ਹਿੰਦੀ ਹਾਸ-ਵਿਅੰਗ:
ਦੀਵਾਲੀ ਦੀ ਛੁੱਟੀ ਵਿੱਚ ਵਰਕ-ਐਟ-ਹੋਮ -ਮੂਲ : ਵਿਨੋਦ ਕੁਮਾਰ ਵਿੱਕੀ-
–ਅਨੁ : ਪ੍ਰੋ. ਨਵ ਸੰਗੀਤ ਸਿੰਘ-
ਤਿਉਹਾਰਾਂ ਦੌਰਾਨ ਸਰਕਾਰੀ ਕਰਮਚਾਰੀਆਂ ਨੂੰ ਵਾਧੂ ਛੁੱਟੀ ਮਿਲਣਾ ਨੋਬਲ ਪੁਰਸਕਾਰ ਪ੍ਰਾਪਤ ਕਰਨ ਤੋਂ ਘੱਟ ਨਹੀਂ ਹੈ। ਬਹੁਤ ਕੋਸ਼ਿਸ਼ ਅਤੇ ਜੁਗਾੜ ਲਾਉਣ ਤੋਂ ਬਾਅਦ ਹੈੱਡ ਕਲਰਕ ਭੂਲਨ ਬਾਬੂ ਨੂੰ ਆਖਰਕਾਰ ਦੀਵਾਲੀ ਦੌਰਾਨ ਇੱਕ ਹਫ਼ਤੇ ਦੀ ਛੁੱਟੀ ਦੇ ਦਿੱਤੀ ਗਈ। ਇਸ ਦੀਵਾਲੀ ‘ਤੇ ਭੂਲਨ ਬਾਬੂ ਸਰਕਾਰੀ ਦਫ਼ਤਰ ਦੇ ਵਾਧੂ ਕੰਮ ਦੇ ਬੋਝ ਅਤੇ ਆਪਣੇ ਅਧਿਕਾਰੀਆਂ ਦੀਆਂ ਝਿੜਕਾਂ ਨੂੰ ਭੁੱਲ ਕੇ ਮਨੋਰੰਜਨ ਦੇ ਮੂਡ ਵਿੱਚ ਸਨ।
“ਇਸ ਵਾਰ ਮੈਂ ਆਪਣੀ ਛੁੱਟੀ ਦਾ ਖੂਬ ਆਨੰਦ ਲੈਣਾ ਚਾਹੁੰਦਾ ਹਾਂ—ਚਕਰੀ, ਬੰਬ, ਪਟਾਕੇ ਚਲਾਵਾਂਗਾ, ਜੀਅ ਭਰ ਕੇ ਮਿਠਾਈ ਖਾਵਾਂਗਾ, OTT ‘ਤੇ ਫਿਲਮਾਂ ਵੇਖਾਂਗਾ ਅਤੇ ਦੇਰ ਤੱਕ ਸੌਂਵਾਂਗਾ।”
ਉਸਨੇ ਪਹਿਲਾਂ ਹੀ ਵਿਸਤ੍ਰਿਤ ਯੋਜਨਾਵਾਂ ਬਣਾ ਲਈਆਂ ਸਨ। ਉਸਨੇ ਏਅਰਟੈੱਲ ਸਟ੍ਰੀਮ ਦੇ 699 ਪਲਾਨ ਦਾ ਸਬਸਕ੍ਰਿਪਸ਼ਨ ਵੀ ਲੈ ਲਿਆ।
ਪਰ ਭੂਲਨ ਬਾਬੂ ਨੂੰ ਇਹ ਨਹੀਂ ਪਤਾ ਸੀ ਕਿ ‘ਘਰੇਲੂ ਜ਼ਿੰਮੇਵਾਰੀਆਂ’ ਸਰਕਾਰੀ ਦਫ਼ਤਰ ਦੀਆਂ ਫਾਈਲਾਂ ਨਾਲੋਂ ਵੀ ਜ਼ਿਆਦਾ ਬੋਝਲ ਸਨ।
ਛੁੱਟੀ ਦੇ ਪਹਿਲੇ ਦਿਨ ਹੀ ਸਵੇਰੇ ਸੱਤ ਵਜੇ ਸ਼੍ਰੀਮਤੀ ਭੂਲਨ ਨੇ ਉਸਨੂੰ ਹਲੂਣ ਕੇ ਜਗਾ ਦਿੱਤਾ—”ਜੀ, ਉੱਠੋ!”
ਭੂਲਨ ਬਾਬੂ ਨੇ ਆਪਣੀਆਂ ਅੱਖਾਂ ਮਲੀਆਂ, ਘੜੀ ਵੱਲ ਵੇਖਿਆ ਅਤੇ ਦੂਜੇ ਪਾਸੇ ਮੂੰਹ ਫੇਰ ਕੇ ਕਿਹਾ, “ਓਏ, ਭਾਗਵਾਨੇ, ਕਿਉਂ ਜਗਾ ਰਹੀ ਹੈਂ? ਅੱਜ ਦਫ਼ਤਰ ਨਹੀਂ ਜਾਣਾ, ਰਿਲੈਕਸ ਕਰਨ ਦੇ।”
“ਅਫ਼ਿਸ ਲਈ ਨਹੀਂ ਜਗਾ ਰਹੀ”, ਸ਼੍ਰੀਮਤੀ ਭੂਲਨ ਨੇ ਗਰਜਦੇ ਹੋਏ ਕਿਹਾ।
“ਅੱਜ ਘਰ ਦੀ ਸਫ਼ਾਈ ਕਰਨੀ ਹੈ। ਆਫ਼ਿਸ ਵਿੱਚ ਫਾਈਲਾਂ ਚਲਾਉਂਦੇ ਰਹਿੰਦੇ ਹੋ, ਅੱਜ ਏਥੇ ਝਾੜੂ ਚਲਾਓ!”
ਭੂਲਨ ਬਾਬੂ ਨੇ ਹੌਲੀ ਜਿਹੀ ਕਿਹਾ, “ਓ ਯਾਰ, ਅੱਜ ਤਾਂ ਛੁੱਟੀ ਹੈ…”
ਉਸਦੀ ਪਤਨੀ ਨੇ ਕਿਹਾ, “ਹਾਂ, ਇਸੇ ਲਈ! ਨਹੀਂ ਤਾਂ, ਹੋਰ ਕਦੋਂ ਕਰਦੇ ਤੁਸੀਂ? ਹੁਣ ਛੁੱਟੀ ਨਹੀਂ, ਡਿਊਟੀ-ਐਟ-ਹੋਮ ਹੈ।”
ਇੰਨਾ ਕਹਿ ਕੇ ਉਸਨੇ ਭੂਲਨ ਬਾਬੂ ਦੇ ਮੋਢਿਆਂ ਤੇ ਆਪਣੀਆਂ ਬਾਹਾਂ ਦਾ ਭਾਰ ਪਾਇਆ ਅਤੇ ਉਸਨੂੰ ਵਿਸ਼ਰਾਮ ਦੀ ਮੁੱਦਰਾ ਤੋਂ ਪਦਮਾਸਨ ਦੀ ਮੁੱਦਰਾ ਵਿੱਚ ਬਿਠਾ ਦਿੱਤਾ।
ਭੂਲਨ ਬਾਬੂ, ਜੋ ਹਰ ਰੋਜ਼ ਦਫ਼ਤਰ ਲਈ ਸਵੇਰੇ 8:30 ਵਜੇ ਉੱਠਦੇ ਹਨ, ਨੂੰ ਘਰ ਸਾਫ਼-ਸਫ਼ਾਈ ਲਈ ਛੁੱਟੀ ਵਾਲੇ ਦਿਨ ਸਵੇਰੇ 7 ਵਜੇ ਅਣਮੰਨੇ ਮਨ ਨਾਲ ਉੱਠਣਾ ਲਈ ਪਿਆ।
ਭੂਲਨ ਬਾਬੂ ਨੇ ਸੋਚਿਆ ਸੀ ਕਿ ਛੁੱਟੀ ਵਾਲੇ ਦਿਨ ਕੱਪੜੇ ਨਹੀਂ ਧੋਣਗੇ, ਪਰ ਕਿਸਮਤ ਦੇਖੋ – ਬਾਲਟੀ ਵਿੱਚ ਧੋਬੀਘਾਟ ਖੁੱਲ੍ਹ ਗਿਆ! ਝਾੜੂ, ਪੋਚਾ, ਪਰਦੇ, ਫੁਲਝੜੀ – ਸਭ ਕੁਝ ਇਕੱਠਾ! ਕੱਪੜੇ ਸਾਫ਼ ਕਰਨ ਤੋਂ ਬਾਅਦ ਘਰ ਦੀ ਸਫਾਈ ਸ਼ੁਰੂ ਹੋ ਗਈ। ਇੱਕ ਝਾੜੂ ਦੀ ਮਦਦ ਨਾਲ ਭੂਲਨ ਬਾਬੂ ਨੇ ਪੂਰੇ ਘਰ ਨੂੰ ਸਾਫ਼ ਕਰ ਦਿੱਤਾ।
ਫਰਸ਼, ਕਮਰਿਆਂ ਅਤੇ ਟਾਇਲਟ ਦੀ ਚਾਰ ਘੰਟੇ ਲਗਾਤਾਰ ਸਫਾਈ ਕਰਨ ਤੋਂ ਬਾਅਦ ਉਸਨੂੰ ਬ੍ਰੇਕ ਅਤੇ ਬ੍ਰੇਕਫ਼ਾਸਟ ਦੋਵੇਂ ਮਿਲੇ।
ਉਨ੍ਹਾਂ ਨੇ ਟੀਵੀ ਚਾਲੂ ਕੀਤਾ ਅਤੇ ਫਾਇਰਸਟਿੱਕ ਚੁੱਕਿਆ ਹੀ ਸੀ ਕਿ ਸ਼੍ਰੀਮਤੀ ਭੂਲਨ ਨੇ ਉੱਚੀ ਆਵਾਜ਼ ਵਿੱਚ ਕਿਹਾ, “ਟੀਵੀ ਛੱਡੋ, ਪੋਚਾ ਮਾਰੋ!”
ਭੂਲਨ ਬਾਬੂ ਦੀਵਾਲੀ ਦੀ ਸਫਾਈ ਵਿੱਚ ਇੰਨੇ ਰੁੱਝੇ ਕਿ ਭਾਰਤ ਸਰਕਾਰ ਉਨ੍ਹਾਂ ਦੀ ਲਗਨ ਨੂੰ ਵੇਖ ਕੇ ਉਨ੍ਹਾਂ ਨੂੰ “ਸਵੱਛ ਭਾਰਤ ਮੁਹਿੰਮ” ਲਈ ਬ੍ਰਾਂਡ ਅੰਬੈਸਡਰ ਬਣਾ ਦੇਣ!
ਦੋ ਦਿਨਾਂ ਦੀ ਸਫਾਈ ਤੋਂ ਬਾਅਦ ਤੀਜੇ ਦਿਨ ਸ਼੍ਰੀਮਤੀ ਭੂਲਨ ਨੇ ਉਨ੍ਹਾਂ ਨੂੰ ਪੇਂਟ ਅਤੇ ਬੁਰਸ਼ ਖਰੀਦਣ ਦਾ ਆਦੇਸ਼ ਦਿੱਤਾ। ਉਨ੍ਹਾਂ ਦਾ ਬਾਜ਼ਾਰ ਜਾਣ ਦਾ ਮਨ ਤਾਂ ਨਹੀਂ ਸੀ, ਪਰ ਗ੍ਰਹਿ ਮੰਤਰੀ ਦਾ ਆਦੇਸ਼ ਤਾਂ ਆਦੇਸ਼ ਹੁੰਦਾ ਹੈ।
ਇੱਕ ਆਗਿਆਕਾਰੀ ਪਤੀ ਦੇ ਨਾਤੇ ਭੂਲਨ ਬਾਬੂ ਬਾਜ਼ਾਰ ਤੋਂ ਪੇਂਟ ਅਤੇ ਇੱਕ ਬੁਰਸ਼ ਖਰੀਦ ਕੇ ਲਿਆਏ ਅਤੇ ਆਪਣੀ ਪਤਨੀ ਨੂੰ ਦਿੰਦੇ ਹੋਏ ਬੋਲੇ, “ਓ ਹੋ, ਬਹੁਤ ਥੱਕ ਗਿਆ ਹਾਂ… ਜ਼ਰਾ ਕੌਫੀ ਬਣਾ ਕੇ ਲਿਆ ਬਈ … ਅਤੇ ਹਾਂ, ਮੈਨੂੰ ਕੰਧਾਂ ਤੇ ਪੇਂਟ ਕਰਨ ਲਈ ਕੋਈ ਮਜ਼ਦੂਰ ਨਹੀਂ ਮਿਲਿਆ।” ਭੂਲਨ ਬਾਬੂ ਦੀਆਂ ਗੱਲ੍ਹਾਂ ਤੇ ਉਂਗਲੀ ਫੇਰਦੇ ਹੋਏ ਸ਼੍ਰੀਮਤੀ ਭੂਲਨ ਨੇ ਰੋਮਾਂਟਿਕ ਢੰਗ ਨਾਲ ਕਿਹਾ, “ਓ ਜੀ, ਜਦੋਂ ਮਿਸਟਰ ਇੰਡੀਆ ਘਰ ਵਿੱਚ ਹੈ, ਤਾਂ ਮਜ਼ਦੂਰ ਦੀ ਕੀ ਲੋੜ ਹੈ? ਤੁਸੀਂ ਪੇਂਟ ਸ਼ੁਰੂ ਕਰੋ ਤੇ ਮੈਂ ਤੁਹਾਡੇ ਲਈ ਗਰਮਾ-ਗਰਮ ਕੌਫੀ ਬਣਾਉਂਦੀ ਹਾਂ।”
“ਮੈਂ… ਪੇਂਟ?” ਭੂਲਨ ਬਾਬੂ ਹੌਲੀ ਜਿਹੀ ਬੁੜਬੁੜਾਏ।
ਤਿੰਨ ਦਿਨਾਂ ਦੇ ਅੰਦਰ ਭੂਲਨ ਬਾਬੂ ਦੀ ਸਖ਼ਤ ਮਿਹਨਤ ਨਾਲ ਘਰ ਦੀਆਂ ਕੰਧਾਂ ਏਸ਼ੀਅਨ ਪੇਂਟਸ ਨਾਲ ਚਮਕਣ ਲੱਗ ਪਈਆਂ। “ਹਰ ਘਰ ਕੁਝ ਕਹਿੰਦਾ ਹੈ” ਦੀ ਤਰਜ਼ ਤੇ ਉਨ੍ਹਾਂ ਕੰਧਾਂ ਦੀ ਚਮਕ ਭੂਲਨ ਬਾਬੂ ਦੀ ਅੰਦਰਲੀ ਪੀੜ ਨੂੰ ਬਿਆਨ ਕਰ ਰਹੀ ਸੀ।
ਸਾਢੇ ਚਾਰ ਦਿਨਾਂ ਦੀ ਡਿਊਟੀ-ਐਟ-ਹੋਮ ਤੋਂ ਬਾਅਦ ਭੂਲਨ ਬਾਬੂ ਦਾ ਹਾਲ ਉਹੀ ਸੀ ਜੋ ਕਿਸੇ ਬਾਬੂ ਦਾ ਇੱਕ ਮਹੀਨੇ ਦੇ ਆਡਿਟ ਪਿੱਛੋਂ ਹੁੰਦਾ ਹੈ।
ਕੰਮ ਇੰਨਾ ਵੱਧ ਗਿਆ ਕਿ ਛੁੱਟੀ ਵਿੱਚ ਰਿਲੈਕਸ ਦੀ ਥਾਂ ਆਇਓਡੈਕਸ ਮਿਲਿਆ।
ਥੱਕੇ-ਹਾਰੇ ਹੋਏ ਉਹ ਬੁੜਬੁੜਾਏ, “ਸਾਡੇ ਪਤੀਆਂ ਦੀ ਵੀ ਅਲੱਗ ਪੀੜਾ ਹੈ। ਸਰਕਾਰੀ ਛੁੱਟੀ ਅਤੇ ਘਰ ਦੀ ਡਿਊਟੀ ਵਿੱਚ ਬਸ ਇਹੋ ਫਰਕ ਹੈ ਕਿ ਦਫਤਰ ਵਿੱਚ ਬੌਸ ਚੀਕਦਾ ਹੈ ਤੇ ਘਰ ਵਿੱਚ ਪਤਨੀ। ਓਥੇ ਫਾਈਲ ਪੂਰੀ ਕਰਨ ਦਾ ਦਬਾਅ ਹੈ, ਏਥੇ ਸਫਾਈ ਅਤੇ ਘਰੇਲੂ ਕੰਮ ਕਰਨ ਦਾ।”
![]() ਸ਼੍ਰੀਮਤੀ ਭੂਲਨ ਉੱਚੀ ਆਵਾਜ਼ ਵਿੱਚ ਬੋਲੀ, “ਤੁਸੀਂ ਵੀ ਹੱਦ ਕਰਦੇ ਹੋ! ਮੌਕਾ ਮਿਲਿਆ ਨਹੀਂ ਕਿ ਤੁਸੀਂ ਦਫਤਰ ਸਮਝ ਕੇ ਆਰਾਮ ਕਰਨ ਲੱਗ ਪੈਂਦੇ ਹੋ। ਜਾਓ, ਡਿਉਢੀ ਤੇ ਦੀਵਾ ਜਗਾ ਕੇ ਆਓ।”
ਭੂਲਨ ਬਾਬੂ ਨੇ ਉਦਾਸ ਦਿਲ ਅਤੇ ਥੱਕੇ ਹੋਏ ਹੱਥਾਂ ਨਾਲ ਦੀਵਾ ਜਗਾਇਆ। ਬਾਹਰ ਹਲਕੀ-ਹਲਕੀ ਹਵਾ ਵਗ ਰਹੀ ਸੀ। ਟਿਮਟਿਮਾਉਂਦੇ ਦੀਵੇ ਅਤੇ ਉਹਦੀ ਲੋਅ ਵੇਖ ਕੇ ਇਉਂ ਲੱਗ ਰਿਹਾ ਸੀ ਜਿਵੇਂ ਦੀਵਾਲੀ ਦੀਆਂ ਛੁੱਟੀਆਂ ਦੌਰਾਨ ਘਰੇਲੂ ਕੰਮਾਂ ਦੇ ਬੋਝ ਤੋਂ ਦੁਖੀ ਭੂਲਨ ਬਾਬੂ ਦਾ ਦਿਲ ਵੀ ਦੀਵੇ ਦੇ ਨਾਲ-ਨਾਲ ਸੜ ਰਿਹਾ ਹੋਵੇ। ਉਹ ਮਨ ਹੀ ਮਨ ਸੋਚ ਰਹੇ ਸਨ, ‘ਦੀਵੇ ਦੀ ਹਾਲਤ ਵੀ ਮੇਰੇ ਵਰਗੀ ਹੈ… ਆਫ਼ਿਸ ਦੀ ਡਿਉਟੀ ਤੋਂ ਬਚਣ ਲਈ ਛੁੱਟੀ ਦੌਰਾਨ ਘਰ ਵਾਲੀ ਡਿਉਟੀ ਤੋਂ ਪ੍ਰੇਸ਼ਾਨ, ਜਗਦਾ ਹੋਇਆ, ਪਰ ਫਿਰ ਵੀ, ਜਗਮਗਾਉਂਦਾ ਹੋਇਆ।’
ਦੀਵਾਲੀ ‘ਤੇ ਦੇਰ ਰਾਤ ਤੱਕ ਜਾਗਣ ਤੋਂ ਬਾਅਦ, ਭੂਲਨ ਬਾਬੂ ਦੇ ਥੱਕੇ ਹੋਏ ਚਿਹਰੇ ‘ਤੇ ਅਗਲੇ ਦਿਨ ਦਫ਼ਤਰ ਜਾਣ ਦੀ ਚਿੰਤਾ ਸਾਫ਼ ਦਿਖਾਈ ਦੇ ਰਹੀ ਸੀ। ਅਗਲੇ ਦਿਨ, ਭੂਲਨ ਬਾਬੂ ਦੁਪਹਿਰ ਵੇਲੇ ਆਪਣੀ ਦਫ਼ਤਰ ਦੀ ਕੁਰਸੀ ‘ਤੇ ਊਂਘਣ ਲੱਗ ਪਏ। ਉਨ੍ਹਾਂ ਦੇ ਨੇੜੇ ਬੈਠਾ ਆਪਰੇਟਰ ਗੁਪਤਾ, ਉਨ੍ਹਾਂ ਨੂੰ ਵਾਰ-ਵਾਰ ਜਗਾਉਣ ਲਈ ਹਿਲਾਉਂਦਾ ਰਿਹਾ। ਉਨ੍ਹਾਂ ਨੇ ਕਈ ਵਾਰ ਉੱਠ ਕੇ ਮੂੰਹ ਧੋਤਾ, ਅੱਖਾਂ ਮਲੀਆਂ, ਪਰ ਦੀਵਾਲੀ ਦੀ ਥਕਾਵਟ ਉਨ੍ਹਾਂ ਨੂੰ ਸੌਣ ਲਈ ਮਜਬੂਰ ਕਰਦੀ ਰਹੀ। ਸਾਹਮਣੇ ਵਾਲੀ ਸੀਟ ‘ਤੇ ਬੈਠੇ ਸ਼ਰਮਾ ਜੀ ਨੇ ਕਿਹਾ, “ਓਏ, ਭੂਲਨ ਬਾਬੂ, ਤੁਸੀਂ ਕਾਫ਼ੀ ਥੱਕੇ ਹੋਏ ਲੱਗ ਰਹੇ ਹੋ। ਜੇ ਤੁਹਾਡੀ ਸਿਹਤ ਠੀਕ ਨਹੀਂ ਹੈ, ਤਾਂ ਇੱਕ-ਦੋ ਦਿਨ ਦੀ ਛੁੱਟੀ ਲੈ ਕੇ ਘਰੇ ਆਰਾਮ ਕਰੋ।” ਭੂਲਨ ਬਾਬੂ ਨੂੰ ਸ਼ਰਮਾ ਦੀ ਸਲਾਹ ਪਸੰਦ ਆਈ ਅਤੇ ਉਨ੍ਹਾਂ ਨੇ ਦੋ ਦਿਨ ਦੀ ਛੁੱਟੀ ਲੈਣ ਦਾ ਫੈਸਲਾ ਕੀਤਾ। ਅਚਾਨਕ ਉਨ੍ਹਾਂ ਨੂੰ ਯਾਦ ਆਇਆ ਕਿ ਛੱਠ ਤਿਉਹਾਰ ਆ ਰਿਹਾ ਹੈ ਅਤੇ ਜੇ ਉਨ੍ਹਾਂ ਨੇ ਛੁੱਟੀ ਲੈ ਲਈ, ਤਾਂ ਉਨ੍ਹਾਂ ਨੂੰ ਵਰਕ-ਐਟ-ਹੋਮ ਕਰਨਾ ਪੈ ਸਕਦਾ ਹੈ! ਛੁੱਟੀ ਵਿੱਚ ਘਰ ਦੀ ਕਲਪਨਾ ਨਾਲ ਹੀ ਉਹ ਕੰਬਣ ਲੱਗੇ। ਹੁਣ ਉਨ੍ਹਾਂ ਦੀ ਨੀਂਦ ਗਾਇਬ ਹੋ ਗਈ ਸੀ ਅਤੇ ਉਹ ਫਾਈਲਾਂ ਵਿੱਚ ਆਪਣੇ ਕੰਮ ਵਿੱਚ ਜੁਟ ਗਏ।
***
~ ਮੂਲ : ਵਿਨੋਦ ਕੁਮਾਰ ਵਿੱਕੀ, ਖਗੜੀਆ (ਬਿਹਾਰ)
~ ਅਨੁ : ਪ੍ਰੋ. ਨਵ ਸੰਗੀਤ ਸਿੰਘ, ਪਟਿਆਲਾ-147002.
+91 9417692015
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015