![]() ਬਰਾਨੀਕੋਵ ਦਾ ਜਨਮ 21 ਮਾਰਚ 1890 ਨੂੰ ਰੂਸ ਦੇ ਉਕਰੇਨ ਵਿਚ ਇਕ ਛੋਟੇ ਜਿਹੇ ਕਸਬੇ ਜੋਲੋਤੋਨੋਸ਼ਾ ਵਿਖੇ ਇਕ ਮਜ਼ਦੂਰ ਪਰਿਵਾਰ ਦੇ ਘਰ ਹੋਇਆ। ਆਰਥਿਕ ਕਠਿਨਾਈ ਅਤੇ ਕਮੀਆਂ ਨਾਲ ਜੂਝਦਿਆਂ ਉਹ ਲਗਾਤਾਰ ਅੱਗੇ ਵਧਦਾ ਰਿਹਾ ਅਤੇ ਆਖਰਕਾਰ ਕੀਏਵ ਯੂਨੀਵਰਸਿਟੀ ਤੋਂ ਇਤਿਹਾਸ ਅਤੇ ਭਾਸ਼ਾ ਵਿਗਿਆਨ ਵਿੱਚ ਗਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕਰਨ ਵਿੱਚ ਸਫ਼ਲ ਹੋਇਆ।
ਯੂਨੀਵਰਸਿਟੀ ਵਿਚ ਅਧਿਐਨ ਕਰਦੇ ਸਮੇਂ ਉਸ ਨੇ ਆਪਣੇ ਆਪ ਹੀ ਭਾਰਤੀ ਭਾਸ਼ਾ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਵੇਲੇ ਉਕਰੇਨ ਵਿੱਚ ਪ੍ਰਾਚੀਨ ਭਾਸ਼ਾਵਾਂ ਅਤੇ ਸੰਸਕ੍ਰਿਤੀਆਂ ਦੇ ਅਧਿਐਨ ਦਾ ਸਿਲਸਿਲਾ ਅਜੇ ਸ਼ੁਰੂ ਹੀ ਹੋਇਆ ਸੀ। ਉਸ ਤੋਂ ਉਹ ਬਹੁਤ ਪ੍ਰਭਾਵਿਤ ਅਤੇ ਪ੍ਰੇਰਿਤ ਹੋਇਆ। ਉਸ ਨੂੰ ਦੂਜੀ ਪ੍ਰੇਰਨਾ ਜਿਪਸੀਆਂ ਤੋਂ ਮਿਲੀ। ਇਸੇ ਸਮੇਂ ਉਹ ਜਿਪਸੀਆਂ ਦੇ ਸੰਪਰਕ ਵਿੱਚ ਆਇਆ। ਜਿਪਸੀ ਸੈਂਕੜੇ ਸਾਲ ਪਹਿਲਾਂ ਭਾਰਤ ਵਿਚ ਗਏ ਘੁਮੱਕੜ ਵਣਜਾਰਿਆਂ ਦੀ ਉਹ ਜਾਤੀ ਹੈ, ਜੋ ਅੱਜ ਸਾਰੇ ਯੂਰਪ ਵਿੱਚ ਫੈਲੀ ਹੋਈ ਹੈ। ਉਹ ਜਿਪਸੀਆਂ ਤੋਂ ਇੰਨਾ ਪ੍ਰਭਾਵਤ ਸੀ ਕਿ ਇਕ ਜਿਪਸੀ ਕਬੀਲੇ ਨਾਲ ਕਾਫ਼ੀ ਲੰਮਾ ਸਮਾਂ ਉਹ ਘੁੰਮਦਾ-ਫਿਰਦਾ ਰਿਹਾ। ਉਸ ਨਾਲ ਰਹਿ ਕੇ ਉਹਨੇ ਉਨ੍ਹਾਂ ਦੀ ਭਾਸ਼ਾ, ਰੀਤੀ-ਰਿਵਾਜ ਅਤੇ ਰਹਿਣ-ਸਹਿਣ ਦਾ ਅਧਿਐਨ ਕੀਤਾ। ਉਸ ਨੇ ਇਸ ਅਧਿਐਨ ਦੇ ਆਧਾਰ ਤੇ ਉਕਰੇਨੀ ਭਾਸ਼ਾ ਵਿਚ “ਉਕਰੇਨ ਦੇ ਜਿਪਸੀ” ਪੁਸਤਕ ਦੀ ਰਚਨਾ ਕੀਤੀ ਅਤੇ ਫਿਰ ਰੂਸੀ ਭਾਸ਼ਾ ਵਿੱਚ “ਸੋਵੀਅਤ ਸੰਘ ਦੇ ਜਿਪਸੀ” ਰਚਨਾ ਲਿਖੀ। ਇਨ੍ਹਾਂ ਰਚਨਾਵਾਂ ਵਿਚ ਉਸ ਨੇ ਭਾਰਤੀਆਂ ਨਾਲ ਜਿਪਸੀਆਂ ਦੇ ਇਤਿਹਾਸਕ ਅਤੇ ਸੰਸਕ੍ਰਿਤਿਕ ਸੰਬੰਧਾਂ ਉੱਤੇ ਅਤੇ ਜਿਪਸੀ ਭਾਸ਼ਾ ਅਤੇ ਆਧੁਨਿਕ ਭਾਰਤੀ ਭਾਸ਼ਾਵਾਂ ਵਿੱਚ ਸਬੰਧਾਂ ਤੇ ਰੌਸ਼ਨੀ ਪਾਈ ਹੈ।
ਉਸ ਨੇ ਸਮਾਰਾ ਅਤੇ ਸਾਰਾਤੋਵ ਵਿਖੇ ਅਧਿਆਪਨ ਦਾ ਕਾਰਜ ਕੀਤਾ ਅਤੇ ਓਲਦੇਨਬਰਗ ਤੇ ਸ਼ਚੇਰਬਾਤਸਕੀ ਵਰਗੇ ਪ੍ਰਸਿੱਧ ਵਿਦਵਾਨਾਂ ਨਾਲ ਕਈ ਵਰ੍ਹੇ ਇਕੱਠਿਆਂ ਕੰਮ ਕੀਤਾ। ਇਹ ਦੋਵੇਂ ਵਿਦਵਾਨ ਸੰਸਕ੍ਰਿਤ ਦੇ ਮਾਹਿਰ ਅਤੇ ਪ੍ਰਾਚੀਨ ਭਾਰਤੀ ਸੰਸਕ੍ਰਿਤੀ ਦੇ ਜਾਣਕਾਰ ਸਨ। ਇਨ੍ਹਾਂ ਨਾਲ ਰਹਿ ਕੇ ਉਸ ਨੇ ਭਾਰਤ ਦੇ ਪ੍ਰਾਚੀਨ ਇਤਿਹਾਸ ਦਾ ਅਧਿਐਨ ਅਤੇ ਸ਼ੋਧ-ਕਾਰਜ ਕੀਤਾ। ਅੱਗੇ ਚੱਲ ਕੇ ਉਹ ਲੈਨਿਨਗ੍ਰਾਦ ਯੂਨੀਵਰਸਿਟੀ ਦੇ ਪ੍ਰਾਚੀਨ ਵਿੱਦਿਆ ਵਿਭਾਗ ਦਾ ਮੁਖੀ ਬਣਿਆ, ਜਿੱਥੇ ਉਸ ਨੇ ਹਿੰਦੀ, ਉਰਦੂ ਅਤੇ ਮਰਾਠੀ ਭਾਸ਼ਾ ਪੜ੍ਹਾਉਣ ਦਾ ਕਾਰਜ ਕੀਤਾ ਤੇ ਅਨੇਕ ਪ੍ਰਤਿਭਾਸ਼ਾਲੀ ਵਿਦਿਆਰਥੀ ਤਿਆਰ ਕੀਤੇ, ਜਿਨ੍ਹਾਂ ਨੇ ਉਸ ਤੋਂ ਬਾਅਦ ਉਸ ਦੇ ਕੰਮਾਂ ਨੂੰ ਹੀ ਅੱਗੇ ਵਧਾਇਆ। ਬਰਾਨੀਕੋਵ ਤੋਂ ਪਿੱਛੋਂ ਭਾਰਤ-ਵਿੱਦਿਆ ਤੇ ਜੋ ਅਨੇਕ ਮੌਲਿਕ ਰਚਨਾਵਾਂ ਪ੍ਰਕਾਸ਼ਿਤ ਹੋਈਆਂ, ਉਨ੍ਹਾਂ ਦੀ ਯੋਜਨਾ ਉਸ ਨੇ ਹੀ ਬਣਾਈ ਸੀ। ਇਨ੍ਹਾਂ ਵਿੱਚ ਹਿੰਦੀ-ਰੂਸੀ ਸ਼ਬਦਕੋਸ਼ ਬਣਾਉਣ ਦੀ ਯੋਜਨਾ ਸਭ ਤੋਂ ਵਧੇਰੇ ਮਹੱਤਵਪੂਰਨ ਹੈ, ਜੋ ਸੰਨ 1953 ਵਿਚ ਪ੍ਰਕਾਸ਼ਿਤ ਹੋਇਆ।
ਉਸ ਨੇ ਭਾਰਤ-ਸੋਵੀਅਤ ਸਾਹਿਤਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ ਅਤੇ ਭਾਰਤੀ ਲੇਖਕਾਂ ਨੂੰ ਰੂਸੀ ਤੇ ਸੋਵੀਅਤ ਸਾਹਿਤ ਦਾ ਅਨੁਵਾਦ ਕਰਨ ਅਤੇ ਭਾਰਤ ਵਿੱਚ ਉਸ ਨੂੰ ਲੋਕਪ੍ਰਿਅ ਬਣਾਉਣ ਲਈ ਪ੍ਰੇਰਿਤ ਕੀਤਾ।
ਬਰਾਨੀਕੋਵ ਦੀ ਮੁੱਖ ਰਚਨਾ ਤੁਲਸੀ ਦਾਸ ਰਚਿਤ ‘ਰਾਮਚਰਿਤ ਮਾਨਸ’ ਦਾ ਕਾਵਿ- ਅਨੁਵਾਦ ਹੈ। ਇਹ ਰਚਨਾ ਲਗਪਗ ਹਜ਼ਾਰ ਪੰਨਿਆਂ ਦੀ ਕਾਵਿ-ਅਨੁਵਾਦ ਹੋਣ ਕਰਕੇ ਇਕ ਮੌਲਿਕ ਰਚਨਾ ਹੈ। ਇਹ ਰਚਨਾ ਸੋਵੀਅਤ ਭਾਰਤ- ਵਿੱਦਿਆ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਕੜੀ ਦੇ ਰੂਪ ਵਿੱਚ ਵੇਖੀ ਜਾ ਸਕਦੀ ਹੈ। ਇਸ ਤੇ ਉਸ ਨੂੰ ‘ਲੈਨਿਨ ਸਨਮਾਨ’ ਪ੍ਰਦਾਨ ਕੀਤਾ ਗਿਆ। ਅਲਾਹਾਬਾਦ ਦੀ ਨਾਗਰੀ ਪ੍ਰਚਾਰਿਣੀ ਸਭਾ ਨੇ ਉਸ ਨੂੰ ਆਪਣਾ ਸਨਮਾਨਿਤ ਮੈਂਬਰ ਨਾਮਜ਼ਦ ਕੀਤਾ। ਉਸ ਦੀ ਬਹੁਤ ਇੱਛਾ ਸੀ ਕਿ ਉਹ ਭਾਰਤ ਆਏ, ਪਰ ਉਹ ਕਦੇ ਭਾਰਤ ਨਹੀਂ ਆ ਸਕਿਆ।
ਰਮਾਇਣ ਤੋਂ ਇਲਾਵਾ ਉਸ ਨੇ ਕ੍ਰਿਸ਼ਨ-ਕਥਾ ਤੇ ਵੀ ਕਾਰਜ ਕੀਤਾ। ਉਸ ਨੇ ਨਵੇਂ ਹਿੰਦੀ ਸਾਹਿਤ ਦੇ ਸੰਸਥਾਪਕ ਲੱਲੂਲਾਲ ਵੱਲੋਂ ਭਾਗਵਤ ਪੁਰਾਣ ਦੇ ਆਧਾਰ ਤੇ ਲਿਖੇ ਗਏ ‘ਪ੍ਰੇਮ ਸਾਗਰ’ ਦਾ ਰੂਸੀ ਵਿੱਚ ਅਨੁਵਾਦ ਕੀਤਾ ਅਤੇ ਉਸ ਉੱਤੇ ਟਿੱਪਣੀ ਲਿਖੀ।
ਬਰਾਨੀਕੋਵ ਦਾ ਦਿਹਾਂਤ 62 ਸਾਲ ਦੀ ਉਮਰ ਵਿੱਚ 5 ਸਤੰਬਰ 1952 ਨੂੰ ਹੋਇਆ। ਉਸ ਦੇ ਮਕਾਨ ਵਿੱਚ ਹੀ ਉਸ ਦੀ ਸਮਾਧੀ ਬਣਾ ਦਿੱਤੀ ਗਈ। ਉਸ ਦੀ ਸਮਾਧੀ ਤੇ ਰਮਾਇਣ ਦੀ ਇਹ ਪੰਕਤੀ ਅੰਕਿਤ ਹੈ- “ਭਲੋ ਭਲਾਈਹਿ ਪੈ ਲਹੈ।” ਉਸ ਦੀ ਸਮਾਧੀ ਅੱਜ ਇਕ ਤੀਰਥ-ਸਥਾਨ ਬਣ ਗਈ ਹੈ, ਜਿੱਥੇ ਵਿਦਵਾਨ ਅਤੇ ਲੇਖਕ ਉਸ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਨ ਜ਼ਰੂਰ ਜਾਂਦੇ ਹਨ।
***
# 1, ਲਤਾ ਗਰੀਨ ਐਨਕਲੇਵ ਪਟਿਆਲਾ-147002.
+91 9417692015
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015