ਕੋਵਿਡ –19 ਦੀ ਦੂਜੀ ਲਹਿਰ ਨੇ ਭਾਰਤ ਵਿਚ ਤਬਾਹੀ ਮਚਾਈ ਹੋਈ ਹੈ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ। ਸਿਵਿਆਂ ਦੀ ਅੱਗ ਠੰਡੀ ਨਹੀਂ ਹੋ ਰਹੀ। ਸ਼ਮਸ਼ਾਨ ਘਾਟਾਂ ਵਿਚ ਅੰਤਮ ਸਸਕਾਰ ਕਰਨ ਲਈ ਜਗ੍ਹਾ ਨਹੀਂ ਮਿਲ ਰਹੀ। ਕੋਵਿਡ ਤੋਂ ਬਚਾਓ ਲਈ ਵੈਕਸੀਨ ਹਸਪਤਾਲਾਂ ਵਿਚ ਮਿਲ ਨਹੀਂ ਰਹੀ। ਹਾਲਾਂ ਕਿ ਸੰਸਾਰ ਵਿਚ ਸਭ ਤੋਂ ਵੱਧ ਵੈਕਸੀਨ ਭਾਰਤ ਵਿਚ ਬਣਦੀ ਹੈ। ਹਸਪਤਾਲ ਮਰੀਜਾਂ ਨਾਲ ਭਰੇ ਪਏ ਹਨ। ਕੋਵਿਡ ਦੇ ਮਰੀਜ ਹਸਪਤਾਲਾਂ ਦੇ ਬਾਹਰ ਰੁਲ ਰਹੇ ਹਨ। ਆਕਸੀਜਨ ਖ਼ਤਮ ਹੋਈ ਪਈ ਹੈ, ਜਿਸ ਕਰਕੇ ਮਰੀਜ਼ ਹਸਪਤਾਲਾਂ ਵਿਚ ਮਰ ਰਹੇ ਹਨ। ਹਸਪਤਾਲਾਂ ਵਿਚ ਤਰਾਹ ਤਰਾਹ ਹੋ ਰਹੀ ਹੈ। ਵਿਦੇਸ਼ਾਂ ਤੋਂ ਭਾਰਤ ਨੂੰ ਸਹਾਇਤਾ ਦੇਣ ਦੇ ਐਲਾਨ ਹੋ ਰਹੇ ਹਨ ਪ੍ਰੰਤੂ ਭਾਰਤ ਦੀ ਕੇਂਦਰ ਸਰਕਾਰ ਸੰਜੀਦਗੀ ਤੋਂ ਕੰਮ ਨਹੀਂ ਲੈ ਰਹੀ ਸਗੋਂ ਦਵਾਈ ਅਤੇ ਆਕਸੀਜਨ ਵੰਡਣ ਵਿਚ ਵੀ ਸਿਆਸਤ ਕਰ ਰਹੀ ਹੈ।
ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਵਾਲੇ ਰਾਜਾਂ ਨੂੰ ਵੈਕਸੀਨ ਅਤੇ ਆਕਸੀਜਨ ਵੱਧੇਰੇ ਮਾਤਰਾ ਵਿਚ ਦਿੱਤੀ ਜਾ ਰਹੀ ਹੈ। ਗ਼ੈਰ ਭਾਰਤੀ ਜਨਤਾ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਰਾਜਾਂ ਦੇ ਮੁੱਖ ਮੰਤਰੀਆਂ ਦੇ ਤਰਲੇ ਕੱਢਣ ਦੇ ਬਾਵਜੂਦ ਵੀ ਉਨ੍ਹਾਂ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਭਾਰਤ ਸੜ ਰਿਹਾ ਹੈ, ਨੀਰੂ ਬੰਸਰੀ ਵਜਾ ਰਿਹਾ ਹੈ। ਕੇਂਦਰ ਸਰਕਾਰ ਕੋਵਿਡ-19 ਮਹਾਂਮਾਰੀ ਤੇ ਕਾਬੂ ਪਾਉਣ ਲਈ ਆਪਣੀ ਸਰਕਾਰ ਦੀ ਸਫਲਤਾ ਦੇ ਸੋਹਲੇ ਗਾ ਰਹੀ ਹੈ। ਕੇਂਦਰ ਸਰਕਾਰ ਅਖ਼ਬਾਰਾਂ ਵਿਚ ਆਕਸੀਜਨ ਬਾਰੇ ਝੂਠ ਬੋਲ ਰਹੀ ਹੈ। ਪਿਛਲੇ ਸਾਲ ਜਿਹੜੇ 162 ਆਕਸੀਜਨ ਪਲਾਂਟ ਦੇਸ਼ ਦੇ 33 ਹਸਪਤਾਲਾਂ ਵਿਚ 202 ਕਰੋੜ ਰੁਪਏ ਦੀ ਲਾਗਤ ਨਾਲ ਲਗਾਉਣ ਦਾ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ, ਉਨ੍ਹਾਂ ਵਿਚੋਂ ਸਿਰਫ 34 ਪਲਾਂਟ ਲੱਗੇ ਹਨ। ਅਜੇ ਉਨ੍ਹਾਂ ਵਿਚੋਂ 129 ਪਲਾਂਟ ਲੱਗਣੇ ਬਾਕੀ ਹਨ। 550 ਹੋਰ ਪਲਾਂਟ ਲਾਉਣ ਦਾ ਬਿਆਨ ਪ੍ਰਧਾਨ ਮੰਤਰੀ ਜੀ ਨੇ ਦਾਗ਼ ਦਿੱਤਾ ਹੈ। ਬਿਆਨਾ ਨਾਲ ਮਾਨਵਤਾ ਦੇ ਹਿਤਾਂ ਦੀ ਰਾਖੀ ਨਹੀਂ ਹੋ ਸਕਦੀ। ਇਨ੍ਹਾਂ ਪਲਾਂਟਾਂ ਦਾ ਸੰਬੰਧ ਮਨੁੱਖੀ ਜ਼ਿੰਦਗੀਆਂ ਨਾਲ ਹੈ। ਜੇਕਰ ਸਰਕਾਰ ਅਜੇ ਵੀ ਇਨ੍ਹਾਂ ਪਲਾਂਟਾਂ ਨੂੰ ਲਗਾਉਣ ਲਈ ਦਿਲਚਸਪੀ ਨਹੀਂ ਲੈਂਦੀ ਤਾਂ ਇਸਨੂੰ ਲੋਕਾਂ ਦੀ ਸਰਕਾਰ ਕਹਿਣਾ ਵਾਜਬ ਨਹੀਂ ਹੋਵੇਗਾ। ਇਹ ਸਰਕਾਰ ਤਾਂ ਉਲਟਾ ਲੋਕਾਂ ਦੀਆਂ ਜਾਨਾ ਨਾਲ ਖੇਡ ਰਹੀ ਹੈ। ਪੰਜਾਬ ਵਿਚ 3 ਪਲਾਂਟ ਪੰਜਾਬ ਦੇ 3 ਸਰਕਾਰੀ ਹਸਪਤਾਲਾਂ ਵਿਚ ਲੱਗਣੇ ਸਨ। ਸਿਰਫ ਇਕ ਪਲਾਂਟ ਫਰੀਦਕੋਟ ਹਸਪਤਾਲ ਵਿਚ ਲੱਗਿਆ ਹੈ। ਦੇਸ਼ ਦੀ ਰਾਜਧਾਨੀ ਵਿਚਲੇ 8 ਆਕਸੀਜਨ ਪਲਾਂਟਾ ਵਿਚੋਂ ਸਿਰਫ ਇਕ ਚਲ ਰਿਹਾ ਹੈ, ਜਿਥੇ ਖੁਦ ਪ੍ਰਧਾਨ ਮੰਤਰੀ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦੇ ਸੋਹਲੇ ਗਾ ਰਹੇ ਹਨ। ਇਸ ਗੱਲ ਤੋਂ ਕੇਂਦਰ ਸਰਕਾਰ ਦੀ ਸੰਜੀਦਗੀ ਦਾ ਪ੍ਰਗਟਾਵਾ ਹੁੰਦਾ ਹੈ। ਆਕਸੀਜਨ ਪਲਾਂਟਾਂ ਉਪਰ ਭਾਰਤ ਸਰਕਾਰ ਨੇ ਆਪ ਕਬਜ਼ਾ ਕਰ ਲਿਆ ਹੈ। ਜਿਸ ਸਟੇਟ ਵਿਚ ਆਕਸੀਜਨ ਪਲਾਂਟ ਲੱਗੇ ਹੋਏ ਹਨ, ਉਸ ਸਟੇਟ ਦੀ ਸਰਕਾਰ ਨੂੰ ਵੀ ਆਕਸੀਜਨ ਲੈਣ ਦਾ ਅਧਿਕਾਰ ਨਹੀਂ। ਹਰ ਕੰਮ ਉਪਰ ਕੇਂਦਰ ਸਰਕਾਰ ਨੇ ਆਪਣਾ ਅਧਿਕਾਰ ਬਣਾ ਲਿਆ ਹੈ। ਰਾਜਾਂ ਦੇ ਅਧਿਕਾਰ ਖੋਹੇ ਜਾ ਰਹੇ ਹਨ। ਹੁਣ ਜਦੋਂ ਹਸਪਤਾਲਾਂ ਵਿਚ ਮਰੀਜ ਆਕਸੀਜਨ ਦੀ ਘਾਟ ਕਰਕੇ ਮਰ ਰਹੇ ਹਨ ਤਾ ਕੇਂਦਰ ਸਰਕਾਰ 550 ਨਵੇਂ ਆਕਸੀਜਨ ਪਲਾਂਟ ਲਗਾਉਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਦੇ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਰੀਜ਼ਾਂ ਲਈ ਆਕਸੀਜਨ ਦਾ ਪ੍ਰਬੰਧ ਕਰਨ ਦੀ ਥਾਂ ਸਰਕਾਰ ਨੇ ਦਿੱਲੀ ਵਿਚ ਹੁਕਮ ਜਾਰੀ ਕਰ ਦਿੱਤੇ ਕਿ ਜਿਹੜੇ ਨਾਜ਼ੁਕ ਮਰੀਜ਼ ਹੋਣਗੇ, ਸਿਰਫ ਉਨ੍ਹਾਂ ਨੂੰ ਹੀ ਆਕਸੀਜਨ ਦਿੱਤੀ ਜਾਵੇਗੀ। ਦਿੱਲੀ ਹਾਈ ਕੋਰਟ ਨੇ ਇਸ ਹੁਕਮ ਤੇ ਝਾੜ ਪਾਉਂਦਿਆਂ ਕਿਹਾ ਕਿ ਪ੍ਰਬੰਧ ਕਰਨ ਦੀ ਥਾਂ ਅਜਿਹੇ ਹੁਕਮ ਜਾਰੀ ਕਰਨੇ ਗ਼ੈਰ ਮਨੁੱਖੀ ਹਨ। ਸੰਸਾਰ ਦੇ ਦੇਸ਼ ਭਾਰਤ ਦੀ ਮਦਦ ਕਰਨ ਲਈ ਪੱਬਾਂ ਭਾਰ ਹੋਏ ਪਏ ਹਨ ਪ੍ਰੰਤੂ ਭਾਰਤ ਦੇ ਸਿਆਸਤਦਾਨ ਕੁੰਭ ਦੀ ਨੀਂਦ ਸੁੱਤੇ ਪਏ ਹਨ। ਭਾਰਤੀ ਸਿਆਸਤਦਾਨਾ ਨੂੰ ਚੋਣਾਂ ਵਿਚ ਪ੍ਰਚਾਰ ਕਰਨ ਤੋਂ ਵਿਹਲ ਨਹੀਂ ਮਿਲ ਰਹੀ ਸੀ। ਪ੍ਰਧਾਨ ਮੰਤਰੀ ਦੇਸ਼ ਦੇ ਲੋਕਾਂ ਨੂੰ 6 ਫੁੱਟ ਦੀ ਦੂਰੀ ਬਣਾਕੇ ਰੱਖਣ ਅਤੇ ਮਾਸਕ ਲਾਉਣ ਦੇ ਸੰਦੇਸ਼ ਦੇ ਰਹੇ ਸਨ ਅਤੇ ਆਪ ਹਰ ਰੋਜ਼ 3-4 ਚੋਣ ਰੈਲੀਆਂ ਕਰ ਰਹੇ ਸਨ, ਜਿਨ੍ਹਾਂ ਵਿਚ ਹਜ਼ਾਰਾਂ ਲੋਕ ਬਿਨਾ ਮਾਸਕ ਅਤੇ ਬਿਨਾ ਦੂਰੀ ਇਕੱਠੇ ਹੋ ਰਹੇ ਸਨ। ਉਨ੍ਹਾਂ ਦੇ ਮੰਤਰੀ ਬਿਨਾ ਮਾਸਕ ਚੋਣ ਰੈਲੀਆਂ ਵਿਚ ਸ਼ਾਮਲ ਹੋ ਰਹੇ ਸਨ। ਇਸ ਤੋਂ ਇਲਾਵਾ ਮੰਤਰੀ ਕੋਵਿਡ ਸੰਬੰਧੀ ਗ਼ੈਰ ਜ਼ਿੰਮੇਵਾਰਾਨਾ ਬਿਆਨ ਵੀ ਦੇ ਰਹੇ ਹਨ। ਲੋਕਾਂ ਨੂੰ ਸੰਦੇਸ਼ ਦੇਣ ਤੋਂ ਪਹਿਲਾਂ ਆਪ ਪ੍ਰੇਰਨਾ ਸਰੋਤ ਬਣਨਾ ਚਾਹੀਦਾ ਸੀ। ਪ੍ਰੰਤੂ ਹੋ ਇਸਦੇ ਉਲਟ ਹੋ ਰਿਹਾ ਸੀ। ਕਹਿਣੀ ਅਤੇ ਕਰਨੀ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਕੇਂਦਰ ਸਰਕਾਰ ਨੂੰ ਚੋਣਾਂ ਜਿੱਤਣ ਦਾ ਫ਼ਿਕਰ ਜ਼ਿਆਦਾ ਮਾਨਵਤਾ ਦੀਆਂ ਜ਼ਿੰਦਗੀਆਂ ਜਾਣ ਢੱਠੇ ਖੂਹ ਵਿਚ। ਜਦੋਂ ਤਾਮਿਲ ਨਾਡੂ ਹਾਈ ਕੋਰਟ ਨੇ ਕੇਸ ਰਜਿਸਟਰ ਕਰਨ ਦੀ ਗੱਲ ਕੀਤੀ, ਫਿਰ ਰੈਲੀਆਂ ਬੰਦ ਕੀਤੀਆਂ। ਪ੍ਰਧਾਨ ਮੰਤਰੀ ਜੀ ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ ਹੋ ਭਾਰਤੀ ਜਨਤਾ ਪਾਰਟੀ ਦੇ ਨਹੀਂ!! ਹੁਣ ਸਾਰੀ ਜਨਤਾ ਤੁਹਾਡੇ ਲਈ ਬਰਾਬਰ ਹੋਣੀ ਚਾਹੀਦੀ ਹੈ। ਅਮਰੀਕਾ ਦੀ ਇਕ ਯੂਨੀਵਰਸਿਟੀ ਦੇ ਵਿਗਿਆਨੀ ਮੁਕਰਜੀ ਨੇ ਆਪਣੇ ਖੋਜ ਪੱਤਰ ਵਿਚ ਕਿਹਾ ਹੈ ਕਿ ਇਸ ਸਮੇਂ ਭਾਰਤ ਵਿਚ 3 ਲੱਖ 50 ਹਜ਼ਾਰ ਕੋਵਿਡ ਦੇ ਕੇਸ ਆ ਰਹੇ ਹਨ ਅਤੇ 3 ਹਜ਼ਾਰ ਰੋਜ਼ਾਨਾ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਅਗੋਂ ਕਿਹਾ ਹੈ ਕਿ ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ 15 ਮਈ ਤੱਕ 5 ਲੱਖ ਕੋਵਿਡ ਦੇ ਕੇਸ ਆਉਣਗੇ ਅਤੇ ਮੌਤਾਂ ਦੀ ਗਿਣਤੀ 5 ਹਜ਼ਾਰ ਹੋਵੇਗੀ। ਅਮਰੀਕਾ ਨੇ ਭਾਰਤ ਨੂੰ ਵੈਕਸੀਨ ਬਣਾਉਣ ਲਈ ਕੱਚਾ ਮਾਲ ਦੇਣ ਤੇ ਪਾਬੰਦੀ ਲਾਈ ਹੋਈ ਸੀ। ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਦੀ ਮਿਤਰਤਾ ਜੱਗ ਜ਼ਾਹਰ ਸੀ। ਭਾਰਤ ਵਿਚ ਵੱਡੇ ਪੱਧਰ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਸੀ। ਇਸ ਕਰਕੇ ਜੋਅ ਬਾਇਡਨ ਦੀ ਸਰਕਾਰ ਦੇ ਭਾਰਤ ਨਾਲ ਸੰਬੰਧ ਬਹੁਤੇ ਚੰਗੇ ਨਹੀਂ ਸਨ। ਅਮਰੀਕਾ ਵਰਗਾ ਦੇਸ਼ ਜਿਥੇ ਡੈਮੋਕਰੇਟ ਪਾਰਟੀ ਦਾ ਰਾਜ ਹੈ, ਜਿਹੜੀ ਪਾਰਟੀ ਮੋਦੀ ਸਰਕਾਰ ਦੀਆਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਨਾ ਕਰਨ ਕਰਕੇ ਬੇਮੁੱਖ ਹੋਈ ਪਈ ਸੀ। ਉੁਸਨੇ ਵੀ ਭਾਰਤ ਵੀ ਓਵਰਸੀਜ਼ ਕਾਂਗਰਸ ਦੇ ਯਤਨਾ ਕਰਕੇ ਭਾਰਤ ਦੀ ਮਦਦ ਕਰਨ ਦਾ ਫ਼ੈਸਲਾ ਕਰ ਲਿਆ ਹੈ। ਮੋਦੀ ਟਰੰਪ ਦੀ ਦੋਸਤੀ ਵੀ ਰਾਹ ਵਿਚ ਰੋੜਾ ਬਣ ਰਹੀ ਸੀ। ਪ੍ਰੰਤੂ ਸ਼ੋਸ਼ਲ ਵਰਕਰ ਅਤੇ ਓਵਰਸੀਜ਼ ਕਾਂਗਰਸ ਦੇ ਕਨਵੀਨਰ ਵਿਜੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਜੋਅ ਬਾਇਡਨ ਦੇ ਕੋਵਿਡ ਦੇ “ਟੈਸਟਿੰਗ ਫਾਰ ਵਾਈਟ ਹਾਊਸ ਕੋਵਿਡ-19 ਰਿਸਪੌਂਸ” ਦੇ ਅਧਿਕਾਰੀ ਵਿਦੁਰ ਸ਼ਰਮਾ, ਜਿਸਦੇ ਮਾਪੇ ਭਾਰਤੀ ਮੂਲ ਦੇ ਹਨ, ਉਨ੍ਹਾਂ ਨਾਲ ਉਸਨੇ ਭਾਰਤ ਦੀ ਮਦਦ ਕਰਨ ਲਈ ਮਾਨਵਤਾਦਾਦੀ ਪਹੁੰਚ ਅਪਨਾਉਣ ਲਈ ਬੇਨਤੀ ਕੀਤੀ ਸੀ। ਵਿਦੁਰ ਸ਼ਰਮਾ ਨੂੰ ਭਾਰਤੀ ਮੂਲ ਦੇ ਮਾਪਿਆਂ ਦੀ ਧੀ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਗਲ ਕਰਕੇ ਭਾਰਤੀਆਂ ਦੀਆਂ ਜਾਨਾ ਬਚਾਉਣ ਲਈ ਗੁਹਾਰ ਲਗਾਈ ਸੀ। ਭਾਵੇਂ ਭਾਰਤ ਦੁਨੀਆਂ ਵਿਚ ਸਭ ਤੋਂ ਵੱਧ ਵੈਕਸੀਨ ਬਣਾਉਣ ਵਾਲਾ ਦੇਸ਼ ਹੈ ਪ੍ਰੰਤੂ ਕੱਚਾ ਮਾਲ ਭਾਰਤ ਨੂੰ ਅਮਰੀਕਾ ਤੋਂ ਆਉਂਦਾ ਹੈ। ਉਨ੍ਹਾਂ ਅੱਗੋਂ ਦੱਸਿਆ ਕਿ ਮੇਰੀ ਬੇਨਤੀ ਤੋਂ ਬਾਅਦ ਵਿਦੁਰ ਸ਼ਰਮਾ ਨੇ ਕਮਲਾ ਹੈਰਿਸ ਨਾਲ ਗੱਲ ਕਰਕੇ ਰਾਸ਼ਟਰਪਤੀ ਜੋਅ ਬਾਇਡਨ ਦੀ ਪ੍ਰਵਾਨਗੀ ਨਾਲ ਕੱਚੇ ਮਾਲ ਉਤੇ ਲਗਾਈ ਪਾਬੰਦੀ ਫਿਲਹਾਲ ਕੋਵਿਡ ਦੀ ਸਮੱਸਿਆ ਕਰਕੇ ਉਠਾ ਲਈ ਹੈ। ਜਿਸਦੇ ਸਿੱਟੇ ਵਜੋਂ ਅਮਰੀਕਾ ਨੇ ਭਾਰਤ ਨੂੰ 318 ਆਕਸੀਜਨ ਦੇ ਕਨਟੇਨਰ ਹਵਾਈ ਜਹਾਜ ਰਾਹੀਂ ਭੇਜ ਵੀ ਦਿੱਤੇ ਹਨ। ਵੈਕਸੀਨ ਬਣਾਉਣ ਲਈ ਕੱਚਾ ਮਾਲ ਵੀ ਭੇਜਿਆ ਜਾਵੇਗਾ। ਹੋਰ ਹਰ ਕਿਸਮ ਦੀ ਮਦਦ ਕਰਨ ਲਈ ਅਮਰੀਕਾ ਤਿਆਰ ਹੈ। ਅਮਰੀਕਾ ਦੇ ਪਬਲਿਕ ਹੈਲਥ ਦੇ ਸਲਾਹਕਾਰ ਭਾਰਤੀ ਅਧਿਕਾਰੀਆਂ ਦੇ ਸੰਪਰਕ ਵਿਚ ਹਨ। ਜੋਅ ਬਾਇਡਨ ਦੇ ਵਾਈਟ ਹਾਊਸ ਵਿਚ 50 ਭਾਰਤੀ ਮੂਲ ਦੇ ਵਿਅਕਤੀਆਂ ਦੇ ਮਹੱਤਪੂਰਨ ਅਹੁਦਿਆਂ ਤੇ ਨਿਯੁਕਤ ਹੋਣ ਦਾ ਪਹਿਲਾ ਲਾਭ ਭਾਰਤ ਨੂੰ ਕੋਵਿਡ-19 ਦੀ ਰੋਕ ਥਾਮ ਲਈ ਅਮਰੀਕਾ ਤੋਂ ਮਿਲ ਗਿਆ ਹੈ। ਇਸੇ ਤਰ੍ਹਾਂ ਕੈਨੇਡਾ ਸਰਕਾਰ ਨੇ 10 ਮਿਲੀਅਨ ਡਾਲਰ ਦੀ ਆਰਥਿਕ ਸਹਾਇਤਾ ਕਰਨ ਦਾ ਐਲਾਨ ਕਰ ਦਿੱਤਾ ਹੈ। ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਕ ਗਾਰਨਿਊ ਨੇ ਭਾਰਤ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ ਹੈ। ਕੈਨੇਡਾ ਦੀ ਭਾਰਤੀ ਮੂਲ ਦੀ ਜਨਤਕ ਸੇਵਾਵਾਂ ਦੇ ਮੰਤਰੀ ਅਨੀਤਾ ਆਨੰਦ ਨੇ ਕਿਹਾ ਹੈ ਕਿ ਪੀ ਪੀ ਕਿਟਾਂ ਅਤੇ ਵੈਂਟੀਲੇਟਰ ਦਿੱਤੇ ਜਾਣਗੇ। ਨਿਊਜ਼ੀਲੈਂਡ ਨੇ ਵੀ ਇਕ ਮਿਲੀਅਨ ਡਾਲਰ ਦੀ ਮਦਦ ਦਾ ਕਿਹਾ ਹੈ। ਇਸੇ ਤਰ੍ਹਾਂ ਸਿੰਘਾਪੁਰ ਦੁਬਈ ਅਤੇ ਸੰਸਾਰ ਦੇ ਹੋਰ ਬਹੁਤ ਦੇਸ਼ ਧੜਾ ਧੜ ਭਾਰਤ ਦੀ ਮਦਦ ਕਰਨ ਲਈ ਤਤਪਰ ਹੋ ਗਏ ਹਨ। ਪ੍ਰੰਤੂ ਦੁਖ ਦੀ ਗੱਲ ਹੈ ਕਿ ਭਾਰਤ ਸਰਕਾਰ ਅਜੇ ਵੀ ਕੋਵਿਡ ਦੇ ਨਾਂ ‘ਤੇ ਸਿਆਸਤ ਕਰ ਰਹੀ ਹੈ। |