇ ਪਹਿਲੇ ਕੀਰਤਨੀਏ ਸ੍ਰੀ ਗੁਰੂ ਨਾਨਕ ਦੇਵ ਜੀ ਸਨ, ਜਿਨ੍ਹਾਂ ਨੇ 19 ਰਾਗਾਂ ਵਿਚ ਗੁਰਬਾਣੀ ਲਿਖੀ ਅਤੇ ਭਾਈ ਮਰਦਾਨਾ ਨੇ ਉਨ੍ਹਾਂ ਦੇ ਸਹਾਇਕ ਕੀਰਤਨੀਏ ਦੇ ਤੌਰ ਯੋਗਦਾਨ ਪਾਇਆ। ਭਾਈ ਮਰਦਾਨਾ ਨੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਰਾਗਾਂ ਅਨੁਸਾਰ ਹੀ ਸੁਰਤਾਲ ਵਿਚ ਰਬਾਬ ਵਜਾਕੇ ਸਾਥ ਦਿੱਤਾ। ਇਸਦਾ ਸਬੂਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸ਼ਬਦ ਤੋਂ ਹੁੰਦਾ ਹੈ ਜਦੋਂ ਉਹ ਕਹਿੰਦੇ ਹਨ ‘ਮਰਦਾਨਿਆਂ ਛੇੜ ਰਬਾਬ ਧੁਰ ਦੀ ਬਾਣੀ ਆਈ ਹੈ।’ ਪਹਿਲਾਂ ਰਬਾਬ ਅਮੀਰ ਲੋਕਾਂ ਦੇ ਮਨੋਰੰਜਨ ਲਈ ਆਯੋਜਤ ਸਮਾਗਮਾ ਵਿਚ ਵਜਾਈ ਜਾਂਦੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਬਾਬ ਨੂੰ ਸ਼ਰਾਬਖ਼ਾਨਿਆਂ ਵਿਚੋਂ ਕੱਢਕੇ ਧੁਰ ਕੀ ਬਾਣੀ ਨਾਲ ਜੋੜਿਆ ਸੀ। ਭਾਵੇਂ ਧਰੁਪਤ ਦੀ ਰਬਾਬ ਸਦੀਆਂ ਪਹਿਲੇ ਭਾਰਤ ਵਿਚ ਮੌਜੂਦ ਸੀ, ਜਿਸ ਦੀਆਂ 21 ਤਾਰਾਂ ਹੁੰਦੀਆਂ ਸਨ ਪ੍ਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਵਿਚ ਤਬਦੀਲੀ ਕਰਕੇ ਪਹਿਲਾਂ ਪੰਜ ਤਾਰਾਂ ਅਤੇ ਬਾਅਦ ਵਿਚ ਛੇ ਤਾਰਾਂ ਵਾਲੀ ਰਬਾਬ ਸੁਲਤਾਨਪੁਰ ਨੇੜੇ ਭੈਰੋਆਣੇ ਦੇ ਭਾਈ ਫਿਰੰਦੇ ਤੋਂ ਬਣਵਾਈ ਸੀ। ਭਾਈ ਮਰਦਾਨਾ 4 ਤਾਰਾਂ ਵਾਲੀ ਰਬਾਬ ਵਰਤਦੇ ਸਨ। ਅਜ ਕਲ੍ਹ 5 ਤਾਰਾਂ ਵਾਲੀ ਰਬਾਬ ਵਰਤੀ ਜਾਂਦੀ ਹੈ। ਇਹ ਰਬਾਬ ਭਗਤੀ ਤੇ ਸ਼ਕਤੀ ਦਾ ਸੁਮੇਲ ਸਾਬਤ ਹੋਈ ਹੈ। ਭਾਈ ਮਰਦਾਨੇ ਨੂੰ ਸੰਗੀਤ ਦੀ ਦੁਨੀਆਂ ਦਾ ਧਰੂ ਤਾਰਾ ਕਿਹਾ ਜਾ ਸਕਦਾ ਹੈ। ਉਸਦਾ ਨਾਮ ਦਾਨਾ ਸੀ ਪ੍ਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸਦੀ ਯੋਗਤਾ ਨੂੰ ਮੁੱਖ ਰਖਕੇ ਭਾਈ ਮਰਦਾਨੇ ਦਾ ਖਿਤਾਬ ਦਿੱਤਾ ਸੀ। ਭਾਈ ਮਰਦਾਨਾ ਤਿਆਗ ਦੀ ਮੂਰਤ ਸਨ। ਉਨ੍ਹਾਂ ਦਾ ਜੀਵਨ ਜਾਤ ਪਾਤ, ਧਰਮ ਅਤੇ ਊਚ ਨੀਚ ਦੀਆਂ ਭਾਵਨਾਵਾਂ ਤੋਂ ਕੋਹਾਂ ਦੂਰ ਸੀ। ਉਹ ਗੁਰੂ ਜੀ ਨਾਲ ਮੰਦਰਾਂ ਵਿਚ ਵੀ ਗਏ। ਮੱਕੇ ਵਿਖੇ ਜਦੋਂ ਗੁਰੂ ਜੀ ਕਾਅਬੇ ਵਲ ਪੈਰ ਕਰਕੇ ਪੈ ਗਏ ਤਾਂ ਮੁਸਲਮਾਨ ਹੋਣ ਦੇ ਬਾਵਜੂਦ ਕੋਈ ਇਤਰਾਜ਼ ਨਹੀਂ ਕੀਤਾ। ਉਹ ਸਬਰ ਸੰਤੋਖ ਵਾਲੇ ਇਕ ਵਿਲੱਖਣ ਇਨਸਾਨ ਦੇ ਰੂਪ ਵਿਚ ਗੁਰੂ ਜੀ ਨਾਲ ਵਿਚਰਦੇ ਰਹੇ। ਲੇਖਕ ਨੇ ਬਿਹਤਰੀਨ ਪੰਥਕ ਕੰਮ ਕੀਤਾ ਹੈ, ਜੋ ਇਤਿਹਾਸ ਦਾ ਹਿੱਸਾ ਬਣਕੇ ਸਿੱਖ ਸੰਗੀਤ ਦੀ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ ਸਾਬਤ ਹੋਵੇਗੀ। ਭਾਈ ਮਰਦਾਨਾ ਏਸ਼ੀਆ ਤੇ ਪੂਰਬੀ ਯੂਰਪ ਦੀਆਂ ਗੁਰੂ ਜੀ ਦੀਆਂ ਉਦਾਸੀਆਂ ਸਮੇਂ ਉਨ੍ਹਾਂ ਦੇ ਨਾਲ ਰਿਹਾ ਸੀ। ਲੇਖਕ ਅਨੁਸਾਰ 1945 ਤੱਕ ਸ੍ਰੀ ਹਰਿਮੰਦਰ ਸਾਹਿਬ ਵਿਚ 15 ਰਬਾਬੀ ਜਥੇ ਤੰਤੀ ਸ਼ਾਜਾਂ ਨਾਲ ਕੀਰਤਨ ਕਰਦੇ ਰਹੇ ਹਨ, ਜਿਨ੍ਹਾਂ ਵਿਚੋਂ 7 ਮੁਸਲਮਾਨ ਜਥੇ ਸਨ। ਭਾਈ ਮਰਦਾਨਾ ਗੁਰੂ ਜੀ ਦਾ ਪਹਿਲਾ ਸਰੋਤਾ ਅਤੇ ਗਾਇਕ ਵੀ ਸੀ। ਭਾਈ ਮਰਦਾਨੇ ਦਾ ਜਨਮ ਸੰਮਤ 1516 ਅਰਥਾਤ 1459 ਈਸਵੀ ਵਿਚ ਫਗਣ ਦੇ ਮਹੀਨੇ ਰਾਇ ਭੋਇ ਕੀ ਤਲਵੰਡੀ ਵਿਖੇ ਮਰਾਸੀ ਖ਼ਾਨਦਾਨ ਵਿਚ ਪਿਤਾ ਬਾਦਰਾ ਅਤੇ ਮਾਤਾ ਲਖੋ ਦੇ ਘਰ ਹੋਇਆ ਸੀ। ਉਨ੍ਹਾਂ ਦਾ ਵਿਆਹ ਅੱਲਾ ਰੱਖੀ ਨਾਲ ਹੋਇਆ। ਉਨ੍ਹਾਂ ਦੇ ਦੋ ਸਪੁਤਰ ਰਜ਼ਾਦਾ ਤੇ ਸ਼ਜ਼ਾਦਾ ਅਤੇ ਇਕ ਸਪੁੱਤਰੀ ਕਾਕੋ ਸਨ। ਉਨ੍ਹਾਂ ਦਾ ਸਪੁਤਰ ਸ਼ਜ਼ਾਦਾ ਗੁਰੂ ਅੰਗਦ ਦੇਵ ਜੀ ਦਾ ਹਜ਼ੂਰੀ ਰਾਗੀ ਰਿਹਾ ਅਤੇ ਸ਼ਜ਼ਾਦਾ ਦੇ ਦੋਵੇਂ ਸਪੁਤਰ ਭਾਈ ਬਨੂ ਜੀ ਅਤੇ ਭਾਈ ਸਾਲ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਹਜ਼ੂਰੀ ਰਾਗੀ ਸਨ। ਉਨ੍ਹਾਂ ਦੀ ਬੰਸਾਬਲੀ ਦੇ ਭਾਈ ਸਤਾ ਅਤੇ ਭਾਈ ਬਲਵੰਡ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਕੀਰਤਨ ਕਰਦੇ ਸਨ। ਉਨ੍ਹਾਂ ਦੋਹਾਂ ਦੀਆਂ ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 966-68 ਤੇ ਦਰਜ ਹਨ। ਲੇਖਕ ਨੇ ਸਾਰੇ ਰਬਾਬੀਆਂ ਬਾਰੇ ਵਿਆਖਿਆ ਨਾਲ ਲਿਖਿਆ ਹੈ ਪ੍ਰੰਤੂ ਮੈਂ ਸੰਖੇਪ ਵਿਚ ਜਾਣਕਾਰੀ ਦੇ ਰਿਹਾ ਹਾਂ। ਭਾਈ ਸੰਤ (ਸਈਅਦ) ਪ੍ਰਿਥੀਪਾਲ ਸਿੰਘ ਉਰਫ ਮੁਸ਼ਤਾਕ ਹੁਸੈਨ(1902-1969)-ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਪੜ੍ਹਿਆ ਅਤੇ ਆਪਣੇ ਪਿਤਾ ਦੇ ਵਿਰੋਧ ਦੇ ਬਾਵਜੂਦ ਪਿਤਾ ਤੋਂ ਬਗਾਵਤ ਕਰਕੇ ਆਪਣੇ ਪਰਿਵਾਰ ਨੂੰ ਲੈ ਕੇ ਲਾਹੌਰ ਜਾ ਕੇ 1935 ਵਿਚ ਗਿਆਨੀ ਅਛਰ ਸਿੰਘ ਤੋਂ ਅੰਮਿ੍ਤਪਾਨ ਕੀਤਾ ਅਤੇ ਪਿ੍ਥੀਪਾਲ ਸਿੰਘ ਬਣ ਗਏ। ਦੇਸ਼ ਦੀ ਵੰਡ ਤੋਂ ਬਾਅਦ ਪਹਿਲਾਂ ਪਟਿਆਲਾ ਅਤੇ ਫਿਰ ਲੰਡਨ ਜਾ ਕੇ ਵਸ ਗਏ। ਉਹ ਬਿਹਤਰੀਨ ਕਥਾ ਵਾਚਕ ਸਨ। ਤਾਜੂਦੀਨ ਨਕਾਸ਼ਬੰਦੀ– ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੱਕੇ ਮਦੀਨੇ ਦੀ ਯਾਤਰਾ ਬਾਰੇ ਅਤੇ ਉਨ੍ਹਾਂ ਦੇ ਰੂਹਾਨੀ ਜੀਵਨ ਸੰਬੰਧੀ ਪੁਸਤਕਾਂ ਲਿਖੀਆਂ। ਇਕ ਕਿਸਮ ਨਾਲ ਗੁਰੂ ਜੀ ਦੇ ਮੱਕੇ ਵਿਖੇ ਹੋਏ ਅਧਿਆਤਮਕ ਵਿਚਾਰ ਵਟਾਂਦਰਾ ਲਿਖਕੇ ਇਤਿਹਾਸ ਦਾ ਹਿੱਸਾ ਬਣਾਇਆ ਅਤੇ ਆਪ ਮੁਸਲਿਮ ਭਾਈਚਾਰੇ ਦੇ ਵਿਰੋਧ ਦੇ ਬਾਵਜ਼ੂਦ ਗੁਰੂ ਜੀ ਦੇ ਮੁਰੀਦ ਬਣ ਗਏ। ਉਨ੍ਹਾਂ ਨੂੰ ਰੂਹਾਨੀ ਲੇਖਕ ਕਿਹਾ ਜਾਂਦਾ ਹੈ। ਰਬਾਬੀ ਭਾਈ ਸਧਾਰਨ ਜੀ (1504-1598)-ਭਾਈ ਸਧਾਰਨ ਸ੍ਰੀ ਗੁਰੂ ਅੰਗਦ ਦੇਵ, ਸ੍ਰੀ ਗੁਰੂ ਅਮਰਦਾਸ, ਸ੍ਰੀ ਗੁਰੂ ਰਾਮਦਾਸ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਿਨ ਸੇਵਕ ਸਨ। ਉਹ ਇਕ ਚੰਗੇ ਲਿਖਾਰੀ, ਇਮਾਰਤ ਨਿਰਮਾਤਾ ਲੇਖਕ, ਮੂਰਤੀਕਾਰ, ਸ਼ਸਤਰਧਾਰੀ ਅਤੇ ਕੀਰਤਨੀਏ ਸਨ। ਰਬਾਬੀ ਭਾਈ ਬਾਬਕ ਜੀ-ਭਾਈ ਬਾਬਕ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਹਜ਼ੂਰੀ ਕੀਰਤਨੀਏ ਸਨ। ਉਹ ਲੜਾਈ ਦੇ ਮੈਦਾਨ ਵਿਚ ਚੰਗੇ ਯੋਧੇ ਸਨ। ਇਕ ਹੋਰ ਭਾਈ ਬਾਬਕ ਹੋਏ ਹਨ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਮੇਂ ਉਨ੍ਹਾਂ ਨਾਲ ਰਹੇ। ਰਬਾਬੀ ਭਾਈ ਚਾਂਦ ਜੀ– ਉਨ੍ਹਾਂ 1924 ਤੋਂ 1944 ਤੱਕ ਦਰਬਾਰ ਸਾਹਿਬ ਵਿਚ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ ਅਤੇ 500 ਪ੍ਰਮਾਣਾਂ ਨਾਲ ਕੀਰਤਨ ਕਰਨ ਦਾ ਮੁੱਢ ਬੰਨ੍ਹਿਆ ਜਿਸਨੂੰ ਅੱਜ ਕਲ੍ਹ ਅਖੰਡ ਕੀਰਤਨ ਕਿਹਾ ਜਾਂਦਾ ਹੈ। ਰਬਾਬੀ ਭਾਈ ਲਾਲ ਜੀ (ਆਸ਼ਿਕ ਅਲੀ) (1929- 2012)– ਭਾਈ ਲਾਲ ਜੀ ਪੁਰਾਤਨ ਪ੍ਰੰਪਰਾ ਅਨੁਸਾਰ ਤੰਤੀ ਸਾਜ਼ਾਂ ਨਾਲ ਕੀਰਤਨ ਕਰਦੇ ਸਨ। ਉਨ੍ਹਾਂ ਨੂੰ ਭਾਰਤ ਵਿਚ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਦੇਸ ਵਿਦੇਸ ਦੇ ਮਹੱਤਵਪੂਰਨ ਗੁਰੂ ਘਰਾਂ ਅਤੇ ਪੰਜ ਤਖ਼ਤਾਂ ਤੇ ਕੀਰਤਨ ਕਰਨ ਦਾ ਮਾਣ ਜਾਂਦਾ ਹੈ। ਭਾਈ ਸਤਾ ਤੇ ਬਲਵੰਡ ਜੀ-ਭਾਈ ਮਰਦਾਨਾ ਜੀ ਸਿੱਖ ਧਰਮ ਦੇ ਪਹਿਲੇ ਰਬਾਬੀ ਅਤੇ ਭਾਈ ਸਤਾ ਤੇ ਬਲਵੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਰਬਾਬੀ ਹੋਏ ਹਨ। ਉਹ ਦੋਵੇਂ ਸ੍ਰੀ ਗੁਰੂ ਅਰਜਨ ਦੇਵ ਦੇ ਸਮੇਂ ਹਜ਼ੂਰੀ ਰਾਗੀ ਸਨ। ਜੱਸਾ ਸਿੰਘ ਆਹਲੂਵਾਲੀਆ 1718-1783 -ਜਦੋਂ ਸਰਬਤ ਖਾਲਸਾ ਦੇ ਦੀਵਾਨ ਅਕਾਲ ਤਖ਼ਤ ਸਾਹਿਬ ਉਪਰ ਹੁੰਦੇ ਸਨ ਤਾਂ ਉਹ ਉਥੇ ਕੀਰਤਨ ਕਰਿਆ ਕਰਦੇ ਸਨ। ਜਦੋਂ ਹਿੰਦੂ ਕੁੜੀਆਂ ਨੂੰ ਧਾੜਵੀ ਲਿਜਾ ਰਹੇ ਸਨ ਤਾਂ ਹਮਲਾ ਕਰਕੇ ਉਨ੍ਹਾਂ ਵਾਪਸ ਲਿਆਂਦਾ ਸੀ। ਰਾਗੀ ਭਾਈ ਮਨਸਾ ਸਿੰਘ-(1750-1835) -ਭਾਈ ਮਨਸਾ ਸਿੰਘ ਸਬਰ ਸੰਤੋਖ ਵਾਲੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਨ ਜੋ ਕੀਰਤਨ ਕਰਨ ਦਾ ਇਵਜ਼ਾਨਾ ਨਹੀਂ ਲੈਂਦੇ ਸਨ। ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਤੋਂ ਵੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਭਾਈ ਸ਼ਾਮ ਸਿੰਘ-(1803-1926)-ਉਨ੍ਹਾਂ ਸਾਰੰਧੇ ਨਾਲ 78 ਸਾਲ ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ‘ਆਸਾ ਕੀ ਵਾਰ’ ਦਾ ਕੀਰਤਨ ਕੀਤਾ ਅਤੇ ਹਰ ਰੋਜ਼ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੋਦਰ ਰਹਿਰਾਸ ਦਾ ਪਾਠ ਕਰਦੇ ਸਨ। ਉਹ 123 ਸਾਲ ਦੀ ਉਮਰ ਭੋਗਕੇ 23 ਅਪ੍ਰੈਲ 1926 ਨੂੰ ਸਵਰਗ ਸਿਧਾਰ ਗਏ। ਰਾਗੀ ਭਾਈ ਹੀਰਾ ਸਿੰਘ (1879-1926) ਤੇ ਹਾਜ਼ੀ ਮੁਹੰਮਦ ਮਸਕੀਨ ਜੀ-ਭਾਈ ਹੀਰਾ ਸਿੰਘ ਬਹੁਤ ਹੀ ਸੁਰੀਲੀ ਆਵਾਜ਼ ਵਿਚ ਅਜਿਹਾ ਕੀਰਤਨ ਕਰਦੇ ਸਨ ਜਿਸ ਤੋਂ ਪ੍ਰਭਾਵਤ ਹੋ ਕੇ ਸਰੋਤੇ ਮੰਤਰ ਮੁਗਧ ਹੋ ਜਾਂਦੇ ਸਨ। ਉਨ੍ਹਾਂ ਦੇ ਰਾਗੀ ਜਥੇ ਨੇ ਦੇਸ ਦੇ ਮਹੱਤਵ ਪੂਰਨ ਗੁਰਧਾਮਾ ਵਿਚ ਕੀਰਤਨ ਕੀਤਾ। ਹਾਜ਼ੀ ਮਸਤਾਨ ਨੇ 45 ਹਜ਼ਾਰ ਵਾਲਾਂ ਵਾਲਾ ਚੌਰ ਬਣਾਕੇ ਹੀਰਾ ਸਿੰਘ ਨੂੰ ਦਰਬਾਰ ਸਾਹਿਬ ਵਿਚ ਭੇਂਟ ਕੀਤਾ ਜੋ ਅਜੇ ਵੀ ਤੋਸ਼ੇਖਾਨੇ ਵਿਚ ਪਿਆ ਹੈ। ਰਾਗੀ ਭਾਈ ਸੁਰਜਨ ਸਿੰਘ ਜੀ (1911-1965)– ਭਾਈ ਸੁਰਜਨ ਸਿੰਘ ਰਾਗਾਂ ਦੇ ਮਾਹਿਰ ਸਨ, ਜਿਨ੍ਹਾਂ 30 ਸਾਲ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਦੀ ਸੇਵਾ ਨਿਭਾਈ। ਉਹ ਜਨਮ ਤੋਂ ਹੀ ਸੂਰਮੇ ਸਨ। ਉਹ ਸਾਰੀ ਉਮਰ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਰਹੇ ਅਤੇ ਦਰਬਾਰ ਸਾਹਿਬ ਤੋਂ ਬਾਹਰ ਕਦੀ ਵੀ ਕੀਰਤਨ ਕਰਨ ਨਹੀਂ ਗਏ। ਰਾਗੀ ਭਾਈ ਸੰਤਾ ਸਿੰਘ (1904-1966)-ਭਾਈ ਸੰਤਾ ਸਿੰਘ ਦਰਬਾਰ ਸਾਹਿਬ ਵਿਚ ਰਾਗ ਆਸਾ ਅਤੇ ਬਸੰਤ ਵਿਚ ਕੀਰਤਨ ਕਰਨ ਦੇ ਮਹਿਰ ਸਨ। ਉਹ ਆਮ ਤੌਰ ਤੇ ਬੀਰ ਰਸ ਵਾਲਾ ਕੀਰਤਨ ਕਰਦੇ ਸਨ। ਆਪ ਨਨਕਾਣਾ ਸਾਹਿਬ ਅਤੇ ਦਿੱਲੀ ਕੀਰਤਨ ਕਰਦੇ ਰਹੇ ਹਨ। ਫਿਰ ਅਮਰੀਕਾ ਵਿਚ ਯੋਗੀ ਹਰਭਜਨ ਸਿੰਘ ਕੋਲ ਕੀਰਤਨ ਕਰਨ ਲਈ ਚਲੇ ਗਏ ਸਨ। ਰਾਗੀ ਭਾਈ ਸੁਮੰਦ ਸਿੰਘ ਜੀ (1900-1972) -ਭਾਈ ਸੁਮੰਦ ਸਿੰਘ ਨਨਕਾਣਾ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਖ਼ਰੀ ਮਹਾਨ ਰਾਗੀਆਂ ਵਿਚੋਂ ਇਕ ਸਨ। ਭਾਈ ਸਾਹਿਬ ਦੀਆਂ ਪੰਜ ਪੀੜ੍ਹੀਆਂ ਨਨਕਾਣਾ ਸਾਹਿਬ ਵਿਚ ਕੀਰਤਨ ਦੀ ਸੇਵਾ ਕਰਦੀਆਂ ਰਹੀਆਂ ਹਨ। ਉਹ 20 ਸਾਲ ਦੀ ਉਮਰ ਵਿਚ ਹੀ ਨਨਕਾਣਾ ਸਾਹਿਬ ਵਿਖੇ ਹਜ਼ੂਰੀ ਰਾਗੀ ਬਣ ਗਏ ਸਨ। ਭਾਈ ਤਾਬਾ ਜੀ (1855-1963)-ਭਾਈ ਤਾਬਾ ਜੀ ਹਜ਼ੂਰੀ ਰਬਾਬੀ ਸਨ। ਉਹ 30 ਸਾਲ ਦਰਬਾਰ ਸਾਹਿਬ ਵਿਚ ਕੀਰਤਨ ਕਰਦੇ ਰਹੇ। ਦੇਸ ਦੀ ਵੰਡ ਤੋਂ ਬਾਅਦ ਪਾਕਿਸਤਾਨ ਚਲੇ ਗਏ ਸਨ। ਰਾਗੀ ਭਾਈ ਗੋਪਾਲ ਸਿੰਘ ਜੀ (1914-1972)– ਭਾਈ ਗੋਪਾਲ ਸਿੰਘ ਚਾਰ ਸਾਲ ਦੀ ਉਮਰ ਵਿਚ ਹੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਥੋੜ੍ਹਾ ਸਮਾਂ ਬਾਅਦ ਉਹ ਯਤੀਮ ਹੋ ਗਏ। ਯਤੀਮਖਾਨੇ ਵਿਚ ਰਹਿੰਦਿਆਂ ਹੀ ਕਲਾਸੀਕਲ ਰਾਗਾਂ ਵਿਚ ਕੀਰਤਨ ਕਰਨਾ ਸਿਖਿਆ। ਦਿੱਲੀ ਦੀ ਸੰਗਤ ਦੀ ਮੰਗ ਤੇ ਉਹ ਦਿੱਲੀ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੇਵਾ ਨਿਭਾਉਂਦੇ ਰਹੇ। ਰਬਾਬੀ ਭਾਈ ਚੂਹੜ ਜੀ-ਰਬਾਬੀ ਚੂਹੜ ਜੀ ਦਾ ਜਨਮ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਬੋਦਲ ਵਿਚ ਹੋਇਆ ਸੀ। ਪਿੰਡ ਦਾ ਮਿਰਾਸੀ ਚੂਹੜ ਕੀਰਤਨ ਦਾ ਜੰਗਲ ਵਿਚ ਇਕਾਂਤ ਵਿਚ ਰਿਆਜ਼ ਕਰ ਰਿਹਾ ਸੀ। ਸ੍ਰੀ ਗੁਰੂ ਹਰਿਗੋਬਿੰਦ ਜੀ ਜੰਗਲ ਦੇ ਕੋਲੋਂ ਲੰਘ ਰਹੇ ਸਨ। ਜਦੋਂ ਉਨ੍ਹਾਂ ਮਧੁਰ ਆਵਾਜ਼ ਸੁਣੀ ਤਾਂ ਉਹ ਕਾਇਲ ਹੋ ਗਏ। ਉਨ੍ਹਾਂ ਆਪਣੇ ਰਬਾਬੀ ਬਾਬਕ ਕੋਲੋਂ ਰਬਾਬ ਲੈ ਕੇ ਚੂਹੜ ਨੂੰ ਦੇ ਦਿੱਤੀ ਅਤੇ ਕਿਹਾ ਕਿ ਇਸ ਨਾਲ ਰਿਆਜ਼ ਕਰਿਆ ਕਰ। ਇਸ ਪੁਸਤਕ ਦੇ 110 ਪੰਨੇ ਹਨ। ਇਸਨੂੰ ਰਬਾਬੀ ਭਾਈ ਮਰਦਾਨਾ ਫਾਊਂਡੇਸ਼ਨ ਇੰਕ ਨੇ ਪ੍ਰਕਾਸ਼ਤ ਕਰਵਾਇਆ ਹੈ। ਰੰਗਦਾਰ ਮੁੱਖ ਕਵਰ ਵਾਲੀ ਵਿਲੱਖਣ ਪੁਸਤਕ ਹੈ ਪ੍ਰੰਤੂ ਇਸ ਵਿਚ ਕਰਾਮਾਤਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਸਿੱਖ ਧਰਮ ਦੇ ਅਸੂਲਾਂ ਦੇ ਵਿਰੁਧ ਹੈ। ਇਹ ਪੁਸਤਕ sikhbookclub.com ਤੋਂ ਮੁਫ਼ਤ ਮੰਗਵਾਈ ਜਾ ਸਕਦੀ ਹੈ। |