21 September 2024

ਪੁਸਤਕ ਸਭਿਅਚਾਰ ਕਿਸੇ ਵੀ ਕੌਮ ਦੇ ਭਵਿਖ ਦਾ ਗਵਾਹ ਹੁੰਦਾ ਹੈ—ਡਾ. ਅਰਵਿੰਦ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ

ਪੰਜਾਬੀ ਦੇ ਨਾਮਵਰ, ਸਿਰਮੌਰ ਚਿੰਤਕ, ਖੋਜੀ ਅਤੇ ਸਿੱਖ ਬੁੱਧੀਜੀਵੀ ਜੈ ਤੇਗ ਸਿੰਘ ਅਨੰਤ ਦੀ ‘ਰਾਮਗੜ੍ਹੀਆ ਵਿਰਾਸਤ ਕਾਫੀ ਟੇਬਲ ਬੁਕ’  ਲੋਕ ਅਰਪਣ
ਡਾ. ਅਰਵਿੰਦ ਉਪਕੁਲਪਤੀ ਪੰਜਾਬੀ ਯੂਨੀਵਰਸਿਟੀ ਰਾਮਗੜ੍ਹੀਆ ਵਿਰਾਸਤ ਪੁਸਤਕ ਲੋਕ ਅਰਪਣ ਕਰਦੇ ਹੋਏ। ਉਨ੍ਹਾਂ ਨਾਲ ਡਾ. ਬਲਕਾਰ ਸਿੰਘ, ਉਜਾਗਰ ਸਿੰਘ ਅਤੇ ਜੋਤਿੰਦਰ ਸਿੰਘ ਖੜ੍ਹੇ ਹਨ।

ਪਟਿਆਲਾ: (ਮਿਤੀ 20 ਅਗਸਤ 2021): ਪੰਜਾਬੀਆਂ ਨੂੰ ਆਪਣੀ ਅਮੀਰ ਵਿਰਾਸਤ ‘ਤੇ ਮਾਣ ਕਰਦਿਆਂ ਇਸ ਉਪਰ ਬਚਨਵੱਧਤਾ ਨਾਲ ਪਹਿਰਾ ਦੇਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਅਰਵਿੰਦ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅੱਜ ਯੂਨੀਵਰਸਿਟੀ ਵਿੱਚ ਰਾਮਗੜ੍ਹੀਆ ਵਿਰਾਸਤ ਕਾਫੀ ਟੇਬਲ ਬੁਕ ਨੂੰ ਲੋਕ ਅਰਪਣ ਕਰਨ ਸਮੇਂ ਬੋਲਦਿਆਂ ਕੀਤਾ। ਉਨ੍ਹਾਂ ਜੈ ਤੇਗ ਸਿੰਘ ਅਨੰਤ ਦੇ ਉਦਮ ਦੀ ਪ੍ਰਸੰਸਾ ਕਰਦਿਆਂ ਅੱਗੋਂ ਕਿਹਾ ਕਿ ਜੇਕਰ ਅਸੀਂ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਾਂਗੇ ਤਾਂ ਹੀ ਸਾਡਾ ਭਵਿਖ ਸੁਨਹਿਰਾ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਸਤਕ ਸਭਿਅਚਾਰ ਕਿਸੇ ਵੀ ਕੌਮ ਦੇ ਭਵਿਖ ਦਾ ਗਵਾਹ ਹੁੰਦਾ ਹੈ। ਜਿਸ ਕੌਮ ਦੇ ਲੋਕਾਂ ਵਿੱਚ ਆਪਣੀ ਮਾਤ ਭਾਸ਼ਾ ਨਾਲ ਪਿਆਰ, ਸਾਹਿਤ ਤੇ ਇਤਿਹਾਸ ਪੜ੍ਹਨ ਦੀ ਰੁਚੀ ਅਤੇ ਸਤਿਕਾਰ ਹੋਵੇਗਾ, ਉਹ ਕੌਮ ਹਮੇਸ਼ਾ ਬੁਲੰਦੀਆਂ ‘ਤੇ ਪਹੁੰਚੇਗੀ। ਉਨ੍ਹਾਂ ਅੱਗੋਂ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਜਾਇਦਾਦਾਂ ਸਨ, ਉਹ ਲੜਦੇ ਰਹੇ ਪ੍ਰੰਤੂ ਰਾਮਗੜ੍ਹੀਆ ਭਾਈਚਾਰੇ ਕੋਲ ਕੋਈ ਸੰਪਤੀ ਨਹੀਂ ਸੀ। ਉਨ੍ਹਾਂ ਆਪਣੀ ਲਿਆਕਤ ਅਤੇ ਮਿਹਨਤ ਨਾਲ ਸਿੱਖ ਸਮਾਜ ਵਿੱਚ ਆਪਣਾ ਵਿਲੱਖਣ ਸਥਾਨ ਬਣਾਇਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਅਜੇ ਵੀ ਲੋਕਾਈ ਤੱਕ ਪਹੁੰਚਾਉਣ ਦੀ ਲੋੜ ਹੈ ਕਿਉਂਕਿ ਜ਼ਾਤ ਪਾਤ ਦੇ ਵਿਰੁਧ ਉਨ੍ਹਾਂ ਆਵਾਜ਼ ਉਠਈ ਪ੍ਰੰਤੂ ਅਜੇ ਤੱਕ ਜ਼ਾਤ ਪਾਤ ਬਰਕਰਾਰ ਹੈ।

ਇਸ ਮੌਕੇ ‘ਤੇ ਡਾ. ਅਰਵਿੰਦ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਸਹਿਯੋਗ ਨਾਲ ਪੑਕਾਸ਼ਤ ਕੀਤੀ ਪੁਸਤਕ ‘‘ਰਾਮਗੜ੍ਹੀਆ ਵਿਰਾਸਤ’’ ਵਡ ਆਕਾਰੀ, ਸਚਿਤਰ ਕਾਫੀ ਟੇਬਲ ਪੁਸਤਕ ਲੋਕ ਅਰਪਣ ਕੀਤੀ। ਰਾਮਗੜ੍ਹੀਆ ਵਿਰਾਸਤ ਅਜਿਹੀ ਪਹਿਲੀ ਪੁਸਤਕ ਹੈ, ਜੋ ਰਾਮਗੜ੍ਹੀਆਂ ਦੇ ਵਿਰਸੇ ਤੇ ਵਿਰਾਸਤ ਦੀ ਪੂਰਨ ਤਰਜ਼ਮਾਨੀ ਕਰਦੀ ਹੈ। ਇਸ ਪੁਸਤਕ ਵਿੱਚ 450 ਰੰਗਦਾਰ ਤਸਵੀਰਾਂ ਤੇ ਸੰਸਾਰ ਦੇ 1000 ਤੋਂ ਵੱਧ ਪੑਮੁੱਖ ਰਾਮਗੜ੍ਹੀਆਂ ਹਸਤੀਆਂ ਬਾਰੇ ਭਰਪੂਰ ਜਾਣਕਾਰੀ ਸ਼ਾਮਲ ਹੈ। ਰਾਮਗੜ੍ਹੀਆ ਵਿਰਾਸਤ ਦੀ ਸੰਪਾਦਨਾ ਪਰਵਾਸੀ ਪੰਜਾਬੀ ਜੈਤੇਗ ਸਿੰਘ ਅਨੰਤ ਨੇ ਕੀਤੀ ਹੈ। ਜੈਤੇਗ ਸਿੰਘ ਅਨੰਤ ਪੰਜਾਬੀ ਦੇ ਨਾਮਵਰ, ਸਿਰਮੌਰ ਚਿੰਤਕ, ਖੋਜੀ ਅਤੇ ਸਿੱਖ ਬੁੱਧੀਜੀਵੀ ਹਨ, ਜਿਨ੍ਹਾਂ ਨੇ ਹੁਣ ਤੱਕ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਡੇਢ ਦਰਜਨ ਪੁਸਤਕਾਂ ਪਾ ਕੇ ਅਕੀਦਤ ਦੇ ਫੁੱਲ ਭੇਂਟ ਕੀਤੇ ਹਨ। ਨਾਸਾਜ਼ ਸਿਹਤ ਦੇ ਬਾਵਜੂਦ ਉਹ ਲਗਾਤਾਰ ਪੰਜਾਬੀ ਸਾਹਿਤ ਅਤੇ ਇਤਿਹਾਸ ਦੀ ਸੇਵਾ ਵਿੱਚ ਰੁਝੇ ਹੋਏ ਹਨ। ਉਨ੍ਹਾਂ ਦੀ ਖਾਸੀਅਤ ਇਹ ਹੈ ਕਿ ਉਨ੍ਹਾਂ ਨੇ ਹਮੇਸ਼ਾ ਅਜਿਹੇ ਅਣਗੌਲੇ ਸਿੱਖ ਵਿਦਵਾਨਾਂ, ਜਿਨ੍ਹਾਂ ਨੇ ਸਿੱਖ ਅਤੇ ਪੰਜਾਬੀ ਭਾਈਚਾਰੇ ਦੀ ਪ੍ਰਫੁਲਤਾ ਅਤੇ ਬਿਹਤਰੀ ਲਈ ਵਡਮੁੱਲਾ ਯੋਗਦਾਨ ਪਾਇਆ ਹੈ, ਉਨ੍ਹਾਂ ਬਾਰੇ ਪੁਸਤਕਾਂ ਲਿਖੀਆਂ ਅਤੇ ਸੰਪਾਦਿਤ ਕੀਤੀਆਂ ਹਨ। ਉਨ੍ਹਾਂ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ, ਸਿਰਦਾਰ ਕਪੂਰ ਸਿੰਘ ਅਤੇ ਉਸਤਾਦ ਦਾਮਨ ਆਦਿ ਵਰਨਣਯੋਗ ਹਨ। ਉਨ੍ਹਾਂ ਗਦਰ ਲਹਿਰ ਬਾਰੇ ਗਦਰੀ ਯੋਧੇ ਅਤੇ ਗਦਰ ਲਹਿਰ ਦੀ ਕਹਾਣੀ ਦੋ ਪੁਸਤਕਾਂ ਰਾਹੀਂ ਗਦਰੀ ਬਾਬਿਆਂ ਦੇ ਆਜ਼ਾਦੀ ਸੰਗਰਾਮ ਵਿੱਚ ਪਾਏ ਬਿਹਤਰੀਨ ਯੋਗਦਾਨ ਬਾਰੇ ਪਾਠਕਾਂ ਨੂੰ ਜਾਣਕਾਰੀ ਦਿੱਤੀ ਹੈ। ਜੈ ਤੇਗ ਸਿੰਘ ਅਨੰਤ ਨੇ ਇਕ ਸੰਸਥਾ ਜਿਤਨਾ ਕੰਮ ਕਰਕੇ ਪੰਜਾਬੀ ਅਤੇ ਖਾਸ ਤੌਰ ਤੇ ਸਿੱਖ ਇਤਿਹਾਸ ਵਿੱਚ ਵਡਮੁਲਾ ਯੋਗਦਾਨ ਪਾਇਆ ਹੈ।

ਡਾ ਬਲਕਾਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਹਾ ਕਿ ਸਿੱਖ ਮਿਸਲਾਂ ਦਾ ਪੰਜਾਬੀਆਂ ਨੂੰ ਸੰਗਠਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਹੈ। ਸਿੱਖ ਸਭਿਆਚਾਰ ਨੂੰ ਸਮਝਦੇ ਹੋਏ ਪੰਜਾਬੀਆਂ ਨੂੰ ਰਾਮਗੜ੍ਹੀਆਂ ਦੀ ਅਮੀਰ ਵਿਰਾਸਤ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਮਗੜ੍ਹੀਆ ਭਾਈਚਾਰਾ ਸਿੱਖੀ ਰੰਗ ਵਿੱਚ ਰੰਗਿਆ ਹੋਇਆ ਸੀ, ਜਿਸ ਕਰਕੇ ਉਨ੍ਹਾਂ ਦੀ ਜਦੋਜਹਿਦ ਸਫਲ ਹੋਈ। ਉਨ੍ਹਾਂ ਕਿਹਾ ਕਿ ਪੰਜਾਬੀ ਵਿੱਚ ਇਹ ਆਪਣੀ ਕਿਸਮ ਦੀ ਪਹਿਲੀ ਸਚਿਤਰ ਕਾਫੀ ਟੇਬਲ ਪੁਸਤਕ ਹੈ। ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਪ੍ਰੋ ਬਲਵਿੰਦਰ ਕੌਰ ਮੁੱਖੀ ਰੀਜਨਲ ਸੈਂਟਰ ਬਠਿੰਡਾ, ਡੀ. ਐਸ. ਕਪੂਰ ਸਾਬਕਾ ਪ੍ਰਿੰਸੀਪਲ ਗੌਰਮਿੰਟ ਕਾਲਜ ਆਫ ਆਰਟਸ ਚੰਡੀਗੜ੍ਹ ਅਤੇ ਮਲਕਿੰਦਰ ਕੌਰ ਮੁੱਖੀ ਗੁਰੂ ਗ੍ਰੰਥ ਸਾਹਿਬ ਵਿਭਾਗ ਪੰਜਾਬੀ ਯੂਨੀਵਰਸਿਟੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਦਲੀਪ ਸਿੰਘ ਉਪਲ ਨੇ ਕਵਿਤਾ ਸੁਣਾਈ।

ਆਪਣੇ ਸਵਾਗਤੀ ਭਾਸ਼ਣ ਵਿੱਚ ਉਜਾਗਰ ਸਿੰਘ ਕੋਆਰਡੀਨੇਟਰ ਇੰਡੀਆ ਚੈਪਟਰ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਨੇ ਡਾ. ਅਰਵਿੰਦ ਉਪਕੁਲਪਤੀ ਨੂੰ ਜੀਅ ਆਇਆਂ ਕਿਹਾ ਅਤੇ ਪੁਸਤਕ ਲੋਕ ਅਰਪਣ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਇਸ ਮੌਕੇ ਤੇ ਸੁਰਿੰਦਰ ਸਿੰਘ ਜੱਬਲ ਪ੍ਰਧਾਨ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਕੈਨੇਡਾ, ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ, ਡਾ. ਬਲਕਾਰ ਸਿੰਘ ਡਾਇਰੈਕਟਰ ਵਰਲਡ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬੀ ਯੂਨੀਵਰਸਿਟੀ ਦੀ ਫੈਕਲਿਟੀ ਅਤੇ ਸਮਾਗਮ ਵਿਚ ਆਏ ਸਾਰੇ ਸਰੋਤਿਆਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਉਨ੍ਹਾਂ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਵੱਲੋਂ ਐਲਾਨ ਕੀਤਾ ਕਿ ਜਿਹੜੇ ਵਿਦਿਆਰਥੀ ਜੱਸਾ ਸਿੰਘ ਰਾਮਗੜ੍ਹੀਆ ‘ਤੇ ਪੀ ਐਚ ਡੀ ਕਰਨਗੇ ਉਨ੍ਹਾਂ ਨੂੰ ਇਕ ਲੱਖ ਰੁਪਏ ਦਾ ਅਵਾਰਡ ਦਿੱਤਾ ਜਾਵੇਗਾ। ਇਸੇ ਤਰ੍ਹਾਂ ਵਿਦਿਆਰਥੀ ਦੇ ਗਾਈਡ ਨੂੰ 25 ਹਜ਼ਾਰ ਰੁਪਏ ਦੇ ਕੇ ਸਨਮਾਨਤ ਕੀਤਾ ਜਾਵੇਗਾ। ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਪ੍ਰਤੀਨਿਧ ਜੋਤਿੰਦਰ ਸਿੰਘ ਨੇ ਡਾ. ਅਰਵਿੰਦ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ, ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ, ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਉਪਕੁਲਪਤੀ, ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਅਤੇ ਡੀ ਐਸ ਕਪੂਰ ਸਾਬਕਾ ਪ੍ਰਿੰ. ਗੌਰਮਿੰਟ ਕਾਲਜ ਆਫ਼ ਆਰਟਸ ਚੰਡੀਗੜ੍ਹ ਨੂੰ ਸਨਮਾਨਤ ਕੀਤਾ ਗਿਆ। ਰਛਪਾਲ ਸਿੰਘ ਗਿੱਲ ਸੇਵਾ ਮੁਕਤ ਡਾਇਰੈਕਟਰ ਭਾਸ਼ਾ ਵਿਭਾਗ, ਜਸਬੀਰ ਕੌਰ ਪ੍ਰਿੰਸੀਪਲ ਗੁਰਮਤ ਕਾਲਜ, ਡਾ. ਕੇਹਰ ਸਿੰਘ, ਪ੍ਰੋ. ਮਨਜੀਤ ਸਿੰਘ, ਡਾ. ਗੁਰਮੀਤ ਸਿੰਘ, ਡਾ. ਅਨਵਰ ਚਿਰਾਗ, ਦਰਸ਼ਨ ਸਿੰਘ ਆਸ਼ਟ, ਰਾਜਵੰਤ ਕੌਰ ਪੰਜਾਬੀ, ਪ੍ਰੋ. ਗੁਰਮੁੱਖ ਸਿੰਘ ਆਦਿ ਵੀ ਮੌਜੂਦ ਸਨ।

ਕੈਪਸ਼ਨ-ਡਾ. ਅਰਵਿੰਦ ਉਪਕੁਲਪਤੀ ਪੰਜਾਬੀ ਯੂਨੀਵਰਸਿਟੀ ਰਾਮਗੜ੍ਹੀਆ ਵਿਰਾਸਤ ਪੁਸਤਕ ਲੋਕ ਅਰਪਣ ਕਰਦੇ ਹੋਏ। ਉਨ੍ਹਾਂ ਨਾਲ ਡਾ. ਬਲਕਾਰ ਸਿੰਘ, ਉਜਾਗਰ ਸਿੰਘ ਅਤੇ ਜੋਤਿੰਦਰ ਸਿੰਘ ਖੜ੍ਹੇ ਹਨ।
***
272

***
ਜ਼ਾਰੀ ਕਰਤਾ
ਉਜਾਗਰ ਸਿੰਘ

ੳੁਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ