23 January 2026

ਆਦਰਸ਼ਕ ਅਧਿਆਪਕ ਵਜੋਂ ਜਾਣੇ ਜਾਂਦੇ ਸਨ ਮੇਰੇ ਪਿਤਾ ਜੀ —ਪ੍ਰੋ. ਨਵ ਸੰਗੀਤ ਸਿੰਘ 

8 ਜਨਵਰੀ ਨੂੰ ਮੇਰੇ ਪਿਤਾ ਜੀ (ਗਿਆਨੀ ਕਰਤਾਰ ਸਿੰਘ) ਦਾ ਜਨਮ-ਦਿਵਸ ਹੁੰਦਾ ਹੈ। ਉਹ 2013 ਦੀ 22 ਮਈ ਨੂੰ ਕਰੀਬ 92½ ਸਾਲ ਦੀ ਉਮਰ ਵਿੱਚ ਰੁਖ਼ਸਤ ਹੋ ਗਏ ਸਨ। ਮੇਰੇ ਪਿਤਾ ਬਹੁਤ ਹੀ ਨਿਮਨ, ਸਾਧਾਰਨ, ਕਿਰਤੀ ਪਰਿਵਾਰ ਵਿੱਚ 1921 ਈ. ਨੂੰ ਪੈਦਾ ਹੋਏ ਸਨ। ਚਾਰ ਭਰਾਵਾਂ ਤੇ ਦੋ ਭੈਣਾਂ ਵਿੱਚੋਂ ਮੇਰੇ ਪਿਤਾ ਦਾ ਚੌਥਾ ਸਥਾਨ ਸੀ। ਯਾਨੀ ਇੱਕ ਭਰਾ ਤੇ ਇਕ ਭੈਣ ਪਿਤਾ ਜੀ ਤੋਂ ਛੋਟੇ ਸਨ, ਇਕ ਭੈਣ ਤੇ ਦੋ ਭਰਾ ਵੱਡੇ। ਪਿਤਾ ਜੀ ਦੇ ਪਰਿਵਾਰ ਕੋਲ ਬਹੁਤ ਹੀ ਘੱਟ ਜ਼ਮੀਨ ਸੀ, ਜਿਸ ਨਾਲ ਇੱਕ ਵੱਡੇ ਪਰਿਵਾਰ ਦਾ ਗੁਜ਼ਾਰਾ ਬਡ਼ੀ ਮੁਸ਼ਕਿਲ ਨਾਲ ਹੁੰਦਾ ਸੀ।

ਮੇਰੇ ਪਿਤਾ ਜੀ ਹੀ ਆਪਣੇ ਪਰਿਵਾਰ ਵਿੱਚ ਸਭ ਤੋਂ ਵੱਧ ਪੜ੍ਹੇ ਹੋਏ ਸਨ। ਸਿਰਫ਼ ਪੜ੍ਹੇ ਹੋਏ ਹੀ ਨਹੀਂ, ਸਗੋਂ ਨੌਕਰੀ ਤੇ ਤਾਇਨਾਤ ਸਨ। ਪਿਤਾ ਜੀ ਦੇ ਮਾਤਾ-ਪਿਤਾ ਤਾਂ ਅਨਪੜ੍ਹ ਸਨ ਹੀ, ਬਾਕੀ ਭੈਣ-ਭਰਾ ਵੀ ਚਾਰ-ਪੰਜ ਜਮਾਤਾਂ ਤੋਂ ਵੱਧ ਨਹੀਂ ਪੜ੍ਹ ਸਕੇ ਤੇ ਉਹ ਮਾਮੂਲੀ ਛੋਟੇ-ਮੋਟੇ ਕੰਮ ਕਰਕੇ ਪਰਿਵਾਰ ਦਾ ਢਿੱਡ ਭਰਦੇ ਰਹੇ। ਮੇਰੇ ਪਿਤਾ ਨੇ ਘਰ ਦੇ ਕੰਮਾਂ ਵਿਚ ਹੱਥ ਵਟਾਉਂਦਿਆਂ ਵੀ ਪੜ੍ਹਨਾ ਜਾਰੀ ਰੱਖਿਆ ਅਤੇ ਪ੍ਰਾਇਮਰੀ ਤਕ ਦੀ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਅਗਲੇਰੀ ਪੜ੍ਹਾਈ ਲਈ ਉਹ ਆਪਣੀ ਭੂਆ ਕੋਲ ਮੁਕਤਸਰ ਚਲੇ ਗਏ ਜਿੱਥੇ ਬੜੀਆਂ ਹੀ ਮੁਸ਼ਕਲ ਪਰਿਸਥਿਤੀਆਂ ਵਿੱਚ ਉਨ੍ਹਾਂ ਨੇ ਖ਼ਾਲਸਾ ਹਾਈ ਸਕੂਲ ਤੋਂ ਦਸਵੀਂ ਦੀ ਪ੍ਰੀਖਿਆ ਚੰਗੇ ਅੰਕਾਂ ਵਿਚ ਪਾਸ ਕੀਤੀ। ਦਿਨ ਵੇਲ਼ੇ ਉਹ ਸਕੂਲ ਵਿਚ ਪੜ੍ਹਦੇ ਅਤੇ ਸ਼ਾਮ ਨੂੰ ਖੇਤਾਂ ‘ਚੋਂ ਡੰਗਰ ਚਾਰ ਕੇ ਲਿਆਉਂਦੇ ਤੇ ਬਾਲਣ ਲਈ ਕੱਖ-ਕੰਡੇ ਤੋੜ ਕੇ ਲਿਆਉਂਦੇ।
1937 ਵਿੱਚ ਮੈਟ੍ਰਿਕ ਦੀ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕਰਨ ਪਿੱਛੋਂ ਉਨ੍ਹਾਂ ਨੇ ਸੰਤ ਅਤਰ ਸਿੰਘ ਦੀ ਅਕਾਲ ਵਿੱਦਿਅਕ ਸੰਸਥਾ ਮਸਤੂਆਣਾ ਤੋਂ 1938 ਵਿੱਚ ਗਿਆਨੀ ਦਾ ਇਮਤਿਹਾਨ ਪਾਸ ਕਰ ਲਿਆ ਅਤੇ ਉਥੋਂ ਹੀ ਖੰਡੇ-ਬਾਟੇ ਦੀ ਪਾਹੁਲ ਵੀ ਪ੍ਰਾਪਤ ਕੀਤੀ। 1940-41 ਵਿਚ ਉਨ੍ਹਾਂ ਨੇ ਅੰਮ੍ਰਿਤਸਰ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ ‘ਸਿੱਖ ਮਿਸ਼ਨਰੀ ਕੋਰਸ’ ਪਾਸ ਕੀਤਾ। ਸਤੰਬਰ 1942 ਤੋਂ ਅਕਤੂਬਰ 1949 ਤਕ ਉਨ੍ਹਾਂ ਨੇ ਤਲਵੰਡੀ ਸਾਬੋ ਅਤੇ ਮੁਕਤਸਰ ਦੇ ਖ਼ਾਲਸਾ ਸਕੂਲਾਂ ਵਿੱਚ ਅਧਿਆਪਕ ਵਜੋਂ ਕਾਰਜ ਕੀਤਾ। (ਇਹ ਵੀ ਅਜਬ ਇਤਫ਼ਾਕ ਹੀ ਹੈ ਕਿ ਜਿੱਥੋਂ {ਤਲਵੰਡੀ ਸਾਬੋ ਤੋਂ} ਉਨ੍ਹਾਂ ਨੇ ਆਪਣੀ ਸੇਵਾ ਸ਼ੁਰੂ ਕੀਤੀ, ਉਥੇ ਹੀ ਮੈਂ ਆਪਣੀ ਸੇਵਾ ਖਤਮ ਕੀਤੀ।) ਅਤੇ 24 ਅਕਤੂਬਰ 1949 ਤੋਂ 31 ਜਨਵਰੀ 1979 ਤੱਕ ਕੋਟਕਪੂਰਾ, ਬਰਗਾੜੀ, ਮੁੱਦਕੀ, ਗੋਨਿਆਣਾ ਮੰਡੀ ਦੇ ਸਰਕਾਰੀ ਸਕੂਲਾਂ ਵਿੱਚ ਸੇਵਾ ਨਿਭਾਈ। ਅਧਿਆਪਨ ਦੌਰਾਨ ਹੀ ਉਨ੍ਹਾਂ ਨੇ ਓ.ਟੀ. ਪਾਸ ਕੀਤੀ ਅਤੇ ਸੀ. ਐਂਡ ਵੀ. (ਕਲਾਸੀਕਲ ਐਂਡ ਵਰਨੈਕੂਲਰ) ਅਧਿਆਪਕ ਵਜੋਂ ਕਰੀਬ ਤੀਹ ਸਾਲ ਪੰਜਾਬੀ ਅਧਿਆਪਕ ਵਜੋਂ ਕਾਰਜ ਕੀਤਾ।
ਪਿਤਾ ਜੀ ਨੇ ਅਧਿਆਪਕ ਲੱਗ ਕੇ ਵੀ ਧਰਤੀ ਨਾਲੋਂ ਪੈਰ ਨਹੀਂ ਛੱਡੇ ਅਤੇ ਹਮੇਸ਼ਾ ਆਪਣੀਆਂ ਜੜ੍ਹਾਂ/ ਵਿਰਸੇ ਨਾਲ ਜੁੜੇ ਰਹੇ। ਉਨ੍ਹਾਂ ਨੇ ਸਾਰੀ ਉਮਰ ਸਾਧਾਰਨ ਕੁੜਤਾ-ਪਜਾਮਾ ਪਹਿਨਿਆ ਅਤੇ ਕਦੇ ਵੀ ਪੈਂਟ-ਸ਼ਰਟ ਦੀ ਵਰਤੋਂ ਨਹੀਂ ਕੀਤੀ। ਹਮੇਸ਼ਾ ਸਾਈਕਲ ਦੀ ਸਵਾਰੀ ਹੀ ਕੀਤੀ ਅਤੇ ਆਪਣੇ ਧੀਆਂ- ਪੁੱਤਰਾਂ ਦੇ ਵਿਆਹਾਂ ਵਿੱਚ ਵਿਖਾਵੇਬਾਜ਼ੀ ਜਾਂ ਅਡੰਬਰ ਤੋਂ ਕੋਹਾਂ ਦੂਰ ਰਹੇ।
ਇਹ ਮੇਰੇ ਪਿਤਾ ਜੀ ਹੀ ਸਨ, ਜਿਨ੍ਹਾਂ ਨੇ ਆਪਣੇ ਸੱਤ ਧੀਆਂ ਪੁੱਤਰਾਂ (ਦੋ ਲੜਕੀਆਂ, ਪੰਜ ਲੜਕਿਆਂ) ਨੂੰ ਆਪਣੇ ਨਾਲੋਂ ਵੱਧ ਪੜ੍ਹਾਈ ਲਈ ਪ੍ਰੇਰਿਤ ਕੀਤਾ ਅਤੇ ਸਾਰਿਆਂ ਨੂੰ ਪੋਸਟਗ੍ਰੈਜੂਏਟ ਪੱਧਰ ਦੀ ਪੜ੍ਹਾਈ ਕਰਵਾਈ। ਮੇਰੇ ਮਾਤਾ ਜੀ ਬਿਲਕੁਲ ਅਨਪੜ੍ਹ ਸਨ ਤੇ ਸਿਰਫ਼ ਘਰ ਦੇ ਕੰਮਾਂ ਤੱਕ ਸੀਮਤ ਸਨ। ਪਰ  ਪਿਤਾ ਜੀ ਨੇ ਆਪਣੀ ਥੋੜ੍ਹੀ ਤਨਖਾਹ ਰਾਹੀਂ ਘਰ ਦੇ ਸਾਰੇ ਖਰਚਿਆਂ ਦੇ ਨਾਲ-ਨਾਲ ਬੱਚਿਆਂ ਦੀ ਪੜ੍ਹਾਈ ਲਈ ਵੀ ਪੈਸਾ ਬਚਾਇਆ।
ਅਸੀਂ ਪੰਜ ਭਰਾਵਾਂ ‘ਚੋਂ ਚਾਰਾਂ ਨੇ ਸਰਕਾਰੀ ਕਾਲਜਾਂ ਵਿੱਚ ਪ੍ਰੋਫ਼ੈਸਰ, ਇਕ ਨੇ ਬਿਜਲੀ ਬੋਰਡ ਵਿੱਚ ਉੱਚ ਅਧਿਕਾਰੀ; ਇਕ ਭੈਣ ਨੇ ਸਰਕਾਰੀ ਹਸਪਤਾਲ ਵਿਚ ਨਰਸਿੰਗ ਸਿਸਟਰ ਤੇ ਦੂਜੀ ਨੇ ਸਕੂਲ ਲਾਇਬਰੇਰੀਅਨ ਵਜੋਂ ਕਾਰਜ ਕੀਤਾ। ਪਿਤਾ ਜੀ ਚਾਹੁੰਦੇ, ਤਾਂ ਹੋਰ ਲੋਕਾਂ ਵਾਂਗ ਪੁੱਤਰਾਂ ਦੇ ਵਿਆਹਾਂ ਵਿੱਚ ਦਾਜ ਦੇ ਭੰਡਾਰ ਭਰ ਲੈਂਦੇ ਪਰ ਉਨ੍ਹਾਂ ਨੇ ਨਾ ਤਾਂ ਬਰਾਤ ਵਿੱਚ ਘਰ ਦੇ ਮੈਂਬਰਾਂ ਤੋਂ ਬਿਨਾਂ ਬਾਹਰਲੇ ਬੰਦੇ ਨੂੰ ਨਿਮੰਤਰਣ ਦਿੱਤਾ ਅਤੇ ਨਾ ਹੀ ਪੈਸੇ ਇਕੱਠੇ ਕਰਨ ਦੇ ਲਾਲਚ ਵਜੋਂ ਕੋਈ ਰਿਸੈਪਸ਼ਨ ਪਾਰਟੀ ਕੀਤੀ। ਸਾਧਾਰਨ ਢੰਗ ਨਾਲ ਘਰ ਵਿੱਚ ਰਹਿ ਕੇ ਹੀ ਸਾਰੇ ਵਿਆਹ ਕੀਤੇ ਅਤੇ ਕਿਸੇ ਹੋਟਲ/ ਮੈਰਿਜ ਪੈਲੇਸ ਦੀ ਜ਼ਰੂਰਤ ਨਹੀਂ ਸਮਝੀ।
ਸਾਡੇ ਕਿਸੇ ਭੈਣ-ਭਰਾ ਦੇ ਵਿਆਹ ਵਿੱਚ ਕੋਈ ਲਾਊਡ- ਸਪੀਕਰ, ਕੋਈ ਨਾਚ-ਗਾਣੇ ਜਾਂ ਢੋਲ ਢਮੱਕਾ ਨਹੀਂ ਵੱਜਿਆ। ਘਰ ਦੇ ਮੈਂਬਰ ਚੁੱਪ-ਚੁਪੀਤੇ ਜਾਂਦੇ, ਵਿਆਹ ਪਿੱਛੋਂ ਚੁੱਪ-ਚੁਪੀਤੇ ਆ ਜਾਂਦੇ। ਗਲੀ-ਗੁਆਂਢ ਵਿੱਚ ਮੇਰੇ ਮਾਤਾ ਜੀ ਮੂੰਹ ਮਿੱਠਾ ਕਰਵਾਉਣ ਦੇ ਮੰਤਵ ਵਜੋਂ ਲੱਡੂ ਜ਼ਰੂਰ ਵੰਡ ਕੇ ਆਉਂਦੇ, ਪਰ ਕਿਸੇ ਤੋਂ ਸ਼ਗਨ ਦੀ ਝਾਕ ਨਹੀਂ ਰੱਖੀ।
ਪਿਤਾ ਜੀ ਨੇ ਸਾਰੀ ਉਮਰ ਆਪਣੇ ਲਈ ਕੋਈ ਜ਼ਮੀਨ, ਜਾਇਦਾਦ ਜਾਂ ਘਰ ਨਹੀਂ ਬਣਾਇਆ ਅਤੇ ਸਾਰੀ ਜ਼ਿੰਦਗੀ ਕਿਰਾਏ ਦੇ ਮਕਾਨਾਂ ਵਿਚ ਲੰਘਾ ਦਿੱਤੀ। ਜਦੋਂ ਕਦੇ ਵੀ ਪਰਿਵਾਰ ਵਿੱਚ ਘਰ ਬਣਾਉਣ ਬਾਰੇ ਗੱਲ ਚਲਦੀ, ਉਹ ਗੁਰਬਾਣੀ ‘ਚੋਂ ਫੁਰਮਾਨ ਸੁਣਾ ਕੇ ਸਭ ਨੂੰ ਖਾਮੋਸ਼ ਕਰ ਦਿੰਦੇ:
ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਂਦੇ ਭੀ ਗਏ॥
ਕੂੜਾ ਸਉਦਾ ਕਰ ਗਏ ਗੋਰੀਂ ਆਇ ਪਏ॥
ਘਰ ਵਿੱਚ ਵਿਹਲੇ ਰਹਿ ਕੇ ਵਕਤ ਲੰਘਾਉਣਾ ਉਨ੍ਹਾਂ ਨੂੰ ਪਸੰਦ ਨਹੀਂ ਸੀ, ਇਸ ਲਈ ਉਹ ਕਿਤਾਬਾਂ, ਅਖ਼ਬਾਰਾਂ, ਮੈਗਜ਼ੀਨਾਂ ਨੂੰ ਪੜ੍ਹਦੇ ਅਤੇ ਉਨ੍ਹਾਂ ‘ਚੋਂ ਚੰਗੀਆਂ ਗੱਲਾਂ ਨੋਟ ਕਰ ਕੇ ਜਾਂ ਕਟਿੰਗ ਕਰਕੇ ਫਾਈਲਾਂ ਵਿੱਚ ਸੰਭਾਲ ਲੈਂਦੇ। ਉਨ੍ਹਾਂ ਦੀਆਂ ਅਜਿਹੀਆਂ ਸਿੱਖਿਆਦਾਇਕ ਕਤਰਨਾਂ ਜਿਨ੍ਹਾਂ ਵਿੱਚ ਸਿਹਤ ਤੇ ਸਿੱਖਿਆ ਦੀ ਗਿਣਤੀ ਵਧੇਰੇ ਹੈ ਦੀਆਂ ਪੰਜ ਫਾਈਲਾਂ ਅਜੇ ਤੱਕ ਮੇਰੇ ਕੋਲ ਸੰਭਾਲੀਆਂ ਹੋਈਆਂ ਹਨ।
ਪਿਤਾ ਜੀ ਨੇ ਸਾਰੀ ਜ਼ਿੰਦਗੀ ਕਦੇ ਵੀ ਕੋਈ ਨਸ਼ਾ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੇ ਗੱਪਾਂ ਮਾਰ ਕੇ, ਤਾਸ਼/ ਜੂਆ ਖੇਡ ਕੇ, ਖੁੰਢਾਂ ਤੇ ਬਹਿ ਕੇ ‘ਟਾਈਮ ਪਾਸ’ ਕੀਤਾ। ਉਨ੍ਹਾਂ ਦਾ ਮੰਤਵ ਤਾਂ ਸਾਫ਼ ਤੇ ਸਪਸ਼ਟ ਸੀ- ਬੱਚਿਆਂ ਨੂੰ ਚੰਗਾ ਪੜ੍ਹਾ-ਲਿਖਾ ਕੇ ਸੈੱਟ ਕਰਨਾ ਅਤੇ ਸੁਖਾਵੀਂ ਤੇ ਨਰੋਈ ਜ਼ਿੰਦਗੀ ਬਤੀਤ ਕਰਨਾ। ਉਨ੍ਹਾਂ ਨੇ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ‘ਸੁਖਾਵੀਂ ਸੁਧਰੀ ਜ਼ਿੰਦਗੀ’ ਦੇ ਫਲਸਫੇ ਨੂੰ ਆਪਣਾ ਆਦਰਸ਼ ਬਣਾਇਆ ਸੀ ਤੇ ਜੀਵਨ ਨੂੰ ਤੰਦਰੁਸਤ ਰੱਖਣ ਦੇ ਕੁਦਰਤੀ ਢੰਗ-ਤਰੀਕਿਆਂ ਦੀ ਵਰਤੋਂ ਕਰਦੇ ਸਨ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ਦਵਾਈ ਦੀ ਬਹੁਤ ਹੀ ਘੱਟ ਵਰਤੋਂ ਕੀਤੀ ਅਤੇ ਜ਼ਿੰਦਗੀ ਦੇ ਆਖ਼ਰੀ ਦਿਨ ਤਕ ਸਾਰੇ ਕੰਮ ਆਪਣੇ ਹੱਥੀਂ ਕਰਦੇ ਰਹੇ।
ਭਾਸ਼ਾ-ਅਧਿਆਪਕ ਹੋਣ ਕਰਕੇ ਪਿਤਾ ਜੀ ਸੁੰਦਰ ਲਿਖਾਈ ਪ੍ਰਤੀ ਸੁਚੇਤ ਰਹੇ। ਉਨ੍ਹਾਂ ਦੀ ਆਪਣੀ ਲਿਖਾਈ ਬਹੁਤ ਖ਼ੂਬਸੂਰਤ ਸੀ, ਜਿਸ ਦਾ ਪ੍ਰਭਾਵ ਅਸੀਂ, ਬੱਚਿਆਂ ਨੇ ਵੀ ਕਬੂਲ ਕੀਤਾ। ਅਸੀਂ ਚਾਰ ਭਰਾਵਾਂ ਨੇ ਪ੍ਰੋਫੈਸਰ ਬਣਨ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ 1962 ਤੋਂ 1984 ਤੱਕ ਵੱਖ-ਵੱਖ ਸਮੇਂ ਕੈਲੀਗ੍ਰਾਫਿਸਟ ਵਜੋਂ ਕਾਰਜ ਕੀਤਾ। ਪਿਤਾ ਜੀ ਆਪਣੇ ਵਿਦਿਆਰਥੀਆਂ ਨੂੰ ਕਾਨੇ ਦੀ ਕਲਮ ਰਾਹੀਂ ਲਿਖਣ ਦੀ ਪ੍ਰੇਰਨਾ ਤੇ ਜਾਚ ਦੱਸਦੇ ਰਹੇ। ਸੁੰਦਰ ਲਿਖਾਈ ਦੀ ਇੱਕ ਦਿਲਚਸਪ ਘਟਨਾ ਦਾ ਇੱਥੇ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ: ਇਹ ਮੁਕਤਸਰ ਦੀ ਗੱਲ ਹੈ। ਛੁੱਟੀ ਵਾਲੇ ਦਿਨ ਪਿਤਾ ਜੀ ਸਾਨੂੰ ਗੁਰਦੁਆਰਾ ਟੁੱਟੀ ਗੰਢੀ ਲੈ ਜਾਂਦੇ ਤੇ ਸਰੋਵਰ ਦੀ ਪਰਿਕਰਮਾ ਤੇ ਲੱਗੇ ਰੁੱਖਾਂ ਹੇਠ ਬਹਿ ਕੇ ਅਸੀਂ ਫੱਟੀ ਤੇ ਸੁੰਦਰ ਲਿਖਾਈ ਲਿਖਦੇ, ਪਿਤਾ ਜੀ ਸੌਂ ਜਾਂਦੇ। ਇੱਕ ਵਾਰ ਇਉਂ ਹੀ ਮੇਰੇ ਵੱਡੇ ਭਰਾ ਨੇ ਫਟੀ ਲਿਖੀ ਅਤੇ ਫਿਰ ਖੇਡਣ ਲੱਗ ਪਿਆ। ਕੋਲੋਂ ਇੱਕ ਯਾਤਰੀ ਲੰਘਿਆ, ਉਹਨੇ ਫੱਟੀ ਤੇ ਕੀਤੀ ਸੁੰਦਰ ਲਿਖਾਈ ਵੇਖ ਕੇ ਪਿਤਾ ਜੀ ਨੂੰ ਸੁਆਲ ਕੀਤਾ, “ਮਾਸਟਰ ਜੀ, ਸਾਰੀ ਫੱਟੀ ਆਪ ਹੀ ਲਿਖ ਦਿੱਤੀ, ਬੱਚੇ ਨੂੰ ਵੀ ਕੁਝ ਸਿਖਾ ਦੇਣਾ ਸੀ!” ਉਸ ਯਾਤਰੀ ਨੇ ਸੋਚਿਆ ਸੀ ਕਿ ਇੰਨੀ ਸੁੰਦਰ ਲਿਖਾਈ ਤਾਂ ਬੱਚੇ ਦੀ ਹੋ ਨਹੀਂ ਸਕਦੀ। ਪਰ ਪਿਤਾ ਜੀ ਨੇ ਸਾਰੀ ਗੱਲ ਸਪਸ਼ਟ ਕੀਤੀ ਅਤੇ ਯਾਤਰੀ ਦੇ ਸਾਹਮਣੇ ਮੇਰੇ ਭਰਾ ਤੋਂ ਹੋਰ ਲਿਖਾਈ ਕਰਵਾ ਕੇ ਵਿਖਾਈ।
ਉਨ੍ਹਾਂ ਦੀ ਇੱਕ ਹੋਰ ਵੱਡੀ ਖ਼ੂਬੀ ਸਟੇਜ ਸੰਭਾਲਣ ਦੀ ਸੀ। ਸਕੂਲ ਵਿੱਚ ਕੋਈ ਵੀ ਸਮਾਗਮ ਹੁੰਦਾ ਤਾਂ ਪਿਤਾ ਜੀ ਨੂੰ ਹੀ ਇਹ ਜ਼ਿੰਮੇਵਾਰੀ ਦਿੱਤੀ ਜਾਂਦੀ। ਪਿਛਲੇ ਦਿਨੀਂ ਪੰਜਾਬੀ ਦੇ ਇੱਕ ਨਾਮਵਰ ਲੇਖਕ ਅਤੇ ਸਾਬਕਾ ਆਈਏਐੱਸ ਅਧਿਕਾਰੀ ਸ਼੍ਰੀ ਜੰਗ ਬਹਾਦਰ ਗੋਇਲ ਨਾਲ ਫੋਨ ਤੇ ਗੱਲਬਾਤ ਹੋਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ 1974 ਵਿੱਚ ਗੋਨਿਆਣਾ ਮੰਡੀ ਦੇ ਸਕੂਲ ਵਿੱਚ ‘ਮੋਟੀਵੇਸ਼ਨਲ ਲੈਕਚਰ’ ਦੇਣ ਗਏ ਸਨ, ਜਿੱਥੇ ਉਨ੍ਹਾਂ ਦੇ ਵੱਡੇ ਭਰਾ ਸ਼੍ਰੀ ਪਿਆਰੇ ਲਾਲ ਗੋਇਲ ਹੈੱਡਮਾਸਟਰ ਸਨ। (ਇੱਥੇ ਹੀ ਮੇਰੇ ਪਿਤਾ ਜੀ ਅਧਿਆਪਕ ਸਨ)। ਜੰਗ ਬਹਾਦਰ ਗੋਇਲ ਨੇ ਮੈਨੂੰ ਜਾਣਕਾਰੀ ਦਿੱਤੀ ਕਿ ਉੱਥੇ ਗਿਆਨੀ ਜੀ (ਯਾਨੀ ਮੇਰੇ ਪਿਤਾ ਜੀ) ਨੇ ਹੀ ਸਟੇਜ ਦੀ ਜ਼ਰੂਰੀ ਕਾਰਵਾਈ ਨਿਭਾਈ ਸੀ। ਪਿਤਾ ਜੀ ਦਾ ਇਹ ਗੁਣ ਵੀ ਮੇਰੇ ਵਿੱਚ ਆਪਣੇ ਆਪ ਆ ਗਿਆ ਹੈ। ਮੈਂ ਆਪਣੀ ਕਾਲਜ-ਅਧਿਆਪਕ ਦੀ ਨੌਕਰੀ ਦੌਰਾਨ ਹਰ ਸਮਾਗਮ ਸਮੇਂ ਮੰਚ ਸੰਚਾਲਨ ਕਰਦਾ ਰਿਹਾ ਹਾਂ।
ਬੱਚੇ ਕੀ ਪੜ੍ਹਦੇ ਹਨ- ਇਸ ਬਾਰੇ ਵੀ ਪਿਤਾ ਜੀ ਪੂਰੀ ਤਰ੍ਹਾਂ ਸੁਚੇਤ ਰਹਿੰਦੇ। ਮੈਨੂੰ ਜੋ ਅਧਿਆਪਕ ਪੰਜਾਬੀ ਤੇ ਅੰਗਰੇਜ਼ੀ ਪੜ੍ਹਾਉਂਦੇ ਹਨ, ਉਨ੍ਹਾਂ ਦੀਆਂ ਗਲਤੀਆਂ ਬਾਰੇ ਅਧਿਆਪਕਾਂ ਨੂੰ ਜਾਣੂ ਕਰਵਾਉਂਦੇ ਰਹਿੰਦੇ। ਮੈਨੂੰ ਛੇਵੀਂ ਜਮਾਤ ਵਿੱਚ ਅੰਗਰੇਜ਼ੀ ਦੇ ਅਧਿਆਪਕ ਵੱਲੋਂ ‘ਥ੍ਰਸਟੀ ਕ੍ਰੋਅ’ ਕਹਾਣੀ ਵਿਚ ਲਿਖਵਾਇਆ ਗਿਆ- “ਹੀ ਸਕੁਐਂਚਡ ਹਿਜ਼ ਥ੍ਰੱਸਟ ਐਂਡ ਫਲੂ ਅਵੇਅ।” ਪਿਤਾ ਜੀ ਨੇ ਪਹਿਲਾਂ ਤਾਂ ਮੇਰੀ ਗਲਤੀ ਠੀਕ ਕੀਤੀ ਫਿਰ ਅਧਿਆਪਕ ਨੂੰ ਸਮਝਾਇਆ ਕਿ ‘ਸਕੁਐੰਚਡ’ ਸ਼ਬਦ ਨਹੀਂ ਹੁੰਦਾ, ‘ਕੁਐਂਚਡ’ ਹੁੰਦਾ ਹੈ। ਇਵੇਂ ਹੀ ਪੰਜਾਬੀ ਦੇ ਅਧਿਆਪਕ ਨੇ ਪ੍ਰੋ ਮੋਹਨ ਸਿੰਘ ਦੀ ਕਵਿਤਾ ਪੜ੍ਹਾਉਂਦਿਆਂ ਉਸ ਵਿਚਲੀ ਇਕ ਪੰਕਤੀ “ਅਸੀਂ ਕੁਣਕੇ ਖਾਧੇ ਰੱਜ ਕੇ” ਦੀ ਥਾਂ “ਅਸਾਂ ਕਣਕਾਂ ਖਾਧੀਆਂ ਰੱਜ ਕੇ” ਪੜ੍ਹਾਇਆ, ਤਾਂ ਪਿਤਾ ਜੀ ਨੇ ਉਹਨੂੰ ਸਮਝਾਇਆ ਕਿ ਇਹ ਸ਼ਬਦ “ਕੁਣਕੇ” ਹੀ ਹੈ, ਜਿਸ ਦਾ ਅਰਥ ਪ੍ਰਸ਼ਾਦ ਹੁੰਦਾ ਹੈ।
ਉਨ੍ਹਾਂ ਦਿਨਾਂ ਵਿਚ ਦੁਕਾਨਦਾਰਾਂ ਵੱਲੋਂ ਸਬਜ਼ੀ ਜਾਂ ਫਲ ਲਈ ਖਾਕੀ ਲਿਫਾਫੇ ਦਿੱਤੇ ਜਾਂਦੇ ਸਨ, ਅੱਜ ਵਾਂਗ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਹੀਂ ਸੀ ਹੁੰਦੀ। ਪਿਤਾ ਜੀ ਉਹ ਖ਼ਾਕੀ ਲਿਫ਼ਾਫ਼ੇ ਠੀਕ ਤਰਾਂ ਸਿੱਧੇ ਕਰਦੇ ਤੇ ਸਾਡੀਆਂ ਕਿਤਾਬਾਂ/ ਕਾਪੀਆਂ ਉੱਤੇ ਕਵਰ ਵਜੋਂ ਚੜ੍ਹਾਉਂਦੇ। ਉਨ੍ਹਾਂ ਦੇ ਚੜ੍ਹਾਏ ਕਵਰ ਵੱਖਰੀ ਕਿਸਮ ਦੇ ਹੁੰਦੇ ਸਨ, ਜਿਸ ਦੀ ਨਕਲ ਕਰਕੇ ਮੈਂ ਵੀ ਆਪਣੀ ਬੇਟੀ ਦੀਆਂ ਕਿਤਾਬਾਂ/ ਕਾਪੀਆਂ ਤੇ ਉਹੋ ਜਿਹੇ ਕਵਰ ਚੜ੍ਹਾਉਂਦਾ ਰਿਹਾ ਹਾਂ।
ਪਿਤਾ ਜੀ ਛੇਵੀਂ ਜਮਾਤ ਤੋਂ 80 ਸਾਲ ਦੀ ਉਮਰ ਤੱਕ ਸੇਵਾ- ਭਾਵਨਾ ਅਧੀਨ ਮਾਘੀ ਦੇ ਜੋੜ-ਮੇਲੇ ਤੇ ਦਰਬਾਰ ਸਾਹਿਬ ਮੁਕਤਸਰ ਵਿਖੇ ਸਾਈਕਲ ਅਤੇ ਗੱਠੜੀਆਂ ਸੰਭਾਲਣ ਦੀ ਸੇਵਾ ਕਰਦੇ ਰਹੇ ਤੇ ਉਨ੍ਹਾਂ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ਼ਤਿਹਾਰਾਂ ਵਿੱਚ ਛਪਦਾ ਰਿਹਾ। ਫਿਰ ਵਡੇਰੀ ਉਮਰ ਹੋਣ ਤੇ ਉਨ੍ਹਾਂ ਨੇ ਆਪ ਹੀ ਇਸ ਕਾਰਜ ਤੋਂ ਖਿਮਾ ਮੰਗ ਲਈ। ਗੁਰੂ ਸਾਹਿਬਾਨ ਦੇ ਗੁਰਪੁਰਬਾਂ, ਨਗਰ-ਕੀਰਤਨਾਂ, ਪ੍ਰਭਾਤ ਫੇਰੀਆਂ ਸਮੇਂ ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਨਾਲ ਲਿਜਾ ਕੇ ਇਸ ਵਿੱਚ ਸ਼ਾਮਲ ਹੋਣਾ ਆਪਣਾ ਇਖ਼ਲਾਕੀ ਫਰਜ਼  ਸਮਝਦੇ ਰਹੇ।
ਇਹ ਸਹੀ ਹੈ ਕਿ ਕਿਸੇ ਵਿਅਕਤੀ/ ਚੀਜ਼ ਦੀ ਮਹੱਤਤਾ ਦਾ ਗਿਆਨ ਸਾਨੂੰ ਉਦੋਂ ਹੀ ਹੁੰਦਾ ਹੈ, ਜਦੋਂ ਉਹ ਸਾਡੇ ਕੋਲ ਨਾ ਰਹੇ। ਇਵੇਂ ਹੀ ਬਚਪਨ ਤੋਂ ਜੀਵਨ ਦੇ ਅੰਤ ਤਕ ਸਖ਼ਤ ਮਿਹਨਤ, ਸੰਘਰਸ਼ ਤੇ ਹਮੇਸ਼ਾ ਕੁਝ ਨਾ ਕੁਝ ਸਾਰਥਕ/ ਉਪਯੋਗੀ ਕਰਦੇ ਰਹਿਣ ਵਾਲੇ ਪਿਤਾ ਜੀ ਦੇ ਗਿਆਨ, ਸਿਆਣਪ, ਸਾਦਗੀ ਤੋਂ ਮਹਿਰੂਮ ਹੋ ਕੇ ਮੈਂ ਖ਼ੁਦ ਨੂੰ ਅੱਜ ਬੇਸਹਾਰਾ ਮਹਿਸੂਸ ਕਰ ਰਿਹਾ ਹਾਂ। ਪਰ ਉਨ੍ਹਾਂ ਦਾ ਗਿਆਨ/ ਉਪਦੇਸ਼ ਸਦਾ ਮੇਰੇ ਅੰਗਸੰਗ ਹੈ, ਜਿਸ ਕਰਕੇ ਕਾਲੇ ਹਨੇਰਿਆਂ ਵਿਚ ਵੀ ਪਿਤਾ ਜੀ ਦੇ ਗਿਆਨ- ਚਿਰਾਗ ਦੀ ਲੋਅ ਮੇਰਾ ਮਾਰਗ ਰੁਸ਼ਨਾਉਂਦੀ ਰਹਿੰਦੀ ਹੈ। ਆਪਣੇ ਵਿਦਿਆਰਥੀਆਂ ਵਿੱਚ ‘ਅਧਿਆਪਨ ਦੇ ਮਸੀਹਾ’ ਅਤੇ ‘ਕਰਮਯੋਗੀ ਇਨਸਾਨ’ ਵਜੋਂ ਜਾਣੇ ਜਾਂਦੇ ਪਿਤਾ ਜੀ ਸਾਧਾਰਨ ਹੁੰਦਿਆਂ ਹੋਇਆਂ ਵੀ ਅਸਾਧਾਰਨ ਅਤੇ ਆਦਰਸ਼ ਅਧਿਆਪਕ ਵਜੋਂ ਚਰਚਿਤ ਰਹੇ।
***
 #1, ਲਤਾ ਗਰੀਨ ਐਨਕਲੇਵ,ਪਟਿਆਲਾ-147002. 
 +91 9417692015   

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1712
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002

ਪੰਜਾਬ, ਭਾਰਤ
ਫੋਨ:+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ 1, ਲਤਾ ਇਨਕਲੇਵ, ਪਟਿਆਲਾ-147002 ਪੰਜਾਬ, ਭਾਰਤ ਫੋਨ:+91 9417692015

View all posts by ਪ੍ਰੋ. ਨਵ ਸੰਗੀਤ ਸਿੰਘ →