23 January 2026

ਦੋ ਕਵਿਤਾਵਾਂ: 1. ਦਿਨ ਲੋਹੜੀ ਦਾ ਅਤੇ 2. ਮਾਘੀ ਦਾ ਤਿਉਹਾਰ—ਪ੍ਰੋ. ਨਵ ਸੰਗੀਤ ਸਿੰਘ

ਦਿਨ ਲੋਹੜੀ ਦਾ 
ਫਿਰ ਆਇਆ ਦਿਨ ਲੋਹੜੀ ਦਾ। 
ਸ਼ਗਨ ਹੈ ਗੁੜ ਦੀ ਰੋੜੀ ਦਾ। 
‘ਕੱਠੇ ਹੋ ਕੇ ਬੈਠਾਂਗੇ, ਧੂਣੀ ਦੀ ਅੱਗ ਸੇਕਾਂਗੇ।
ਨਿੱਘ ਸਾਨੂੰ ਵੀ ਲੋੜੀਦਾ।
ਫਿਰ ਆਇਆ ਦਿਨ ਲੋਹੜੀ ਦਾ।
ਬੱਚੇ ਟੋਲੀਆਂ ਵਿੱਚ ਆਏ, ਪਾਥੀਆਂ ਮੰਗ ਕੇ ਲੈ ਆਏ।
ਥੋੜ੍ਹਾ-ਥੋੜ੍ਹਾ ਜੋੜੀਦਾ।
ਫਿਰ ਆਇਆ ਦਿਨ ਲੋਹੜੀ ਦਾ।
ਸਾਲ ਹੈ ਮੇਲਾ ਹੈ ਪਹਿਲਾ, ਗੱਜਕ ਦਾ ਭਰਿਆ ਥੈਲਾ। ਮੂੰਗਫਲੀਆਂ ਨੂੰ ਤੋਡ਼ੀਦਾ।
ਫਿਰ ਆਇਆ ਦਿਨ ਲੋਹੜੀ ਦਾ।
ਨੱਚੀਏ ਤੇ ਭੰਗੜੇ ਪਾਈਏ, ਰਲ਼ ‘ਰੂਹੀ’ ਨਾਲ਼ ਸਭ ਗਾਈਏ।
‘ਕੱਲਿਆਂ ਕਿਸੇ ਨਹੀਂ ਛੋੜੀਦਾ।
ਫਿਰ ਆਇਆ ਦਿਨ ਲੋਹੜੀ ਦਾ।
ਸਾਡੇ ਮੇਲੇ ਤੇ ਤਿਉਹਾਰ, ਖੇੜਿਆਂ ਦੀ ਮਹਿਕੇ ਗੁਲਜ਼ਾਰ।ਸੁੱਤਿਆਂ ਨੂੰ ਝੰਜੋੜੀਦਾ।
ਫਿਰ ਆਇਆ ਦਿਨ ਲੋਹੜੀ ਦਾ।
ਆਓ ਸਾਰੇ ਪ੍ਰਣ ਕਰੀਏ, ਦੁਖ-ਸੋਗ ਸਭ ਦੇ ਹਰੀਏ।
ਖਾਲੀ ਕੋਈ ਨਹੀਂ ਮੋੜੀਦਾ।
ਫਿਰ ਆਇਆ ਦਿਨ ਲੋਹੜੀ ਦਾ। 
                            ****
2. ਮਾਘੀ ਦਾ ਤਿਉਹਾਰ 
ਆਇਆ ਮਾਘੀ ਦਾ ਤਿਉਹਾਰ, ਲੈ ਕੇ ਖੁਸ਼ੀਆਂ ਹਜ਼ਾਰ।
ਸਾਰੇ ਮੇਲੇ ਵਿੱਚ ਆਏ, ਕਰ ਹਾਰ ਤੇ ਸ਼ਿੰਗਾਰ।
ਆਓ ਮੁਕਤਸਰ ਜਾਈਏ, ਗੁਰੂ-ਘਰ ਸਿਰ ਝੁਕਾਈਏ।
ਟੁੱਟੀ ਗੰਢੀ ਜਾ ਕੇ ਨ੍ਹਾਈਏ, ਭਾਵੇਂ ਮੌਸਮ ਠੰਢਾ-ਠਾਰ।
ਇਹ ਸੀ ਢਾਬ ਖਿਦਰਾਣਾ, ਗੁਰਾਂ ਕੀਤਾ ਆ ਟਿਕਾਣਾ।
ਘੇਰਾ ਮੁਗਲਾਂ ਨੇ ਪਾਇਆ, ਤੇਗ਼ਾਂ-ਤੀਰਾਂ ਕੀਤੇ ਵਾਰ।
ਸ਼ੀਹਣੀ ਇੱਕ ਭਾਗੋ ਮਾਈ, ਐਸੀ ਤੇਗ਼ ਉਸ ਚਲਾਈ।
ਤਾਅਨੇ ਸਿੰਘਾਂ ਤਾਈਂ ਦਿੱਤੇ, ਸਿੰਘ ਹੋਏ ਸ਼ਰਮਸਾਰ। 
ਮਹਾਂ ਸਿੰਘ ਦਾ ਬੇਦਾਵਾ, ਹੁਣ ਕੀਤਾ ਪਛੋਤਾਵਾ।
ਜੰਗ ਜੌਹਰ ਉਹ ਵਿਖਾਏ, ਦਿੱਤੀ ਵੈਰੀਆਂ ਨੂੰ ਹਾਰ।
ਗੁਰੂ ਟੁੱਟੀ ਏਥੇ ਗੰਢੀ, ਕੀਤੀ ਮੰਦੀਓਂ ਸੀ ਚੰਗੀ।
ਚਾਲ਼ੀ ਮੁਕਤਿਆਂ ਦਾ ਕੀਤਾ, ਹੱਥੀਂ ਆਪ ਸਸਕਾਰ।
ਵੇਖੋ ਸਜੀਆਂ ਦੁਕਾਨਾਂ, ਢਾਲਾਂ ਤੇ ਨੇ ਕਿਰਪਾਨਾਂ।
ਵਿਚ ਰਾਜਸੀ ਇਕੱਠਾਂ, ਭਾਸ਼ਣ ਹੁੰਦੇ ਧੂੰਆਂਧਾਰ।
ਲੰਗਰ ਕਈ ਥਾਈਂ ਲੱਗੇ, ਵੱਜੇ ਢੋਲ ਉੱਤੇ ਡੱਗੇ।
ਛਿੰਝਾਂ ਵਿੱਚ ਕਿਵੇਂ ਉੱਡੇ, ਧੂੰਆਂ- ਧੂੜ ਤੇ ਗ਼ੁਬਾਰ।
ਸੱਚੇ ਗੁਰੂ ਨੂੰ ਧਿਆਈਏ, ਗੁਰਬਾਣੀ ਨਿੱਤ ਗਾਈਏ।
‘ਰੂਹੀ’ ਜਪੁਜੀ ਵੀ ਪੜ੍ਹੇ, ਨਾਲ਼ੇ ਪੜ੍ਹੇ ਚੰਡੀ-ਵਾਰ।
ਮੰਗੋ ਸਭ ਦੀ ਭਲਾਈ, ਦਿਲੋਂ ਕੱਢੀਏ ਬੁਰਾਈ।
ਛੱਡੋ ਵੈਰ ਤੇ ਵਿਰੋਧ, ਕਰੋ ਸਭ ਨੂੰ ਪਿਆਰ। 
***
#1, ਲਤਾ ਗਰੀਨ ਐਨਕਲੇਵ, ਪਟਿਆਲਾ-147002
(9417692015)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1718
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002

ਪੰਜਾਬ, ਭਾਰਤ
ਫੋਨ:+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ 1, ਲਤਾ ਇਨਕਲੇਵ, ਪਟਿਆਲਾ-147002 ਪੰਜਾਬ, ਭਾਰਤ ਫੋਨ:+91 9417692015

View all posts by ਪ੍ਰੋ. ਨਵ ਸੰਗੀਤ ਸਿੰਘ →