17 September 2024

ਬਿੱਕਰ ਐਸ਼ੀ ਕੰਮੇਆਣਾ ਦੇ ਨਾਵਲ ‘ਬਿਨ ਖੰਭਾਂ ਪਰਵਾਜ਼’ ’ਤੇ ਹੋਈ ਗੋਸ਼ਟੀ

ਜਲੰਧਰ – ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਅਮਰੀਕਾ ਵਾਸੀ ਸਮਰੱਥ ਨਾਵਲਕਾਰ ਬਿੱਕਰ ਐਸ਼ੀ ਕੰਮੇਆਣਾ ਦੇ ਨਾਵਲ ‘ਬਿਨ ਖੰਭਾਂ ਪਰਵਾਜ਼’ ਉੱਪਰ ਪੰਜਾਬੀ ਸਾਹਿਤ ਸਭਾ (ਰਜਿ.) ਜਲੰਧਰ ਛਾਉਣੀ ਵੱਲੋਂ ਸ਼੍ਰੋਮਣੀ ਪੰਜਾਬੀ ਬਾਲ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਅਤੇ ਨਾਮਵਰ ਸ਼ਾਇਰਾ ਡਾ. ਗੁਰਚਰਨ ਕੌਰ ਕੌਚਰ ਦੀ ਪ੍ਰਧਾਨਗੀ ਤਹਿਤ ਇੱਕ ਭਰਵੀਂ ਗੋਸ਼ਟੀ ਕਰਵਾਈ ਗਈ। ਇਸ ਵਿਚ ਡਾ. ਸੁਦਰਸ਼ਨ ਗਾਸੋ, ਡਾ. ਗੁਰਦਰਪਾਲ ਸਿੰਘ ਅਤੇ ਡਾ. ਰਾਮ ਮੂਰਤੀ ਵੱਲੋਂ ਲਿਖੇ ਪਰਚਿਆਂ ਰਾਹੀਂ ਆਪਣਾ ਯੋਗਦਾਨ ਪਾਇਆ ਗਿਆ। ਡਾ. ਰਾਮ ਮੂਰਤੀ ਵੱਲੋਂ ਲਿਖਿਆ ਪਰਚਾ ਸਭਾ ਦੇ ਖਜ਼ਾਨਚੀ ਸ. ਪਰਵਿੰਦਰ ਸਿੰਘ ਨੇ ਪੜ੍ਹਿਆ। ਮਲਕੀਤ ਸੈਣੀ ਵੱਲੋਂ ਪ੍ਰਗਟਾਏ ਵਿਚਾਰਾਂ ਨੂੰ ਵੀ ਪਰਵਿੰਦਰ ਸਿੰਘ ਨੇ ਪੜ੍ਹਿਆ।ਸਭਾ ਦੇ ਪ੍ਰਧਾਨ ਹਰਮੀਤ ਸਿੰਘ ਅਟਵਾਲ ਨੇ ਇਸ ਨਾਵਲ ਨੂੰ ਸਵੈ-ਜੀਵਨੀ, ਸਫ਼ਰਨਾਮਾ ਤੇ ਗਲਪ ਦਾ ਸੁਮੇਲ ਆਖਿਆ। ਡਾ. ਗਾਸੋ ਨੇ ਬਿੱਕਰ ਐਸ਼ੀ ਕੰਮੇਆਣਾ ਦੇ ਚੰਗੇ ਨਾਵਲਕਾਰ ਬਣਨ ਦੀਆਂ ਸੰਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਡਾ. ਗੁਰਦਰਪਾਲ ਤੇ ਡਾ. ਗੁਰਚਰਨ ਕੋਚਰ ਨੇ ਨਾਵਲਕਾਰ ਤੇ ਨਾਵਲ ਦੇ ਗੁਣਾਂ ਦਾ ਭਰਪੂਰ ਖ਼ੁਲਾਸਾ ਕੀਤਾ। ਨਾਮਵਰ ਕਹਾਣੀਕਾਰ ਮੋਹਨ ਲਾਲ ਫ਼ਿਲੌਰੀਆ ਨੇ ਨਾਵਲ ਨੂੰ ਸ਼ੈਲੀਗਤ ਦ੍ਰਿਸ਼ਟੀ ਤੋਂ ਸੋਧੇ ਜਾਣ ਦੇ ਨੁਕਤਿਆਂ ਨੂੰ ਸਾਹਮਣੇ ਲਿਆਂਦਾ। ਰੂਪ ਲਾਲ ਰੂਪ ਨੇ ਨਾਵਲ ਦੀ ਅੰਤਰਆਤਮਾ ਨੂੰ ਸਲਾਹੁੰਦਿਆਂ ਕਈ ਸਮੀਖਿਆਤਮਕ ਵਿਚਾਰ ਪ੍ਰਗਟਾਏ। ਸਭਾ ਦੇ ਸਕੱਤਰ ਤੇ ਉਪ ਪ੍ਰਧਾਨ ਪਰਮਜੀਤ ਸਿੰਘ ਸੰਸੋਆ ਤੇ ਹਰਪਾਲ ਸਿੰਘ ਸੈਣੀ ਨੇ ਨਾਵਲ ਨੂੰ ਖੋਜਾਤਮਕ ਬਿਰਤੀ ਦਾ ਤੇ ਉੱਚ ਕਦਰਾਂ ਕੀਮਤਾਂ ਦਾ ਪ੍ਰੇਰਕ ਦੱਸਿਆ। ਸਭਾ ਵੱਲੋਂ ਪ੍ਰਧਾਨਗੀ ਮੰਡਲ ਤੇ ਪਰਚਾ ਪੜ੍ਹਨ ਵਾਲੇ ਵਿਦਵਾਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਕਾਬਲਿ ਗੌਰ ਹੈ ਕਿ ਇਸ ਵਾਰ ਵੀ ਸਭਾ ਵੱਲੋਂ 550 ਬੂਟੇ ਲਗਾਏ ਗਏ ਹਨ ਜਿਸ ਬਾਰੇ ਗੱਲ ਸਭਾ ਦੇ ਸਕੱਤਰ ਨੇ ਸਾਂਝੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਨੋਦ ਕੁਮਾਰ ਵਸਲ, ਰਾਜਿੰਦਰ ਸਿੰਘ ਢੱਡਾ, ਰਾਹੁਲ ਚੌਹਾਨ, ਸਰਵਣ ਸਿੰਘ, ਆਸ਼ੀ ਈਸ਼ਪੁਰੀ, ਸੁਰਜੀਤ ਸਾਜਨ, ਜਤਿੰਦਰ ਪੰਮੀ, ਬਲਬੀਰ ਸਿੰਘ, ਦਲਬੀਰ ਕੌਰ ਅਟਵਾਲ, ਸੁਸ਼ੀਲ ਕੁਮਾਰ, ਕੁਲਦੀਪ ਸਹਿਰਾਈ, ਸਤਿੰਦਰ ਕੌਰ ਕਾਹਲੋਂ, ਪ੍ਰਿੰ. ਸਤਨਾਮ ਸਿੰਘ, ਜਸਵੰਤ ਵਿਰਲੀ, ਜਸਪਾਲ ਜ਼ੀਰਵੀ ਤੇ ਸੱਜਣ ਕੁਮਾਰ ਹਾਜ਼ਰ ਸਨ।
***
299
***

ਹਰਮੀਤ ਸਿੰਘ ਅਟਵਾਲ