10 March 2026

ਮੰਟੋ ਜ਼ਿੰਦਾ ਰਹੇਗਾ — ਪ੍ਰੋ. ਨਵ ਸੰਗੀਤ ਸਿੰਘ 

ਸਆਦਤ ਹਸਨ ਮੰਟੋ ਉਰਦੂ ਦਾ ਪ੍ਰਸਿੱਧ ਲੇਖਕ, ਨਾਟਕਕਾਰ, ਸਾਹਿਤਕਾਰ ਤੇ ਅਫ਼ਸਾਨਾਨਿਗਾਰ ਹੋ ਗੁਜ਼ਰਿਆ ਹੈ। ਨਾਲ ਹੀ ਉਹ ਫ਼ਿਲਮ ਰੇਡੀਓ ਪਟਕਥਾ ਲੇਖਕ ਤੇ ਪੱਤਰਕਾਰ ਵੀ ਸੀ। ਉਸ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪਪੜੌਦੀ (ਨੇੜੇ ਸਮਰਾਲਾ) ਵਿਖੇ 11 ਮਈ 1912 ਨੂੰ ਹੋਇਆ ਸੀ। ਉਹ ਇਕ ਮੁਸਲਿਮ ਪਰਿਵਾਰ ‘ਚ ਜਨਮਿਆ ਸੀ । ਉਸ ਦੇ ਪਿਤਾਗੁਲਾਮ ਹਸਨ ਮੰਟੋ ਸਥਾਨਕ ਕਚਹਿਰੀ ਵਿਚ ਜੱਜ ਸਨ। ਉਹ ਦੋ ਦੇਸ਼ਾਂ ਦਾ ਨਾਗਰਿਕ ਰਿਹਾ – ਪਹਿਲਾਂ ਭਾਰਤ (1934-1948) ਅਤੇ ਫਿਰ ਪਾਕਿਸਤਾਨ (1948-1955)। ਉਸ ਦਾ ਸਰਗਰਮ ਲਿਖਣ-ਕਾਲ 1934 ਤੋਂ 1955 ਤਕ ਦਾ ਹੈ। ਉਸ ਦੀ ਜ਼ਿੰਦਗੀ ਵਿਚ ਵੱਡਾ ਪਰਿਵਰਤਨ 1931 ‘ਚ ਆਇਆ, ਜਦੋਂ ਉਹ ਇੱਕੀ ਸਾਲ ਦਾ ਸੀ। ਉਹ ਉਸ ਸਮੇਂ ਅਬਦੁਲ ਬਾਰੀ ਬੇਗ ਨੂੰ ਮਿਲਿਆ, ਜੋ ਆਪਣੇ ਸਮੇਂ ਦਾ ਇਕ ਵੱਡਾ ਵਿਦਵਾਨ ਅਤੇ ਪ੍ਰਸਿੱਧ ਲੇਖਕ ਸੀ। ਬਾਰੀ ਨੇ ਉਸ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਪਣੀ ਸਹੀ ਪ੍ਰਤਿਭਾ ਦੀ ਪਛਾਣ ਕਰੇ ਅਤੇ ਰੂਸੀ ਤੇ ਫਰਾਂਸੀਸੀ ਲੇਖਕਾਂ ਨੂੰ ਪੜ੍ਹੇ।

ਕੁਝ ਮਹੀਨਿਆਂ ਅੰਦਰ ਹੀ ਮੰਟੋ ਨੇ ਵਿਕਟਰ ਹਿਊਗੋ ਦੀਆਂ ਕਹਾਣੀਆਂ ‘ਦ ਲਾਸਟ ਡੇਅ ਆਫ ਕਨਡੈਮਡ ਮੈਨ’ ਦਾ ਅਨੁਵਾਦ ਕਰ ਦਿੱਤਾ, ਜਿਸ ਨੂੰ ਉਰਦੂ ਬੁੱਕ ਸਟਾਲ ਲਾਹੌਰ ਨੇ ‘ਸਰਗੁਸ਼ਤ-ਏ-ਅਸੀਰ (ਇਕ ਕੈਦੀ ਦੀ ਕਹਾਣੀ) ਦੇ ਨਾਂ ਹੇਠ ਛਾਪਿਆ। ਛੇਤੀ ਹੀ ਪਿੱਛੋਂ ਉਹ ‘ਮਸਾਵਤ’ (ਲੁਧਿਆਣੇ ਤੋਂ ਪ੍ਰਕਾਸ਼ਿਤ ਰੋਜ਼ਾਨਾ ਪੱਤ੍ਰਿਕਾ) ਦੇ ਸੰਪਾਦਕੀ ਮੰਡਲ ਨਾਲ ਜੁੜ ਗਿਆ। ਫਰਵਰੀ 1934 ‘ਚ ਉਸ ਨੇ ਗ੍ਰੈਜੂਏਸ਼ਨ ਕਰਨ ਲਈ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ‘ਚ ਦਾਖ਼ਲਾ ਲੈ ਲਿਆ ਅਤੇ ਉੱਥੇ ਭਾਰਤੀ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਨਾਲ ਜੁੜ ਗਿਆ। ਉੱਥੇ ਉਸ ਦੀ ਮੁਲਾਕਾਤ ਅਲੀ ਸਰਦਾਰ ਜਾਫ਼ਰੀ ਨਾਲ ਹੋਈ ਅਤੇ ਮੰਟੋ ਨੂੰ ਆਪਣੀਆ ਲਿਖਤਾਂ ਵਿਚ ਨਵੀਂ ਤਾਜ਼ਗੀ ਮਹਿਸੂਸ ਹੋਈ। ਉਸ ਦੀ ਇਕ ਕਹਾਣੀ ‘ਅਲੀਗੜ੍ਹ ਮੈਗਜ਼ੀਨ’ ਵਿਚ ‘ਇਨਕਲਾਬ ਪਸੰਦ’ ਦੇ ਨਾਂ ਹੇਠ ਮਾਰਚ 1935 ‘ਚ ਪ੍ਰਕਾਸ਼ਿਤ ਹੋਈ।

1934 ਵਿਚ ਮੰਟੋ ਪਹਿਲੀ ਵਾਰ ਮੁੰਬਈ ਆਇਆ ਤੇ ਮੈਗਜ਼ੀਨਾਂ/ ਅਖ਼ਬਾਰਾਂ ਲਈ ਲਿਖਣਾ ਸ਼ੁਰੂ ਕਰ ਦਿੱਤਾ। ਨਾਲ-ਨਾਲ ਉਹ ਹਿੰਦੀ ਫਿਲਮ ਇੰਡਸਟਰੀ ਲਈ ਸਕ੍ਰਿਪਟ-ਲੇਖਨ ਕਰਨ ਲੱਗਿਆ। ਇਸ ਦੌਰਾਨ ਉਹ ਨੂਰਜਹਾਂ, ਨੌਸ਼ਾਦ, ਇਸਮਤ ਚਗੁਤਾਈ, ਸ਼ਿਆਮ ਅਤੇ ਅਸ਼ੋਕ ਕੁਮਾਰ ਦਾ ਚੰਗਾ ਮਿੱਤਰ ਬਣ ਗਿਆ। ਉਦੋਂ ਉਹ ਫੋਰਸ ਲੇਨ ਵਿਖੇ ਰਹਿੰਦਾ ਸੀ, ਜੋ ਬੰਬਈ ਦੇ ਕਮਾਥੀਪੁਰਾ ਦਾ ਰੈੱਡ ਲਾਈਟ ਏਰੀਆ ਸੀ। ਉਸ ਨੇ ਆਪਣੇ ਆਲੇ-ਦੁਆਲੇ ਜੋ ਵੇਖਿਆ, ਉਸ ਦਾ ਉਹਦੀਆਂ ਲਿਖਤਾਂ ‘ਤੇ ਡੂੰਘਾ ਪ੍ਰਭਾਵ ਪਿਆ। 1941 ਵਿਚ ਉਸ ਨੇ ਆਲ ਇੰਡੀਆ ਰੇਡੀਓ ਦੀ ਉਰਦੂ ਸਰਵਿਸ ਲਈ ਨੌਕਰੀ ਕਰ ਲਈ। ਇਹ ਉਹਦੇ ਅਗਲੇ ਅਠਾਰਾਂ ਮਹੀਨਿਆਂ ਲਈ ਚੰਗਾ ਸਮਾਂ ਸਿੱਧ ਹੋਇਆ। ਉਦੋਂ ਉਸ ਨੇ ਕਰੀਬ ਚਾਰ ਸੰਗ੍ਰਹਿ (ਰੇਡੀਓ ਨਾਟਕ) ਪ੍ਰਕਾਸ਼ਿਤ ਕਰਵਾਏ। ਉਸ ਨੇ ਕਹਾਣੀਆਂ ਲਿਖਣੀਆਂ ਵੀ ਜਾਰੀ ਰੱਖੀਆਂ ਅਤੇ ਉਹਦਾ ਇਕ ਕਹਾਣੀ ਸੰਗ੍ਰਹਿ ‘ਧੂੰਆਂ’ ਨਾਂ ਹੇਠ ਪ੍ਰਕਾਸ਼ਿਤ ਹੋਇਆ। ਇਸ ਤੋਂ ਪਹਿਲਾਂ ਉਹ ‘ਮੰਟੋ ਕੇ ਅਫਸਾਨੇ’ ਪ੍ਰਕਾਸ਼ਿਤ ਕਰਵਾ ਚੁੱਕਾ ਸੀ ਅਤੇ ਨਾਲ ਹੀ ਉਹਦਾ ਵਾਰਤਕ ਸੰਗ੍ਰਹਿ ‘ਮੰਟੋ ਕੇ ਮਜ਼ਾਮੀਨ’ ਛਪ ਗਿਆ ਸੀ । ਇਸ ਸਮੇਂ ਦੌਰਾਨ ਹੀ ਉਸ ਦਾ ਇਕ ਮਿਸ਼ਰਿਤ ਸੰਗ੍ਰਹਿ ‘ਅਫ਼ਸਾਨੇ ਔਰ ਡਰਾਮੇ’ 1943 ਵਿਚ ਛਪਿਆ। ਆਲ ਇੰਡੀਆ ਰੇਡੀਓ ਦੇ ਡਾਇਰੈਕਟਰ ਐੱਨ ਐੱਮ ਰਾਸ਼ਿਦ ਨਾਲ ਝਗੜਾ ਹੋਣ ਪਿੱਛੋਂ ਉਸ ਨੇ ਇਹ ਨੌਕਰੀ ਛੱਡ ਦਿੱਤੀ ਅਤੇ ਬੰਬਈ ਮੁੜ ਆਇਆ ਅਤੇ ਮੁੜ ਤੋਂ ਫਿਲਮ ਨਗਰੀ ਲਈ ਕੰਮ ਕਰਨ ਲੱਗਾ। ਉਹ ਬੰਬਈ ‘ਚ ਦੇਸ਼ ਦੀ ਵੰਡ ਪਿੱਛੋਂ ਜਨਵਰੀ 1948 ਤਕ ਰਹਿੰਦਾ ਰਿਹਾ। ਉਸ ਨੂੰ ਦੇਸ਼ ਦੀ ਵੰਡ ਤੋਂ ਪਿੱਛੋਂ ਭਾਰਤ ‘ਚ ਰਹਿਣਾ ਹੀ ਚੰਗਾ ਲੱਗਦਾ ਸੀ ਪਰ 1948 ‘ਚ ਉਸ ਦੀ ਪਤਨੀ ਅਤੇ ਬੱਚੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਲਾਹੌਰ ਚਲੇ ਗਏ। ਇਸ ਦੌਰਾਨ ਬੰਬਈ ‘ਚ ਅਕਸਰ ਫਿਰਕੂ ਫਸਾਦ ਹੋਣ ਲੱਗੇ ਤਾਂ ਮੰਟੋ ਨੇ ਵੀ ਪਾਕਿਸਤਾਨ ਜਾਣ ਦਾ ਫ਼ੈਸਲਾ ਕਰ ਲਿਆ। ਮੰਟੋ ਤੇ ਉਹਦੇ ਪਰਿਵਾਰ ਨੂੰ ਪਾਕਿਸਤਾਨ ‘ਚ ‘ਮੁਹਾਜਿਰ’ ਸਮਝਿਆ ਗਿਆ।

ਜਦੋਂ ਮੰਟੋ ਬੰਬਈ ਤੋਂ ਲਾਹੌਰ ਗਿਆ, ਉਹ ਉੱਥੇ ‘ਪਾਕਿ ਟੀ ਹਾਊਸ’ ਵਿਚ ਬਹੁਤ ਸਾਰੇ ਬੁੱਧੀਜੀਵੀਆਂ ਨੂੰ ਮਿਲਿਆ। ਲਾਹੌਰ ‘ਚ ਮੰਟੋ ਆਪਣੀ ਬੀਵੀ ਅਤੇ ਪਰਿਵਾਰ ਨਾਲ ਲਕਸ਼ਮੀ ਮੈਨਸ਼ਨ ਵਿਚ ਰਿਹਾ। ਇਹ ਤਿੰਨ-ਮੰਜ਼ਿਲੀ ਇਮਾਰਤ ਲਾਲਾ ਲਾਜਪਤ ਰਾਏ ਦੀ ‘ਲਕਸ਼ਮੀ ਇੰਸ਼ੋਰੈਂਸ ਕੰਪਨੀ’ ਵੱਲੋਂ ਬਣਾਈ ਗਈ ਸੀ, ਜਿਸ ਦਾ ਉਦਘਾਟਨ ਸਰੋਜਨੀ ਨਾਇਡੂ ਨੇ ਕੀਤਾ ਸੀ ਅਤੇ ਕਿਸੇ ਸਮੇਂ ਪ੍ਰਸਿੱਧ ਵਕੀਲ ਕੇ ਸਾਂਥਾਨਾਮ ਦੀ ਰਿਹਾਇਸ਼ ਸੀ। ਆਪਣੇ ਆਖਰੀ ਸਮੇਂ ‘ਚ ਮੰਟੋ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਪਿਆ ਸੀ, ਜਿਸ ਕਾਰਨ ਉਹਦਾ ਜਿਗਰ ਖ਼ਰਾਬ ਹੋ ਗਿਆ ਸੀ। ਸਿਰਫ਼ 42 ਸਾਲ ਦੀ ਉਮਰ ‘ਚ 18 ਜਨਵਰੀ 1955 ਨੂੰ ਉਹ ਹਾਲ ਰੋਡ, ਲਾਹੌਰ ਵਿਚ ਸਦਾ ਲਈ ਵਿਛੋੜਾ ਦੇ ਗਿਆ। ਉਹ ਆਪਣੇ ਪਿੱਛੇ ਪਤਨੀ ਸਫੀਆ ਅਤੇ ਧੀਆਂ ਨਿਗਹਤ ਪਟੇਲ, ਨਜ਼ਹਤ ਅਰਸ਼ਦ ਤੇ ਨੁਸਰਤ ਜਲਾਲ ਨੂੰ ਛੱਡ ਗਿਆ। ਉਸ ਦੀ ਧੀ ਨਿਗਹਤ ਪਟੇਲ ਹੁਣ ਵੀ ਉੱਥੇ ਹੀ ਰਹਿੰਦੀ ਹੈ ਜਿੱਥੇ ਮੰਟੋ ਰਹਿੰਦਾ ਰਿਹਾ ਸੀ।

 ਮੰਟੋ ਨੇ ਜੀਵਨ ਭਰ ਲੇਖਕ ਵਜੋਂ ਕਾਰਜ ਕੀਤਾ ਜਿਸ ਦੀ ਜ਼ਿੰਦਗੀ ਬਹਿਸ ਅਤੇ ਸਵੈ-ਪੜਚੋਲ ਦਾ ਵਿਸ਼ਾ ਰਹੀ। ਉਸ ਦੀ ਜਨਮ ਸ਼ਤਾਬਦੀ (2012) ਮੌਕੇ ਦਾਨਿਸ਼ ਇਕਬਾਲ ਦੇ ਸਟੇਜ ਨਾਟਕ ‘ਇਕ ਕੁੱਤੇ ਕੀ ਕਹਾਨੀ’ ਵਿਚ ਮੰਟੋ ਨੂੰ ਨਵੇਂ ਪਰਿਪੇਖ ‘ਚ ਪ੍ਰਸਤੁਤ ਕੀਤਾ ਗਿਆ। ਅਠਾਰਾਂ ਜਨਵਰੀ 2005 ਨੂੰ ਉਸ ਦੀ 50ਵੀਂ ਬਰਸੀ ਮੌਕੇ ਪਾਕਿਸਤਾਨ ਸਰਕਾਰ ਨੇ ਇਕ ਡਾਕ ਟਿਕਟ ਜਾਰੀ ਕੀਤੀ। 14 ਅਗਸਤ 2012 ਨੂੰ ਪਾਕਿਸਤਾਨੀ ਸੁਤੰਤਰਤਾ ਦਿਵਸ ‘ਤੇ ਮੰਟੋ ਨੂੰ ਮੌਤ ਪਿੱਛੋਂ ‘ਨਿਸ਼ਾਨੇ – ਇਮਤਿਆਜ਼’ ਪੁਰਸਕਾਰ ਪ੍ਰਦਾਨ ਕੀਤਾ ਗਿਆ। ਸੰਨ 2015 ‘ਚ ਪਾਕਿਸਤਾਨੀ ਐਕਟਰ ਤੇ ਡਾਇਰੈਕਟਰ ਸਰਮਦ ਪੋਸਟ ਨੇ ਫਿਲਮ ‘ਮੈਟ’ ਬਣਾਈ ਜੋ ਉਸ ਦੀ ਜ਼ਿੰਦਗੀ ‘ਤੇ ਆਧਾਰਤ ਹੈ। ਸੰਨ 2018 ‘ਚ ਬੀਬੀਸੀ ਨੇ ਟੋਬਾ ਟੇਕ ਸਿੰਘ ਨੂੰ 100 ਸ਼੍ਰੋਮਣੀ “ਵਿਸ਼ਵ ਕਹਾਣੀਆਂ” ਵਿਚ ਸ਼ਾਮਲ ਕੀਤਾ ਜਿਸ ਵਿਚ ਹੋਮਰ ਤੇ ਵਿਰਜੀਨੀਆ ਵੁਲਫ਼ ਦੀਆਂ ਰਚਨਾਵਾਂ ਵੀ ਸ਼ਾਮਲ ਹਨ। ਸੰਨ 2018 ‘ਚ ਨੰਦਿਤਾ ਦਾਸ ਨੇ ਬਾਲੀਵੁੱਡ ਫਿਲਮ ‘ਮੰਟੋ’ ਬਣਾਈ ਜਿਸ ਵਿਚ ਨਿਵਾਜੂਦੀਨ ਸਿੱਦੀਕੀ ਨੇ ਕੰਮ ਕੀਤਾ।

ਮੰਟੋ ਨੇ ਦੇਸ਼ ਦੀ ਵੰਡ ਨੂੰ ਆਪਣੀਆਂ ਲਿਖਤਾਂ ਦਾ ਆਧਾਰ  ਬਣਾਇਆ। ਉਸ ਦੀ ਪਹਿਲੀ ਕਹਾਣੀ ‘ਤਮਾਸ਼ਾ’ ਜੱਲ੍ਹਿਆਂਵਾਲਾ – ਬਾਗ਼ ਕਾਂਡ ‘ਤੇ ਆਧਾਰਤ ਹੈ ਜਦਕਿ ਆਖ਼ਰੀ ਕਹਾਣੀ ‘ਟੋਭਾ ਟੇਕ ਸਿੰਘ’ ਹੈ। ਮੰਟੋ ਨੇ ਫਿਲਮੀ ਅਦਾਕਾਰਾਂ ਨਵਾਬ ਕਸ਼ਮੀਰੀ, ਸਿਤਾਰਾ, ਕੁਲਦੀਪ ਕੌਰ, ਪਾਰੋ ਦੇਵੀ, ਰਫੀਕ ਕਸਵੀ ਅਤੇ 7 ਸਾਹਿਤਕਾਰਾਂ-ਚਿਰਾਗ਼ ਹਸਨ, ਹਸਰਤ ਅਤੇ ਹੋਰਨਾਂ ਦੇ ਰੇਖਾ– ਚਿੱਤਰ ਆਪਣੀਆਂ ਪੁਸਤਕਾਂ ‘ਮੀਨਾ ਬਾਜ਼ਾਰ’, ‘ਗੰਜੇ ਫਰਿਸ਼ਤੇ’ ਅਤੇ ‘ਲਾਊਡ ਸਪੀਕਰ ਵਿਚ ਲਿਖੇ। ਰੇਖਾ-ਚਿੱਤਰ ਲਿਖਣ  ਵਿਚ ਮੰਟੋ ਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ, ਇੱਥੋਂ ਤਕ ਕਿ  ਆਪਣੇ-ਆਪ ਨੂੰ ਵੀ ਨਹੀਂ। ਬਲਵੰਤ ਗਾਰਗੀ ਨੇ ਆਪਣੀ  ਪੁਸਤਕ ‘ਹੁਸੀਨ ਚਿਹਰੇ’ ਵਿਚ ਮੰਟੋ ਦੀ ਲਿਖਣ-ਸ਼ੈਲੀ ਬਾਰੇ  ਇਸ ਤਰ੍ਹਾਂ ਬਿਆਨ ਕੀਤਾ ਹੈ : ‘ਮੰਟੋ ਕੋਲ ਕਲਮ ਨਹੀਂ, ਤੇਜ਼  ਨਸ਼ਤਰ ਸੀ, ਜਿਸ ਨਾਲ ਉਹ ਸਮਾਜ ਦੀਆਂ ਨਾੜੀਆਂ ‘ਚ ਖੂਨ ਕੱਢਦਾ ਸੀ । ਉਹ ਹਕੀਮ ਨਹੀਂ, ਸਰਜਨ ਸੀ। ਕਿਸੇ ਸਮੇਂ ਮੰਟੇ ਨੇ ਲਿਖਿਆ ਸੀ, “ਸਆਦਤ ਹਸਨ ਮਰ ਜਾਏਗਾ, ਮਗਰ ਮੰਟੋ ਜ਼ਿੰਦਾ ਰਹੇਗਾ” ਅਤੇ ਇਹ ਇਕ ਅਟੱਲ ਸੱਚਾਈ ਹੈ ਕਿ ਜਦ-ਤਕ ਮਾਨਵੀ ਸੰਵੇਦਨਾ ਹੈ, ਮੰਟੋ ਹਮੇਸ਼ਾ ਜ਼ਿੰਦਾ ਰਹੇਗਾ।
***
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002
+91 9417692015

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1722
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002

ਪੰਜਾਬ, ਭਾਰਤ
ਫੋਨ:+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ 1, ਲਤਾ ਇਨਕਲੇਵ, ਪਟਿਆਲਾ-147002 ਪੰਜਾਬ, ਭਾਰਤ ਫੋਨ:+91 9417692015

View all posts by ਪ੍ਰੋ. ਨਵ ਸੰਗੀਤ ਸਿੰਘ →