3 April 2026

ਮਿੰਨੀ ਕਹਾਣੀ: ਨਿੰਬੂ ਵਾਲਾ ਘਰ — ਪ੍ਰੋ. ਨਵ ਸੰਗੀਤ ਸਿੰਘ 

ਹੌਲੀ ਹੌਲੀ ਸਾਰੇ ਗਲੀ-ਮਹੱਲੇ ਵਿੱਚ ਉਨ੍ਹਾਂ ਦਾ ਘਰ ‘ਨਿੰਬੂ ਵਾਲੇ ਘਰ’ ਵਜੋਂ ਜਾਣਿਆ ਜਾਣ ਲੱਗਾ। ਗੱਲ ਵੀ ਸਹੀ ਸੀ, ਘਰ ਦੀ ਮਾਲਕਣ ਨੇ ਪੁੱਤਾਂ ਵਾਂਗ ਪਾਲ ਪੋਸ ਕੇ ਪੌਦੇ ਨੂੰ ਵੱਡਾ ਕੀਤਾ ਸੀ। ਫਿਰ ਜਦੋਂ ਇਹਨੂੰ ਫਲ ਲੱਗਣ ਲੱਗਾ ਤਾਂ ਪੂਰੇ ਮਹੱਲੇ ਨੂੰ ਪਾਈਆ-ਪਾਈਆ ਨਿੰਬੂ ਤੋਹਫ਼ੇ ਵਜੋਂ ਵੰਡੇ ਗਏ। ਜਦੋਂ ਪੌਦਾ ਹੋਰ ਵੱਡਾ ਹੋ ਗਿਆ ਤਾਂ ਇਹਦੀਆਂ ਟਾਹਣੀਆਂ ਚਾਰਦੀਵਾਰੀ ਤੋਂ ਬਾਹਰ ਫੈਲ ਗਈਆਂ। ਹੁਣ ਹਰ ਕੋਈ ਆਉਂਦਾ-ਜਾਂਦਾ ਪੌਦੇ ਤੋਂ ਨਿੰਬੂ ਤੋੜਦਾ ਤੇ ਆਪਣੇ ਰਾਹ ਪੈਂਦਾ। ਪਤੀ-ਪਤਨੀ ਨੇ ਵੀ ਕਦੇ ਕਿਸੇ ਦਾ ਬੁਰਾ ਨਹੀਂ ਸੀ ਮਨਾਇਆ। ਪੌਦੇ ਤੇ ਬਾਰਾਂ ਮਹੀਨੇ ਨਿੰਬੂ ਲੱਗਦੇ ਤੇ ਲੱਗਦੇ ਵੀ ਵੱਡੇ ਵੱਡੇ। ਮਿਲਣ-ਗਿਲਣ ਆਉਣ ਵਾਲੇ ਦੋਸਤਾਂ-ਰਿਸ਼ਤੇਦਾਰਾਂ ਨੂੰ ਨਿੰਬੂ ਦੀਆਂ ਬਾਹਰ ਲਮਕਦੀਆਂ ਟਾਹਣੀਆਂ ਤੋਂ ਘਰ ਦੀ ਪਛਾਣ ਹੋ ਗਈ। ਦੋਵੇਂ ਬੱਚੇ ਵੱਡੇ ਹੋ ਗਏ ਤਾਂ ਉਨ੍ਹਾਂ ਨੇ ਅਮਰੀਕਾ ਨੂੰ ਆਪਣਾ ਸਥਾਈ ਨਿਵਾਸ ਬਣਾ ਲਿਆ। ਪਹਿਲਾਂ-ਪਹਿਲ ਤਾਂ ਪਤੀ-ਪਤਨੀ ਕਦੇ-ਕਦਾਈਂ ਉਨ੍ਹਾਂ ਕੋਲ ਜਾਂਦੇ ਪਰ ਸੇਵਾਮੁਕਤੀ ਪਿੱਛੋਂ ਲੰਮਾ-ਲੰਮਾ ਸਮਾਂ ਬੱਚਿਆਂ ਕੋਲ ਰਹਿਣ ਲੱਗੇ। ਏਥੋਂ ਵਾਲੇ ਘਰ ਦੀ ਚਾਬੀ ਗੁਆਂਢੀ ਨੂੰ ਦੇ ਦਿੱਤੀ ਤਾਂ ਜੋ ਚਿੱਠੀ-ਪੱਤਰ ਤੇ ਹੋਰ ਘਰੋਗੀ ਬਿਲ ਸੰਭਾਲੇ ਜਾ ਸਕਣ। ਗਲੀ-ਮਹੱਲੇ ਨੂੰ ਜਦੋਂ ਪਤਾ ਲੱਗਾ ਕਿ ਮਾਲਕ ਤਾਂ ਵਿਦੇਸ਼ੀ ਹੋ ਗਏ ਹਨ ਤਾਂ ਉਨ੍ਹਾਂ ਨੇ ਬਾਹਰਲੀ ਕੰਧ ਟੱਪ ਕੇ ਨਿੰਬੂ ਤੋੜਨੇ ਸ਼ੁਰੂ ਕਰ ਦਿੱਤੇ। ਚਾਬੀ ਵਾਲਾ ਗੁਆਂਢੀ ਰੋਕਦਾ ਤਾਂ ਸੁਣਨਾ ਪੈਂਦਾ, “ਤੁਸੀਂ ਕਿਹੜਾ ਘਰ ਦੇ ਮਾਲਕ ਹੋ?” ਐਤਕੀ ਕਈ ਮਹੀਨਿਆਂ ਪਿੱਛੋਂ ਪਤੀ-ਪਤਨੀ ਏਥੇ ਆਏ ਤਾਂ ਪੌਦੇ ਦੀ ਦੁਰਦਸ਼ਾ ਵੇਖ ਕੇ ਡਾਢੇ ਚਿੰਤਿਤ ਹੋਏ। ਮਨ ਤੇ ਪੱਥਰ ਰੱਖ ਕੇ ਦੰਪਤੀ ਨੇ ਪੌਦਾ ਹੀ ਪੁੱਟ ਦਿੱਤਾ, ਚਾਰ-ਦੀਵਾਰੀ ਉੱਚੀ ਕਰ ਦਿੱਤੀ ਤੇ ਉੱਤੇ ਗਰਿੱਲ ਲਾ ਦਿੱਤਾ। ਮਹੱਲੇ ਵਾਲੇ ਚੋਰਾਂ ਤੋਂ ਤਾਂ ਛੁਟਕਾਰਾ ਮਿਲ ਗਿਆ ਪਰ ਪੌਦਾ ਪੁੱਟਣ ਵੇਲੇ ਜੋ ਦਰਦ ਪਤਨੀ ਨੇ ਸਹਾਰਿਆ, ਉਹ ਬਿਆਨ ਤੋਂ ਬਾਹਰ ਹੈ। ਇੱਕ ਦਿਨ ਮੈਂ ਦੰਪਤੀ ਨੂੰ ਮਿਲਣ ਗਿਆ ਤਾਂ ਮਾਲਕਣ ਨੇ ਦੱਸਿਆ, “ਜਦੋਂ ਪੌਦਾ ਪੁੱਟਿਆ ਗਿਆ ਤਾਂ ਮੈਂ ਬਹੁਤ ਰੋਈ। ਏਨਾ ਦਰਦ ਤਾਂ ਮੈਨੂੰ ਓਦੋਂ ਵੀ ਨਹੀਂ ਸੀ ਹੋਇਆ, ਜਦੋਂ ਸਰਦਾਰ ਜੀ ਦੇ ਛੋਟੇ ਭਰਾ ਦੀ ਮੌਤ ਹੋਈ ਸੀ…।”
**
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
+91 9417692015

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1797
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002

ਪੰਜਾਬ, ਭਾਰਤ
ਫੋਨ:+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ 1, ਲਤਾ ਇਨਕਲੇਵ, ਪਟਿਆਲਾ-147002 ਪੰਜਾਬ, ਭਾਰਤ ਫੋਨ:+91 9417692015

View all posts by ਪ੍ਰੋ. ਨਵ ਸੰਗੀਤ ਸਿੰਘ →