12 April 2026

ਵਿਸਾਖੀ ਦੀਆਂ ਰੌਣਕਾਂ ~ ਪ੍ਰੋ. ਨਵ ਸੰਗੀਤ ਸਿੰਘ

ਹਰ ਪਾਸੇ ਲੱਗੀਆਂ ਨੇ ਰੌਣਕਾਂ ਵਿਸਾਖੀ ਦੀਆਂ,
ਲੋਕੀਂ ਚੱਲੇ ਮੇਲੇ ਵੱਲ ਹੋ ਕੇ ਨੇ ਤਿਆਰ ਜੀ।
ਕੋਈ ਕੋਈ ਚੱਲਿਆ ਹੈ ਭੈਣਾਂ ਤੇ ਭਰਾਵਾਂ ਨਾਲ,
ਕਿਸੇ ਕਿਸੇ ਨਾਲ ਹਨ ਉਹਦੇ ਬੇਲੀ ਯਾਰ ਜੀ।
ਕਣਕਾਂ ਨੇ ਪੱਕ ਗਈਆਂ ਹੋਇਆ ਹੈ ਸੁਨਹਿਰੀ ਰੰਗ,
ਵੇਖ ਵੇਖ ਜੱਟ ਨੂੰ ਹੈ ਚੜ੍ਹਦਾ ਖ਼ੁਮਾਰ ਜੀ।
ਘਰ ਵਿੱਚ ਦਾਣੇ ਆਉਣੇ ਖ਼ੁਸ਼ੀ ਏਸੇ ਗੱਲ ਦੀ ਹੈ,
ਤਾਹੀਓਂ ਖੇੜੇ ਵਿੱਚ ਖੀਵਾ ਦਿੱਸੇ ਪਰਿਵਾਰ ਜੀ।

ਸੋਲਾਂ ਸੌ ਨੜਿਨਵੇਂ ‘ਚ ਪਿਤਾ ਦਸ਼ਮੇਸ਼ ਜੀ ਨੇ,
ਸਿੱਖਾਂ ਨੂੰ ਬੁਲਾ ਕੇ ਫੇਰ ‘ਕੱਠ ਕੀਤਾ ਭਾਰੀ ਸੀ।
ਗੁਰੂ ਦੇ ਬੁਲਾਏ ਸਾਰੇ ਪਹੁੰਚੇ ਸੀ ਅਨੰਦਪੁਰ,
ਬੱਚੇ, ਬੁੱਢੇ ਆਏ ਨਾਲੇ ਹੋਰ ਨਰ-ਨਾਰੀ ਸੀ।
ਚੜ੍ਹ ਕੇ ਪਹਾੜੀ ਫਿਰ ਕੇਸਗੜ੍ਹ ਉੱਚੀ ਉੱਤੇ,
ਮੁੱਖ ਵਿੱਚੋਂ ਗੁਰੂ ਜੀ ਨੇ ਗੱਲ ਇਹ ਉਚਾਰੀ ਸੀ।
ਹੱਥ ਸ਼ਮਸ਼ੀਰ ਫੜ ਸੀਸ ਦੀ ਸੀ ਮੰਗ ਕੀਤੀ,
ਕੀਤਾ ਸੀ ਐਲਾਨ ਜਿਹੜੀ ਮਨ ਵਿੱਚ ਧਾਰੀ ਸੀ।

ਏਸੇ ਹੀ ਵਿਸਾਖੀ ਦਿਨ ਉੱਨੀ ਸੌ ਤੇ ਉੱਨੀ ਵਿੱਚ,
ਜੱਲਿਆਂ ਦੇ ਬਾਗ ਦਾ ਸੀ ਹੋਇਆ ਖੂਨੀ ਸਾਕਾ ਜੀ।
ਡਾਇਰ ਓਡਵਾਇਰ ਰਲ਼ ਚਾਲ ਇੱਕ ਖੇਡੀ ਐਸੀ,
ਘੇਰ ਲਿਆ ਬਾਗ ਵਾਲ਼ਾ ਸਾਰਾ ਹੀ ਇਲਾਕਾ ਜੀ।
ਮੰਗਦੇ ਆਜ਼ਾਦੀ ਹਿੰਦਵਾਸੀ ਜਿਹੜੇ ਸ਼ਾਂਤੀ ਨਾਲ,
ਹੱਕਾਂ ਉੱਤੇ ਵੱਜ ਗਿਆ ਭੈੜਾ ਕੇਹਾ ਡਾਕਾ ਜੀ।
ਮਾਰੇ ਗਏ ਸਾਰੇ ਕੁਝ ਖੂਹ ਵਿੱਚ ਡਿੱਗ ਮੋਏ,
ਇੱਕੋ ਇੱਕ ਗਲ਼ੀ ਉੱਤੇ ਲੱਗਿਆ ਸੀ ਨਾਕਾ ਜੀ।

ਸਿੱਖੀਏ ਸੁਨੇਹਾ ਅਸੀਂ ਸਾਰੇ ਮਿਲਜੁਲ ਕੇ ਤੇ,
ਜਾਣੀਏ ਵਿਸਾਖੀ ਦਾ ਕੀ ਅਸਲੀ ਉਦੇਸ਼ ਹੈ।
ਦੇਸ਼ ਉੱਤੇ ਭੀੜ ਬਣੇ ਏਕੇ ਵਿੱਚ ਰਲ਼ ਬਹੀਏ,
ਇਹੋ ਹੀ ਤਿਉਹਾਰਾਂ ਦਾ ਜੀ ਖਾਸ ਹੀ ਸੰਦੇਸ਼ ਹੈ।
ਘੁੰਮੀਏ ਤੇ ਸੈਰਾਂ ਭਾਵੇਂ ਕਰੀਏ ਦੁਰਾਡੇ ਦੀਆਂ,
ਮਨ ‘ਚ ਵਸਾਈਏ ਕਿ ਪੰਜਾਬ ਮੇਰਾ ਦੇਸ਼ ਹੈ।
‘ਜੀਓ ਅਤੇ ਜੀਣ ਦਿਓ’ ਨਾਅਰਾ ਸਦਾ ਯਾਦ ਰੱਖੋ,
ਦੁਖ ਸੁਖ ਵਿੱਚ ਸਾਂਝ ਰੱਖਣੀ ਹਮੇਸ਼ ਹੈ।
                    ****
# 1, ਲਤਾ ਗਰੀਨ ਐਨਕਲੇਵ,
ਪਟਿਆਲਾ-147002.
+91 9417692015

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1806
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002

ਪੰਜਾਬ, ਭਾਰਤ
ਫੋਨ:+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ 1, ਲਤਾ ਇਨਕਲੇਵ, ਪਟਿਆਲਾ-147002 ਪੰਜਾਬ, ਭਾਰਤ ਫੋਨ:+91 9417692015

View all posts by ਪ੍ਰੋ. ਨਵ ਸੰਗੀਤ ਸਿੰਘ →