15 September 2025

ਆਨੰਦਪੁਰ ਸਾਹਿਬ ਬਾਰੇ ਖੋਜ ਪੁਸਤਕ —ਪ੍ਰੋ. ਨਵ ਸੰਗੀਤ ਸਿੰਘ 

ਪੰਜਾਬ ਦੀ ਧਰਤੀ ਦ‍ਾ ਚੱਪਾ-ਚੱਪਾ ਸਿੱਖ ਗੁਰੂਆਂ ਦੀ ਬਖ਼ਸ਼ਿਸ਼ ਨਾਲ ਵਰੋਸਾਇਆ ਹੋਇਆ ਹੈ। ਇਸ ਮੁਕੱਦਸ ਸਰਜ਼ਮੀਨ ਉੱਤੇ 239 ਸਾਲ ਦਸ ਜਾਮਿਆਂ ਵਿੱਚ ਰੱਬੀ ਰੂਹਾਂ ਆਈਆਂ, ਜਿਨ੍ਹਾਂ ਨੇ ਭੁੱਲੀ-ਭਟਕੀ ਲੋਕਾਈ ਨੂੰ ਸਿੱਧੇ ਰਸਤੇ ਪਾਇਆ, ਤਅੱਸਬੀ ਲੋਕਾਂ ਦੇ ਜ਼ੁਲਮਾਂ ਤੋਂ ਬਚਾਇਆ ਤੇ ਜੇ ਕਿਧਰੇ ਕਿਸੇ ਨੇ ਮਜ਼ਲੂਮ ਨੂੰ ਪੀੜਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਪਣਾ ਸਭ ਕੁਝ ਦੇਸ਼, ਧਰਮ ਅਤੇ ਕੌਮ ਤੋਂ ਕੁਰਬਾਨ ਕਰ ਦਿੱਤਾ। ਗੁਰੂ ਨਾਨਕ ਦੇਵ ਜੀ (1469-1539) ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ (1666-1708) ਤੱਕ ਦੇ ਸਮੇਂ ਵਿੱਚ ਮੁਗਲ ਰਾਜ ਦਾ ਦੌਰ-ਦੌਰਾ ਰਿਹਾ ਤੇ ਲੱਗਭੱਗ ਹਰੇਕ ਤਖ਼ਤ-ਨਸ਼ੀਨ ਨਾਲ ਗੁਰਗੱਦੀ ਦਾ ਦਸਤਪੰਜਾ ਚਲਦਾ ਰਿਹਾ। ਜੇਕਰ ਗੁਰੂ ਨਾਨਕ ਦੇਵ ਜੀ ਨੇ ਬੇਆਬਰੂ ਤੇ ਬੇਇੱਜ਼ਤ ਹੋ ਕੇ ਜੀਣ ਨੂੰ ਹਰਾਮ ਦੇ ਤੁੱਲ ਮੰਨਿਆ :

 

ਜੇ ਜੀਵੈ ਪਤਿ ਲਥੀ ਜਾਇ॥
ਸਭ ਹਰਾਮ ਜੇਤਾ ਕਿਛੁ ਖਾਇ॥

ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਭਗਤੀ ਤੇ ਸ਼ਕਤੀ ਨੂੰ ਇੱਕੋ ਜਿਹਾ ਦਰਜਾ ਦੇ ਕੇ ਮੁਗਲੀਆ ਸਲਤਨਤ ਦੇ ਬਖ਼ੀਏ ਉਧੇੜ ਦਿਤੇ :

ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ੱਸ਼ਤ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥ 

ਖ਼ਾਲਸਾ ਪੰਥ ਦੇ ਨਿਆਰੇਪਣ ਨੂੰ ਸਮੇਂ-ਸਮੇਂ ਤੇ ਕਵੀਆਂ, ਲੇਖਕਾਂ, ਦਾਰਸ਼ਨਿਕਾਂ ਨੇ ਆਪੋ-ਆਪਣੀ ਕਲਮ ਰਾਹੀਂ ਰੇਖਾਂਕਿਤ ਕੀਤਾ ਹੈ, ਪਰ ਪੁਆਧ ਦੀ ਧਰਤੀ ਦੀ ਵੱਖਰਤਾ ਨੂੰ ਜਿਸ ਅਲੌਕਿਕ ਰੰਗ ਵਿੱਚ ਚਰਚਿਤ ਪੁਸਤਕ ‘ਪੁਆਧ : ਖ਼ਾਲਸਾ ਪੰਥ ਦੀ ਜਨਮ ਭੂਮੀ’ ਰਾਹੀਂ ਪੁਨਰ-ਸਿਰਜਿਤ ਕੀਤਾ ਗਿਆ ਹੈ, ਉਹਦਾ ਜਜ਼ਬਾ ਹੀ ਕੁਝ ਹੋਰ ਹੈ! ਪੁਆਧੀ ਖੇਤਰ ਦੀ ਸਿਰੜੀ, ਅਣਥੱਕ ਤੇ ਮਾਣਮੱਤੀ ਅਦਬੀ ਸ਼ਖ਼ਸੀਅਤ ਸ. ਮਨਮੋਹਨ ਸਿੰਘ ਦਾਊਂ ਨੂੰ ਆਪਣੀ ਜਨਮ ਭੂਮੀ ਨਾਲ ਬੇਹੱਦ ਲਗਾਓ ਹੈ ਤੇ ਉਨ੍ਹਾਂ ਨੇ ਇਸ ਦ੍ਰਿਸ਼ਟੀ ਤੋਂ ਗੌਲਣਯੋਗ ਤੇ ਜ਼ਿਕਰਯੋਗ ਕਾਰਜ ਕੀਤਾ ਹੈ। ਇਸ ਨਜ਼ਰੀਏ ਤੋਂ ਉਨ੍ਹਾਂ ਨੇ ਉਂਜ ਤਾਂ 12 ਕਿਤਾਬਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਵਿੱਚ 9 ਸੰਪਾਦਿਤ ਤੇ 3 ਮੌਲਿਕ ਹਨ। ਰੀਵਿਊ ਅਧੀਨ ਪੁਸਤਕ ਇਸ ਲੜੀ ਦਾ ਛੇਵਾਂ ਪਰਾਗਾ ਹੈ। ਇਸਤੋਂ ਪਹਿਲੀਆਂ ਪੰਜ ਕਿਤਾਬਾਂ ਹਨ – ਪੁਆਧ ਦਰਪਣ 2006; ਧਰਤ ਪੁਆਧ 2006 (ਇਨਾਮੀ); ਪੁਆਧ ਕੀਆਂ ਝਲਕਾਂ 2021; ਆਦਿ ਜੁਗਾਦਿ ਪੁਆਧ 2022; ‍ਅਤੇ ਪੰਜਾਬ ਦਾ ਗੌਰਵ ਪੁਆਧ 2023 । ਸ. ਮਨਮੋਹਨ ਸਿੰਘ ਦਾਊਂ ਦੀ ਸੰਪਾਦਨਾ ਵਿੱਚ ਪ੍ਰਕਾਸ਼ਿਤ ਹੋਰ ਕਿਤਾਬਾਂ ਹਨ – ਮੇਰਾ ਪੁਆਧ : ਲੇਖਕ ਐੱਸ ਐੱਸ ਕਿਸ਼ਨਪੁਰੀ 2009, ਕਥਾ ਪੁਰਾਤਨ ਪੁਆਧ ਕੀ : ਲੇਖਕ ਗਿ.ਧਰਮ ਸਿੰਘ ਭੰਖਰਪੁਰ, ਪੁਆਧੀ ਸਨਮਾਨਿਤ ਸ਼ਖ਼ਸੀਅਤਾਂ 2023, ਪੁਆਧ ਤੇ ਪੁਆਧੀ ਭਾਸ਼ਾ : ਤਥਾਗਤ ਅਧਿਐਨ 2025 (ਸਹਿ ਸੰਪਾ. ਡਾ. ਮੁਖਤਿਆਰ ਸਿੰਘ)। ਇਸ ਸੰਪਾਦਨਾ ਤੋਂ ਬਿਨਾਂ ਦਾਊਂ ਹੁਰਾਂ ਦੀਆਂ ਤਿੰਨ ਮੌਲਿਕ ਪੁਸਤਕਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ – ਪੁਆਧ ਦੇ ਜੰਮੇ (ਐਨਬੀਟੀ, 2020), ਚੰਡੀਗੜ੍ਹ ਲੋਪ ਕੀਤੇ ਪੁਆਧੀ ਪਿੰਡ (ਇਨਾਮੀ, 2023), ਪੁਆਧ ਤੇ ਪੁਆਧ ਦੇ ਲੇਖਕਾਂ ਤੇ ਖੋਜ ਕਾਰਜ ਸੰਦਰਭ ਕੋਸ਼ (2020)। ‘ਚੰਡੀਗੜ੍ਹ ਲੋਪ ਕੀਤੇ ਪਿੰਡ’ ਦਾ ਅੰਗਰੇਜ਼ੀ (ਡਾ. ਸੀ ਐੱਸ ਸੇਖੋਂ, 2023, ਵੱਲੋਂ) ਅਤੇ ਹਿੰਦੀ (ਜਗਪਾਲ, 2024, ਵੱਲੋਂ) ਅਨੁਵਾਦ ਵੀ ਛਪ ਚੁੱਕਾ ਹੈ।

ਚਰਚਾ ਅਧੀਨ ਪੁਸਤਕ ਦੀ ਸੰਪਾਦਨਾ ਵਿੱਚ ਦਾਊਂ ਦਾ ਸਾਥ ਡਾ. ਮੁਖਤਿਆਰ ਸਿੰਘ ਨੇ ਦਿੱਤਾ ਹੈ। ਕਿਤਾਬ ਦੇ ਪੰਜ ਭਾਗ ਬਣਾਏ ਹਨ, ਜਿਸਦੇ ਅੰਤਰਗਤ ਪਹਿਲੇ ਭਾਗ ਵਿੱਚ ਵਾਰਤਕ, ਦੂਜੇ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਦ੍ਰਿਸ਼ ਚਿੱਤਰਣ, ਤੀਜੇ ਵਿੱਚ ਪੁਆਧ ‘ਚ ਖ਼ਾਲਸਾ ਪੰਥ ਨਾਲ ਸੰਬੰਧਿਤ ਇਤਿਹਾਸਕ ਯਾਦਗਾਰਾਂ, ਚੌਥੇ ਵਿੱਚ ਕਵਿਤਾਵਾਂ ਤੇ ਪੰਜਵੇਂ ਵਿੱਚ ਤਸਵੀਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤਰ੍ਹਾਂ ਕੁੱਲ 43 ਰਚਨਾਵਾਂ (16 ਵਾਰਤਕ+5 ਦ੍ਰਿਸ਼ ਚਿੱਤਰਣ+4 ਯਾਦਗਾਰਾਂ+18 ਕਵਿਤਾਵਾਂ) ਅਤੇ 30 ਤਸਵੀਰਾਂ ਨਾਲ ਸੁਸੱਜਿਤ ਇਹ ਕਿਤਾਬ ਇੱਕ ਖੋਜ ਪੁਸਤਕ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਹਰ ਰਚਨਾ ਨਾਲ ਲੇਖਕ ਦਾ ਸੰਪਰਕ ਨੰ. ਦਿੱਤਾ ਗਿਆ ਹੈ। ਕਿਤਾਬ ਦੇ ਲੱਗਭੱਗ ਸਾਰੇ ਹੀ ਲੇਖਕ ਪੁਆਧ ਖੇਤਰ ਨਾਲ ਸੰਬੰਧ ਰੱਖਣ ਵਾਲੇ ਹਨ।

ਪੁਸਤਕ ਵਿੱਚ ਭਾਵੇਂ ਮੁੱਖ ਤੌਰ ਤੇ ਆਨੰਦਪੁਰ ਸਾਹਿਬ ਨੂੰ ਹੀ ਕੇਂਦਰ ਬਿੰਦੂ ਬਣਾਇਆ ਗਿਆ ਹੈ ਪਰ ਨਾਲ ਨਾਲ ਹੋਰ ਨਿਕਟਤਮ ਸਥਾਨ ਵੀ ਕਲਾਵੇ ਵਿੱਚ ਲਏ ਗਏ ਹਨ, ਜਿਵੇਂ ਕਿ ਕੁੰਮੇ ਮਾਸ਼ਕੀ ਦੀ ਝੁੱਗੀ, ਚਮਕੌਰ ਦਾ ਯੁੱਧ, ਸਾਕਾ ਸਰਹਿੰਦ, ਚੱਪੜਚਿੜੀ, ਵਿਦਿਅਕ ਸੰਸਥਾਵਾਂ, ਅੱਠਵਾਂ ਅਜੂਬਾ ਆਦਿ।

ਜਿਨ੍ਹਾਂ ਲੇਖਕਾਂ, ਕਵੀਆਂ, ਦਾਰਸ਼ਨਿਕਾਂ ਨੇ ਆਪਣੀਆਂ ਰਚਨਾਵਾਂ ਨਾਲ ਪੁਸਤਕ ਨੂੰ ਸ਼ਿੰਗਾਰਿਆ ਹੈ, ਉਨ੍ਹਾਂ ਵਿੱਚ ਦੋਹਾਂ ਸੰਪਾਦਕਾਂ ਸਮੇਤ ਡਾ. ਜਗਜੀਤ ਸਿੰਘ, ਤਲਵਿੰਦਰ ਸਿੰਘ ਬੁੱਟਰ, ਸ਼ਮਸ਼ੇਰ ਸਿੰਘ ਡੂਮੇਵਾਲ, ਭਾਈ ਹਰਸਿਮਰਨ ਸਿੰਘ, ਸੁਰਿੰਦਰ ਸਿੰਘ ਰਸੂਲਪੁਰ, ਦਲਜੀਤ ਕੌਰ ਦਾਊਂ, ਕਰਮਜੀਤ ਸਿੰਘ, ਡਾ. ਹਰਚੰਦ ਸਿੰਘ ਸਰਹੰਦੀ, ਨਿਰੰਜਨ ਸਿੰਘ ਸਾਥੀ, ਬਹਾਦਰ ਸਿੰਘ ਗੋਸਲ, ਪ੍ਰੋ. ਸੁਖਵਿੰਦਰ ਸਿੰਘ, ਡਾ. ਰਾਜਿੰਦਰ ਸਿੰਘ ਕੁਰਾਲੀ, ਡਾ. ਗੁਰਪ੍ਰੀਤ ਕੌਰ, ਪ੍ਰੋ. ਰਵਿੰਦਰ ਸਿੰਘ, ਸਤਵਿੰਦਰ ਸਿੰਘ ਮੜੌਲਵੀ, ਗੁਰਪ੍ਰੀਤ ਸਿੰਘ ਨਿਆਮੀਆ, ਹਰਪ੍ਰੀਤ ਸਿੰਘ ਨਾਜ਼, ਗਿ. ਧਰਮ ਸਿੰਘ ਭੰਖਰਪੁਰ, ਸੋਹਨ ਸਿੰਘ ਸੀਤਲ, ਗਿ. ਸਵਰਨ ਸਿੰਘ ਢੰਗਰਾਲੀ, ਡਾ. ਜਸਪਾਲ ਸਿੰਘ ਜੱਸੀ, ਭਾਈ ਮਨਿੰਦਰ ਸਿੰਘ ਸ੍ਰੀਨਗਰ, ਚਰਨ ਸਿੰਘ ਸਫ਼ਰੀ ਤੇ ਨੰਦਲਾਲ ਨੂਰਪੁਰੀ ਦੇ ਨਾਂ ਸ਼ਾਮਲ ਹਨ। ਹਰ ਰਚਨਾਕਾਰ ਨੇ ਸ੍ਰੀ ਆਨੰਦਪੁਰ ਸਾਹਿਬ ਨਾਲ ਜੁੜੇ/ਸੰਬੰਧਿਤ ਵਾਕਿਆ/ਸ਼ਖ਼ਸੀਅਤ ਨੂੰ ਬਿਆਨ ਕਰਨ ਵਿੱਚ ਪੂਰੀ ਸ਼ਿਦਤ ਵਿਖਾਈ ਹੈ।

ਸਾਰੇ ਹੀ ਲੇਖਾਂ, ਕਵਿਤਾਵਾਂ ਤੇ ਹੋਰ ਸਾਮੱਗਰੀ ਦਾ ਆਪੋ-ਆਪਣਾ ਮਹੱਤਵ ਹੈ ਪਰ ਪੁਸਤਕ ਦੇ ਸੰਪਾਦਕ ਸ. ਮਨਮੋਹਨ ਸਿੰਘ ਦਾਊਂ ਦੇ ਦ੍ਰਿਸ਼ ਚਿੱਤਰ ਤੇ ਕਵਿਤਾਵਾਂ ਦਾ ਜਲੌਅ ਤੇ ਫ਼ਬੌਅ ਆਪਣੀ ਨਿਰਾਲੀ ਆਭਾ ਨਾਲ ਚਮਕਦਾ ਹੈ। ਦਾਊੰ ਹੁਰਾਂ ਨੇ ਇਹ ਪੇਸ਼ਕਾਰੀ ਇਉਂ ਕੀਤੀ ਹੈ, ਜਿਵੇਂ ਉਹ ਉਸ ਸਮੇਂ ਉੱਥੇ ਵਿਚਰੇ ਹੋਣ ਜਾਂ ਕੈਮਰਾ ਲੈ ਕੇ ਤਸਵੀਰਾਂ ਖਿੱਚ ਰਹੇ ਹੋਣ! ਉਨ੍ਹਾਂ ਦੇ ਅੰਦਾਜ਼ੇ-ਬਿਆਨ ਵਿੱਚ ਅਜਿਹੀ ਮਿਕਨਾਤੀਸੀ ਖਿੱਚ ਹੈ ਕਿ ਪਾਠਕ ਭਾਵਕ ਹੋ ਉਠਦਾ ਹੈ ਤੇ ਕਦੇ-ਕਦਾਈਂ ਇਹ ਸੰਵੇਦਨਾ ਇੰਨੀ ਭਾਰੂ ਹੋ ਜਾਂਦੀ ਹੈ ਕਿ ਆਪ-ਮੁਹਾਰੇ ਅੱਖਾਂ ਨਮ ਹੋ ਜਾਂਦੀਆਂ ਹਨ। ਇਨ੍ਹਾਂ ਸ਼ਬਦ-ਚਿੱਤਰਾਂ ‘ਚੋਂ ਕੁਝ ਮਿਸਾਲਾਂ :

* ਇੱਕ ਗਰਦ-ਗੁਬਾਰ ਨੂਰੀ ਸੂਰਜ ਨੇ ਧੋਅ ਦੇਣੀ ਸੀ। ਪਹਾੜੀਆਂ ਖਾਮੋਸ਼ ਸਨ। ਬਿਰਖ ਵੀ ਸਵੇਰੇ-ਸਵੇਰੇ ਅਡੋਲ ਜਾਪ ਰਹੇ ਸਨ। ਚਾਰੇ ਪਾਸੇ ਵਿਸਮਾਦੀ ਰੰਗ ਦਾ ਪਹਿਰਾ ਸੀ। (109)

* ਗੁਰੂ ਜੀ ਦੇ ਅੱਗੇ-ਅੱਗੇ ਚਾਨਣ ਸੀ ਤੇ ਪਿੱਛੇ ਚਾਨਣ ਆਪਣੀ ਹਾਜ਼ਰੀ ਭਰ ਰਿਹਾ ਸੀ। (111)

* ਬਾਹਰ ਹਨੇਰਾ ਭਿਣਕ ਲੈ ਰਿਹਾ ਹੈ। ਭੈਅ ਸੁੰਨ ਹੋਇਆ ਫਿਰਦਾ ਹੈ।… ਗੁਰੂ ਤੇਗ ਦਾ ਧਨੀ, ਪਾਤਸ਼ਾਹਾਂ ਦਾ ਪਾਤਸ਼ਾਹ, ਫ਼ਕੀਰੀ ਦੇ ਭੇਸ ‘ਚ ਆਪਣੀ ਸੂਰਜੀ-ਪਿੱਠ ਦੀ ਸ਼ਕਤੀ ਦੇ ਜਲੌਅ ਨਾਲ ਤੁਰ ਪੈਂਦਾ ਹੈ। (117)

* ਚਾਰੇ ਪਾਸੇ ਜੰਗਲ ਹੀ ਜੰਗਲ, ਚਾਨਣ ਦੀ ਰਿਸ਼ਮ ਨਾਲ- ਨਾਲ ਤੁਰ ਰਹੀ ਹੈ। (118)

* ਅਜਿਹੇ ਕਹਿਰ ਦੇ ਪਹਿਰ ਅਕਾਲ-ਪੁਰਖ ਨੂੰ ਸ਼ਿਕਵਾ ਕਰਨ ਦੀ ਥਾਂ ਸ਼ੁਕਰਾਨੇ ਦੇ ਬੋਲ ਜੰਗਲ ਦੀਆਂ ਪੌਣਾਂ ‘ਚ ਖਿੰਡ ਜਾਂਦੇ ਹਨ। (119)

* ਰਾਤੜੀ ‘ਚੋਂ ਦੋ ਸੂਰਜੇ ਚਿਹਰਿਆਂ ਨੇ ਉਦੈ ਹੋ, ਤਵਾਰੀਖ ਦੇ ਪੰਨਿਆਂ ਤੇ ਹਸਤਾਖ਼ਰ ਕਰਨੇ ਸਨ। (121)

* ਕੁਝ ਪਲਾਂ ਪਿੱਛੋਂ ਅੰਬਰੀ ਬੱਦਲਾਂ ‘ਚੋਂ ਬੂੰਦਾਂ ਟਪਕੀਆਂ। ਜ਼ੁਲਮ ਦੀ ਇੰਤਹਾ ਹੋਈ। (122)

* ਦਿਲਾਂ ਉੱਤੇ ਦਸਤਕ ਦਿੱਤੀ
ਬੋਲਾਂ ਨੇ
ਮਨਾਂ ਵਿੱਚ ਲੋਅ ਜਗਾਈ
ਸ਼ਬਦਾਂ ਨੇ
ਤੰਬੂ ਅੰਦਰ ਅੰਮ੍ਰਿਤ ਵਰ੍ਹਿਆ
ਤੰਬੂ ਬਾਹਰ ਚਾਨਣ ਝਰਿਆ।
ਜਾਤ-ਪਾਤ, ਊਚ-ਨੀਚ
ਭਰਮ-ਭਾਉ, ਮੋਹ-ਮੌਤ
ਦੂਰ ਕੀਤੇ ਪਾਤਸ਼ਾਹ
ਰੂਪ ਤੇ ਸਰੂਪ ਨਵਾਂ ਬਖ਼ਸ਼ਿਆ। (185)

ਅਜਿਹੀ ਤਲਿੱਸਮੀ ਵਾਰਤਕ/ਕਵਿਤਾ ਪਾਠਕਾਂ ਦੀ ਰੂਹ ਤੱਕ ਨੂੰ ਕੀਲਣ ਦੀ ਸਮਰੱਥਾ ਰੱਖਦੀ ਹੈ ਤੇ ਉਹਨੂੰ ਆਪਣੀ ਉਂਗਲ ਫੜਾ ਕੇ ਨਾਲ ਲੈ ਤੁਰਦੀ ਹੈ। ਪਾਠਕ ਦਰਸ਼ਕ ਬਣ ਜਾਂਦਾ ਹੈ ਤੇ ਆਪਣੇ ਸਾਹਮਣੇ ਹੁੰਦੇ ਵਾਕਿਆਤ ਨੂੰ ਸਾਖਿਆਤ ਵਾਪਰਦੇ ਨਿਹਾਰਦਾ ਹੈ। ਧਰਤ ਪੁਆਧ ਦੇ ਜ਼ੱਰੇ ਜ਼ੱਰੇ ‘ਚੋਂ ਅਗੰਮੀ ਰਿਸ਼ਮਾਂ ਖਿਲੇਰਨ ਵਾਲੀ ਇਸ ਪੁਸਤਕ ਦਾ ਹਾਰਦਿਕ ਅਭਿਨੰਦਨ! ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ 186+16 ਪੰਨਿਆਂ ਦੀ ਇਸ ਪੁਸਤਕ ਦੀ ਕੀਮਤ 300/- ਰੁਪਏ ਹੈ।
****
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002
+91 9417692015)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1599
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002

ਪੰਜਾਬ, ਭਾਰਤ
ਫੋਨ:+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ 1, ਲਤਾ ਇਨਕਲੇਵ, ਪਟਿਆਲਾ-147002 ਪੰਜਾਬ, ਭਾਰਤ ਫੋਨ:+91 9417692015

View all posts by ਪ੍ਰੋ. ਨਵ ਸੰਗੀਤ ਸਿੰਘ →