25 December 2025

ਕੇਸਰੀ ਫੁੱਲਾਂ ਦੀ ਸ਼ਹਾਦਤ~ ਪ੍ਰੋ. ਨਵ ਸੰਗੀਤ ਸਿੰਘ 

ਇਸ ਸਿਰਲੇਖ ਤੋਂ ਸਪਸ਼ਟ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦੀ ਬੇਨਜ਼ੀਰ ਸ਼ਹੀਦੀ ਨਾਲ ਸੰਬੰਧਿਤ ਹੈ। ਲੰਮੀ ਕਵਿਤਾ ਦੇ ਰੂਪ ਵਿੱਚ ਲਿਖੀ ਇਸ ਰਚਨਾ ਦਾ ਲੇਖਕ ਡਾ.ਸੁਰਿੰਦਰ ਪਾਲ ਸਿੰਘ ਕਾਹਲੋਂ ਹੈ। ਇਹ ਕਿਤਾਬ ਪਹਿਲੀ ਵਾਰ 2001 ਵਿੱਚ ਤੇ ਦੂਜੀ ਵਾਰ 2008 ਵਿੱਚ ਛਪੀ। ਇਹ ਕਿਤਾਬ ਕਵੀ ਨੇ “ਯੁਗਾਂਤਰੀ ਕੌਮੀ ਸ਼ਹੀਦਾਂ ਮਾਤਾ ਗੁਜਰੀ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ” ਨੂੰ ਸਮਰਪਿਤ ਕੀਤੀ ਹੈ। ਛੋਟੀ ਉਮਰੇ ਇਨ੍ਹਾਂ ਬਹਾਦਰ ਯੋਧਿਆਂ ਦੀ ਸ਼ਹਾਦਤ ਦੀ ਗਾਥਾ ਨੂੰ ਵੱਖ ਵੱਖ ਕਵੀਆਂ ਤੇ ਗੀਤਕਾਰਾਂ ਨੇ ਆਪੋ ਆਪਣੇ ਢੰਗ ਨਾਲ ਬਿਆਨ ਕੀਤਾ ਹੈ। ਸਿੱਖ ਸ਼ਹੀਦੀਆਂ ਦੇ ਪ੍ਰਕਰਣ ਵਿੱਚ ਇਨ੍ਹਾਂ ਦੋ ਮਹਾਨਾਇਕਾਂ ਦੇ ਬਲੀਦਾਨ ਨੂੰ ‘ਜ਼ੁਲਮ ਦੀ ਇੰਤਹਾ’ ਵਜੋਂ ਜਾਣਿਆ ਜਾਂਦਾ ਹੈ। ਲੇਖਕਾਂ ਨੇ ਇਸ ਘਟਨਾ ਨੂੰ ‘ਨਿੱਕੀਆਂ ਜਿੰਦਾਂ ਵੱਡਾ ਸਾਕਾ’ ਜਾਂ ‘ਸਾਕਾ ਸਰਹਿੰਦ’ ਕਹਿ ਕੇ ਵੀ ਨਮਨ ਕੀਤਾ ਹੈ। ਸਰਹਿੰਦ ਦੇ ਨਵਾਬ ਵਜ਼ੀਰ ਖਾਂ ਸੂਬਾ ਸਰਹਿੰਦ ਨੇ ਕਾਜ਼ੀ ਰਾਹੀਂ ਦਿੱਤੇ ਫ਼ਤਵੇ ਮੁਤਾਬਕ ਇਨ੍ਹਾਂ ਕੋਮਲ ਕਲੀਆਂ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕੀਤਾ ਸੀ। ਪਰ ਸ਼ਹਾਦਤ ਤੋਂ ਪਹਿਲਾਂ ਉਨ੍ਹਾਂ ਨੂੰ ਇਸਲਾਮ ਧਾਰਨ ਕਰਵਾਉਣ ਹਿੱਤ ਤਰ੍ਹਾਂ ਤਰ੍ਹਾਂ ਦੇ ਲਾਲਚ, ਡਰਾਵੇ ਤੇ ਤਸ਼ੱਦਦ ਕੀਤੇ ਗਏ। ਪੋਹ ਦੇ ਠੰਡੇ ਯਖ਼ ਮੌਸਮ ਵਿੱਚ ਤੂਤ ਦੀਆਂ ਛਮਕਾਂ ਨਾਲ ਮਾਰਿਆ ਗਿਆ, ਰੁੱਖ ਨਾਲ ਬੰਨ੍ਹ ਕੇ ਗੁਲੇਲਾਂ ਮਾਰੀਆਂ ਗਈਆਂ ਤੇ ਆਖਰਕਾਰ ਜਿਉਂਦਿਆਂ ਨੂੰ ਦੀਵਾਰ ਵਿੱਚ ਚਿਣਵਾ ਦਿੱਤਾ ਗਿਆ। ਫ਼ਤਹਿਗੜ੍ਹ ਸਾਹਿਬ ਦੀ ਧਰਮੱਗ ਧਰਤੀ ਉੱਤੇ ਦਸੰਬਰ ਦੇ ਆਖਰੀ ਦਿਨਾਂ (11-13 ਪੋਹ) ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਇਨ੍ਹਾਂ ਬਲੀਦਾਨੀਆਂ ਨੂੰ ਸਿਜਦਾ ਕਰਨ ਪੁੱਜਦੀਆਂ ਹਨ।
ਡਾ. ਕਾਹਲੋਂ ਨੇ ਇਸ ਲੰਮੀ ਕਵਿਤਾ ਦੇ ਅੱਠ ਅਧਿਆਏ ਬਣਾਏ ਹਨ, ਜਿਨ੍ਹਾਂ ਨੂੰ ਉਹਨੇ ਅੰਗ ਦਾ ਨਾਂ ਦਿੱਤਾ ਹੈ। ਇਨ੍ਹਾਂ ਅੱਠ ਅੰਗਾਂ ਵਿੱਚ ਵੱਖ ਵੱਖ ਸਿਰਲੇਖ ਦੇ ਕੇ ਸੰਬੰਧਿਤ ਘਟਨਾ ਨੂੰ ਬੜੇ ਸੋਜ਼ਮਈ ਲਫ਼ਜ਼ਾਂ ਵਿੱਚ ਉਲੀਕਿਆ ਗਿਆ ਹੈ। ਪਹਿਲੇ ਅੰਗ (15-19) ਵਿੱਚ ‘ਸਮਾਂ ਤੇ ਸੱਚ’ ਅਧੀਨ ਸਮਿਆਂ ਦੇ ਸੱਚ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ :
ਤਵਾਰੀਖ ਇਹ ਦੱਸਦੀ, ਨਹੀਂ ਵਿਰਵੀ ਰਹਿੰਦੀ ਘਾਲ।
ਕੁਝ ਪਰਵਾਨੇ ਹੱਕ ਦੇ, ਚਲਦੇ ਕਰਮ ਦੀ ਚਾਲ।
ਨੇਰੇ ਰਾਹੀਂ ਰੌਸ਼ਨੀ, ਉਹ ਕਰਦੇ ਰੱਤ ਨੂੰ ਬਾਲ।
ਉਹਨਾਂ ਦੀ ਰੱਤ ਦੀਪ ਫਿਰ, ਇਸ ਜੱਗ ਦੀ ਬਣੇ ਮਸ਼ਾਲ।
                                                          (17)
ਦੂਜੇ ਅੰਗ (20-27) ਵਿੱਚ ‘ਸਾਕਾ ਵਿਥਿਆ ਉਥਾਨ’ ਅਤੇ ‘ਪੁਰੀ ਅਨੰਦ ਨੂੰ ਛੱਡ ਕੇ’ ਦੇ ਅੰਤਰਗਤ ਕਵੀ ਨੇ ਇਸ ਭਿਆਨਕ ਸਾਕੇ ਦੀ ਤਸਵੀਰ ਖਿੱਚਦਿਆਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ 6-7 ਪੋਹ ਦੀ ਵਿਚਕਾਰਲੀ ਰਾਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਸਦੀਵੀ ਤਿਆਗ ਨੂੰ ਕਲਮਬੱਧ ਕੀਤਾ ਹੈ :
ਇਹ ਸਾਕਾ ਹੈ ਉਹਨਾਂ ਦਾ, ਜੋ ਬਣੇ ਅਣਖ ਦੀ ਵਾਰ।
ਜਿਨ੍ਹਾਂ ਦੇ ਚੋਲੇ ਰੱਤੜੇ, ਤਵਾਰੀਖ ਦਾ ਜੋ ਸ਼ਿੰਗਾਰ।
ਉਹਨਾਂ ਦੀ ਗਾਥਾ ਅੱਖਰੀਂ, ਹਰ ਦੌਰ ਦੀ ਜੋ ਪੁਕਾਰ।
ਜਿਨ੍ਹਾਂ ਸ਼ਹਾਦਤ ਰੱਤੜੀ, ਬੜੀ ਅਸੂਲ ਬਰਦਾਰ।
                                                        (20)
ਪੁਰੀ ਅਨੰਦ ਨੂੰ ਛੱਡ ਕੇ, ਪਈ ਆਉਂਦੀ ਗੁਰੂ ਵਹੀਰ।
ਵੱਡੇ ਹਮਲੇ ਹੋਏ ਨੂੰ, ਡੱਕੇ ਯੋਧਿਆਂ ਦੀ ਸ਼ਮਸ਼ੀਰ।
ਖਾਧੀਆਂ ਕਸਮਾਂ ਭੁੱਲ ਕੇ, ਉਹਨਾਂ ਕੀਤੀ ਜ਼ੁਲਮ ਅਖੀਰ।
ਰਾਜੇ ਪਹਾੜੀ ਮੁਗਲ ਫੌਜ, ਹੋਏ ਇੱਕ ਅਮੀਰ ਵਜ਼ੀਰ।
                                                       (22)
ਤੀਜੇ ਅੰਗ (28-33) ਵਿੱਚ ‘ਕੁਫ਼ਰ ਕਚਹਿਰੀ’ ਸਿਰਲੇਖ ਅਧੀਨ ਪਹਿਲੇ ਦਿਨ ਸੂਬੇ ਦੀ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਕਈ ਤਰ੍ਹਾਂ ਦੀਆਂ ਵਿਧੀਆਂ (ਸਾਮ, ਦਾਮ, ਦੰਡ, ਭੇਦ) ਦੁਆਰਾ ਆਪਣੇ ਪੱਖ/ਹੱਕ ਵਿੱਚ ਕਰਨ ਦੀਆਂ ਚਾਲਾਂ/ਸਾਜ਼ਿਸ਼ਾਂ ਰਚੀਆਂ ਗਈਆਂ, ਪਰ ਬਹਾਦਰ ਸਾਹਿਬਜ਼ਾਦਿਆਂ ਸਾਹਮਣੇ ਮੁਗਲ ਹਕੂਮਤ ਦਾ ਕੋਈ ਦਾਅ ਨਾ ਚੱਲਿਆ :
ਦਸਮ ਪਿਤਾ ਦੇ ਪੁੱਤ ਹਾਂ, ਨਵਮ ਗੁਰੂ ਦੇ ਪੋਤਰੇ ਪੋਤ।
ਸੰਥਿਆ ਵੀ ਗੁਰਮਾਤ ਦੀ, ਸਾਡੇ ਅੰਦਰ ਜਗਦੀ ਜੋਤ।
ਜ਼ੁਲਮ ਸਹਿਣ ਦੀ ਜਾਚ ਹੈ, ਸਾਡੇ ਮੁੱਢੋਂ ਇਹੋ ਸਰੋਤ।
ਕੂੜੀਆਂ ਚੌਧਰਾਂ ਕਿਸ ਕੰਮ? ਸਾਡੀ ਨਹੀਂ ਜਾਤ ਇਹ ਗੋਤ।
                                                       (32)
ਚੌਥੇ ਅੰਗ (34-39) ਦਾ ਸਿਰਲੇਖ ‘ਰਾਤ ਲੰਮੇਰੀ’ ਹੈ, ਜਿਸ ਵਿੱਚ ਦਾਦੀ ਮਾਂ ਮਾਤਾ ਗੁਜਰੀ ਜੀ ਆਪਣੇ ਨੰਨੇ ਪੋਤਿਆਂ ਬਾਰੇ ਸੋਚਦੇ ਹਨ ਕਿ ਇਹ ਨਿੱਕੇ ਬਾਲ ਆਉਣ ਵਾਲੇ ਭਿਆਨਕ ਸਮੇਂ ਵਿੱਚ ਅਡੋਲ ਰਹਿ ਸਿੱਖੀ ਸਿਦਕ ਤੇ ਭਰੋਸੇ ਨੂੰ ਸੁਆਸਾਂ ਸੰਗ ਨਿਭਾਉਣ ਦੇ ਸਮਰੱਥ ਹੋਣ!
ਪੰਜਵਾਂ ਅੰਗ (40-51) ‘ਕਹਿਰ ਕਚਹਿਰੀ’ ਅਤੇ ‘ਕਵੀ-ਓ-ਵਾਚ’ ਸਿਰਲੇਖਾਂ ਹੇਠ ਨਿਰਮਿਤ ਹੋਇਆ ਹੈ। ਇਸ ਵਿੱਚ ਦੂਜੇ ਦਿਨ ਦੀ ਕਚਹਿਰੀ ਦਾ ਵੇਰਵਾ ਹੈ। ਇਸ ਵਿੱਚ ਸੂਬੇ ਦੇ ਦੀਵਾਨ ਸੁੱਚਾ ਨੰਦ ਨੇ ਇਨ੍ਹਾਂ ਮਾਸੂਮਾਂ ਨੂੰ ਕਤਲ ਕਰਨ ਦੀ ਨਸੀਹਤ ਦਿੱਤੀ। ਸੂਬੇ ਨੇ ਮਲੇਰਕੋਟਲਾ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਚਮਕੌਰ ਦੀ ਜੰਗ ਵਿੱਚ ਆਪਣੇ ਭਰਾ ਦੀ ਮੌਤ ਦਾ ਬਦਲਾ ਬੱਚਿਆਂ ਤੋਂ ਲੈਣ ਨੂੰ ਕਿਹਾ ਪਰ ਸ਼ੇਰ ਮੁਹੰਮਦ ਨੇ ਕੁਰਾਨ ਦਾ ਵਾਸਤਾ ਪਾ ਕੇ ਕਿਹਾ ਕਿ ਪਿਓ ਦੇ ਕੰਮਾਂ ਦਾ ਬੱਚਿਆਂ ਤੋਂ ਕਾਹਦਾ ਬਦਲਾ? ਉਹਨੇ ਇਹ ਵੀ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਦਾ ਕਤਲ ਕਰਨ ਦੀ ਮਨਾਹੀ ਹੈ।
ਛੇਵੇਂ ਅੰਗ (52-57) ਵਿੱਚ ਵੀ ਦੋ ਸਿਰਲੇਖ ਹਨ – ‘ਕਤਲ ਕਚਹਿਰੀ’ ਅਤੇ ‘ਦੁਖਦਾਈ ਖਬਰ’। ਇਨ੍ਹਾਂ ਤੋਂ ਸਪਸ਼ਟ ਹੈ ਕਿ ਸੂਬੇ ਨੇ ਤੀਜੇ ਤੇ ਆਖਰੀ ਦਿਨ ਦੀ ਕਚਹਿਰੀ ਵਿੱਚ ਬੱਚਿਆਂ ਨੂੰ ਕਾਜ਼ੀ ਦੇ ਫ਼ਤਵੇ ਮੁਤਾਬਕ ਜੀਂਦੇ ਜੀਅ ਦੀਵਾਰ ਵਿੱਚ ਚਿਣੇ ਜਾਣ ਦਾ ਆਦੇਸ਼ ਦਿੱਤਾ। ਸਾਹਿਬਜ਼ਾਦਿਆਂ ਨੇ ਅਡੋਲਤਾ ਤੇ ਦ੍ਰਿੜਤਾ ਨਾਲ ਚੜ੍ਹਦੀ ਕਲਾ ਵਿੱਚ ਰਹਿ ਆਪਣੀ ਜਾਨ ਦੇਸ਼, ਧਰਮ ਤੋਂ ਕੁਰਬਾਨ ਕਰ ਦਿੱਤੀ। ਇਹ ਖਬਰ ਜਿਉਂ ਹੀ ਮਾਤਾ ਗੁਜਰੀ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ।
ਅੰਗ-7 (58-60) ਵਿੱਚ ‘ਅੰਤਮ ਸਸਕਾਰ’ ਦਾ ਵੇਰਵਾ ਹੈ। ਗੁਰੂ ਜੀ ਦੇ ਇੱਕ ਅਨਿੰਨ ਸ਼ਰਧਾਲੂ ਦੀਵਾਨ ਟੋਡਰ ਮੱਲ ਨੇ ਸੂਬੇ ਨੂੰ ਖੜ੍ਹੇ ਦਾਅ ਸੋਨੇ ਦੀਆਂ ਮੋਹਰਾਂ ਅਦਾ ਕਰਕੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਅੰਤਮ ਸਸਕਾਰ ਲਈ ਥਾਂ ਖਰੀਦੀ।
ਅੰਗ-8 (61-68) ਵਿੱਚ ‘ਸਰਹਿੰਦ ਦੀ ਇੱਟ ਨਾਲ ਇੱਟ’ ਦੇ ਅੰਤਰਗਤ 6 ਹੋਰ ਉਪ ਸਿਰਲੇਖ ਹਨ। ਜਿਨ੍ਹਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਪੰਜਾਬ ਆਉਣ, ਗੰਗੂ ਦੇ ਪਿੰਡ ਖੇੜੀ ਨੂੰ ਤਬਾਹ ਕਰਨ, ਚੱਪੜਚਿੜੀ ਦੇ ਮੈਦਾਨ ਵਿੱਚ ਗਹਿਗੱਚ ਲੜਾਈ ਦੌਰਾਨ ਵਜ਼ੀਰ ਖਾਨ ਨੂੰ ਮਾਰ ਮੁਕਾਉਣ, ਸਰਹਿੰਦ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਉਣ ਦਾ ਉਲੇਖਯੋਗ ਰੂਪ ਵਿੱਚ ਜ਼ਿਕਰ ਹੋਇਆ ਹੈ। ਬੰਦਾ ਸਿੰਘ ਬਹਾਦਰ ਦੀ ਬਹਾਦਰੀ ਦੇ ਪ੍ਰਸੰਗ ਨੂੰ ਕਵੀ ਨੇ ਬੀਰ-ਰਸੀ ਭਾਵਾਂ ਨਾਲ ਸਿਰਜਿਆ ਹੈ :
ਓਥੇ ਆਹੂ ਲੱਥੇ ਵੈਰੀਆਂ, ਉਹਨਾਂ ਜ਼ਾਲਮ ਘੱਤੇ ਘਾਣ।
ਚਿੱਟੇ ਦਿਹੁੰ ਦਿਹਾੜੇ ਵੱਢਿਆ, ਅੰਨ੍ਹਾ ਪਾਪੀ ਵਜ਼ੀਰਾ ਖਾਨ।
ਗੁਰ ਫ਼ਤਹਿ ਨਗਾਰੇ ਵੱਜ ਗਏ, ਪਾਈ ਯੋਧਿਆਂ ਫ਼ਤਹਿ ਮਹਾਨ।
ਕਰ ਕਰ ਉਹਦੇ ਡੱਕਰੇ, ਉਸ ਉੱਤੇ ਵੀ ਦਹੀਂ ਪੁਆਣ।
ਕਹਿੰਦੇ ਕੁਝ ਉਹਦੇ ਡੱਕਰੇ, ਨਾਲੇ ਬਿਰਖਾਂ ਉੱਤੇ ਟੰਗਾਣ।
ਪਏ ਪਾੜਨ ਕੁੱਤੇ ਉਸ ਨੂੰ, ਇੱਲਾਂ ਗਿਰਝਾਂ ਬੋਟੀਆਂ ਖਾਣ।
                                                         (63)
ਇਸ ਦਿਲ-ਕੰਬਾਊ ਸਾਕੇ ਰਾਹੀਂ ਕਵੀ ਨੇ ਆਪਣੀਆਂ ਸੱਚੀਆਂ-ਸੁੱਚੀਆਂ ਭਾਵਨਾਵਾਂ ਨੂੰ ਅਭਿਵਿਅਕਤ ਕਰਕੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਅਕੀਦਤ ਦੇ ਫੁੱਲ ਭੇਟ ਕੀਤੇ ਹਨ। ਕਵੀ ਦੇ ਬੋਲਾਂ ਵਿੱਚ ਸੋਜ਼, ਦਰਦ, ਪੀੜਾ ਤੇ ਹਉਕੇ ਦੀ ਹੂਕ ਸੁਣਾਈ ਦਿੰਦੀ ਹੈ।
                            ***
# 1, ਲਤਾ ਗਰੀਨ ਐਨਕਲੇਵ,
ਪਟਿਆਲਾ-147002.
+91 9417692015

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1696
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002

ਪੰਜਾਬ, ਭਾਰਤ
ਫੋਨ:+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ 1, ਲਤਾ ਇਨਕਲੇਵ, ਪਟਿਆਲਾ-147002 ਪੰਜਾਬ, ਭਾਰਤ ਫੋਨ:+91 9417692015

View all posts by ਪ੍ਰੋ. ਨਵ ਸੰਗੀਤ ਸਿੰਘ →