ਰੀਵਿਊ ਅਧੀਨ ਪੁਸਤਕ (ਪਹਿਰੇਦਾਰੀ; ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ; ਪੰਨੇ 124; ਮੁੱਲ 250/-) ਏਸੇ ਸਾਲ (2025 ਵਿੱਚ) ਛਪੀ ਹੈ, ਜਿਸ ਵਿੱਚ ਕੁੱਲ 6 ਕਹਾਣੀਆਂ ਹਨ। ਲੰਮੇ ਆਕਾਰ ਦੀਆਂ ਇਹ ਕਹਾਣੀਆਂ 12 ਤੋਂ 26 ਪੰਨਿਆਂ ਤੱਕ ਫੈਲੀਆਂ ਹੋਈਆਂ ਹਨ। ਪਹਿਲੀ ਕਹਾਣੀ ‘ਆਖਰ’ ਦੀ ਚਿੰਤੀ ਨੇ ਜਵਾਨੀ ਵਿੱਚ ਪਤੀ ਦੀ ਮੌਤ ਪਿੱਛੋਂ ਸੰਘਰਸ਼ਮਈ ਜੀਵਨ ਬਿਤਾਇਆ ਅਤੇ ਆਪਣੇ ਤਿੰਨੇ ਨਿੱਕੇ ਪੁੱਤਰਾਂ (ਗਿਆਨ ਸਿੰਘ, ਦਿਲਜੀਤ ਸਿੰਘ, ਰਵਿੰਦਰ ਸਿੰਘ) ਨੂੰ ਪਾਲ- ਪੋਸ ਕੇ ਵੱਡਾ ਕੀਤਾ। ਵਿਆਹ ਹੋਣ ਤੱਕ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਨੂੰ ਇਕੱਠੇ ਰੱਖਿਆ। ਪਰ ਨੂੰਹਾਂ ਦੇ ਆਉਣ ਨਾਲ ਕਲੇਸ਼ ਰਹਿਣ ਲੱਗਿਆ ਤਾਂ ਘਰ ਦੀ ਵੰਡ ਵੰਡਾਈ ਕਰ ਦਿੱਤੀ। ਨਿੱਕੀ ਤੋਂ ਨਿੱਕੀ ਚੀਜ਼ ਦੇ ਹਿੱਸੇ ਕਰ ਦਿੱਤੇ ਗਏ। ਵਿਚਕਾਰਲੀ ਨੂੰਹ ਸਿਮਰ ਨੇ ਜਦੋਂ ਪਾਥੀਆਂ ਦੇ ਗਹੀਰੇ ਦੀ ਵੀ ਵੰਡ ਕਰਨ ਨੂੰ ਕਿਹਾ ਤਾਂ ਚਿੰਤੀ ਤੋਂ ਰਿਹਾ ਨਾ ਗਿਆ – “ਮੇਰੀ ਮਰੀ ਤੋਂ ਸਾਰੀਆਂ ਪਾਥੀਆਂ ਮੇਰੇ ਸਿਵੇ ਤੇ ਪਾ ਦਿਓ।” ਇਹ ਕਹਾਣੀ ਵਿਧਵਾ ਔਰਤ ਦੀ ਸੰਘਰਸ਼ਮਈ ਜ਼ਿੰਦਗੀ ਅਤੇ ਨੂੰਹਾਂ ਦੀ ਆਪਸੀ ਤੂੰ-ਤੂੰ ਮੈਂ-ਮੈਂ ਦਾ ਖੁੱਲ੍ਹ ਕੇ ਚਿਤਰਣ ਕਰਦੀ ਹੈ। ‘ਅਡੋਲ’ ਦੀ ਰੂਪੀ ਨੇ ਵਿਧਵਾ ਭੂਆ ਦੇ ਪਸੰਦ ਕੀਤੇ ਮੁੰਡੇ ਨਾਲ ਵਿਆਹ ਕਰਵਾਉਣ ਤੋਂ ਇਸਲਈ ਇਨਕਾਰ ਕਰ ਦਿੱਤਾ ਕਿ ਉਹ ਤਾਂ ਕਿਸੇ ਵਿਦੇਸ਼ੀ ਮੁੰਡੇ ਨਾਲ ਵਿਆਹ ਕਰਵਾਏਗੀ। ਰੂਪੀ ਦਾ ਛੋਟਾ ਭਰਾ ਜੋਗਾ ਨਸ਼ੇ ਕਰਦਾ ਸੀ। ਰੂਪੀ ਨੇ ਕੈਨੇਡਾ ਰਹਿੰਦੇ ਮਹਿੰਦਰ ਉਰਫ਼ ਮੈਂਡੀ ਨਾਲ ਵਿਆਹ ਕਰਵਾ ਲਿਆ ਜੋ ਸ਼ਕਲੋਂ ਸੂਰਤੋਂ ਕਿਸੇ ਵੀ ਤਰ੍ਹਾਂ ਉਹਦੇ ਹਾਣ ਦਾ ਨਹੀਂ ਸੀ। ਰੂਪੀ ਨੇ ਇਹ ਵਿਆਹ ਇਸਲਈ ਕਰਵਾਇਆ ਤਾਂ ਕਿ ਉਹ ਕੈਨੇਡਾ ਜਾ ਕੇ ਆਪਣੇ ਮਾਂ ਪਿਓ ਤੇ ਭਰਾ ਜੋਗੇ ਨੂੰ ਕੈਨੇਡਾ ਸੱਦ ਲਵੇਗੀ ਤੇ ਫ਼ਾਰਨ ਰਿਟਰੰਡ ਜੋਗੇ ਲਈ ਇੰਡੀਆ ਦੀ ਕੁੜੀ ਨਾਲ ਵਿਆਹ ਕਰਵਾਉਣਾ ਮੁਸ਼ਕਿਲ ਨਹੀਂ ਹੋਵੇਗਾ। ਰੂਪੀ ਨੇ ਪਿਓ ਦੀ ਪੀੜ੍ਹੀ ਨੂੰ ਅੱਗੇ ਤੋਰਨ ਲਈ ਆਪਣੀ ਕੁਰਬਾਨੀ ਦੇ ਦਿੱਤੀ। ‘ਮੇਰਾ ਯਕੀਨ ਕਰੋ…’ ਜਗੀਰ ਤੇ ਸ਼ੇਰੇ ਨਾਂ ਦੇ ਦੋ ਭਰਾਵਾਂ ਦੀ ਕਹਾਣੀ ਹੈ। ਵੱਡਾ ਜਗੀਰ ਬਰਮਿੰਘਮ ਰਹਿੰਦਾ ਹੈ ਤੇ ਛੋਟਾ ਸ਼ੇਰਾ ਪਿੰਡ ਖੇਤੀ ਕਰਦਾ ਹੈ। ਦੋਵੇਂ ਵਿਆਹੇ ਹੋਏ ਹਨ ਤੇ ਦੋਹਾਂ ਦੇ ਇੱਕ ਇੱਕ ਮੁੰਡਾ ਤੇ ਇੱਕ ਇੱਕ ਧੀ ਹੈ। ਜਗੀਰ ਨੇ ਸ਼ੇਰੇ ਤੋਂ ਕਦੇ ਖੇਤੀ ਦਾ ਹਿਸਾਬ ਕਿਤਾਬ ਨਹੀਂ ਸੀ ਲਿਆ ਸਗੋਂ ਉਹਨੂੰ ਵਲੈਤ ਤੋਂ ਪੈਸੇ ਵੀ ਭੇਜਦਾ। ਜਗੀਰ ਦੀ ਪਤਨੀ ਜਿੰਦਰੋ ਅਤੇ ਬੇਟਾ ਜੱਗੀ ਜਗੀਰ ਨੂੰ ਜ਼ਮੀਨ ਦਾ ਹਿਸਾਬ ਲੈਣ ਲਈ ਕਹਿਣ ਲੱਗੇ। ਜੱਗੀ ਨੇ ਤਾਂ ਆਪਣੇ ਹਿੱਸੇ ਦੀ ਜ਼ਮੀਨ ਵੇਚਣ ਦੀ ਗੱਲ ਵੀ ਕਹਿ ਦਿੱਤੀ ਤਾਂ ਘਰ ਵਿੱਚ ਕਲੇਸ਼ ਰਹਿਣ ਲੱਗਾ। ਜਗੀਰ ਨੂੰ ਪੈਰਾਲਾਇਸਸ ਹੋ ਗਿਆ ਤੇ ਉਹਦਾ ਖੱਬਾ ਪਾਸਾ ਮਾਰਿਆ ਗਿਆ। ਕਿਸਾਨ ਮੋਰਚੇ ਵਿੱਚ ਸ਼ੇਰਾ ਰਾਸ਼ਨ ਦੀ ਟਰਾਲੀ ਲੈ ਕੇ ਜਾ ਰਿਹਾ ਸੀ ਤਾਂ ਉਹਦਾ ਐਕਸੀਡੈਂਟ ਹੋ ਗਿਆ ਤੇ ਉਹਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਇਸ ਹਾਲਤ ਵਿੱਚ ਜੱਗੀ ਨੇ ਇੰਡੀਆ ਜਾ ਕੇ ਚਾਚੇ ਦਾ ਪਤਾ ਲਿਆਉਣ ਦੀ ਗੱਲ ਕੀਤੀ ਤਾਂ ਸਾਰਿਆਂ ਦੇ ਚਿਹਰੇ ਤੇ ਹੈਰਾਨੀ ਭਰੀ ਖੁਸ਼ੀ ਆ ਗਈ। ‘ਪਹਿਰੇਦਾਰੀ’ ਵਿੱਚ ਸਰਦਾਰਨੀ ਇੰਦਰਜੀਤ ਕੌਰ ਆਪਣੇ ਪਤੀ ਸਰਦਾਰ ਜਰਨੈਲ ਸਿੰਘ ਅਤੇ ਧੀ ਰੋਜ਼ੀ ਨਾਲ ਰਿਸ਼ਤੇਦਾਰੀ ਦੇ ਵਿਆਹ ਸਮਾਗਮ ਤੇ ਦੂਜੇ ਸ਼ਹਿਰ ਗਈ ਤਾਂ ਉਹਨੇ ਘਰ ਦੀ ਜ਼ਿੰਮੇਵਾਰੀ ਕੰਮ ਕਰਨ ਵਾਲੀ ਮੀਤੋ ਨੂੰ ਸੌਂਪ ਦਿੱਤੀ। ਸਰਦਾਰਨੀ ਨਾਲ ਉਹਦਾ ਬੇਟਾ ਸੈਂਡੀ ਨਹੀਂ ਗਿਆ, ਜੋ ਕਾਲਜ ਵਿੱਚ ਪੜ੍ਹਦਾ ਸੀ। ਉਹ ਕਾਲਜ ਤੋਂ ਆਪਣੀ ਗਰਲ ਫ਼ਰੈਂਡ ਨੂੰ ਘਰ ਲਿਆ ਕੇ ਉਸ ਨਾਲ ਚੁਹਲਬਾਜ਼ੀ ਕਰਦਾ ਹੈ ਤੇ ਮੀਤੋ ਨੂੰ ਇਸ ਬਾਰੇ ਕਿਸੇ ਨੂੰ ਨਾ ਦੱਸਣ ਦਾ ਪ੍ਰਣ ਵੀ ਲੈਂਦਾ ਹੈ। ਕਹਾਣੀ ਦੀ ਫਲੈਸ਼ਬੈਕ ਵਿੱਚ ਮੀਤੋ ਦੇ ਬਚਪਨ ਤੇ ਜਵਾਨੀ ਵੇਲੇ ਦੀਆਂ ਗੱਲਾਂ ਹਨ। ਸੈਂਡੀ ਤੇ ਉਹਦੀ ਗਰਲਫਰੈਂਡ ਦੇ ਕਮਰੇ ਵਿੱਚ ਇਕੱਲਿਆਂ ਹੋਣ ਤੇ ਮੀਤੋ ਦੇ ਮਨ ਵਿੱਚ ਆਇਆ ਕਿ ਚੋਰ-ਉਚੱਕਿਆਂ ਤੋਂ ਤਾਂ ਉਹ ਘਰ ਦੀ ਪਹਿਰੇਦਾਰੀ ਕਰ ਸਕਦੀ ਹੈ ਪਰ ਚੋਰੀ ਵਰਗੇ ਕੰਮ ਕਰਦੇ ਘਰ ਦੇ ਮੈਂਬਰਾਂ ਤੋਂ ਪਹਿਰੇਦਾਰੀ ਕਿਵੇਂ ਕਰੇ? ‘ਪੁੱਛਗਿੱਛ’ ਵਿੱਚ ਕੈਨੇਡਾ ਦੀ ਪੀਆਰ ਕੋਮਲ ਦੇ ਵਿਆਹ ਬਾਰੇ ਉਹਦੀ ਮਾਂ ਮਨਜੀਤ ਚੰਗੇ ਰਿਸ਼ਤੇ ਲਈ ਪੂਰੀ ਘੋਖ ਕੇ ਪੁੱਛਗਿੱਛ ਕਰਦੀ ਹੈ ਤੇ ਜਦੋਂ ਉਹਨੂੰ ਮੁੰਡੇ ਬਾਰੇ ਪੂਰੀ ਤਸੱਲੀ ਹੋ ਗਈ ਤਾਂ ਉਹਨੇ ਆਪਣੀ ਧੀ ਨਾਲ ਇਸ ਬਾਰੇ ਗੱਲ ਕੀਤੀ। ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਕੋਮਲ ਨੇ ਮਾਂ ਦੇ ਪਸੰਦ ਕੀਤੇ ਮੁੰਡੇ ਨਾਲ ਵਿਆਹ ਕਰਨ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਕਿਉਂਕਿ ਉਹ ਆਪਣੇ ਰੂਮਮੇਟ ਹਰਿੰਦਰ ਵਿਰਕ ਨਾਲ ਵਿਆਹ ਕਰਨ ਦਾ ਇਰਾਦਾ ਕਰ ਚੁੱਕੀ ਸੀ। ‘ਵੱਡੇ ਭਾਈ’ ਨੀਵੀਂ ਜ਼ਾਤ ਦੇ ਕੇਹਰੂ ਰਾਮ ਦੀ ਗਾਥਾ ਹੈ, ਜੀਹਨੂੰ ਕਹਾਣੀ ਦਾ ਮੁੱਖ ਪਾਤਰ ਦੀਪ ਸਿੰਘ ਵੱਡਾ ਭਰਾ ਮੰਨਦਾ ਹੈ ਤੇ ਉਸਨੂੰ ਵੱਡੇ ਭਾਈ ਕਹਿ ਕੇ ਸੰਬੋਧਨ ਕਰਦਾ ਹੈ। ਕਹਾਣੀ ਕੇਹਰੂ ਦੀ ਮੌਤ ਤੋਂ ਸ਼ੁਰੂ ਹੁੰਦੀ ਹੈ ਤੇ ਉਹਦੀਆਂ ਅੰਤਮ ਰਸਮਾਂ ਤੇ ਖਤਮ ਹੁੰਦੀ ਹੈ। ਮੀਂਹ ਪੈਣ ਨਾਲ ਦਲਿਤਾਂ ਦੇ ਸ਼ਮਸ਼ਾਨ ਘਾਟ ਵਿੱਚ ਪਾਣੀ ਭਰ ਗਿਆ ਤੇ ਉੱਚੀ ਜ਼ਾਤ ਵਾਲਿਆਂ ਨੇ ਆਪਣੇ ਸਿਵਿਆਂ ‘ਚ ਉਹਦਾ ਸਸਕਾਰ ਕਰਨ ਦੀ ਆਗਿਆ ਨਾ ਦਿੱਤੀ। ਦੀਪ ਸਿੰਘ ਨੇ ਆਪਣੇ ਖੂਹ ਦੇ ਸ਼ੈੱਡ ਹੇਠਾਂ ਉਹਦਾ ਸਸਕਾਰ ਕਰਨ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪਾਤਰ ਪ੍ਰਧਾਨ ਇਸ ਕਥਾ ਵਿੱਚ ਕੇਹਰੂ ਦਾ ਵਧੀਆ ਪਾਤਰ ਚਿੱਤਰਣ ਕੀਤਾ ਗਿਆ ਹੈ, ਜਿਸ ਵਿੱਚ ਜ਼ਾਤਪਾਤ ਦੇ ਨਾਂ ਤੇ ਕੀਤੀ ਜਾਂਦੀ ਰਾਜਨੀਤੀ ਦਾ ਪਾਜ ਉਧੇੜਿਆ ਗਿਆ ਹੈ। ਫਲੈਸ਼ਬੈਕ ਵਿੱਚ ਕੇਹਰੂ ਦੀ ਸੰਘਰਸ਼ਮਈ ਜ਼ਿੰਦਗੀ ਨੂੰ ਪੇਸ਼ ਕੀਤਾ ਗਿਆ ਹੈ। ਕਹਾਣੀਕਾਰ ਨੇ ਪਾਤਰਾਂ ਦੀ ਮਨੋਸਥਿਤੀ/ਪੱਧਰ ਨੂੰ ਵੇਖ ਕੇ ਉਨ੍ਹਾਂ ਦੇ ਮੂੰਹੋਂ ਵਾਰਤਾਲਾਪ ਬੁਲਵਾਏ ਹਨ। ਯਾਨੀ ਜੇ ਪਾਤਰ ਪੇਂਡੂ ਤੇ ਅਨਪੜ੍ਹ ਹਨ ਤਾਂ ਉਹੋ ਜਿਹੀ ਬੋਲੀ ਅਤੇ ਜੇ ਪਾਤਰ ਪੜ੍ਹੇ ਲਿਖੇ/ਸ਼ਹਿਰੀ ਹਨ ਤਾਂ ਬੋਲੀ ਵਿੱਚ ਅੰਗਰੇਜ਼ੀ ਦੇ ਸ਼ਬਦ/ਵਾਕ/ਵਾਕੰਸ਼ ਆਦਿ। ਕਹਾਣੀਆਂ ਵਿਚਲੇ ਨਿੱਕੇ ਨਿੱਕੇ ਵਾਕ ਤੇ ਵਾਕੰਸ਼ ਲੇਖਕ ਦੀ ਮੁਹਾਵਰੇਦਾਰ ਸ਼ਬਦਾਵਲੀ ਦੇ ਅਕੱਟ ਗਵਾਹ ਹਨ। ਅਜਿਹੀਆਂ ਅੰਸ਼ ਕਹਾਣੀ ਨੂੰ ਰਵਾਨਗੀ ਪ੍ਰਦਾਨ ਕਰਦੇ ਹਨ ਤੇ ਮਾਹੌਲ ਦੀ ਤੀਬਰਤਾ ਵਿੱਚ ਵਾਧਾ ਕਰਦੇ ਹਨ। ਪਾਤਰ ਦੀ ਮਨੋਦਸ਼ਾ ਨੂੰ ਸਹਿਵਨ ਹੀ ਚਿੱਤਰ ਵਾਂਗ ਰੇਖਾਂਕਿਤ ਕਰਦੇ ਹਨ ਅਜਿਹੇ ਵਾਕ। ਮਿਸਾਲ ਵਜੋਂ : * ਪੈਰੀਂ ਅੱਗ ਮੱਚੀ। ਹਨੇਰਾ ਚੀਰਿਆ। ਚਾਨਣ ਦੀ ਚਿਣਗ ਤਲੀ ਤੇ ਧਰੀ। ਸੋਗ ਦੀ ਚਾਦਰ ਨੂੰ ਮਿੱਧਿਆ। ਦਲੇਰੀ ਦਾ ਲਿਬਾਸ ਪਹਿਨ ਚੜ੍ਹਦੀ ਸਵੇਰ ਸੂਰਜ ਦੀਆਂ ਅੱਖਾਂ ਵਿੱਚ ਅੱਖਾਂ ਪਾ ਲਈਆਂ। … ਲੱਕ ਬੰਨ੍ਹਿਆ। ਮੜਾਸਾ ਮਾਰਿਆ। ਕਹੀ ਮੋਢੇ ਤੇ ਰੱਖ, ਖੇਤਾਂ ‘ਚ ਵਰੋਲੇ ਵਾਂਗ ਘੁੰਮ ਗਈ। (17) ਰਘਬੀਰ ਸਿੰਘ ਮਾਨ ਦਾ ਕਹਾਣੀ ਸੰਗ੍ਰਹਿ ‘ਪਹਿਰੇਦਾਰੀ’ ਅਸਲ ਵਿੱਚ ਪਰਿਸਥਿਤੀਆਂ ਨਾਲ ਜੂਝਦੇ ਲੋਕਾਂ ਦੀ ਦਾਸਤਾਨ ਹੈ। ਪੰਜਾਬੀ ਸਾਹਿਤ ਵਿੱਚ ਇਸ ਕਥਾ ਸੰਗ੍ਰਹਿ ਦਾ ਸਵਾਗਤ ਹੈ। # 1, ਲਤਾ ਗਰੀਨ ਐਨਕਲੇਵ, ਪਟਿਆਲਾ-147002 |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015