ਮਿੱਤਰਤਾ
ਬੱਦਲਾਂ ਨੇ ਫਿਰ ਕਿਣਮਿਣ ਲਾਈ।
ਜਦ ਮਿੱਤਰਤਾ ਰੂਹ ਵਿੱਚ ਛਾਈ।
ਮਿੱਤਰ ਉਹ ਜੋ ਦੇਵੇ ਨਾ ਧੋਖਾ।
ਮਿੱਤਰਤਾ ਦਾ ਮਾਣ ਹੈ ਚੋਖਾ।
ਔਕੜ ਵਿੱਚੋਂ ਮਿੱਤਰ ਬਚਾਵੇ।
ਹੋਰ ਕੋਈ ਫਿਰ ਕੰਮ ਨਾ ਆਵੇ।
ਸੁਆਰਥ ਵਾਲ਼ੀ ਹੋਏ ਨਾ ਯਾਰੀ।
ਕੀਮਤ ਦੇਣੀ ਪੈਂਦੀ ਭਾਰੀ।
ਚੰਗੇ ਮਿੱਤਰ ਕਿੱਥੇ ਮਿਲਦੇ।
ਜੀਹਨੂੰ ਹਾਲ ਸੁਣਾਵਾਂ ਦਿਲ ਦੇ।
ਜੋ ਮਿੱਤਰਾਂ ਤੇ ਮਾਣ ਕਰੇਂਦੇ।
ਸਾਹੀਂ ਸਾਹ ਉਨ੍ਹਾਂ ਵਿੱਚ ਲੈਂਦੇ।
ਦਿਵਸ ਮਿੱਤਰਤਾ ਜਦ ਵੀ ਆਉਂਦਾ।
‘ਨਵ ਸੰਗੀਤ’ ਹੈ ਨਗ਼ਮੇ ਗਾਉਂਦਾ।
***
ਪੀਂਘ
ਕੋਈ ਸਮਾਂ ਸੀ ਸਉਣ ਮਹੀਨੇ, ਪੀਂਘਾਂ ਝੂਟਣ ਕੁੜੀਆਂ।
ਹੱਸਣ, ਖੇਡਣ, ਦਿਲ ਦੀਆਂ ਗੱਲਾਂ ਬੈਠ ਸੁਣਾਵਣ ਜੁੜੀਆਂ।
ਛਾਈ ਘਟਾ ਘਨਘੋਰ ਅਕਾਸ਼ੀਂ, ਪੀਂਘਾਂ ਲੈਣ ਹੁਲਾਰੇ।
ਨਣਦਾਂ, ਭਾਬੀਆਂ ‘ਕੱਠੀਆਂ ਹੋ ਕੇ, ਲੈਂਦੀਆਂ ਖੂਬ ਨਜ਼ਾਰੇ।
ਆਇਆ ਯੁਗ ਤਕਨਾਲੋਜੀ ਦਾ ਤੇ, ਪੀਂਘ ਮਨਾਂ ‘ਚੋਂ ਭੁੱਲੀ।
ਵਿਰਸਾ ਵਿੱਸਰਿਆ ਹੁਣ ਫ਼ਿਕਰਾਂ ਵਿੱਚ, ਕੁੱਲੀ-ਗੁੱਲੀ-ਜੁੱਲੀ।
ਚਰਖੇ, ਤ੍ਰਿੰਞਣ ਗੁੰਮ ਹੋ ਗਏ, ਨਾ ਹੁਣ ਪੀਂਘਾਂ ਪਿੱਪਲੀੰ।
ਬਾਂਦਰ ਕਿੱਲਾ, ਗੁੱਲੀ ਡੰਡਾ, ਕਿਤੇ ਨਾ ਪੈਂਦੀ ਕਿੱਕਲੀ।
ਹੁਣ ਤਾਂ ਡੀਜੇ ਉੱਤੇ ਨਾਰੀ, ਤੇਜ਼-ਤੱਰਾਰੀਂ ਨੱਚੇ।
ਲੱਗਦੈ ਪੱਪਾ ਪੀਂਘ ਪੜ੍ਹਨਗੇ, ਵਿੱਚ ਸਕੂਲੀਂ ਬੱਚੇ।
ਆਓ ਸਾਰੇ ਮਿਲਜੁਲ ਆਪਣਾ, ਵਿਰਸਾ ਮੋੜ ਲਿਆਈਏ।
ਰੁੱਖਾਂ ਦੀ ਰਖਵਾਲੀ ਕਰੀਏ, ਪਿੱਪਲੀਂ ਪੀਂਘਾਂ ਪਾਈਏ।
***
ਏਕੋ ਹੈ
ਇੱਕੋ ਮਾਲਕ ਹੈ ਸਭਨਾਂ ਦਾ, ਉਹ ਖ਼ਲਕਤ ਦਾ ਵਾਲੀ।
ਫਿਰਨ ਬੂਬਨੇ ਥਾਂ ਥਾਂ ਉੱਤੇ, ਸਭ ਅਕਲਾਂ ਤੋਂ ਖਾਲੀ।
ਓਸ ਖ਼ੁਦਾ ਨੇ ਜੀਵਨ ਦਿੱਤਾ, ਕਦੇ ਨਾ ਮਨੋਂ ਭੁਲਾਉਣਾ।
ਓਹੀ ਲਿਖਦਾ ਹੈ ਕਰਮਾਂ ਵਿੱਚ, ਕਿੱਥੇ ਜਾਣਾ-ਆਉਣਾ।
ਗੁਰਬਾਣੀ ਵਿੱਚ ਓਸ ਪ੍ਰਭੂ ਦੇ, ਕਿੰਨੇ ਨਾਮ ਨੇ ਆਏ।
ਝੋਲੀ ਭਰਦਾ ਸਭਨਾਂ ਦੀ ਜੋ, ਸੱਚੇ ਮਨੋਂ ਧਿਆਏ।
ਰਾਮ, ਖ਼ੁਦਾ, ਅੱਲਾ ਦੇ ਵਾਂਗਰ, ਕੋਈ ਕਹੇ ਗੋਸਾਈਂ।
ਪੂਰਾ ਜੇ ਵਿਸ਼ਵਾਸ ਕਰੋ, ਉਹ ਮਿਲਦਾ ਚਾਈਂ-ਚਾਈਂ।
ਮਾਨਵ-ਜੀਵਨ ਮਿਲਦਾ ਹੈ, ਬਸ ਕੇਵਲ ਇੱਕੋ ਵਾਰੀ।
ਭਗਤਾਂ ਦੀ ਪ੍ਰਤਿਪਾਲ ਕਰੇਂਦਾ, ਆਪੇ ਕ੍ਰਿਸ਼ਨ ਮੁਰਾਰੀ।
ਦੁਨੀਆਂ ਵਿੱਚ ਜੇ ਆਏ ਹਾਂ, ਤਾਂ ਮਿਲਜੁਲ ਸਾਰੇ ਰਹੀਏ।
ਛੱਡੀਏ ਵੈਰ-ਵਿਰੋਧ ਤੇ ਝਗੜੇ, ਕਿਛ ਸੁਣੀੇਏ ਕਿਛ ਕਹੀਏ।
***
ਭਰੋਸਾ
ਕੀਹਦੇ ਉੱਤੇ ਭਰੋਸਾ ਕਰੀਏ, ਸਭ ਮਤਲਬ ਦੇ ਬੰਦੇ।
ਬਗਲੇ ਵਰਗੇ ਵੇਸ ਜਿਨ੍ਹਾਂ ਦੇ, ਕਰਦੇ ਗੋਰਖਧੰਦੇ।
ਖ਼ੁਦਾ ਤੇ ਜੇਕਰ ਕਰੋ ਭਰੋਸਾ, ਕਰੀਏ ਸੱਚੀ ਕਾਰ।
ਫੇਰ ਹਮੇਸ਼ਾ ਜਿੱਤ ਹੀ ਹੋਣੀ, ਕਦੇ ਨਾ ਹੋਸੀ ਹਾਰ।
ਇੱਕੋ ‘ਓਹੀ’ ਭਰੋਸੇ ਵਾਲ਼ਾ, ਕਦੇ ਨਾ ਪਿੱਠ ਵਿਖਾਵੇ।
ਰਮਿਆ ਵਿੱਚ ਹੈ ਜ਼ੱਰੇ-ਜ਼ੱਰੇ, ਨਜ਼ਰ ਕਦੇ ਨਾ ਆਵੇ।
ਜੀਹਨੇ ‘ਉਸ’ ਤੇ ਕੀਤਾ ਭਰੋਸਾ, ਉਹ ਭਵਸਾਗਰ ਤਰਦਾ।
ਦੁਖ ਸੁਖ ਨੂੰ ਉਹ ਇੱਕ ਸਮਝਦਾ, ਕਦੇ ਨਾ ਹਉਕੇ ਭਰਦਾ।
ਦੁਨੀਆਂ ਵਿੱਚ ਜਿੰਨੇ ਵੀ ਰਿਸ਼ਤੇ, ਨਹੀਂ ਭਰੋਸੇ ਵਾਲ਼ੇ।
ਅੰਦਰੋਂ ਦਿਲ ਦੇ ਕਾਲ਼ੇ ਨੇ ਸਭ, ਬਾਹਰੋਂ ਭੋਲੇ-ਭਾਲੇ।
ਰੱਖੀਏ ਜੇ ਵਿਸ਼ਵਾਸ ਅੱਲਾ ਤੇ, ਹੋਰਾਂ ਦੀ ਬਾਂਹ ਛੱਡੀਏ।
ਦੁਨੀਆਂਦਾਰ ਤਾਂ ਆਉਂਦੇ-ਜਾਂਦੇ, ਮਨੋਂ ਉਨ੍ਹਾਂ ਨੂੰ ਕੱਢੀਏ।
ਮਹਾਂਪੁਰਖਾਂ ਨੇ ਸਾਨੂੰ ਦੱਸਿਆ, ਰਸਤਾ ਬੜਾ ਸੁਖਾਲਾ।
ਕਿਹਾ ਕਿ ਟੇਕ ‘ਇੱਕੋ’ ਤੇ ਰੱਖੀਏ, ਉਹ ਸਾਡਾ ਰਖਵਾਲਾ।
****
ਭੈਣੇ ਸਾਵਣ ਆਇਆ
ਪੈ ਗਈਆਂ ਨੇ ਪਿੱਪਲੀਂ ਪੀਂਘਾਂ, ਭੈਣੇ ਸਾਵਣ ਆਇਆ।
ਬਾਗੀਂ ਕੋਇਲਾਂ ਬੋਲਦੀਆਂ ਤੇ, ਮੋਰੀਂ ਰੁਣਝੁਣ ਲਾਇਆ।
ਵੇਖ ਕੇ ਛਾਈ ਕਾਲੀ ਘਟਾ ਨੂੰ, ਰੋਮ-ਰੋਮ ਥੱਰਾਇਆ।
ਬੱਦਲ ਗਰਜੇ, ਬਿਜਲੀ ਲਿਸ਼ਕੇ, ਜਿਸਮ ਸਾਰਾ ਲਰਜ਼ਾਇਆ।
ਲੱਗੀ ਝੜੀ ਸਉਣ ਦੀ ਵੇਖਾਂ, ਦਿਲ ਮੇਰਾ ਘਬਰਾਇਆ।
ਰਿੱਝਣ ਖੀਰਾਂ, ਪੱਕਣ ਪੂੜੇ, ਵਿਰਸੇ ਦਾ ਸਰਮਾਇਆ।
ਵੀਰਾ ਲੈ ਕੇ ਆਇਆ ਸੰਧਾਰਾ, ਬੂਹਾ ਹੈ ਖੜਕਾਇਆ।
ਵਾਰੀ ਜਾਵਾਂ ਵੀਰੇ ਤੋਂ, ਜਿਸ ਭੈਣ ਦਾ ਮਾਣ ਵਧਾਇਆ।
ਤੀਆਂ ਲੱਗੀਆਂ ਆਲ-ਦੁਆਲੇ, ਮੇਰਾ ਮਨ ਮਹਿਕਾਇਆ।
ਨਣਦਾਂ ਤੇ ਭਰਜਾਈਆਂ ਰਲ਼ ਕੇ, ਕੈਸਾ ਝੁਰਮਟ ਪਾਇਆ।
ਸਉਣ ਮਹੀਨੇ ਵਿੱਚ ਕਾਦਰ ਦਾ, ਦਿੱਸੇ ਰੂਪ ਸਵਾਇਆ।
ਗੁਰਬਾਣੀ ਵਿੱਚ ਗੁਰੂਆਂ ਨੇ, ਇਸ ਮਾਹ ਦਾ ਜੱਸ ਹੈ ਗਾਇਆ।
****
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
+91 9417692015)
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015