|
ਸਿਰਲੇਖ ਵਿੱਚ ਅੰਕਿਤ ਇਸ ਪੁਸਤਕ ਦਾ ਲੇਖਕ ਡਾ. ਸੁਰਿੰਦਰ ਪਾਲ ਸਿੰਘ ਕਾਹਲੋਂ ਹੈ। ਇਸ ਕਿਤਾਬ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਇਸ ਵਿੱਚ ਚਮਕੌਰ ਸਾਹਿਬ ਦੇ ਸਾਕੇ ਦਾ ਬਿਰਤਾਂਤ ਹੈ। ਇਹ ਜੰਗ ਦੁਨੀਆਂ ਦੀ ਸਭ ਤੋਂ ਅਸਾਵੀਂ ਜੰਗ ਹੈ, ਜਿਸ ਵਿੱਚ ਇੱਕ ਪਾਸੇ ਦਸ ਲੱਖ ਦੀ ਸ਼ਸਤਰਬੱਧ (ਦੁਸ਼ਮਣ) ਫ਼ੌਜ ਤੇ ਦੂਜੇ ਪਾਸੇ ਕਈ ਦਿਨਾਂ ਦੇ ਭੁੱਖੇ-ਭਾਣੇ ਗਿਣਤੀ ਦੇ ਚਾਲੀ ਗੁਰੂ ਦੇ ਮਰਜੀਵੜੇ ਸਿੱਖ। ਇਹ ਕਿਤਾਬ ਲੇਖਕ ਨੇ ਗੁਰੂ ਗੋਬਿੰਦ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਤੇ ਸਮੂਹ ਸਿੰਘਾਂ ਨੂੰ ਸਮਰਪਿਤ ਕੀਤੀ ਹੈ। ਡਾ. ਕਾਹਲੋਂ ਮੂਲ ਰੂਪ ਵਿੱਚ ਇੱਕ ਕਵੀ ਹੈ ਤੇ ਉਹ 1973 ਤੋਂ ਇਸ ਖੇਤਰ ਵਿੱਚ ਕਾਰਜਸ਼ੀਲ ਹੈ। ਉਹਨੇ ਕਵਿਤਾ ਦੀਆਂ 7 ਪੁਸਤਕਾਂ ਲਿਖੀਆਂ ਹਨ। ਇਸਦੇ ਨਾਲ ਉਹਨੇ ਵਾਰਤਕ (2), ਬਾਲ ਸਾਹਿਤ (6), ਆਲੋਚਨਾ (2), ਅਨੁਵਾਦ (1) ਵਿੱਚ ਵੀ ਮਹੱਤਵਪੂਰਣ ਯੋਗਦਾਨ ਪਾਇਆ ਹੈ। ‘ਅਜਬ ਗੜ੍ਹੀ ਚਮਕੌਰ ਦੀ’ ਕਿਤਾਬ ਦਾ ਪ੍ਰਕਾਸ਼ਨ 2018 ਦਾ ਹੈ। ਇਸ ਕਿਤਾਬ ਦੇ ਮੁੱਢ ਵਿੱਚ ਡਾ. ਸ. ਸ. ਸ਼ਾਂਤ, ਡਾ. ਰਛਪਾਲ ਸਿੰਘ ਬਾਠ, ਡਾ. ਬ. ਸ. ਚਾਹਲ ਦੇ ਵਿਚਾਰ ਵੀ ਅੰਕਿਤ ਹਨ। ਕਿਤਾਬ ਦੇ 17 ਅੰਗਾਂ/ ਅਧਿਆਵਾਂ ਨੂੰ ਵੱਖ ਵੱਖ ਸਿਰਲੇਖਾਂ/ ਉਪ ਸਿਰਲੇਖਾਂ ਹੇਠ ਵਿਉਂਤਿਆ ਗਿਆ ਹੈ। ਪਹਿਲੇ ਅਧਿਆਏ (9-12) ਵਿੱਚ ‘ਅਜਬ ਗੜ੍ਹੀ ਤੱਤ ਮੂਲ’ ਅਧੀਨ ਕਵੀ ਨੇ ਮੰਗਲਾਚਰਣ ਵਜੋਂ ਡੰਡਉਤ ਬੰਦਨਾ ਕੀਤੀ ਹੈ : ਡੰਡਾਉਤ ਮੇਰੀ ਮਨ ਮੱਥ ਕੇ, ਦੂਜੇ ਅਧਿਆਏ (13-15) ‘ਸੂਰਜ ਉਦੈ ਅਨੰਦਪੁਰ’ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਸਿਫ਼ਤੋ-ਸਾਲਾਹ ਹੈ : ਉਹ ਸੂਰਜ ਉਦੈ ਅਨੰਦਪੁਰ, ਤੀਜੇ ਅਧਿਆਏ ਦਾ ਨਾਂ ‘ਘੇਰਾ ਅਨੰਦਪੁਰ’ (16-19) ਹੈ, ਜਿਸ ਵਿੱਚ ਬਾਈਧਾਰ ਦੇ ਪਹਾੜੀ ਰਾਜਿਆਂ ਅਤੇ ਮੁਗਲ ਹਕੂਮਤ ਵੱਲੋਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾਉਣ ਦਾ ਜ਼ਿਕਰ ਹੈ : ਜਦ ਜਿੱਤ ਮਿਲੀ ਨਾ ਕਿਤੇ ਵੀ, ਚੌਥੇ ਅਧਿਆਏ (20-23) ਵਿੱਚ ‘ਕੂੜ ਕਸਮਾਂ ਦੀ ਚਾਲ’ ਅਤੇ ‘ਸਿੰਘ ਮਾਤਾ ਜੀ ਦੇ ਸਾਥ ਵਿੱਚ’ ਅਧੀਨ ਪਹਾੜੀਆਂ ਤੇ ਮੁਗਲਾਂ ਵੱਲੋਂ ਖਾਧੀਆਂ ਝੂਠੀਆਂ ਸਹੁੰਆਂ ਅਤੇ ਸਿੰਘਾਂ ਵੱਲੋਂ ਮਾਤਾਵਾਂ ਨੂੰ ਕਿਲ੍ਹਾ ਛੱਡਣ ਦੀ ਬੇਨਤੀ ਬਾਰੇ ਹੈ : ਥਾਲੀ ਵਿੱਚ ਆਟੇ ਦੀ ਗਊ ਲੈ, ਪੰਜਵਾਂ ਅਧਿਆਏ (24-26) ਬੜਾ ਮਾਰਮਿਕ ਹੈ, ਜਿਸਨੂੰ ‘ਅਲਵਿਦਾ ਅਨੰਦਪੁਰ’, ‘ਉਦੈ ਸਿੰਘ ਦੀ ਸ਼ਹਾਦਤ’ ਨਾਵਾਂ ਵਿੱਚ ਵਿਉਂਤਿਆ ਗਿਆ ਹੈ। ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਗੁਰੂ ਕੇ ਸਿੰਘ ਭਾਈ ਉਦੈ ਸਿੰਘ ਨੇ ਪਿੱਛੇ ਆਉਂਦੇ ਦੁਸ਼ਮਣਾਂ ਦਾ ਸਖਤ ਮੁਕਾਬਲਾ ਕੀਤਾ ਜਿਸ ਵਿੱਚ ਭਾਈ ਉਦੈ ਸਿੰਘ ਸ਼ਹਾਦਤ ਦਾ ਜਾਮ ਪੀ ਜਾਂਦਾ ਹੈ : ਇੱਕ ਜੱਥਾ ਕਮਾਨ ਅਜੀਤ ਸਿੰਘ, ਛੇਵੇਂ ਅਧਿਆਏ (27-31) ਵਿੱਚ ‘ਬਾਹਰ ਚਮਕੌਰ ਉਤਾਰੇ’, ਗੜ੍ਹੀ ਪ੍ਰਵੇਸ਼’, ਕਵੀ-ਓ-ਵਾਚ’ ਅਧੀਨ ਦਸ਼ਮੇਸ਼ ਪਿਤਾ ਨਾਲ ਰਹਿ ਗਏ 40 ਸਿੰਘਾਂ ਵੱਲੋਂ ਚਮਕੌਰ ਦੀ ਗੜ੍ਹੀ ਵਿੱਚ ਪਨਾਹ ਲੈਣ ਦਾ ਵੇਰਵਾ ਹੈ : ਚਹੁੰ ਕੂੰਟੀ ਪਹਿਰੇ ਲੱਗ ਗਏ, ਸੱਤਵੇਂ ਅਧਿਆਏ (32-34) ਵਿੱਚ ‘ਗੜ੍ਹੀ ਦੇ ਬਾਹਰਵਾਰ’ ਅਤੇ ‘ਢੋਲ ਢੰਡੋਰਚੀ ਆਖਦਾ’ ਅਧੀਨ ਕਵੀ ਨੇ ਲਿਖਿਆ ਹੈ ਕਿ ਗੜ੍ਹੀ ਦੇ ਬਾਹਰ ਮੁਗਲ ਫੌਜ ਤੇ ਪਹਾੜੀ ਫੌਜ ਨੇ ਘੇਰਾ ਪਾ ਲਿਆ ਅਤੇ ਵਜ਼ੀਰ ਖਾਂ ਦੇ ਢੰਡੋਰਚੀ ਨੇ ਢੋਲ ਤੇ ਡੱਗਾ ਲਾ ਕੇ ਗੁਰੂ ਜੀ ਨੂੰ ਹਾਰ ਮੰਨਣ ਲਈ ਕਿਹਾ : ਸੂਬਾ ਸਰਹੰਦ ਦਾ ਹੁਕਮ ਹੈ, ਅੱਠਵੇਂ ਅਧਿਆਏ ਦੇ ਸਿਰਫ ਦੋ ਪੰਨੇ ਹਨ (35-36)। ਜਿਸ ਵਿੱਚ ‘ਗੜ੍ਹੀ ਦੇ ਅੰਦਰਵਾਰ’ ਅਤੇ ‘ਇੱਕ ਵਾਰ ਫਿਰ’ ਉਪ-ਸਿਰਲੇਖ ਬਣਾਏ ਗਏ ਹਨ। ਨੌਵੇਂ ਅਧਿਆਏ (37-39) ਵਿੱਚ ‘ਪੌੜੀਆਂ ਦੀ ਚਾਲ’, ‘ਹੱਲੇ ਦਾ ਹੁਕਮ’ ਅਧੀਨ ਦੱਸਿਆ ਗਿਆ ਹੈ ਕਿ ਗੁਰੂ ਜੀ ਨੇ ਨਾਹਰ ਖਾਨ, ਗ਼ਨੀ ਖਾਨ, ਮਹਿਮੂਦ ਅਲੀ ਨੂੰ ਆਪਣੇ ਤੀਰਾਂ ਨਾਲ ਮਾਰ ਮੁਕਾਇਆ, ਜੋ ਪੌੜੀ ਰਾਹੀਂ ਗੜ੍ਹੀ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ : ਪਾਰ ਨਾ ਪਈਆਂ ਪੌੜੀਆਂ, ਦਸਵੇਂ ਅਧਿਆਏ (40-41) ਵਿੱਚ ‘ਕਵੀ-ਓ-ਵਾਚ’ ਅਤੇ ‘ਮਰਜੀਵੜਿਆਂ ਦੀ ਸੋਚ’ ਰਾਹੀਂ ਗੁਰੂ ਜੀ ਦੀਆਂ ਫੌਜਾਂ ਅਤੇ ਦੁਸ਼ਮਣ ਫੌਜ ਦਾ ਵੇਰਵਾ ਹੈ। ਗਿਆਰ੍ਹਵੇਂ ਅਧਿਆਏ (42-67) ਵਿੱਚ ‘ਪਹਿਲਾ ਜੱਥਾ ਜੰਗ ਵਿੱਚ’, ‘ਆਪ ਸਾਰੇ ਸਾਡੇ ਬੱਚੜੇ’, ‘ਸੂਰਮੇ ਹੋਏ ਸ਼ਹੀਦ ਸਨ’, ‘ਸਿੰਘਾਂ ਉਲਾਂਘ ਤੀਜੜੀ’, ‘ਜੱਥਾ ਚੌਥਾ ਕਮਾਨ ਅਜੀਤ ਸਿੰਘ ਜੀ’, ‘ਪੰਜਵਾਂ ਜੱਥਾ ਜੁਝਾਰ ਸਿੰਘ ਜੀ’, ‘ਵਕਤ-ਓ-ਵਾਚ’, ‘ਸੂਹੇ ਫੁੱਲ ਹੱਥ ਨੇਜੜਾ’ ਰਾਹੀਂ ਘਮਸਾਨ ਦੀ ਜੰਗ ਦਾ ਚਿੱਤਰ ਪੇਸ਼ ਕੀਤਾ ਹੈ, ਜਿਸ ਵਿੱਚ ਗੁਰੂ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਸੂਰਮਗਤੀ ਅਤੇ ਲਾਸਾਨੀ ਸ਼ਹਾਦਤ ਨੂੰ ਨਮਨ ਕੀਤਾ ਗਿਆ ਹੈ। ਇਸ ਵਿੱਚ ਭਾਈ ਹਿੰਮਤ ਸਿੰਘ ਵੀ ਸ਼ਹੀਦ ਹੋਏ। ਕੁਝ ਸਿੰਘਾਂ ਨੇ ਪਹਿਲੇ ਜੱਥੇ ਤੋਂ ਬਾਦ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਹਿਬਜ਼ਾਦਿਆਂ ਨੂੰ ਲੈ ਕੇ ਏਥੋਂ ਚਲੇ ਜਾਓ, ਪਰ ਗੁਰੂ ਜੀ ਨੇ ਉੱਤਰ ਦਿੱਤਾ ਕਿ ਸਾਰੇ ਹੀ ਸਿੰਘ ਮੇਰੇ ਬੱਚੇ ਹਨ। ਇਹ ਕਾਂਡ ਸਭ ਤੋਂ ਲੰਮਾ ਹੈ : ਕਿਹੜੇ ਬੱਚਿਆਂ ਦੀ ਗੱਲ ਜੇ, ਬਾਰਵੇਂ ਕਾਂਡ (68-72) ਵਿੱਚ ‘ਗੜ੍ਹੀ ਵਿੱਚੋਂ ਚਾਰ ਤੀਰ’, ‘ਵਕਤ-ਓ-ਵਾਚ’ ਰਾਹੀਂ ਕਵੀ ਨੇ ਗੁਰੂ ਜੀ ਵੱਲੋਂ ਛੱਡੇ ਚਾਰ ਤੀਰਾਂ ਦਾ ਜ਼ਿਕਰ ਕੀਤਾ ਹੈ, ਜੋ ਕ੍ਰਮਵਾਰ ਮਰਦੂਦ ਦੀ ਪੇਟੀ, ਵਜ਼ੀਰ ਖਾਨ ਦੇ ਘੋੜੇ, ਜ਼ਬਰਦਸਤ ਖਾਨ ਦੇ ਕੁੱਲੇ ਅਤੇ ਅਜਮੇਰ ਚੰਦ ਦੀ ਲੱਤ ਤੇ ਵੱਜੇ। ਤੇਰ੍ਹਵੇਂ ਕਾਂਡ (73-82) ਵਿੱਚ ‘ਉਹਨਾਂ ਪਲਾਂ ਦੇ ਵਿੱਚ ਹੀ’, ‘ਸਿੰਘਾਂ ਦੇ ਕੋਲ ਯਕੀਨ’ ਰਾਹੀਂ ਭਾਈ ਦਇਆ ਸਿੰਘ ਦੀ ਅਗਵਾਈ ਵਿੱਚ ਪੰਜ ਸਿੰਘਾਂ ਨੇ ਗੁਰੂ ਜੀ ਨੂੰ ਗੜ੍ਹੀ ਛੱਡਣ ਦਾ ਹੁਕਮ ਸੁਣਾਇਆ ਤੇ ਭਾਈ ਸੰਗਤ ਸਿੰਘ ਨੂੰ ਗੁਰੂ ਜੀ ਦੇ ਰੂਪ ਵਿੱਚ ਉੱਥੇ ਸਜਣ ਲਈ ਕਿਹਾ। ਇਸਤੋਂ ਪਹਿਲਾਂ ਗੁਰੂ ਜੀ ਨੇ ਖੁਦ ਨੂੰ ਜੰਗ ਵਿੱਚ ਜੂਝਣ ਦਾ ਫੈਸਲਾ ਸਿੰਘਾਂ ਨੂੰ ਸੁਣਾਇਆ ਸੀ। ਚੌਧਵੇਂ ਅਧਿਆਏ (83-86) ਵਿੱਚ ‘ਬਿਆਨ ਸੰਗਤ ਸਿੰਘ ਜੀ’, ‘ਹਰ ਸਿੰਘ ਸ਼ਹਾਦਤ ਪਰਣਾਇਆ’ ਰਾਹੀਂ ਭਾਈ ਸੰਗਤ ਸਿੰਘ ਵੱਲੋਂ ਸਿੰਘਾਂ ਨੂੰ ਲਲਕਾਰ ਪਾਈ ਗਈ ਹੈ। ਪੰਦਰਵੇਂ ਅਧਿਆਏ (87-90) ਵਿੱਚ ‘ਗੜ੍ਹੀ ਤੇ ਚੜ੍ਹਾਈ’, ‘ਸੂਰਮਗਤੀ ਲਿਸ਼ਕਾਰਾ’, ‘ਸ਼ਹਾਦਤਾਂ ਕੌਮਾਂ ਦੀ ਪਾਲਣਾ’ ਦੇ ਅੰਤਰਗਤ ਭਾਈ ਸੰਗਤ ਸਿੰਘ ਦੀ ਕਮਾਨ ਹੇਠ ਭਾਈ ਸੰਤ ਸਿੰਘ, ਰਾਮ ਸਿੰਘ, ਕੇਹਰ ਸਿੰਘ, ਸੰਤੋਖ ਸਿੰਘ, ਗੁਰਦੇਵ ਸਿੰਘ, ਦੇਵਾ ਸਿੰਘ, ਜੀਉਣ ਸਿੰਘ, ਕਾਠਾ ਸਿੰਘ ਨੇ ਰਣਖੇਤਰ ਵਿੱਚ ਜੂਝਦਿਆਂ ਸ਼ਹੀਦੀ ਪ੍ਰਾਪਤ ਕੀਤੀ। ਇਨ੍ਹਾਂ ਆਖਰੀ ਅੱਠ ਸਿੰਘਾਂ ਨੇ ਅੱਠ ਲੱਖ ਦੀ ਦੁਸ਼ਮਣ ਫੌਜ ਨਾਲ ਮੁਕਾਬਲਾ ਕੀਤਾ। ਸੋਲਵੇਂ ਅਧਿਆਏ (91-92) ਦੇ ‘ਝਾਉਲਾ ਬਸਤਰਾਂ ਬਾਣਿਆਂ’, ‘ਸਫ਼ਰ ਸੂਰਜੇ ਬੰਨ੍ਹ ਨਾ’ ਵਿੱਚ ਵੈਰੀਆਂ ਨੇ ਭਾਈ ਸੰਗਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਮਝ ਕੇ ਸ਼ਹੀਦ ਹੋਣ ਤੇ ਖੁਸ਼ੀ ਮਨਾਈ ਪਰ ਛੇਤੀ ਹੀ ਉਨ੍ਹਾਂ ਨੂੰ ਸਚਾਈ ਪਤਾ ਲੱਗ ਗਈ। ਆਖਰੀ 17ਵੇਂ ਅਧਿਆਏ (93-96) ਦੇ ‘ਵਕਤ-ਓ-ਵਾਚ -1’, ‘ਵਕਤ-ਓ-ਵਾਚ -2’, ‘ਵਕਤ-ਓ-ਵਾਚ -3’ ਰਾਹੀਂ ਕਵੀ ਨੇ ਆਪਣੇ ਵੱਲੋਂ ਦੁਨੀਆਂ ਦੀ ਇਸ ਅਸਾਵੀਂ ਜੰਗ ਤੇ ਟਿੱਪਣੀ ਕੀਤੀ ਹੈ। ਉਹ ਕਹਿੰਦਾ ਹੈ ਕਿ ਆਮ ਕਰਕੇ ਜੰਗਾਂ ਜ਼ਰ, ਜ਼ੋਰੂ, ਜ਼ਮੀਨ ਖਾਤਰ ਹੁੰਦੀਆਂ ਹਨ। ਪਰ ਗੁਰੂ ਜੀ ਨੇ ਸਿਰਫ ਸੱਚ ਤੇ ਧਰਮ ਦੀ ਖਾਤਰ ਇਹ ਜੰਗਾਂ ਲੜੀਆਂ ਤੇ ਜਿੱਤੀਆਂ। ਉਨ੍ਹਾਂ ਨੇ ਸਵੈਮਾਨ, ਇਜ਼ਤ ਤੇ ਮਹਾਨ ਉਦੇਸ਼ ਲਈ ਇਹ ਜੰਗਾਂ ਲੜੀਆਂ। ਇਹ ਜੰਗਾਂ ਯੁੱਗ ਪਲਟਾਉਣ ਲਈ ਲੜੀਆਂ ਗਈਆਂ : ਚਾਨਣ ਲੜੇ ਸੀ ਹੱਕ ਹਰਿਆਰ ਦੇ ਲਈ, ਇਸ ਸਾਕੇ ਵਿੱਚ ਕਵੀ ਨੇ ਆਪਣੀ ਪੈਨੀ ਸੂਝ ਰਾਹੀਂ ਗੁਰੂ ਸਿੱਧਾਂਤਾਂ ਨੂੰ ਕਾਵਿ ਜੁਗਤਾਂ ਨਾਲ ਸਮਝਾਉਣ ਦੀ ਸਫਲ ਕੋਸ਼ਿਸ਼ ਕੀਤੀ ਹੈ। ਕਵੀ ਕੋਲ ਕਾਵਿ-ਕੌਸ਼ਲ, ਸ਼ਬਦਾਵਲੀ, ਇਤਿਹਾਸ ਦੀ ਬੇਜੋੜ ਜਾਣਕਾਰੀ ਹੈ, ਜਿਸਨੂੰ ਉਹਨੇ ਬੜੇ ਹੀ ਸੁਹਜ-ਸਲੀਕੇ ਨਾਲ ਪੰਜਾਬੀ ਪਾਠਕਾਂ ਲਈ ਪ੍ਰਸਤੁਤ ਕੀਤਾ ਹੈ। ਇਸ ਕਾਵਿਕਤਾ ਵਿੱਚ ਡਾ. ਕਾਹਲੋਂ ਦੀ ਸ਼ਬਦ-ਜਾਦੂਗਰੀ ਰੇਖਾਂਕਿਤ ਹੋਈ ਹੈ। ਇਸ ਲੰਮੀ ਕਵਿਤਾ ਦੇ ਅੰਤਰੀਵੀ ਬਿਰਤਾਂਤ ਵਿੱਚ ਵਿਲੱਖਣ ਦ੍ਰਿਸ਼-ਚਿੱਤਰ ਅਤੇ ਉਚੇਰੀ ਕਾਵਿ-ਉਡਾਰੀ ਆਪਣੇ ਪੂਰੇ ਵੇਗ ਸਹਿਤ ਬਿਰਾਜਮਾਨ ਹੈ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015

by 