18 October 2025

ਦੋ ਲੇਖ: *ਮਾਘ ਦੀ ਸੰਗਰਾਂਦ ਅਤੇ *ਮੇਲਾ ਮਾਘੀ ਦਾ ਜਲੌਅ —ਪ੍ਰੋ. ਨਵ ਸੰਗੀਤ ਸਿੰਘ 

1. ਮਾਘ ਦੀ ਸੰਗਰਾਂਦ — ਪ੍ਰੋ. ਨਵ ਸੰਗੀਤ ਸਿੰਘ 
ਸੰਗਰਾਂਦ ਹਿੰਦੀ ਦੇ ਸ਼ਬਦ ਸੰਕ੍ਰਾਂਤੀ ਤੋਂ ਬਣਿਆ ਹੈ। ਸੂਰਜ ਦਾ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਦਾਖ਼ਲ ਹੋਣਾ ਸੰਕ੍ਰਾਂਤੀ ਅਖਵਾਉਂਦਾ ਹੈ। ਇਸ ਤਰ੍ਹਾਂ ਪੂਰੇ ਸਾਲ ਵਿੱਚ ਬਾਰਾਂ ਸੰਕ੍ਰਾਂਤੀਆਂ, ਯਾਨੀ ਸੰਗਰਾਂਦਾਂ ਹੁੰਦੀਆਂ ਹਨ। ਜਦੋਂ ਸੂਰਜ ਪੋਹ ਮਹੀਨੇ ਤੋਂ ਧਨ ਰਾਸ਼ੀ ਨੂੰ ਛੱਡ ਕੇ ਮਾਘ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਮਾਘ ਦੀ ਸੰਗਰਾਂਦ ਹੁੰਦੀ ਹੈ। ਸੰਗਰਾਂਦ ਦੇ ਆਉਂਦਿਆਂ ਹੀ ਸੂਰਜ ਉਤਰਾਇਣ ਹੋ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅੱਜ ਦੇ ਦਿਨ ਸੂਰਜ ਦੇਵਤਾ ਆਪਣੇ ਪੁੱਤਰ ਸ਼ਨੀ ਦੇਵ ਨੂੰ ਮਿਲ ਜਾਂਦੇ ਹਨ। ਇਸ ਦਿਨ ਹੀ ਗੰਗਾ ਦੀ ਅੰਮ੍ਰਿਤਧਾਰਾ ਧਰਤੀ ਤੇ ਆਈ ਸੀ। 
ਸ਼ਾਸਤਰਾਂ ਮੁਤਾਬਕ ਦਕਸ਼ਿਣਾਇਨ ਨੂੰ ਦੇਵਤਿਆਂ ਦੀ ਰਾਤ, ਅਰਥਾਤ ਨਾਕਾਰਾਤਮਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਉੱਤਰਾਖੰਡ ਨੂੰ ਦੇਵਤਿਆਂ ਦਾ ਦਿਨ, ਅਰਥਾਤ ਸਾਕਾਰਾਤਮਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਸੰਗਰਾਂਦ ਦੇ ਦਿਨ ਸੂਰਜ ਦੇਵਤਾ ਦੀ ਪੂਜਾ, ਇਸ਼ਨਾਨ, ਦਾਨ, ਸ਼ਰਾਧ, ਤਰਪਣ ਜਿਹੇ ਧਾਰਮਿਕ ਕਾਰਜਾਂ ਲਈ ਬਹੁਤ ਢੁੱਕਵਾਂ ਹੈ। ਉਤਰਾਇਣ ਵਿੱਚ ਦਿਨ ਵੱਡੇ ਅਤੇ ਰਾਤਾਂ ਛੋਟੀਆਂ ਹੁੰਦੀਆਂ ਹਨ। ਮਾਘ ਦੀ ਸੰਗਰਾਂਦ ਦੇ ਦਿਨ ਕੀਤਾ ਗਿਆ ਦਾਨ ਸੌ ਗੁਣਾ ਪੁੰਨਮਈ ਮੰਨਿਆ ਜਾਂਦਾ ਹੈ। ਇਸ ਦਿਨ ਤਿਲ, ਗੁੜ, ਖਿਚੜੀ, ਮਾਂਹ ਦੀ ਦਾਲ ਦਾ ਦਾਨ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ। ਇਸ ਦਿਨ ਪਿੱਤਰਾਂ ਲਈ ਤਿਲ ਦਾ ਸ਼ਰਾਧ ਕਰਨਾ ਚਾਹੀਦਾ ਹੈ। ਨਾਲ ਹੀ ਇਸ ਦਿਨ ਸ਼ੁੱਧ ਘਿਓ ਅਤੇ ਕੰਬਲ ਦਾ ਦਾਨ ਵੀ ਅਤਿ ਉੱਤਮ ਮੰਨਿਆ ਜਾਂਦਾ ਹੈ।
ਮਾਘ ਦੀ ਸੰਗਰਾਂਦ ਨੂੰ ਭਾਰਤ ਦੇ ਸਾਰੇ ਰਾਜਾਂ ਵਿੱਚ ਵੱਖ-ਵੱਖ ਨਾਂਵਾਂ ਅਤੇ ਭਾਂਤ-ਭਾਂਤ ਦੇ ਰੀਤੀ-ਰਿਵਾਜਾਂ ਰਾਹੀਂ ਭਗਤੀ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਦਾ ਹੈ। ਆਂਧਰ ਪ੍ਰਦੇਸ਼, ਤਿਲੰਗਾਨਾ, ਕਰਨਾਟਕ, ਮਹਾਰਾਸ਼ਟਰ, ਤਾਮਿਲਨਾਡੂ, ਕੇਰਲ, ਉੜੀਸਾ, ਪੰਜਾਬ ਅਤੇ ਗੁਜਰਾਤ ਵਿੱਚ ਸੰਗਰਾਂਦ ਦੇ ਦਿਨ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ, ਜਦਕਿ ਬੰਗਾਲ ਤੇ ਆਸਾਮ ਵਿੱਚ ਸੰਗਰਾਂਦ ਤੇ ਦਿਨ ਮਹੀਨੇ ਦਾ ਅੰਤ ਮੰਨਿਆ ਜਾਂਦਾ ਹੈ। ਇਸ ਦਿਨ ਕਈ ਥਾਈਂ ਪਤੰਗ ਵੀ ਉਡਾਏ ਜਾਂਦੇ ਹਨ। ਆਕਾਸ਼ ਵਿੱਚ ਉਡਦੇ ਇਹ ਪਤੰਗਾਂ ਦਾ ਨਜ਼ਾਰਾ ਅੱਜ ਦੇ ਦਿਨ ਹੀ ਵੇਖਣ ਨੂੰ ਮਿਲਦਾ ਹੈ।
ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਵੱਖ-ਵੱਖ ਨਾਵਾਂ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ। ਵੱਖ-ਵੱਖ ਰਾਜਾਂ ਵਿੱਚ ਇਸ ਤਿਉਹਾਰ ਨੂੰ ਮਨਾਉਣ ਦੇ ਜਿੰਨੇ ਵਧੇਰੇ ਰੂਪ ਪ੍ਰਚੱਲਿਤ ਹਨ, ਓਨੇ ਕਿਸੇ ਹੋਰ ਤਿਉਹਾਰ ਵਿੱਚ ਨਹੀਂ ਹਨ। ਆਓ, ਜਾਣਦੇ ਹਾਂ ਵੱਖ-ਵੱਖ ਸੂਬਿਆਂ ਵਿੱਚ ਮਾਘ ਦੀ ਸੰਗਰਾਂਦ ਨੂੰ ਮਨਾਏ ਜਾਣ ਦੀ ਪਰੰਪਰਾ :
* ਰਾਜਸਥਾਨ ਵਿੱਚ ਇਸ ਤਿਉਹਾਰ ਤੇ ਸੁਹਾਗਣ ਔਰਤਾਂ ਆਪਣੀ ਸੱਸ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਨਾਲ ਹੀ ਔਰਤਾਂ ਕਿਸੇ ਵੀ ਸੁਭਾਗ ਸੂਚਕ ਵਸਤੂ ਦਾ ਚੌਦਾਂ ਦੀ ਗਿਣਤੀ ਵਿੱਚ ਪੂਜਾ ਅਤੇ ਸੰਕਲਪ ਕਰਕੇ ਚੌਦਾਂ ਬ੍ਰਾਹਮਣਾਂ, ਗ਼ਰੀਬਾਂ ਅਤੇ ਭੈਣਾਂ-ਧੀਆਂ ਨੂੰ ਦਾਨ ਦਿੰਦੀਆਂ ਹਨ।
* ਗੁਜਰਾਤ ਵਿਚ ਉਤਰਾਇਣ ਦੇ ਨਾਂ ਨਾਲ ਇਹ ਤਿਉਹਾਰ ਮਨਾਉਂਦੇ ਹਨ। ਇਥੇ ਪਤੰਗਬਾਜ਼ੀ ਦਾ ਨਿਰਾਲਾ ਰੂਪ ਵੇਖਣ ਨੂੰ ਮਿਲਦਾ ਹੈ। 
* ਹਰਿਆਣਾ ਅਤੇ ਉਤਰਾਖੰਡ ਵਿੱਚ ਇਸ ਨੂੰ ਮਾਘੀ ਦੇ ਨਾਂ ਵਜੋਂ ਜਾਣਿਆ ਜਾਂਦਾ ਹੈ।  
* ਪੰਜਾਬ ਵਿੱਚ ਲੋਹੜੀ ਦੇ ਰੂਪ ਵਿੱਚ ਇੱਕ ਦਿਨ ਪਹਿਲਾਂ ਇਹ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਮਾਘ ਵਾਲੇ ਦਿਨ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਲੋਹੜੀ ਵਾਲੇ ਦਿਨ ਹਨੇਰਾ ਹੁੰਦਿਆਂ ਹੀ ਅੱਗ ਜਲਾ ਕੇ ਤਿਲ, ਗੁੜ, ਚੌਲ, ਭੁੰਨੀ ਹੋਈ ਮੱਕੀ ਦੀ ਆਹੂਤੀ ਦਿੱਤੀ ਜਾਂਦੀ ਹੈ, ਜਿਸ ਨੂੰ ਤਿਲ-ਚੌਲੀ ਕਿਹਾ ਜਾਂਦਾ ਹੈ। ਅੱਗ ਵਿਚ ਤਿਲ ਸੁੱਟਦਿਆਂ ਹੋਇਆਂ ਕਿਹਾ ਜਾਂਦਾ ਹੈ- “ਈਸ਼ਰ ਆ ਦਲਿੱਦਰ ਜਾਹ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ”। ਇਸ ਮੌਕੇ ਲੋਕ ਮੂੰਗਫਲੀ, ਤਿਲ ਦੀ ਬਣੀ ਗਜਕ ਅਤੇ ਰਿਉੜੀਆਂ ਆਪਸ ਵਿੱਚ ਵੰਡ ਕੇ ਖੁਸ਼ੀ ਮਨਾਉਂਦੇ ਹਨ। ਛੋਟੇ- ਛੋਟੇ ਬੱਚੇ ਘਰ-ਘਰ ਜਾ ਕੇ “ਦੁੱਲਾ ਭੱਟੀ ਵਾਲਾ ਹੋ… ਦੁੱਲੇ ਧੀ ਵਿਆਹੀ ਹੋ…” ਦਾ ਲੋਕਗੀਤ ਗਾਉਂਦੇ ਹਨ ਅਤੇ ਲੋਹੜੀ ਮੰਗਦੇ ਹਨ। ਨਵੀਂ ਵਹੁਟੀ ਅਤੇ ਨਵਜੰਮੇ ਬੱਚੇ ਲਈ ਲੋਹੜੀ ਦਾ ਖਾਸ ਮਹੱਤਵ ਹੁੰਦਾ ਹੈ। ਇਹਦੇ ਨਾਲ ਪਰੰਪਰਿਕ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਬਣਾਇਆ ਜਾਂਦਾ ਹੈ। ਪੰਜਾਬ ਵਿੱਚ ਇਹ ਤਿਉਹਾਰ ਵੱਡੀ ਗਿਣਤੀ ਵਿੱਚ ਮੁੱਖ ਤੌਰ ਤੇ ਮੁਕਤਸਰ ਵਿਖੇ ਮਾਘੀ ਦੇ ਮੇਲੇ ਵਜੋਂ ਮਨਾਇਆ ਜਾਂਦਾ ਹੈ, ਜਿੱਥੇ ਲੋਕ ਗੁਰਦੁਆਰਾ ਟੁੱਟੀ ਗੰਢੀ ਵਿੱਚ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਨ ਤੇ ਗੁਰਬਾਣੀ ਸਰਵਣ ਕਰਦੇ ਹਨ। ਚਾਲੀ ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾਣ ਵਾਲਾ ਇਹ ਤਿਉਹਾਰ ਐੱਸਜੀਪੀਸੀ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। ਗੁਰਬਾਣੀ ਮੁਤਾਬਕ- “ਮਾਘ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨ…” ਦੀ ਬਹੁਤ ਮਹੱਤਤਾ ਹੈ।  
* ਉੱਤਰ ਪ੍ਰਦੇਸ਼ ਵਿੱਚ ਇਸ ਦਿਨ ਮੁੱਖ ਤੌਰ ਤੇ ਦਾਨ ਦਾ ਵਿਸ਼ੇਸ਼ ਮਹੱਤਵ ਹੈ। ਇਸ ਲਈ ਇਹਨੂੰ ਦਾਨ ਦਾ ਤਿਉਹਾਰ ਵੀ ਕਹਿੰਦੇ ਹਨ। ਅਲਾਹਾਬਾਦ ਵਿੱਚ ਗੰਗਾ, ਜਮਨਾ ਅਤੇ ਸਰਸਵਤੀ ਦੇ ਸੰਗਮ ਤੇ ਹਰ ਸਾਲ ਇਕ ਮਹੀਨੇ ਤੱਕ ਮਾਘ ਦਾ ਮੇਲਾ ਲੱਗਦਾ ਹੈ, ਜਿਸ ਨੂੰ ਮਾਘ ਮੇਲੇ ਦੇ ਨਾਂ ਵਜੋਂ ਜਾਣਿਆ ਜਾਂਦਾ ਹੈ। ਮਾਘ ਦੇ ਪਹਿਲੇ ਦਿਨ ਤੋਂ ਹੀ ਅਲਾਹਾਬਾਦ ਵਿੱਚ ਹਰ ਸਾਲ ਮਾਘ ਮੇਲੇ ਦੀ ਸ਼ੁਰੂਆਤ ਹੁੰਦੀ ਹੈ। ਪਹਿਲੀ ਪੋਹ ਤੋਂ ਪਹਿਲੀ ਮਾਘ ਤਕ ਦਾ ਸਮਾਂ ਖਰ/ਮਲ ਮਹੀਨੇ ਦੇ ਨਾਂ ਵਜੋਂ ਜਾਣਿਆ ਜਾਂਦਾ ਹੈ। ਇਉਂ ਮੰਨਿਆ ਜਾਂਦਾ ਹੈ ਕਿ ਪਹਿਲੀ ਮਾਘ ਤੋਂ ਧਰਤੀ ਤੇ ਸ਼ੁਭ ਕੰਮਾਂ ਦੀ ਸ਼ੁਰੂਆਤ ਹੁੰਦੀ ਹੈ। ਮਾਘ ਮੇਲੇ ਦਾ ਪਹਿਲਾ ਇਸ਼ਨਾਨ ਮਾਘ ਦੀ ਸੰਗਰਾਂਦ ਤੋਂ ਸ਼ੁਰੂ ਹੋ ਕੇ ਸ਼ਿਵਰਾਤਰੀ ਤੱਕ ਆਖਰੀ ਇਸ਼ਨਾਨ ਹੁੰਦਾ ਹੈ। ਸੰਗਰਾਂਦ ਦੇ ਦਿਨ ਇਸ਼ਨਾਨ ਪਿੱਛੋਂ ਤਿਲ ਅਤੇ ਗੁੜ ਦੀ ਮਿਠਾਈ ਬ੍ਰਾਹਮਣਾਂ ਅਤੇ ਗ਼ਰੀਬਾਂ ਨੂੰ ਦਾਨ ਦਿੱਤੀ ਜਾਂਦੀ ਹੈ। ਉੱਤਰ ਪ੍ਰਦੇਸ਼ ਵਿੱਚ ਇਸ ਤਿਉਹਾਰ ਨੂੰ ਖਿਚੜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸ ਦਿਨ ਖਿਚੜੀ ਖਾਣ ਅਤੇ ਖਿਚੜੀ ਦਾ ਦਾਨ ਦੇਣ ਦਾ ਬਹੁਤ ਮਹੱਤਵ ਹੈ। 
* ਬਿਹਾਰ ਵਿਚ ਵੀ ਮਾਘ ਦੀ ਸੰਗਰਾਂਦ ਨੂੰ ਖਿਚੜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਮਾਂਹ, ਚੌਲ, ਤਿਲ, ਜੌਂ, ਊਨੀ ਕੱਪਡ਼ੇ, ਕੰਬਲ ਆਦਿ ਦਾਨ ਦਿੱਤੇ ਜਾਂਦੇ ਹਨ। 
* ਕਸ਼ਮੀਰ ਵਿੱਚ ‘ਸ਼ਿਸ਼ੁਰ ਸੇਂਕ੍ਰਾਂਤ’ ਦੇ ਨਾਂ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ।
* ਮਹਾਰਾਸ਼ਟਰ ਵਿੱਚ ਇਸ ਦਿਨ ਸਾਰੀਆਂ ਵਿਆਹੁਤਾ ਔਰਤਾਂ ਆਪਣੀ ਪਹਿਲੀ ਸੰਗਰਾਂਦ ਤੇ ਕਪਾਹ, ਤਿਲ ਅਤੇ ਨਮਕ ਆਦਿ ਚੀਜ਼ਾਂ ਦੂਜੀਆਂ ਸੁਹਾਗਣਾਂ ਨੂੰ ਦਾਨ ਦਿੰਦੀਆਂ ਹਨ। ਤਿਲ-ਗੂਲ ਦੇ ਨਾਂ ਨਾਲ ਹਲਵਾ ਵੰਡਣ ਦਾ ਰਿਵਾਜ ਵੀ ਹੈ। ਲੋਕ ਇੱਕ ਦੂਜੇ ਨੂੰ ਤਿਲ ਗੁੜ ਦਿੰਦੇ ਹਨ ਅਤੇ ਦਿੰਦੇ ਸਮੇਂ ਕਹਿੰਦੇ ਹਨ  – “ਤਿਲ ਗੁੜ ਲਓ ਅਤੇ ਮਿੱਠਾ ਮਿੱਠਾ ਬੋਲੋ।” ਇਸ ਦਿਨ ਔਰਤਾਂ ਆਪਸ ਵਿੱਚ ਤਿਲ, ਗੁੜ ਅਤੇ ਹਲਦੀ ਵੰਡਦੀਆਂ ਹਨ।
  
* ਬੰਗਾਲ ਵਿੱਚ ਇਸ ਨੂੰ ‘ਪੌਸ਼ ਸੰਕ੍ਰਾਂਤੀ’ ਕਹਿੰਦੇ ਹਨ। ਉੱਥੇ ਵੀ ਇਸ ਤਿਉਹਾਰ ਤੇ ਇਸ਼ਨਾਨ ਪਿੱਛੋਂ ਤਿਲ ਦਾਨ ਕਰਨ ਦੀ ਪ੍ਰਥਾ ਹੈ। ਇਥੇ ਗੰਗਾਸਾਗਰ ਵਿੱਚ ਹਰ ਸਾਲ ਵਿਸ਼ਾਲ ਮੇਲਾ ਲੱਗਦਾ ਹੈ। ਮਾਘ ਦੀ ਸੰਗਰਾਂਦ ਦੇ ਦਿਨ ਹੀ ਗੰਗਾ ਜੀ ਭਗੀਰਥ ਦੇ ਪਿੱਛੇ-ਪਿੱਛੇ ਚੱਲ ਕੇ ਕਪਿਲ ਮੁਨੀ ਦੇ ਆਸ਼ਰਮ ਤੋਂ ਹੋ ਕੇ ਸਮੁੰਦਰ ਵਿੱਚ ਜਾ ਮਿਲੀ ਸੀ। ਮਾਨਤਾ ਇਹ ਵੀ ਹੈ ਕਿ ਇਸ ਦਿਨ ਯਸ਼ੋਧਾ ਨੇ ਸ੍ਰੀ ਕ੍ਰਿਸ਼ਨ ਨੂੰ ਪ੍ਰਾਪਤ ਕਰਨ ਲਈ ਵਰਤ ਰੱਖਿਆ ਸੀ। ਇਸ ਦਿਨ ਗੰਗਾਸਾਗਰ ਵਿਚ ਇਸ਼ਨਾਨ-ਦਾਨ ਲਈ ਲੱਖਾਂ ਲੋਕਾਂ ਦੀ ਭੀੜ ਹੁੰਦੀ ਹੈ। ਲੋਕ ਔਖੇ ਹੋ ਕੇ ਵੀ ਗੰਗਾ ਸਾਗਰ ਦੀ ਯਾਤਰਾ ਕਰਦੇ ਹਨ। ਸਾਲ ਵਿੱਚ ਸਿਰਫ਼ ਇੱਕ ਦਿਨ ਮਾਘ ਦੀ ਸੰਗਰਾਂਦ ਨੂੰ ਇੱਥੇ ਲੋਕਾਂ ਦੀ ਅਪਾਰ ਭੀੜ ਹੁੰਦੀ ਹੈ। ਇਸ ਲਈ ਕਿਹਾ ਜਾਂਦਾ ਹੈ “ਸਾਰੇ ਤੀਰਥ ਬਾਰ ਬਾਰ, ਗੰਗਾਸਾਗਰ ਏਕ ਬਾਰ।” 
* ਤਾਮਿਲਨਾਡੂ ਵਿੱਚ ਇਸ ਤਿਉਹਾਰ ਨੂੰ ਪੋਂਗਲ ਦੇ ਰੂਪ ਵਿੱਚ ਚਾਰ ਦਿਨ ਤਕ ਮਨਾਇਆ ਜਾਂਦਾ ਹੈ। ਪਹਿਲੇ ਦਿਨ ਭੋਗੀ ਪੋਂਗਲ, ਦੂਜੇ ਦਿਨ ਸੂਰਜ ਪੋਂਗਲ, ਤੀਜੇ ਦਿਨ ਮੱਟੂ ਪੋਂਗਲ ਅਤੇ ਚੌਥੇ ਤੇ ਆਖ਼ਰੀ ਦਿਨ ਕਾਨੁੱਮ ਪੋਂਗਲ ਹੁੰਦਾ ਹੈ। ਇਸ ਤਰ੍ਹਾਂ ਪਹਿਲੇ ਦਿਨ ਕੂੜਾ-ਕਰਕਟ ਇਕੱਠਾ ਕਰਕੇ ਜਲਾਇਆ ਜਾਂਦਾ ਹੈ, ਦੂਜੇ ਦਿਨ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ, ਤੀਜੇ ਦਿਨ ਪਸ਼ੂ ਧਨ ਦੀ ਪੂਜਾ ਕੀਤੀ ਜਾਂਦੀ ਹੈ। ਪੋਂਗਲ ਮਨਾਉਣ ਲਈ ਇਸ਼ਨਾਨ ਕਰਕੇ ਖੁੱਲ੍ਹੇ ਵਿਹੜੇ ਵਿਚ ਮਿੱਟੀ ਦੇ ਭਾਂਡੇ ਵਿਚ ਖੀਰ ਬਣਾਈ ਜਾਂਦੀ ਹੈ, ਜਿਸ ਨੂੰ ਪੋਂਗਲ ਕਹਿੰਦੇ ਹਨ। ਇਸ ਤੋਂ ਪਿੱਛੋਂ  ਖੀਰ ਨੂੰ ਪ੍ਰਸ਼ਾਦ ਵਜੋਂ ਸਾਰੇ ਖਾਂਦੇ ਹਨ। 
* ਅਸਾਮ ਵਿੱਚ ਮਾਘ ਦੀ ਸੰਗਰਾਂਦ ਨੂੰ ‘ਮਾਘ ਬੀਹੂ’ ਜਾਂ ‘ਭੋਗਾਲੀ ਬੀਹੂ’ ਦੇ ਨਾਂ ਵਜੋਂ ਮਨਾਉਂਦੇ ਹਨ।
* ਕਰਨਾਟਕ ਵਿੱਚ ਮਾਘ ਦੀ ਸੰਗਰਾਂਦ ਨੂੰ ‘ਮਕਰ ਸੰਕਰਮਣ’ ਕਿਹਾ ਜਾਂਦਾ ਹੈ। 
* ਆਂਧਰ ਪ੍ਰਦੇਸ਼ ਵਿਚ ‘ਪੰਡਾਂ ਪੰਡੀ’ ਦੇ ਨਾਂ ਵਜੋਂ ਇਹ ਤਿਓਹਾਰ ਮਨਾਇਆ ਜਾਂਦਾ ਹੈ। 
* ਕੇਰਲ ਵਿਚ ‘ਮਕਰ ਵਿਲੱਕੂ’ ਦੇ ਨਾਂ ਹੇਠ ਇਸ ਤਿਉਹਾਰ ਨੂੰ ਮਨਾਉਂਦੇ ਹਨ।
   ਇਉਂ ਮਾਘ ਦੀ ਸੰਗਰਾਂਦ ਰਾਹੀਂ ਭਾਰਤੀ ਸਭਿਅਤਾ ਅਤੇ ਸੰਸਕ੍ਰਿਤੀ ਦੀ ਝਲਕ ਵੱਖ-ਵੱਖ ਰੂਪਾਂ ਵਿੱਚ ਵੇਖੀ ਜਾ ਸਕਦੀ ਹੈ। 
                      ***********
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002. (9417692015)
***
2. ਮੇਲਾ ਮਾਘੀ ਦਾ ਜਲੌਅ —ਪ੍ਰੋ. ਨਵ ਸੰਗੀਤ ਸਿੰਘ 
ਮਾਘੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕੀਂ ਨਦੀਆਂ, ਦਰਿਆਵਾਂ ਅਤੇ ਸਰੋਵਰਾਂ ਆਦਿ ਵਿਚ ਇਸ਼ਨਾਨ ਕਰਨ ਨੂੰ ਉੱਤਮ ਸਮਝਦੇ ਹਨ। ਪ੍ਰਯਾਗ (ਇਲਾਹਾਬਾਦ) ਵਿੱਚ ਸੰਗਮ ਤੇ ਅਸਥਾਨ ਉੱਤੇ ਧਾਰਮਕ ਭਾਵਨਾਵਾਂ ਨਾਲ ਪੂਜਾ ਅਤੇ ਇਸ਼ਨਾਨ ਕੀਤਾ ਜਾਂਦਾ ਹੈ। ਮਾਘ ਦੇ ਮਹੀਨੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਜ਼ਿਕਰ ਮਿਲਦਾ ਹੈ:
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨ॥
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨ॥
                                                 (ਪੰਨਾ 136)
‘ਪੋਹ ਰਿੱਧੀ ਮਾਘ ਖਾਧੀ’ ਮੁਤਾਬਕ ਪੋਹ ਦੇ ਆਖ਼ਰੀ ਦਿਨ ਬਣਾਈ ਖਿਚੜੀ, ਖੀਰ ਜਾਂ ਕੋਈ ਹੋਰ ਵਸਤੂ ਅਗਲੇ ਦਿਨ, ਭਾਵ ਮਾਘ ਵਿਚ ਖਾਣਾ ਸ਼ੁਭ ਮੰਨਿਆ ਜਾਂਦਾ ਹੈ।
ਪੰਜਾਬ ਵਿੱਚ ਮਾਘੀ ਦਾ ਤਿਉਹਾਰ ਕਈ ਥਾਈਂ ਮਨਾਇਆ ਜਾਂਦਾ ਹੈ। ਪਰ ਮੁਕਤਸਰ ਵਿਖੇ ਇਹ ਮੇਲਾ ਧਾਰਮਕ ਜੋਸ਼ੋ-ਖਰੋਸ਼ ਅਤੇ ਪੂਰੇ ਜਲੌਅ ਨਾਲ ਮਨਾਇਆ ਜਾਂਦਾ ਹੈ। ਸ਼ਹਿਰ ਵਿੱਚ ਨਗਰ ਕੀਰਤਨ ਦਾ ਆਯੋਜਨ ਹੁੰਦਾ ਹੈ ਅਤੇ ਨਿਹੰਗ ਸਿੰਘਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਮਹੱਲੇ ਅਤੇ ਗੱਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾਂਦਾ ਹੈ। ਮੁਕਤਸਰ ਦੇ ‘ਗੁਰਦੁਆਰਾ ਟੁੱਟੀ ਗੰਢੀ’ ਦੇ ਸਰੋਵਰ ਵਿੱਚ ਪਹਿਲੀ ਮਾਘ ਦੀ ਆਮਦ ਤੇ ਮੂੰਹ ਹਨੇਰੇ ਹੀ ਇਸ਼ਨਾਨ ਕਰਨਾ ਪਵਿੱਤਰ ਸਮਝਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ (1666-1708 ਈ.) ਦੇ ਸਮੇਂ ਵਿੱਚ ਇਸ ਸ਼ਹਿਰ ਦਾ ਨਾਂ ਖਿਦਰਾਣਾ ਸੀ ਅਤੇ ਇੱਥੇ ਪਾਣੀ ਦਾ ਸੋਮਾ ਹੋਣ ਕਰਕੇ ਇਸ ਨੂੰ ‘ਖਿਦਰਾਣੇ ਦੀ ਢਾਬ’ ਕਿਹਾ ਜਾਂਦਾ ਸੀ। ਮੌਜੂਦਾ ਸਮੇਂ ਇਹ ਪੰਜਾਬ ਦਾ ਇੱਕ ਜ਼ਿਲ੍ਹਾ ਬਣ ਚੁੱਕਾ ਹੈ ਤੇ ਇਸ ਨੂੰ ਸ੍ਰੀ ਮੁਕਤਸਰ ਸਾਹਿਬ ਦਾ ਨਾਂ ਦਿੱਤਾ ਗਿਆ ਹੈ।
ਦਸਮੇਸ਼ ਪਿਤਾ ਨੇ ਮੁਗ਼ਲਾਂ ਨਾਲ ਆਖਰੀ ਜੰਗ ਮਈ 1704 ਈ. ਵਿੱਚ ਇੱਥੇ ਹੀ ਲੜੀ ਸੀ। ਇੱਥੇ ਹੀ ਆਨੰਦਪੁਰ ਸਾਹਿਬ ਤੋਂ ਭਾਈ ਮਹਾਂ ਸਿੰਘ ਦੀ ਅਗਵਾਈ ਵਿਚ ਗੁਰੂ ਜੀ ਨੂੰ ਬੇਦਾਵਾ ਦੇ ਗਏ ਚਾਲੀ ਸਿੰਘਾਂ ਨੇ ਮਾਈ ਭਾਗੋ ਦੀ ਕਮਾਨ ਹੇਠ ਜੰਗ ਵਿੱਚ ਹਿੱਸਾ ਲਿਆ ਸੀ। ਇਸੇ ਥਾਂ ਗੁਰੂ ਜੀ ਨੇ ਭਾਈ ਮਹਾਂ ਸਿੰਘ ਦੇ ਸਾਹਮਣੇ ਬੇਦਾਵੇ ਦਾ ਕਾਗਜ਼ ਪਾੜ ਕੇ ਟੁੱਟੀ ਗੰਢ ਦਿੱਤੀ ਸੀ। ਦਸਮ ਪਾਤਸ਼ਾਹ ਨੇ ਜੰਗ ਵਿੱਚ ਜੂਝ ਮੋਏ ਸਿੰਘਾਂ ਦਾ ਆਪਣੇ ਹੱਥੀਂ ਸਸਕਾਰ ਕਰਕੇ ਇਸ ਧਰਤੀ ਨੂੰ ‘ਮੁਕਤ-ਸਰ’ ਦਾ ਨਾਂ ਦਿੱਤਾ ਸੀ। ਬੇਦਾਵੀਏ ਸਿੰਘਾਂ ਦੀ ਗੁਰੂ ਜੀ ਦੇ ਹੱਥੋਂ ਮੁਕਤੀ ਹੋਣ ਦੀ ਗਾਥਾ ਇਨ੍ਹਾਂ ਪੰਕਤੀਆਂ ਵਿਚ ਸੁੰਦਰ ਢੰਗ ਨਾਲ ਬਿਆਨੀ ਗਈ ਹੈ:
ਖਿਦਰਾਣਾ ਕਰ ਮੁਕਤਸਰ ਮੁਕਤ ਮੁਕਤ ਸਭ ਕੀਨ।
ਹੋਇ ਸਾਬਤ ਜੂਝੈ ਜਬੈ ਬਡੋ ਮਰਤਬੋ ਲੀਨ।
ਗੁਰੂ ਸਾਹਿਬ ਦੀ ਯਾਦ ਵਿੱਚ ਮੁਕਤਸਰ ਵਿਖੇ ਬਹੁਤ ਸਾਰੇ ਗੁਰਦੁਆਰੇ ਸੁਭਾਇਮਾਨ ਹਨ, ਜੋ ਆਪ ਦੀ ਮੁਗਲੀਆ ਹਕੂਮਤ ਨਾਲ ਅੰਤਿਮ ਲੜਾਈ ਵਿਚ ਵਿਜੈ ਦੇ ਪ੍ਰਤੀਕ ਹਨ: ਗੁਰਦੁਆਰਾ ਟਿੱਬੀ ਸਹਿਬ ਉਹ ਸਥਾਨ ਹੈ, ਜਿੱਥੇ ਗੁਰੂ ਜੀ ਮੁਗਲ ਸੈਨਾ ਉੱਤੇ ਤੀਰਾਂ ਦੇ ਵਾਰ ਕਰਦੇ ਰਹੇ; ਗੁਰਦੁਆਰਾ ਤੰਬੂ ਸਾਹਿਬ ਉਹ ਥਾਂ ਹੈ, ਜਿੱਥੇ ਝਾੜੀਆਂ ਉੱਤੇ ਸਿੰਘਾਂ ਨੇ ਆਪਣੇ ਪਰਨੇ-ਕਛਹਿਰੇ ਸੁੱਕਣੇ ਪਾ ਕੇ ਮੁਗਲਾਂ ਨੂੰ ਯੁੱਧ ਲਈ ਲਲਕਾਰਿਆ; ਗੁਰਦੁਆਰਾ ਟੁੱਟੀ ਗੰਢੀ ਵਿਖੇ ਗੁਰੂ ਜੀ ਨੇ ਭਾਈ ਮਹਾਂ ਸਿੰਘ ਦੇ ਸਾਹਵੇਂ ਬੇਦਾਵੇ ਦਾ ਕਾਗਜ਼ ਪਾੜਿਆ; ਗੁਰਦੁਆਰਾ ਸ਼ਹੀਦਗੰਜ ਵਿਖੇ ਗੁਰੂ ਜੀ ਨੇ ਆਪਣੇ ਹੱਥੀਂ ਚਾਲੀ ਮੁਕਤਿਆਂ ਦਾ ਸਸਕਾਰ ਕੀਤਾ।
ਮੈਂ ਬਚਪਨ ਤੋਂ ਹੀ ਆਪਣੇ ਪਿਤਾ ਜੀ ਨਾਲ ਮੇਲਾ ਮਾਘੀ ਦੇ ਦਿਨਾਂ (11 ਜਨਵਰੀ ਤੋਂ 15 ਜਨਵਰੀ) ਵਿੱਚ ਮੁਕਤਸਰ ਵਿਖੇ ਜੀਵਨ ਦੇ ਕਰੀਬ ਪੰਤਾਲੀ ਕੁ ਵਰ੍ਹੇ ਜਾਂਦਾ ਰਿਹਾ ਹਾਂ। ਮੇਰੇ ਪਿਤਾ ਗਿਆਨੀ ਕਰਤਾਰ ਸਿੰਘ (1921-2013) ਨੇ ਆਪਣੀ ਪੜ੍ਹਾਈ ਅਤੇ ਅਧਿਆਪਨ ਦਾ ਵਧੇਰੇ ਸਮਾਂ ਮੁਕਤਸਰ ਦੇ ਖ਼ਾਲਸਾ ਹਾਈ ਸਕੂਲ ਵਿਖੇ ਬਿਤਾਇਆ। ਇਸ ਸ਼ਹਿਰ ਨਾਲ ਖ਼ਾਸ ਲਗਾਓ ਹੋਣ ਕਰਕੇ ਉਨ੍ਹਾਂ ਨੇ ਆਪਣੇ ਨਾਂ ਨਾਲ ‘ਮੁਕਤਸਰੀ’ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਇਸ ਦੇ ਪ੍ਰਮਾਣ ਵਜੋਂ ਰਬੜ ਦੀ ਇੱਕ ਮੋਹਰ ਵੀ ਤਿਆਰ ਕਰਵਾਈ, ਜੋ ਅਜੇ ਤੱਕ ਮੇਰੇ ਕੋਲ ਸਾਂਭੀ ਹੋਈ ਹੈ। ਮੇਰੇ ਪਿਤਾ ਜੀ ਨੇ ਆਪਣੇ ਮੁੱਖ ਅਧਿਆਪਕ ਸ. ਇਕਬਾਲ ਸਿੰਘ ਦੀ ਸੰਗਤ ਵਿੱਚ ਪੰਜਵੀਂ ਵਿੱਚ ਪੜ੍ਹਦਿਆਂ ਹੀ ਮੇਲੇ ਦੇ ਦਿਨੀਂ ਸੰਗਤਾਂ ਦੀ ਸੇਵਾ ਵਿਚ ਜਾਣਾ ਸ਼ੁਰੂ ਕਰ ਦਿੱਤਾ ਸੀ। ਪਿੱਛੋਂ ਅਧਿਆਪਕ ਬਣਨ ਤੇ ਮੇਰੇ ਪਿਤਾ ਨੇ ਕੁਝ ਵਿਦਿਆਰਥੀਆਂ ਸਮੇਤ ਮੇਲੇ ਸਮੇਂ ਯਾਤਰੀਆਂ ਦੇ ਸਾਈਕਲ ਸੰਭਾਲਣ ਦੀ ਸੇਵਾ ਨਿਭਾਈ। ਹੌਲੀ-ਹੌਲੀ ਗੁਰਦੁਆਰੇ ਵੱਲੋਂ ਉਨ੍ਹਾਂ ਦੀ ਪੱਕੀ ਡਿਊਟੀ ਹੀ ਲੱਗ ਗਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਇਸ਼ਤਿਹਾਰਾਂ ਵਿੱਚ ਵੀ ਉਨ੍ਹਾਂ ਦਾ ਨਾਂ ਛਾਪਿਆ ਜਾਣ ਲੱਗ ਪਿਆ। ਸਰਕਾਰੀ ਸੇਵਾ ਵਿੱਚ ਆਉਣ ਅਤੇ ਸੇਵਾਮੁਕਤੀ ਪਿੱਛੋਂ ਵੀ ਉਹ ਮੇਲਾ ਮਾਘੀ ਮੁਕਤਸਰ ਵਿਖੇ ਪਹਿਲਾਂ ਸਾਈਕਲ ਅਤੇ ਪਿੱਛੋਂ ਸਾਮਾਨ ਸੰਭਾਲਣ ਦੀ ਸੇਵਾ ਲਈ ਜਾਂਦੇ ਰਹੇ। ਕਰੀਬ 70 ਕੁ ਸਾਲ ਦੀ ਉਮਰ ਤਕ ਉਨ੍ਹਾਂ ਨੇ ਨਿਰਵਿਘਨ ਇਹ ਸੇਵਾ ਨਿਭਾਈ, ਜਿਸ ਲਈ ਉਨ੍ਹਾਂ ਨੂੰ ਕਈ ਵਾਰੀ ਗੁਰਦੁਆਰੇ ਦੇ ਮੈਨੇਜਰ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪਿੱਛੋਂ ਵਡੇਰੀ ਉਮਰ ਹੋਣ ਕਰਕੇ ਉਨ੍ਹਾਂ ਨੇ ਇਹ ਸੇਵਾ ਨਿਭਾਉਣ ਤੋਂ ਖਿਮਾ ਸਹਿਤ ਮੁਆਫ਼ੀ ਮੰਗ ਲਈ ਅਤੇ ਸਾਲ 2011 ਤੋਂ ਪਿੱਛੋਂ ਉਨ੍ਹਾਂ ਦਾ ਨਾਂ ਇਸ਼ਤਿਹਾਰਾਂ ਵਿੱਚ ਛਪਣਾ ਬੰਦ ਹੋ ਗਿਆ।
ਮੇਰੇ ਪਿਤਾ ਜੀ ਨੂੰ ਉਨ੍ਹਾਂ ਦੇ ਵਿਦਿਆਰਥੀ, ਆਂਢੀ-ਗੁਆਂਢੀ ਅਤੇ ਸ਼ਹਿਰ-ਵਾਸੀ ‘ਗਿਆਨੀ ਜੀ’ ਕਹਿ ਕੇ ਬੁਲਾਉਂਦੇ ਸਨ। ਉਨ੍ਹਾਂ ਨੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਨੌਕਰੀ ਕਰਦਿਆਂ ਪਰਿਵਾਰ ਅਤੇ ਵਿਦਿਆਰਥੀਆਂ ਨਾਲ ਮੇਲਾ ਮਾਘੀ ਦੇ ਦਿਨੀਂ ਮੁਕਤਸਰ ਜਾਣ ਦੇ ਨੇਮ ਨੂੰ ਬਰਕਰਾਰ ਰੱਖਿਆ। ਕੋਟਕਪੂਰਾ ਅਤੇ ਗੋਨਿਆਣਾ ਮੰਡੀ ਵਿਖੇ ਨੌਕਰੀ ਕਰਦਿਆਂ ਅਸੀਂ ਪਰਿਵਾਰ ਸਮੇਤ ਪਿਤਾ ਜੀ ਨਾਲ ਰੇਲ ਗੱਡੀ ਰਾਹੀਂ ਮੁਕਤਸਰ ਜਾਂਦੇ ਸਾਂ। ਉੱਥੇ ਰਿਹਾਇਸ਼ ਦਾ ਪ੍ਰਬੰਧ ਗੁਰਦੁਆਰੇ ਵੱਲੋਂ ਸਰਾਂ ਵਿੱਚ ਕੀਤਾ ਜਾਂਦਾ ਸੀ ਅਤੇ ਅਸੀਂ ਹੇਠਾਂ ਪਰਾਲੀ ਉੱਤੇ ਬਿਸਤਰੇ ਵਿਛਾ ਕੇ ਸੌਂਦੇ ਸਾਂ। ਮੈਨੂੰ ਪਰਾਲੀ ਬਾਰੇ ਪਹਿਲੀ ਜਾਣਕਾਰੀ ਮੁਕਤਸਰ ਵਿਖੇ ਹੀ ਮਿਲੀ ਸੀ। ਉਨ੍ਹਾਂ ਦਿਨਾਂ ਵਿੱਚ ਦੋ ਤਰ੍ਹਾਂ ਦੀਆਂ ਰੇਲ-ਗੱਡੀਆਂ ਚੱਲਦੀਆਂ ਸਨ, ਜਿਨ੍ਹਾਂ ਨੂੰ ਆਮ ਲੋਕੀਂ ਵੱਡੀ ਗੱਡੀ ਅਤੇ ਛੋਟੀ ਗੱਡੀ ਕਹਿੰਦੇ ਸਨ। ਅਸਲ ਵਿੱਚ ਇਹ ‘ਬਰਾਡਗੇਜ’ ਅਤੇ ‘ਨੈਰੋਗੇਜ’ ਦਾ ਖੁੱਲ੍ਹਾ ਜਿਹਾ ਅਨੁਵਾਦ ਹੈ। ਇਨ੍ਹੀਂ ਦਿਨੀਂ ਛੋਟੀਆਂ ਗੱਡੀਆਂ (ਨੈਰੋਗੇਜ) ਬੰਦ ਹਨ, ਸਿਰਫ਼ ਵੱਡੀਆਂ ਗੱਡੀਆਂ ਹੀ ਚਲਦੀਆਂ ਹਨ।
ਕੋਟਕਪੂਰਾ ਨੇੜੇ ਪਿੰਡ ਲਾਲੇਆਣਾ ਦਾ ਪੰਡਤਾਂ ਦਾ ਇੱਕ ਮੁੰਡਾ ਜਗਨਨਾਥ, ਇੱਕ ਵਾਰ ਕਿਸੇ ਕਾਰਨ ਮੇਰੇ ਪਿਤਾ ਜੀ ਦੇ ਜਥੇ ਨਾਲ ਮੁਕਤਸਰ ਜਾਣੋਂ ਖੁੰਝ ਗਿਆ ਸੀ ਤੇ ਉਹ ਅਗਲੇ ਦਿਨ ਪਹੁੰਚਿਆ। ਮੈਨੂੰ ਅੱਜ ਕਰੀਬ ਪੰਤਾਲੀ ਸਾਲਾਂ ਬਾਅਦ ਵੀ ਇਨਬਿਨ ਯਾਦ ਹੈ ਕਿ ਉਹਨੇ ਬਿਨਾਂ ਟਿਕਟ ਸਫਰ ਕਰਨ ਦੀ ਸਾਰੀ ਘਟਨਾ ਪਿਤਾ ਜੀ ਨੂੰ ਸੁਣਾਈ ਸੀ ਕਿ ਰਾਹ ਵਿੱਚ ਇੱਕ ਥਾਂ ਟਿਕਟ-ਚੈਕਰ ਆ ਗਿਆ ਤਾਂ ਜਗਨਨਾਥ ਨੇ ਟਿਕਟ ਨਾ ਲਈ ਹੋਣ ਦੀ ਵਜ੍ਹਾ ਦੱਸਦਿਆਂ ਬੇਝਿਜਕ ਹੋ ਕੇ ਚੈੱਕਰ ਨੂੰ ਕਿਹਾ ਸੀ, “ਮੈਂ ਤਾਂ ਗਿਆਨੀ ਜੀ ਨਾਲ ਮੇਲਾ ਮਾਘੀ ਮੁਕਤਸਰ ਵਿਖੇ ਸੇਵਾ ਕਰਨ ਜਾ ਰਿਹਾ ਹਾਂ।” ਚੈੱਕਰ ਨੇ ਪੁੱਛਿਆ ਸੀ, “ਕਿਹੜੇ ਗਿਆਨੀ ਜੀ?” ਮੁੰਡੇ ਨੇ ਹੁਸ਼ਿਆਰੀ ਨਾਲ ਜਵਾਬ ਦਿੱਤਾ ਸੀ, “ਹੈਂ, ਤੁਸੀਂ ਗਿਆਨੀ ਜੀ ਨੂੰ ਨਹੀਂ ਜਾਣਦੇ? ਉਨ੍ਹਾਂ ਨੂੰ ਤਾਂ ਸਾਰੀ ਦੁਨੀਆਂ ਜਾਣਦੀ ਹੈ…” ਤੇ ਚੈੱਕਰ ਨੇ ਜਗਨਨਾਥ ਨੂੰ ਬਿਨਾਂ ਟਿਕਟ ਸਫਰ ਕਰਨ ਦੀ ਆਗਿਆ ਦੇ ਦਿੱਤੀ ਸੀ।
ਉਨ੍ਹਾਂ ਦਿਨਾਂ ਵਿੱਚ ਹਫ਼ਤਾ-ਦਸ ਦਿਨ ਮੇਲੇ ਦਾ ਮਾਹੌਲ ਬਣਿਆ ਰਹਿੰਦਾ ਸੀ। ਦੂਰ-ਦੁਰਾਡੇ ਤੋਂ ਲੋਕੀਂ ਹੁੰਮ-ਹੁਮਾ ਕੇ ਮੇਲੇ ਵਿੱਚ ਸਜਧਜ ਕੇ ਜਾਂਦੇ ਸਨ। ਮੇਲੇ ਵਿੱਚ ਕਾਨਫਰੰਸਾਂ, ਝੂਲੇ, ਸਰਕਸਾਂ, ਜਾਦੂ ਦੇ ਸ਼ੋਅ, ਖਾਣ ਪੀਣ ਦੀਆਂ ਦੁਕਾਨਾਂ, ਖਜਲਾ ਮਿਠਾਈ, ਰੈਗਜ਼ ਵਾਲੇ ਕੱਪੜੇ ਆਦਿ ਕਈ ਕੁਝ ਹੁੰਦਾ ਸੀ। ਮੈਂ ਪਹਿਲੀ ਵੇਰ ਖਜਲਾ ਮਿਠਾਈ ਮੁਕਤਸਰ ਤੇ ਮੇਲੇ ਵਿਚ ਹੀ ਵੇਖੀ ਅਤੇ ਖਾਧੀ ਸੀ। ਚਿੱਟੇ ਰੰਗ ਦੀ, ਪਾਥੀ ਜਿਹੇ ਆਕਾਰ ਦੀ ਅਜੀਬ ਮਿਠਾਈ ਵੇਖ ਕੇ ਮੈਂ ਦੰਗ ਰਹਿ ਗਿਆ ਸਾਂ। ਮੇਲੇ ਦੇ ਆਖ਼ਰੀ ਦਿਨਾਂ ਵਿੱਚ ਭੀੜ ਘਟਣ ਤੇ ਮੇਰੇ ਪਿਤਾ ਜੀ ਸਾਰੇ ਪਰਿਵਾਰ ਅਤੇ ਵਿਦਿਆਰਥੀਆਂ ਨੂੰ ਸਰਕਸ ਵਿਖਾ ਕੇ ਲਿਆਉਂਦੇ ਸਨ। ਮੈਂ ਆਪਣੇ ਜੀਵਨ ਵਿਚ ਪਹਿਲੀ ਵਾਰੀ ਸਰਕਸ (ਗਰੇਟ ਰੇਮਨ ਸਰਕਸ) ਮੁਕਤਸਰ ਦੇ ਮੇਲੇ ਵਿਚ ਹੀ ਵੇਖੀ ਸੀ। ਪਿਤਾ ਜੀ ਮੈਨੂੰ ਰਾਜਸੀ ਕਾਨਫ਼ਰੰਸਾਂ, ਖ਼ਾਸ ਕਰਕੇ ਧਾਰਮਿਕ ਇਕੱਠਾਂ ਵਿੱਚ ਵੀ ਲੈ ਕੇ ਜਾਂਦੇ ਤੇ ਮੈਨੂੰ ਸਟੇਜ ਉੱਤੇ ਭਾਸ਼ਣ ਕਰਨ ਦਾ ਪਹਿਲਾ ਮੌਕਾ ਮੇਲਾ ਮਾਘੀ ਮੁਕਤਸਰ ਵਿਖੇ ਹੀ ਮਿਲਿਆ ਸੀ।
ਅੱਜਕੱਲ੍ਹ ਮੁਕਤਸਰ ਦੇ ਮੇਲਾ ਮਾਘੀ ਤੇ ਉਹੋ ਜਿਹੀ ਸ਼ਰਧਾ ਅਤੇ ਚਾਅ ਵੇਖਣ ਨੂੰ ਨਹੀਂ ਮਿਲਦਾ। ਲੋਕਾਂ ਕੋਲ ਸਮੇਂ ਦੀ ਘਾਟ ਹੈ- ਉਹ ਕਾਹਲੀ ਵਿੱਚ ਆਉਂਦੇ ਨੇ ਤੇ ਕਾਹਲੀ ਵਿੱਚ ਹੀ ਮੁੜ ਜਾਂਦੇ ਨੇ। ਸੰਗਤ ਵਿੱਚ ਬੈਠਣ, ਗੁਰੂ ਜੱਸ ਸੁਣਨ, ਸੇਵਾ ਕਰਨ, ਲੰਗਰ ‘ਚੋਂ ਪ੍ਰਸ਼ਾਦਾ ਛਕਣ ਆਦਿ ਦਾ ਨਾ ਨਵੀਂ ਪੀੜ੍ਹੀ ਨੂੰ ਸ਼ੌਕ ਹੈ ਤੇ ਨਾ ਹੀ ਵਿਸ਼ਵਾਸ। ਮੇਲਿਆਂ ਦਾ ਰੰਗ-ਢੰਗ ਬਦਲਦਾ ਜਾ ਰਿਹਾ ਹੈ। ਇੱਥੇ ਧਰਮ ਨਾਲੋਂ ਰਾਜਨੀਤੀ ਭਾਰੂ ਹੋ ਰਹੀ ਹੈ। ਜਿਸ ਕਰਕੇ ਲੋਕ ਪੁਰਾਣੇ ਸਰੋਕਾਰਾਂ ਨੂੰ ਤਿਆਗ ਰਹੇ ਹਨ। ਲੋਕੀਂ ਹੁਣ ਘਰੇ ਬੈਠੇ ਹੀ ਟੀਵੀ ਰਾਹੀਂ ਮੇਲੇ ਬਾਰੇ ਜਾਣਕਾਰੀ ਹਾਸਲ ਕਰ ਲੈਂਦੇ ਹਨ। ਮੇਰੇ ਪਿਤਾ ਜੀ ਨੇ ਮੈਨੂੰ ਸਿੱਖ-ਸਥਾਨਾਂ/ ਇਕੱਠਾਂ ‘ਤੇ ਜਾਣ ਦਾ ਜੋ ਮੌਕਾ ਦਿੱਤਾ ਸੀ, ਉਹਨੂੰ ਮੈਂ ਆਪਣੇ ਪਰਿਵਾਰ ਨਾਲ ਅਜੇ ਵੀ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।
                        ************
#1, ਲਤਾ ਗਰੀਨ ਐਨਕਲੇਵ,
ਪਟਿਆਲਾ-147002.
(+91 9417692015)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1459
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002

ਪੰਜਾਬ, ਭਾਰਤ
ਫੋਨ:+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ 1, ਲਤਾ ਇਨਕਲੇਵ, ਪਟਿਆਲਾ-147002 ਪੰਜਾਬ, ਭਾਰਤ ਫੋਨ:+91 9417692015

View all posts by ਪ੍ਰੋ. ਨਵ ਸੰਗੀਤ ਸਿੰਘ →