1957 ਵਿੱਚ ਪਟਿਆਲੇ ਵਿੱਚ ਜਨਮਿਆ ਅੰਮ੍ਰਿਤਪਾਲ ਸਿੰਘ ਸ਼ੈਦਾ ਪੰਜਾਬੀ, ਹਿੰਦੀ ਤੇ ਉਰਦੂ ਦਾ ਜਾਣਿਆ-ਪਛਾਣਿਆ ਸ਼ਾਇਰ ਹੈ। ਸਕੂਲ-ਕਾਲਜ ਦੀ ਪੜ੍ਹਾਈ ਦੌਰਾਨ ਹੀ ਉਹਦੀ ਕਾਵਿਕ ਤੇ ਸਾਹਿਤਕ ਪ੍ਰਤਿਭਾ ਉਜਾਗਰ ਹੋਣ ਲੱਗ ਪਈ ਸੀ। ਆਪਣੇ ਵਾਲਿਦ ਜਨਾਬ ਗੁਰਬਖ਼ਸ਼ ਸਿੰਘ ਸ਼ੈਦਾ ਦੀ ਸਾਹਿਤਕ ਸਰਪ੍ਰਸਤੀ ਅਤੇ ਕਿਰਪਾਲ ਸਿੰਘ ਬੇਦਾਰ, ਮੇਲਾ ਰਾਮ ਵਫ਼ਾ, ਬਲਵੰਤ ਸਿੰਘ ਗਜਰਾਜ, ਜਸਵੰਤ ਸਿੰਘ ਵੰਤਾ, ਹਜ਼ੂਰਾ ਸਿੰਘ ਮੌਜੀ, ਮਹਿਤਾਬ ਸਿੰਘ ਪ੍ਰਦੇਸੀ ਜਿਹੇ ਅਦਬੋ-ਆਦਾਬ ਵਾਲੇ ਅਦੀਬਾਂ ਦੀ ਸੰਗਤ ਵਿੱਚ ਰਹਿ ਕੇ ਅੰਮ੍ਰਿਤਪਾਲ ਸਿੰਘ ਸ਼ੈਦਾ 1987 ਤੋਂ ਨਿਰੰਤਰ ਪਟਿਆਲੇ ਤੋਂ ਬਿਨਾਂ ਮਲੇਰਕੋਟਲਾ, ਰੋਪੜ, ਰਾਜਪੁਰਾ, ਪਿੰਜੌਰ,ਚੰਡੀਗੜ੍ਹ, ਲੁਧਿਆਣਾ, ਨਾਭਾ ਸਮੇਤ ਦਿੱਲੀ, ਨਾਰਨੌਲ, ਹੈਦਰਾਬਾਦ, ਮੇਰਠ, ਅੰਬਾਲਾ ਆਦਿ ਵੱਡੇ ਸ਼ਹਿਰਾਂ ਵਿੱਚ ਹੋਏ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਸ਼ਾਇਰਿਆਂ ਵਿੱਚ ਆਪਣੀ ਸ਼ਾਇਰੀ ਦਾ ਲੋਹਾ ਮਨਵਾ ਚੁੱਕਾ ਹੈ, ਜਿੱਥੇ ਵੀਹ-ਵੀਹ ਹਜ਼ਾਰ ਦੇ ਸਰੋਤਿਆਂ ਦੀ ਭਰਪੂਰ ਹਾਜ਼ਰੀ ਸੀ। ਅਜਿਹੇ ਸਮੇਂ ਉਹਨੂੰ ਜਨਾਬ ਕੈਫ਼ੀ ਆਜ਼ਮੀ, ਮਖ਼ਮੂਰ ਸੱਈਦੀ, ਕੰਵਰ ਮਹਿੰਦਰ ਸਿੰਘ ਬੇਦੀ, ਖ਼ੁਮਾਰ ਬਾਰਾਬੰਕੀ, ਸਾਹਿਰ ਹੋਸ਼ਿਆਰਪੁਰੀ, ਨਿਦਾ ਫ਼ਾਜ਼ਲੀ, ਬਸ਼ੀਰ ਬਦਰ, ਆਜ਼ਾਦ ਗੁਲਾਟੀ, ਡਾ. ਨਰੇਸ਼, ਰਾਹਤ ਇੰਦੌਰੀ, ਵਸੀਮ ਬਰੇਲਵੀ, ਨਵਾਜ਼ ਦੇਵਬੰਦੀ, ਮੰਜ਼ਰ ਭੋਪਾਲੀ ਜਿਹੇ ਮੁਕਾਮੀ ਸ਼ਾਇਰਾਂ ਦੀ ਸੁਹਬਤ ਨਸੀਬ ਹੋਣੀ ਕਿਸੇ ਆਸ਼ੀਰਵਾਦ ਤੋਂ ਘੱਟ ਨਹੀਂ ਹੈ।ਬਹੁਤ ਸਾਰੇ ਮਾਣ-ਸਨਮਾਨਾਂ ਨਾਲ ਅਲੰਕ੍ਰਿਤ ਇਸ ਸ਼ਾਇਰ ਨੇ ‘ਫ਼ਸਲ ਧੁੱਪਾਂ ਦੀ’ (2019), ‘ਟੂਣੇਹਾਰੀ ਰੁੱਤ ਦਾ ਜਾਦੂ’ (2022), ‘ਲਹੂ ਕੇ ਗੁਲਾਬ’ (2024), ‘ਲਹੂ-ਲੁਹਾਣ’ (2025) ਨਾਂ ਵਾਲੀਆਂ ਮੌਲਿਕ ਗ਼ਜ਼ਲਾਂਜਲੀ ਪੁਸਤਕਾਂ ਸਮੇਤ ਸੰਪਾਦਨ (ਗਰਮ ਹਵਾਵਾਂ,1985; ਸਿੱਖ ਕੌਣ ਹਨ,1985; ਜੁਗਨੂੰ ਅਤੀਤ ਦੇ, 2006; ਤਿਣਕਾ-ਤਿਣਕਾ, 2015; ਸਾਂਝ ਅਮੁੱਲੀ ਬੋਲੀ ਦੀ, 2021; ਸੱਥ ਜੁਗਨੂੰਆਂ ਦੀ, 2021), ਅਨੁਵਾਦ (ਸਵੈਜੀਵਨੀ-ਬੈਂਜਾਮਿਨ ਫ਼੍ਰੈਂਕਲਿਨ, ਵਿਸ਼ਵ ਪ੍ਰਸਿੱਧ ਦਸ ਇਕਾਂਗੀ) ਅਤੇ ਲਿਪੀਆਂਤਰ (ਤਰਾਸ਼ੇ ਪੱਥਰ, 2018; ਉਰਦੂ ਬੋਲਣ ਵਾਲ਼ੀਏ ਕੁੜੀਏ, 2023; ਮੀਲ ਪੱਥਰ ਜ਼ਿੰਦਗੀ ਦੇ, 2024; ਸਰਹੱਦੋਂ ਪਾਰ, 2024) ਵਿੱਚ ਵੀ ਜ਼ਿਕਰਯੋਗ ਕਾਰਜ ਕੀਤਾ ਹੈ। ਪੁਖ਼ਤਗੀ, ਸਾਫ਼ਗੋਈ ਤੇ ਮਾਰਮਿਕਤਾ ਉਹਦੀਆਂ ਗ਼ਜ਼ਲਾਂ ਦੀ ਚੂਲ਼ ਹਨ। ਸ਼ਾਬਦਿਕ-ਕਲਾਤਮਕਤਾ, ਸਾਰਥਕ ਬਿੰਬਾਂ ਤੇ ਸੂਖ਼ਮ ਅਹਿਸਾਸਾਂ ਨਾਲ ਲਬਰੇਜ਼ ਮਾਨਵਵਾਦੀ, ਲੋਕ-ਹਿਤੈਸ਼ੀ ਤੇ ਕਲਿਆਣਕਾਰੀ ਭਾਵਬੋਧ ਦੇ ਰੰਗ ਵਾਲੀਆਂ ਸ਼ੈਦਾ ਦੀਆਂ ਕੁਝ ਗ਼ਜ਼ਲਾਂ ਏਥੇ ਪੇਸ਼ ਹਨ :
ਕਿੰਝ ਦੀ ਸਾਨੂੰ ਹਯਾਤੀ, ਸੋਚੋ, ਬੇਢੰਗੀ ਮਿਲੀ
ਖ਼ੁਦਕੁਸ਼ੀ ਦੀ ਖੁੱਲ੍ਹ ਸੀ, ਪਰ ਜੀਣ ਦੀ ਤੰਗੀ ਮਿਲੀ।
ਵਕਤ ਨੇ ਹੀ ਘੁੱਟ ਲਈ ਸੀ ਉਸ ਦੀ ਸੰਘੀ, ਇਸ ਲਈ
ਆਧੁਨਿਕ ਸਾਜ਼ਾਂ ‘ਚ ਬੇਬਸ ਬੈਠੀ ਸਾਰੰਗੀ ਮਿਲੀ।
ਢੂੰਡਦਾ ਸੀ ਸਦੀਆਂ ਸਦੀਆਂ ਤੋਂ ਮੈਂ ਜੋ ਇਨਸਾਨੀਅਤ
ਜੰਡ ਦੇ ਟਾਹਣੇ ‘ਤੇ ਉਸਦੀ ਲੋਥ ਅੱਜ ਟੰਗੀ ਮਿਲੀ।
ਕੌਰਵਾਂ ਦੇ ਹੱਥ ਆਇਐ ਜਦ ਤੋਂ ਫ਼ੈਸ਼ਨ ਦਾ ਚਿਰਾਗ਼
ਖ਼ੁਦ ਹੀ ਫ਼ੈਸ਼ਨ-ਪ੍ਰੇਡ ਵਿੱਚ ਹਰ ਦ੍ਰੋਪਦੀ ਨੰਗੀ ਮਿਲੀ।
ਸੋਚ ਦੇ ਸਾਗਰ ‘ਚ ਡੂੰਘੇ ਤੋਂ ਵੀ ਡੂੰਘਾ ਉਤਰਿਆ
ਜਦ ਉਡਾਣਾਂ ਦੀ ਜਾਂ ਸ਼ਬਦਾਂ ਦੀ ਕਦੇ ਤੰਗੀ ਮਿਲੀ।
ਦਿਲ ਨੇ ਮੰਨਿਆ ਹੀ ਨਹੀਂ ਅਪਣੇ ਪਰਾਏ ਦਾ ਨਿਖੇੜ
ਜਦ ਮਨੁੱਖਤਾ ਇੱਕੋ ਰੱਬ ਦੇ ਰੰਗ ਵਿੱਚ ਰੰਗੀ ਮਿਲੀ।
ਹੋਇਐ ਅਕਸਰ ਹੀ ਮੁਕੱਦਰ ਸਾਥੋਂ ਏਦਾਂ ਮਿਹਰਬਾਨ
ਬਿਜਲੀਆਂ ‘ਸ਼ੈਦਾ’ ਨੂੰ, ਉਸਨੂੰ ਪੀਂਘ ਸਤਰੰਗੀ ਮਿਲੀ।
ਪੈਰ ਭਲਾਂ ਧਰੀਏ ਤਾਂ ਕਿੱਥੇ, ਸਾਰੀ ਧਰਤੀ ਲਹੂ-ਲੁਹਾਣ
ਮਨ ਚੰਦਰਾ ਕਿੱਥੇ ਜਾ ਵੱਸੇ, ਸਾਰੀ ਧਰਤੀ ਲਹੂ-ਲੁਹਾਣ।
ਸਿਰ ਮਾਸੂਮਾਂ ਦੇ ਟੰਗੇ ਨੇ, ਸਭ ਨੇ ਅਪਣੇ ਨੇਜ਼ੇ ‘ਤੇ
ਰਾਖਸ਼ ਫਿਰਦੇ ਭੱਜੇ ਨੱਸੇ, ਸਾਰੀ ਧਰਤੀ ਲਹੂ-ਲੁਹਾਣ।
ਸ਼ੂਕ ਰਿਹਾ ਕਾਲ਼ਾ ਸਾਗਰ ਵੀ, ਹੁੰਦਾ ਜਾਂਦੈ ਗੂੜ੍ਹਾ ਲਾਲ
ਛੱਡ ਨਾਵਾਂ ਨੂੰ ਨਾਵਿਕ ਭੱਜੇ, ਸਾਰੀ ਧਰਤੀ ਲਹੂ-ਲੁਹਾਣ।
ਦਾਸਾਂ ਵਾਂਗੂੰ ਬੰਦੇ ਵਿਕਦੇ, ਨਾਰੀ ਵਿਕਦੀ ਬੋਲੀ ‘ਤੇ
ਕੁਦਰਤ ਵੀ ਇੱਜ਼ਤ ਨਾ ਕੱਜੇ, ਸਾਰੀ ਧਰਤੀ ਲਹੂ-ਲੁਹਾਣ।
ਜਾਣੇ-ਬੁੱਝੇ ਸਾਰੇ ਰਸਤੇ, ਗਰਦ-ਗ਼ੁੱਬਾਰਾਂ ਵਿੱਚ ਡੁੱਬੇ
ਅਕਲਾਂ ਵਾਲੇ ਹੋਏ ਝੱਲੇ, ਸਾਰੀ ਧਰਤੀ ਲਹੂ-ਲੁਹਾਣ।
ਮਿੱਟੀ, ਪਾਣੀ, ਹਵਾ ਦੇ ਕਾਤਿਲ ਬੇਡਰ ਹੋ ਕੇ ਘੁੰਮਦੇ ਨੇ
ਪਲ-ਛਿਣ ਰੋਵੇ ਪਲ-ਛਿਣ ਪਿੱਟੇ, ਸਾਰੀ ਧਰਤੀ ਲਹੂ-ਲੁਹਾਣ।
ਧਰਤੀ ਉੱਤੇ ਆਏ ‘ਸ਼ੈਦਾ’, ਮੌਤ ਦੇ ਕੈਸੇ ਸੌਦਾਗਰ
ਸ਼ਕਲੋਂ ਸੁਹਣੇ, ਅਕਲੋਂ ਅੰਨ੍ਹੇ, ਸਾਰੀ ਧਰਤੀ ਲਹੂ-ਲੁਹਾਣ।
ਇਹ ਸਥਾਨ ਕੈਸਾ ਸਥਾਨ ਹੈ।
ਨਾ ਹੀ ਘਰ ਤੇ ਨਾ ਹੀ ਮਕਾਨ ਹੈ।
ਜਿੱਥੇ ਵਣਜ ਹੁੰਦੈ ਜ਼ਮੀਰਾਂ ਦਾ
ਇਦ੍ਹੀ ਮੰਡੀ ਸਾਰਾ ਜਹਾਨ ਹੈ।
ਮੈਂ ਨਿਹੱਥਾ, ਫਿਰ ਵੀ ਹਾਂ ਜੰਗਜੂ
ਕਿ ਮੈਂ ਰੱਖੀ ਹੱਥਾਂ ਤੇ ਜਾਨ ਹੈ।
ਨ ਸ਼ਹਿਦ ਜਿਹੀ ਨ ਹੀ ਵਿਸ਼ ਜਿਹੀ
ਉਹ ਜ਼ੁਬਾਨ ਵੀ ਕੀ ਜ਼ੁਬਾਨ ਹੈ।
ਜਿੱਥੇ ਫ਼ਿਕਰੋ-ਫ਼ਨ ਦੇ ਨੇ ਦਿੱਸਹੱਦੇ
ਮਿਰੀ ਉਸ ਦਿਸ਼ਾ ਦੀ ਉਡਾਨ ਹੈ।
ਜਿੱਥੇ ਨਫ਼ਰਤਾਂ ਦੀਆਂ ਖੇਤੀਆਂ
ਉਹ ਮਹਾਨ ਹਿੰਦੁਸਤਾਨ ਹੈ।
ਮੇਰਾ ਸਿਰ ਹੈ ਚਰਨਾਂ ਤੇ ਸ਼ਬਦ ਦੇ
‘ਸ਼ੈਦਾ’ ਅੰਬਰਾਂ ਤੇ ਧਿਆਨ ਹੈ।
ਪਿਆਸ ਦਾ ਲੰਮਾ ਖ਼੍ਵਾਬ, ਹੇ ਰੱਬਾ!
ਕਹਿਣ ਨੂੰ ਪੰਜ-ਆਬ, ਹੇ ਰੱਬਾ!
ਹੈ ਫਟੀ ਝੋਲ਼ੀ, ਕਾਸਾ ਟੁੱਟਾ ਹੈ
ਪੀੜਾਂ ਹਨ ਬੇਹਿਸਾਬ, ਹੇ ਰੱਬਾ!
ਢੀਠਤਾਈ ਹਨੇਰੇ ਦੀ, ਤੌਬਾ
ਕੀ ਕਰੇ ਆਫ਼ਤਾਬ, ਹੇ ਰੱਬਾ!
ਹੋ ਗਿਆ ਕਿਰਚੀਂ-ਕਿਰਚੀਂ ਆਈਨਾ
ਪੱਥਰਾਂ ਦਾ ਜਵਾਬ, ਹੇ ਰੱਬਾ!
ਪੜ੍ਹਣੀ ਔਖੀ, ਸਮਝਣੀ ਵੀ ਔਖੀ
ਜ਼ਿੰਦਗੀ ਦੀ ਕਿਤਾਬ, ਹੇ ਰੱਬਾ!
ਕਦ ਇਹ ਉਤਰੇਗੀ, ਹੋਣਗੇ ਦਰਸ਼ਨ
ਤੇਰੇ ਮੁੱਖ ਤੇ ਨਿਕ਼ਾਬ, ਹੇ ਰੱਬਾ!
ਟਾਹਣੀ ਕੰਡਿਆਲ਼ੀ ਉੱਤੇ ਹੀ ‘ਸ਼ੈਦਾ’
ਮਹਿਕਦਾ ਹੈ ਗੁਲਾਬ, ਹੇ ਰੱਬਾ!
***
#1, ਲਤਾ ਗਰੀਨ ਐਨਕਲੇਵ,
ਪਟਿਆਲਾ-147002 +91 9417692015
|
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015

by
1957 ਵਿੱਚ ਪਟਿਆਲੇ ਵਿੱਚ ਜਨਮਿਆ ਅੰਮ੍ਰਿਤਪਾਲ ਸਿੰਘ ਸ਼ੈਦਾ ਪੰਜਾਬੀ, ਹਿੰਦੀ ਤੇ ਉਰਦੂ ਦਾ ਜਾਣਿਆ-ਪਛਾਣਿਆ ਸ਼ਾਇਰ ਹੈ। ਸਕੂਲ-ਕਾਲਜ ਦੀ ਪੜ੍ਹਾਈ ਦੌਰਾਨ ਹੀ ਉਹਦੀ ਕਾਵਿਕ ਤੇ ਸਾਹਿਤਕ ਪ੍ਰਤਿਭਾ ਉਜਾਗਰ ਹੋਣ ਲੱਗ ਪਈ ਸੀ। ਆਪਣੇ ਵਾਲਿਦ ਜਨਾਬ ਗੁਰਬਖ਼ਸ਼ ਸਿੰਘ ਸ਼ੈਦਾ ਦੀ ਸਾਹਿਤਕ ਸਰਪ੍ਰਸਤੀ ਅਤੇ ਕਿਰਪਾਲ ਸਿੰਘ ਬੇਦਾਰ, ਮੇਲਾ ਰਾਮ ਵਫ਼ਾ, ਬਲਵੰਤ ਸਿੰਘ ਗਜਰਾਜ, ਜਸਵੰਤ ਸਿੰਘ ਵੰਤਾ, ਹਜ਼ੂਰਾ ਸਿੰਘ ਮੌਜੀ, ਮਹਿਤਾਬ ਸਿੰਘ ਪ੍ਰਦੇਸੀ ਜਿਹੇ ਅਦਬੋ-ਆਦਾਬ ਵਾਲੇ ਅਦੀਬਾਂ ਦੀ ਸੰਗਤ ਵਿੱਚ ਰਹਿ ਕੇ ਅੰਮ੍ਰਿਤਪਾਲ ਸਿੰਘ ਸ਼ੈਦਾ 1987 ਤੋਂ ਨਿਰੰਤਰ ਪਟਿਆਲੇ ਤੋਂ ਬਿਨਾਂ ਮਲੇਰਕੋਟਲਾ, ਰੋਪੜ, ਰਾਜਪੁਰਾ, ਪਿੰਜੌਰ,ਚੰਡੀਗੜ੍ਹ, ਲੁਧਿਆਣਾ, ਨਾਭਾ ਸਮੇਤ ਦਿੱਲੀ, ਨਾਰਨੌਲ, ਹੈਦਰਾਬਾਦ, ਮੇਰਠ, ਅੰਬਾਲਾ ਆਦਿ ਵੱਡੇ ਸ਼ਹਿਰਾਂ ਵਿੱਚ ਹੋਏ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਸ਼ਾਇਰਿਆਂ ਵਿੱਚ ਆਪਣੀ ਸ਼ਾਇਰੀ ਦਾ ਲੋਹਾ ਮਨਵਾ ਚੁੱਕਾ ਹੈ, ਜਿੱਥੇ ਵੀਹ-ਵੀਹ ਹਜ਼ਾਰ ਦੇ ਸਰੋਤਿਆਂ ਦੀ ਭਰਪੂਰ ਹਾਜ਼ਰੀ ਸੀ। ਅਜਿਹੇ ਸਮੇਂ ਉਹਨੂੰ ਜਨਾਬ ਕੈਫ਼ੀ ਆਜ਼ਮੀ, ਮਖ਼ਮੂਰ ਸੱਈਦੀ, ਕੰਵਰ ਮਹਿੰਦਰ ਸਿੰਘ ਬੇਦੀ, ਖ਼ੁਮਾਰ ਬਾਰਾਬੰਕੀ, ਸਾਹਿਰ ਹੋਸ਼ਿਆਰਪੁਰੀ, ਨਿਦਾ ਫ਼ਾਜ਼ਲੀ, ਬਸ਼ੀਰ ਬਦਰ, ਆਜ਼ਾਦ ਗੁਲਾਟੀ, ਡਾ. ਨਰੇਸ਼, ਰਾਹਤ ਇੰਦੌਰੀ, ਵਸੀਮ ਬਰੇਲਵੀ, ਨਵਾਜ਼ ਦੇਵਬੰਦੀ, ਮੰਜ਼ਰ ਭੋਪਾਲੀ ਜਿਹੇ ਮੁਕਾਮੀ ਸ਼ਾਇਰਾਂ ਦੀ ਸੁਹਬਤ ਨਸੀਬ ਹੋਣੀ ਕਿਸੇ ਆਸ਼ੀਰਵਾਦ ਤੋਂ ਘੱਟ ਨਹੀਂ ਹੈ।