22 July 2024
ਸੁਰਿੰਦਰ ਗਿਤ

ਚਾਨਣ ਵੰਡਣ ਦੀ ਚਾਹਵਾਨ ਸੁਰਿੰਦਰ ਗੀਤ—ਹਰਮੀਤ ਸਿੰਘ ਅਟਵਾਲ

ਖੁਰਦਬੀਨੀ ਸੂਝ ਤੇ ਸਿਆਣੇ ਸੁਭਾਅ ਦੀ ਮਾਲਕ ਸ਼ਾਇਰਾ ਸੁਰਿੰਦਰ ਗੀਤ
ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (26 ਸਤੰਬਰ 2021 ਨੂੰ) 55ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਸ਼ਾਇਰਾ ਸੁਰਿੰਦਰ ਗੀਤ’ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਚਾਨਣ ਵੰਡਣ ਦੀ ਚਾਹਵਾਨ ਸੁਰਿੰਦਰ ਗੀਤ’ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

ਚਾਨਣ ਵੰਡਣ ਦੀ ਚਾਹਵਾਨ ਸੁਰਿੰਦਰ ਗੀਤ—ਹਰਮੀਤ ਸਿੰਘ ਅਟਵਾਲ

ਕੈਨੇਡਾ ਦੇ ਸ਼ਹਿਰ ਕੈਲਗਰੀ ਵਿਚ ਵੱਸਦੀ, ਖੁਰਦਬੀਨੀ ਸੂਝ ਤੇ ਸਿਆਣੇ ਸੁਭਾਅ ਦੀ ਮਾਲਕ ਸ਼ਾਇਰਾ ਸੁਰਿੰਦਰ ਗੀਤ ਬੜੇ ਸਾਫ਼, ਸਪੱਸ਼ਟ ਤੇ ਸਾਰਥਕ ਵਿਚਾਰਾਂ ਦੀ ਧਾਰਨੀ ਹੈ। ਉਦਾਹਰਣ ਵੱਜੋਂ:-

* ਨਫ਼ਰਤ ਨੂੰ ਨਫ਼ਰਤ ਨਾਲ ਨਹੀਂ ਮਾਰਿਆ ਜਾ ਸਕਦਾ।
* ਅੱਗ, ਅੱਗ ਨਾਲ ਨਹੀਂ ਬੁਝਾਈ ਜਾ ਸਕਦੀ। ਇਸ ਦਾ ਇਲਾਜ ਪਿਆਰ ਹੈ।
* ਮੈਂ ਸਮਾਜ ਨੂੰ ਸਦਾ ਸੁਖੀ ਤੇ ਹੱਸਦਾ ਖੇਡਦਾ ਵੇਖਣਾ ਚਾਹੁੰਦੀ ਹਾਂ।

ਸੁਤੇ ਸਿੱਧ ਸਹੀ ਹੈ ਕਿ ਅਜਿਹੇ ਖ਼ਿਆਲਾਂ ਦਾ ਮਾਲਕ ਕੋਈ ਸਿਰਜਣਹਾਰ ਚਾਹੇ ਨਜ਼ਮ ਲਿਖੇ ਜਾਂ ਨਸਰ ਜਾਂ ਸਾਹਿਤ ਦੀ ਕਿਸੇ ਵੀ ਸਿਨਫ਼ ਵਿੱਚ ਲਿਖੇ ਉਸ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਹਮੇਸ਼ਾਂ ਨਰੋਆ, ਨਿਵੇਕਲਾ, ਹਾਂ-ਪੱਖੀ ਤੇ ਹੁਲਾਸ ਭਰਪੂਰ ਹੀ ਹੋਵੇਗਾ। ਸੁਰਿੰਦਰ ਗੀਤ ਦੀ ਲਿਖਣ ਸੁਰ ਵੀ ਸਾਰਥਕ ਤੇ ਸਰਬੱਤ ਦੇ ਭਲੇ ਵਾਲੀ ਹੈ। ਉਸ ਨੂੰ ਪਰਵਦਗਾਰ, ਅਪਾਰ, ਅਗੰਮ, ਬੇਅੰਤ ਸੁਆਮੀ ਪਰਮਾਤਮਾ ਵਿਚ ਅੰਤਾਂ ਦਾ ਵਿਸ਼ਵਾਸ ਹੈ। ਉਹ ਮਨੁੱਖੀ ਸਮਾਜ ਵਿਚ ਚਲਦੀਆਂ ਹਰ ਤਰ੍ਹਾਂ ਦੀਆਂ ਗਰਮ-ਸਰਦ ਹਵਾਵਾਂ ਤੋਂ ਜੀ-ਭਿਆਣੇ ਨੂੰ ਬਚਾਉਣ ਦੀ ਇੱਛੁਕ ਹੈ। ਇਸੇ ਲਈ ਉਹ ਹਰ ਤਰ੍ਹਾਂ ਦੇ ਹਨ੍ਹੇਰਿਆਂ ਨੂੰ ਭਜਾਉਣ ਤੇ ਚਾਨਣ ਵੰਡਣ ਦੀ ਚਾਹਵਾਨ ਹੈ। ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਉਸ ਦੇ ਕਲਾਮ ’ਚੋਂ ਸਹਿਜ ਸੁਭਾਅ ਹੀ ਹੋ ਜਾਂਦੀ ਹੈ। ਇਸ ਪ੍ਰਥਾਇ ਸੁਰਿੰਦਰ ਗੀਤ ਦੇ ਗ਼ਜ਼ਲਾਂ ਦੇ ਦੀਵਾਨ ‘ਮੋਹ ਦੀਆਂ ਛੱਲਾਂ’ ’ਚੋਂ ਕੁਝ ਸ਼ਿਅਰ ਆਪ ਦੀ ਨਜ਼ਰ ਹਨ :

ਜੀਅ ਕਰਦਾ ਮੈਂ ਚਾਨਣ ਵੰਡਾਂ ਸਭ ਦਾ ਦਰਦ ਵੰਡਾਵਾਂ
ਆਪਣੀ ਦਾਗੀ ਰੂਹ ਨੂੰ ਧੋਵਾਂ ਨੈਣੋਂ ਨੀਰ ਵਹਾ ਕੇ

ਯੁੱਗ ਨਵੇਂ ਦੀਆਂ ਨਵੀਆਂ ਗੱਲਾਂ ਕੁਝ ਚੰਗੀਆਂ ਕੁਝ ਮੰਦੀਆਂ
ਗੱਲ ਮੰਦੀ ਖ਼ਤ ਲਿਖਣਾ ਭੁੱਲ ਗਏ ਟੈਲੀਫੋਨ ਲਵਾ ਕੇ

ਗੀਤ ਕਿਸੇ ਦਾ ਮੁੱਖੜਾ ਬਣ ਕੇ ਗੀਤਾਂ ਦੇ ਵਿੱਚ ਆ ਜਾ
ਸਾਜ਼ ਸੁਰਾਂ ਸ਼ਬਦਾਂ ਦੀਆਂ ਪੈੜਾਂ ਦੇ ਵਿੱਚ ਪੈਰ ਟਿਕਾਕੇ
*

ਤੇਰੇ ਹਿੱਸੇ ਧੁੱਪ ਦੀ ਬਸ ਇਕ ਟੁਕੜੀ ਸੀ
ਉਹ ਕਿਸੇ ਦੀ ਦੌਲਤ ਨੇ ਭਰਮਾਈ ਹੈ।

ਸੱਚ ਦੇ ਅੱਗੇ ਛਿੜਦਾ ਕਾਂਬਾ ਤਖ਼ਤਾਂ ਨੂੰ
ਹਰ ਯੁੱਗ ਵਿੱਚ ਇਤਹਾਸ ਨੇ ਗੱਲ ਦੁਹਰਾਈ ਹੈ।

ਚਾਨਣ ਦਾ ਇਕ ਬੁਕ ਭਰਕੇ ਤੂੰ ਲੈ ਆਵੀਂ
ਜਿੰਦ ਮੇਰੀ ਅੱਜ ਚਾਨਣ ਦੀ ਤਰਹਾਈ ਹੈ।

ਇਥੇ ਇਹ ਵੀ ਸਵੀਕਾਰਨ ਯੋਗ ਹੈ ਕਿ ਤਮਰਿਸਤਾਨ ਵਿੱਚ ਵਿਚਰਦਿਆਂ ਮਿਠਾਸ ਦਾ ਅਨੁਭਵ ਜਦੋਂ ਅੱਖਰਾਂ ਵਿਚ ਦੀ ਲੰਘਕੇ ਅਦਬ ਵਿਚ ਆਉਂਦਾ ਹੈ ਤਾਂ ਪੜ੍ਹਨ-ਸੁਣਨ ਵਾਲੇ ਨੂੰ ਜਿਸ ਰਚਨਾਤਮਕ ਲੁਤਫ਼ ਦਾ ਹਾਸਲ ਹੁੰਦਾ ਹੈ ਉਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਜੇ ਅਸੰਭਵ ਨਹੀਂ ਤਾਂ ਔਖਾ ਜ਼ਰੂਰ ਹੈ। ਇਸ ਤਰ੍ਹਾਂ ਦੀ ਰਚਨਾਤਮਕ ਮਿਠਾਸ ਸੁਰਿੰਦਰ ਗੀਤ ਦੀ ਕਾਵਿ ਰਚਨਾ/ਸ਼ਾਇਰੀ ਵਿਚ ਵੀ ਸਿਫ਼ਤਯੋਗ ਮਾਤਰਾ ਵਿਚ ਹੈ। ਕਿਉਂਕਿ ਕੋਈ ਵੀ ਰਾਸਿਖਦਮ ਰਚਣਹਾਰ, ਪੱਕੇ ਨਿਸ਼ਚੇ ਵਾਲਾ ਕਲਮਕਾਰ ਖ਼ਿਆਲੀ ਖ਼ਜਾਨੇ ਦੀ ਭਰਪੂਰਤਾ ਤੋਂ ਕਦੇ ਵਾਂਝਾ ਨਹੀਂ ਹੁੰਦਾ। ਇਸੇ ਕਰਕੇ ਚੀਦਾ-ਚੀਦਾ, ਚੰਗੇ-ਚੰਗੇ ਤੇ ਵਧੀਆ-ਵਧੀਆ ਵਿਚਾਰਾਂ ਨਾਲ ਭਰਿਆ ਪਿਆ ਹੈ ਸੁਰਿੰਦਰ ਗੀਤ ਦਾ ਸਾਹਿਤਕ ਸੰਸਾਰ। ਕਿਤੇ ਨਾ ਕਿਤੇ ਅਜਿਹਾ ਸੰਸਾਰ ਇਕਾਗਰਚਿਤ ਪਾਠਕਾਂ-ਸਰੋਤਿਆਂ ਲਈ ਦਸਤਗੀਰ ਹੋ ਹੀ ਨਿੱਬੜਦਾ ਹੈ।

ਸੁਰਿੰਦਰ ਗੀਤ (ਸੁਰਿੰਦਰ ਕੌਰ ਗਿੱਲ) ਦਾ ਜਨਮ 2 ਅਪ੍ਰੈਲ 1951 ਈ: ਨੂੰ ਪਿਤਾ ਉੱਤਮ ਸਿੰਘ ਤੇ ਮਾਤਾ ਮੁਖਤਿਆਰ ਕੌਰ ਦੇ ਘਰ ਪਿੰਡ ਬੀੜ-ਰਾਊਕੇ (ਮੋਗਾ) ਵਿਖੇ ਹੋਇਆ। ਸੁਰਿੰਦਰ ਗੀਤ ਜੁਲਾਈ 1974 ਤੋਂ ਕੈਨੇਡਾ ਵਿਚ ਹੈ। ਕੈਲਗਰੀ ਮਿਊਨੀਸੀਪਲ ਕਾਰਪੋਰੇਸ਼ਨ ਤੋਂ ਸੇਵਾ ਮੁਕਤ ਹੈ। ਉਸ ਨੇ ਬੀਐੱਸਸੀ ਕੀਤੀ ਹੈ। ਲੰਬੇ ਸਮੇਂ ਤੋਂ ਉਹ ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਪ੍ਰਧਾਨ ਦੇ ਤੌਰ ’ਤੇ ਸੇਵਾ ਨਿਭਾਅ ਰਹੀ ਹੈ। ਉਸ ਨੇ ਕਈ ਵਰੵੇ ਰੇਡੀਓ ਸਪਾਈਸ ’ਤੇ ਸਾਹਿਤਕ ਪ੍ਰੋਗਰਾਮ ‘ਲਫ਼ਜ਼ਾਂ ਦੀ ਦਰਗਾਹ’ ਦਾ ਵੀ ਸੰਚਾਲਨ ਕੀਤਾ। ਕਾਵਿ-ਸਿਰਜਣਾ ਦੇ ਪਿੜ ਵਿਚ ਪੈਰ ਧਰਨ ਦੀ ਵਿਥਿਆ ਸੁਰਿੰਦਰ ਗੀਤ ਨੇ ਇਉਂ ਦਰਸਾਈ ਹੈ :-

* ਮੈਂ ਤੇ ਮੇਰੀ ਕਵਿਤਾ ਹਾਨਣਾ ਹਾਂ। ਮੇਰੇ ਨਾਲ ਹੀ ਜੰਮ ਪਈ ਸੀ ਮੇਰੀ ਕਵਿਤਾ। ਪਿੰਡ ਦੇ ਪ੍ਰਾਇਮਰੀ ਸਕੂਲ ’ਚ ਪੜ੍ਹਦਿਆਂ ਮੈਂ ਅਕਸਰ ਹੀ ਬਾਲ ਸਭਾ ’ਚ ਕਿਸੇ ਦਾ ਲਿਖਿਆ ਗੀਤ ਜਾਂ ਕਵਿਤਾ ਪੜ੍ਹਿਆ ਜਾਂ ਗਾਇਆ ਕਰਦੀ ਸਾਂ। ਪਿੰਡ ਦੇ ਸਕੂਲ ’ਚੋਂ 4 ਜਮਾਤਾਂ ਪੜ੍ਹਕੇ ਮੈਂ ਮੋਗੇ ਕੁੜੀਆਂ ਦੇ ਸਰਕਾਰੀ ਸਕੂਲ ਵਿਚ ਪੰਜਵੀਂ ਜਮਾਤ ਵਿਚ ਦਾਖ਼ਲਾ ਲੈ ਲਿਆ। ਇਹ ਉਹ ਥਾਂ ਸੀ ਜਿਥੇ ਮੇਰੀ ਕਵਿਤਾ ਨੇ ਬੋਲਣਾ ਤੇ ਤੁਰਨਾ ਸਿੱਖਿਆ। ਮੈਂ ਆਪਣੀ ਪਹਿਲੀ ਕਵਿਤਾ ਪੰਜਵੀਂ ਜਮਾਤ ਵਿਚ ਪੜ੍ਹਦਿਆਂ ਆਪਣੀ ਇੱਕ ਅਧਿਆਪਕਾ ਦੇ ਕਹਿਣ ’ਤੇ ਲਿਖੀ ਸੀ। ਮੇਰੀ ਉਸ ਅਧਿਆਪਿਕਾ ਦਾ ਨਾਂ ਸਤਵੰਤ ਸੱਗੂ ਸੀ। ਮੈਂ ਛੋਟੇ-ਛੋਟੇ ਵਿਸ਼ਿਆਂ ’ਤੇ ਕਵਿਤਾ ਲਿਖਣੀ ਤੇ ਆਪਣੀ ਇਸ ਟੀਚਰ ਕੋਲੋਂ ਠੀਕ ਕਰਵਾ ਲੈਣੀ। ਕਵਿਤਾ ਲਿਖਣ ਦਾ ਇਹ ਰੁਝਾਨ ਮੇਰੇ ਅੰਦਰ ਚਲਦਾ ਰਿਹਾ, ਪਲਦਾ ਰਿਹਾ। ਕਾਲਜ ’ਚ ਪੜ੍ਹਦਿਆਂ ਮੈਂ ਸਟੇਜਾਂ ’ਤੇ ਕਵਿਤਾ ਪੜ੍ਹਦੀ ਰਹੀ। ਕਵਿਤਾ ਤੇ ਭਾਸ਼ਣ ਮੁਕਾਬਲਿਆਂ ਵਿਚ ਪੂਰੀ ਤਰ੍ਹਾਂ ਸਰਗਰਮ ਰਹੀ। ਬੀਐੱਸਸੀ ਕਰ ਕੈਨੇਡਾ ਦੇ ਖ਼ੂਬਸੂਰਤ ਸ਼ਹਿਰ ਕੈਲਗਰੀ ਆ ਵਸੀ। ਬਿਗਾਨੇ ਦੇਸ਼ ਵਿਚ ਆਉਣ ਵਾਲੀਆਂ ਮੁਸ਼ਕਿਲਾਂ, ਰੁਜ਼ਗਾਰ ਲਈ ਆਉਂਦੀਆਂ ਚੁਣੌਤੀਆਂ, ਆਪਣਿਆਂ ਤੋਂ ਵਿਛੜਨ ਦੀ ਪੀੜ ਤੇ ਆਪਣੀ ਧਰਤੀ ਦਾ ਮੋਹ ਕਾਲਜੇ ਵਿਚ ਧੂਹ ਪਾਉਣ ਲੱਗਾ। ਫੈਕਟਰੀ ਵਿਚ ਕੰਮ ਕਰਦਿਆਂ ਇਹ ਸਾਰੀਆਂ ਪੀੜਾਂ ਕਵਿਤਾ ਬਣ-ਬਣ ਬਾਹਰ ਆਉਣ ਲੱਗੀਆਂ।

ਸੁਰਿੰਦਰ ਗੀਤ ਦੇ ਕਾਵਿ-ਸੰਸਾਰ ਵੱਲ ਨਜ਼ਰ ਮਾਰੀਏ ਤਾਂ ਉਸ ਦੀਆਂ ਇਹ ਪੁਸਤਕਾਂ ਪਾਠਕਾਂ ਦੇ ਹੱਥਾਂ ਵਿਚ ਪੁਜੀਆਂ ਹਨ :-

‘ਤੁਰੀ ਸਾਂ ਮੈਂ ਓਥੋਂ’, ‘ਸੁਣ ਨੀ ਜ਼ਿੰਦੇ’, ‘ਚੰਦ ਸਿਤਾਰੇ ਮੇਰੇ ਵੀ ਨੇ’, ‘ਮੋਹ ਦੀਆਂ ਛੱਲਾਂ’, ‘ਕਾਨੇ ਦੀਆਂ ਕਲਮਾਂ’, ‘ਰੁੱਖ ਤੇ ਪੰਛੀ’, ‘ਸ਼ਬਦ ਸੁੱਣਖੇ’, ‘ਗੁਸਤਾਖ ਹਵਾ’, ‘ਵਾਵਰੋਲਿਆਂ ਦੇ ਅੰਗ ਸੰਗ’ (ਚੋਣਵੀਂ ਕਵਿਤਾ ਸੰਪਾ: ਡਾ. ਮੋਹਨ ਤਿਆਗੀ), ‘ਖੇਤਾਂ ਦਾ ਸਫ਼ਰ’ (ਕਿਸਾਨੀ ਨਾਲ ਸੰਬੰਧਤ ਕਵਿਤਾਵਾਂ), ‘ਧੀ ਦਾ ਕਰਜ਼’ (ਲੇਖ ਤੇ ਕਹਾਣੀਆਂ) ਉਪਰੋਕਤ ’ਚੋਂ ਪਹਿਲੀਆਂ 6 ਕਾਵਿ-ਪੁਸਤਕਾਂ ਬਾਰੇ ਡਾ. ਸੁਰਜੀਤ ਬਰਾੜ ਨੇ ‘ਸੁਰਿੰਦਰ ਗੀਤ ਕਾਵਿ: ਦ੍ਰਿਸ਼ਟੀਗਤ ਪ੍ਰਵਚਨ’ (ਪੰਨੇ 288) ਨਾਂ ਦੀ ਆਲੋਚਨਾ ਪੁਸਤਕ ਲਿਖੀ ਹੈ ਜਿਸ ਵਿਚ ਉਸ ਦਾ ਆਖਣਾ ਹੈ ਕਿ ਸੁਰਿੰਦਰ ਦੀਆਂ ਸਾਰੀਆਂ ਰਚਨਾਵਾਂ ਵਿਚ ਸੁਹਜ ਤੇ ਸੂਖਮਤਾ ਹੈ। ਇਸ ਦੇ ਬਾਵਜੂਦ ਇਨ੍ਹਾਂ ’ਚ ਸਰਲਤਾ ਹੈ, ਇਨ੍ਹਾਂ ਦਾ ਤੱਤ ਅਤੇ ਸੁਭਾਅ ਕ੍ਰਾਂਤੀਕਾਰੀ ਹੈ। ਉਸ ਦੀ ਹਰ ਕਾਵਿ-ਰਚਨਾ ਕੋਈ ਨਾ ਕੋਈ ਸਾਰਥਕ ਸੁਨੇਹਾ ਤੇ ਚੇਤਨਾ ਪ੍ਰਦਾਨ ਕਰਦੀ ਹੈ। ਦੂਜਾ ਮਹੱਤਵਸ਼ੀਲ ਪੱਖ ਇਹ ਹੈ ਕਿ ਸੁਰਿੰਦਰਗੀਤ ਨਾ ਤਾਂ ਔਰਤਵਾਦੀ ਹੈ, ਨਾ ਮਰਦਵਾਦੀ ਹੈ, ਉਹ ਕੇਵਲ ਤੇ ਕੇਵਲ ਮਾਨਵਵਾਦੀ ਹੈ। ਡਾ. ਸੁਰਜੀਤ ਬਰਾੜ ਦੀਆਂ ਇਹ ਗੱਲਾਂ ਸੁਰਿੰਦਰ ਦੇ ਬਾਕੀ ਕਾਵਿ-ਸੰਗ੍ਰਹਿਆਂ ’ਤੇ ਵੀ ਢੁਕਦੀਆਂ ਹਨ। ਸੁਰਿੰਦਰ ਦੀਆਂ ਕਹਾਣੀਆਂ ‘ਧੀ ਦਾ ਕਰਜ਼’, ‘ਬਦਲਦੇ ਰਿਸ਼ਤੇ’, ‘ਗਰਮ ਪਾਣੀ’, ‘ਤੋਹਫ਼ਾ’ ਤੇ ‘ਤਾਏ ਕੇ ਚੋਰ ਉਚੱਕੇ ਨਹੀਂ ਆਪਣੇ ਸਮੇਂ ਦੀਆਂ ਚਰਚਿਤ ਕਹਾਣੀਆਂ ਹਨ। ਉਸ ਦੀ ਨਿਬੰਧਾਤਮਕ ਵਾਰਤਕ ਵੀ ਕਾਵਿਕ ਰੰਗ ’ਚ ਰੰਗੀ ਹੋਈ ਹੈ।

ਸੁਰਿੰਦਰ ਗੀਤ ਨਾਲ ਹੋਏ ਵਿਚਾਰ ਵਿਮਰਸ਼ ’ਚੋਂ ਉਸ ਵੱਲੋਂ ਕੁਝ ਅੰਸ਼ ਇਥੇ ਹਾਜ਼ਿਰ ਹਨ :-

* ਮੈਂ 1974 ਤੋਂ ਕੈਲਗਰੀ ਵਿਚ ਰਹਿ ਰਹੀ ਹਾਂ। ਉਸ ਸਮੇਂ ਇਸ ਸ਼ਹਿਰ ਵਿਚ ਪੰਜਾਬੀ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ। ਏਥੇ ਉਦੋਂ ਪੰਜਾਬੀ ਦਾ ਲਿਖਿਆ ਇੱਕ ਟੁਕੜਾ ਵੀ ਨਹੀਂ ਸੀ ਮਿਲਦਾ। ਜਿਵੇਂ-ਜਿਵੇਂ ਲੋਕਾਂ ਦੀ ਗਿਣਤੀ ਵਿਚ ਵਾਧਾ ਹੋਣ ਲੱਗਾ, ਸਾਹਿਤ ਸਭਾਵਾਂ ਦਾ ਜਨਮ ਹੋਣ ਲੱਗਾ। ਅੱਜ ਕੈਲਗਰੀ ਸ਼ਹਿਰ ਵਿਚ ਕਈ ਸਾਹਿਤ ਸਭਾਵਾਂ ਹਨ। ਹੁਣ ਤਾਂ ਹਰ ਸ਼ਹਿਰ ਵਿਚ ਪੰਜਾਬੀ ਕਿਤਾਬਾਂ ਦੀਆਂ ਲਾਇਬ੍ਰੇਰੀਆਂ ਵੀ ਸਥਾਪਤ ਹਨ।

* ਮੈਂ ਕਵਿਤਾ ਦੀ ਹਰ ਸਿਨਫ਼ ਦੀ ਕਦਰ ਕਰਦੀ ਹਾਂ। ਜੋ ਅਨੰਦ ਖੁੱਲ੍ਹੀ ਕਵਿਤਾ ਲਿਖਣ ਜਾਂ ਪੜ੍ਹਨ ਵਿਚ ਆਉਂਦਾ ਹੈ ਕਿਸੇ ਹੋਰ ਸਿਨਫ਼ ਵਿਚ ਨਹੀਂ ਆਉਂਦਾ। ਮੈਨੂੰ ਡਾ. ਹਰਭਜਨ ਸਿੰਘ, ਡਾ. ਜਗਤਾਰ, ਡਾ. ਸੁਰਜੀਤ ਪਾਤਰ, ਨਵਤੇਜ ਭਾਰਤੀ ਤੇ ਅਜਮੇਰ ਰੋਡੇ ਦੀ ਲਿਖੀ ਖੁੱਲ੍ਹੀ ਕਵਿਤਾ ਬਹੁਤ ਪ੍ਰਭਾਵਤ ਕਰਦੀ ਹੈ। ਪਰ ਅੱਜਕਲ੍ਹ ਕੁਝ ਲੇਖਕਾਂ ਨੇ ਖੁੱਲ੍ਹੀ ਕਵਿਤਾ ਦੇ ਨਾਂ ਹੇਠ ਬਹੁਤ ਕੁਝ ਊਟ-ਪਟਾਂਗ ਲਿਖਣਾ ਸ਼ੁਰੂ ਕਰ ਦਿੱਤਾ ਹੈ।

* ਇਸ ਤਰ੍ਹਾਂ ਜਾਪਦਾ ਹੈ ਜਿਵੇਂ ਪੰਜਾਬ ਦੇ ਵਾਤਾਵਰਣ ਦੇ ਪ੍ਰਦੂਸ਼ਤ ਹੋਣ ਦੇ ਨਾਲ ਪੰਜਾਬੀ ਸਾਹਿਤ ਵੀ ਕਿਸੇ ਹੱਦ ਤਕ ਪ੍ਰਦੂਸ਼ਣ ਦਾ ਸ਼ਿਕਾਰ ਹੋ ਗਿਆ ਹੋਵੇ। ਏਧਰੋਂ ਓਧਰੋਂ ਚੁੱਕ ਕੇ ਸਤਰਾਂ ਕਵਿਤਾ ਬਣਾ ਲੈਣੀ ਜਾਂ ਕੋਈ ਲੇਖ ਜਾਂ ਕਹਾਣੀ ਲਿਖ ਲੈਣੀ ਆਮ ਗੱਲ ਹੈ। ਇੱਕ ਵਾਰ ਕੈਲਗਰੀ ਦੀ ਇੱਕ ਸਾਹਿਤਕ ਮਿਲਣੀ ਵਿਚ ਇੱਕ ਕਹਾਣੀਕਾਰ ਨੇ ਆਪਣੀ ਕਹਾਣੀ ਪੜ੍ਹੀ। ਕਹਾਣੀ ਦੇ ਅੰਤ ਵਿਚ ਕਾਫ਼ੀ ਵਾਹਵਾ-ਵਾਹਵਾ ਹੋਈ। ਕਹਾਣੀ ਇੱਕ ਅੰਗਰੇਜ਼ੀ ਦੀ ਕਹਾਣੀ ਦਾ ਪੰਜਾਬੀ ਅਨੁਵਾਦ ਸੀ। ਮੈਂ ਉਹ ਅੰਗਰੇਜ਼ੀ ਕਹਾਣੀ ਪੜ੍ਹੀ ਹੋਈ ਸੀ। ਮੈਂ ਕਹਿਣਾ ਚਾਹਿਆ ਪਰ ਮੇਰੀ ਆਵਾਜ਼ ਦੱਬੀ ਰਹਿ ਗਈ। ਪਰ ਜਦੋਂ ਮੈਂ ਅੰਗਰੇਜ਼ੀ ਦੀ ਕਿਤਾਬ ਪੇਸ਼ ਕੀਤੀ ਤਾਂ ਸਾਰੇ ਚੁੱਪ ਹੋ ਗਏ। ਉਸ ਤੋਂ ਬਾਅਦ ਉਹ ਕਹਾਣੀਕਾਰ ਉਸ ਸਭਾ ਵਿਚ ਦਿਖਾਈ ਨਹੀਂ ਦਿੱਤਾ।

* ਆਦਮੀ ਦਾ ਸੁਭਾਅ ਹੈ ਕਿ ਉਸ ਦੇ ਕੰਮ ਨੂੰ ਸਲਾਹਿਆ ਜਾਵੇ, ਵਡਿਆਇਆ ਜਾਵੇ। ਜੇਕਰ ਕਿਸੇ ਲੇਖਕ ਨੂੰ ਉਸ ਦੀ ਲੇਖਣੀ ਲਈ ਕਿਸੇ ਸੰਸਥਾ ਵੱਲੋਂ ਇਨਾਮ ਜਾਂ ਸਨਮਾਨ ਮਿਲਦਾ ਹੈ ਤਾਂ ਕੋਈ ਮਾੜੀ ਗੱਲ ਨਹੀਂ ਪਰ ਮਨ ਨੂੰ ਦੁੱਖ ਉਦੋਂ ਹੁੰਦਾ ਹੈ ਜਦੋਂ ਲੇਖਕਾਂ ਵਿਚ ਇਨਾਮਾਂ ਤੇ ਸਨਮਾਨਾਂ ਦੀ ਦੌੜ ਲੱਗ ਜਾਂਦੀ ਹੈ। ਮੈਂ ਕਿਸੇ ਵੱਡੇ ਲੇਖਕ ਨੂੰ ਪੁੱਛਿਆ ਕਿ ਲੋਕਾਂ ਨੂੰ ਸਾਲ ਪਹਿਲਾਂ ਹੀ ਕਿਵੇਂ ਪਤਾ ਲੱਗ ਜਾਂਦਾ ਹੈ ਕਿ ਇਸ ਸਾਲ ਕਿਸ ਨੂੰ ਕਿਹੜਾ ਇਨਾਮ ਮਿਲਣਾ ਹੈ? ਉਸ ਕੋਲ ਮੇਰੇ ਸਵਾਲ ਦਾ ਕੋਈ ਜਵਾਬ ਨਹੀਂ ਸੀ। ਮੇਰੇ ਖ਼ਿਆਲ ਅਨੁਸਾਰ ਲੇਖਕ ਨੂੰ ਆਪਣੀ ਲਗਨ ਨਾਲ ਕੰਮ ਕਰੀ ਜਾਣਾ ਚਾਹੀਦਾ ਹੈ। ਇਨਾਮਾਂ-ਸਨਮਾਨਾਂ ਦੀ ਦੌੜ ਵਿਚ ਪੈ ਕੇ ਜਿਥੇ ਮਨ ਦੀ ਸ਼ਾਂਤੀ ਭੰਗ ਹੁੰਦੀ ਹੈ ਉਥੇ ਲੇਖਣੀ ਵਿਚ ਵੀ ਗਿਰਾਵਟ ਆ ਜਾਂਦੀ ਹੈ।

* ਚੰਗੇ ਸਾਹਿਤ ਦੀ ਸਿਰਜਣਾ ਲਈ ਲੇਖਕ ਨੂੰ ਪੜ੍ਹਨਾ, ਗਿਆਨ ਇੱਕਠਾ ਕਰਨਾ ਬਹੁਤ ਜ਼ਰੂਰੀ ਹੈ। ਨਵੇਂ ਸ਼ਬਦ, ਵਾਕ ਸਿਰਜਣਾ ਦਾ ਢੰਗ ਤੁਹਾਨੂੰ ਚੰਗੇ ਲੇਖਕਾਂ ਨੂੰ ਪੜ੍ਹਕੇ ਹੀ ਆਉਂਦਾ ਹੈ। ਚੰਗੀ ਰਚਨਾ ਵਿੱਚੋਂ ਕਈ ਹੋਰ ਚੰਗੀਆਂ ਰਚਨਾਵਾਂ ਜਨਮ ਲੈਂਦੀਆਂ ਹਨ।
ਨਿਰਸੰਦੇਹ ਚਾਨਣ ਵੰਡਣ ਦੀ ਚਾਹਵਾਨ ਸੁਰਿੰਦਰ ਗੀਤ ਦਾ ਕਾਵਿ-ਨਜ਼ਰੀਆ ਉਸਾਰੂ ਤੇ ਮਾਨਵਵਾਦੀ ਹੈ। ਉਹ ਮਨੁੱਖ ਦਾ ਭਲਾ ਚਾਹੁੰਦੀ ਹੈ। ਸਾਰੇ ਸੰਸਾਰ ਦੇ ਸੁਖੀ ਵੱਸਣ ਵਿਚ ਹੀ ਉਸ ਦੇ ਮਨ-ਮਸਤਕ ਦੀ ਪ੍ਰਸੰਨਤਾ ਲੁਪਤ ਹੈ।
***
ਹਰਮੀਤ ਸਿੰਘ ਅਟਵਾਲ
98155-05287

***
(ਪਹਿਲੀ ਵਾਰ ਛਪਿਆ 26 ਸਤੰਬਰ 2021)
***
391
***
ਨੋਟ: ‘ਲਿਖਾਰੀ’ ਵਿੱਚ ਸੁਰਿੰਦਰ ਗੀਤ ਦੀਅਾਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ
ਹਰਮੀਤ ਸਿੰਘ ਅਟਵਾਲ