5 December 2025

ਸਾਕਾਰਾਤਮਕ ਮਿੰਨੀ ਕਹਾਣੀਆਂ : ਨਿਰਮੋਹੇ~ ਰੀਵਿਊਕਾਰ : ਪ੍ਰੋ. ਨਵ ਸੰਗੀਤ ਸਿੰਘ 

ਪੁਸਤਕ ਰੀਵਿਊ
ਸਾਕਾਰਾਤਮਕ ਮਿੰਨੀ ਕਹਾਣੀਆਂ : ਨਿਰਮੋਹੇ~ ਰੀਵਿਊਕਾਰ : ਪ੍ਰੋ. ਨਵ ਸੰਗੀਤ ਸਿੰਘ 
* ਪੁਸਤਕ : ਨਿਰਮੋਹੇ
* ਲੇਖਕ   : ਮਹਿੰਦਰ ਸਿੰਘ ਮਾਨ
* ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ 
* ਪੰਨੇ       : 95
* ਮੁੱਲ       : 200/- ਰੁਪਏ
ਮਹਿੰਦਰ ਸਿੰਘ ਮਾਨ ਪਿਛਲੇ ਕਈ ਵਰ੍ਹਿਆਂ ਤੋਂ ਸਾਹਿਤ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਹੈ। ਮੁੱਖ ਤੌਰ ਤੇ ਉਹ ਇੱਕ ਕਵੀ ਹੈ ਤੇ ਉਹਦੀਆਂ ਹੁਣ ਤੱਕ ਕਵਿਤਾ ਦੀਆਂ 7 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ 6 ਕਾਵਿ ਸੰਗ੍ਰਹਿ ਤੇ ਇੱਕ ਗ਼ਜ਼ਲ ਸੰਗ੍ਰਹਿ ਹੈ। ਮਾਨ ਦੀਆਂ ਕਵਿਤਾਵਾਂ ਵਿੱਚ ਅਗਾਂਹਵਧੂ ਵਿਚਾਰਾਂ ਦੀ ਪੇਸ਼ਕਾਰੀ ਹੋਈ ਹੈ। ਉਸਦੀ ਕੋਸ਼ਿਸ਼ ਰਹੀ ਹੈ ਕਿ ਉਹ ਲੋਕਾਂ ਨੂੰ ਨਵੀਆਂ ਰਾਹਾਂ ਤੇ ਚੱਲਣ ਦੀ ਜਾਚ ਸਿਖਾਵੇ। ਇਸੇਲਈ ਮਾਨ ਦੀਆਂ ਜ਼ਿਆਦਾਤਰ ਕਿਤਾਬਾਂ ਦੇ ਨਾਂ ਵੀ ‘ਸੂਰਜ’ ਨਾਲ ਸੰਬੰਧਿਤ ਹਨ। ਇਨ੍ਹਾਂ ਵਿੱਚ ‘ਚੜ੍ਹਿਆ ਸੂਰਜ’, ‘ਸੂਰਜ ਦੀਆਂ ਕਿਰਨਾਂ’, ‘ਸੂਰਜ ਹਾਲੇ ਡੁੱਬਿਆ ਨਹੀਂ’, ‘ਮਘਦਾ ਸੂਰਜ’ ਦ‍ਾ ਜ਼ਿਕਰ ਕੀਤਾ ਜਾ ਸਕਦਾ ਹੈ।
ਇਸ ਵਰ੍ਹੇ (2025 ਵਿੱਚ) ਮਹਿੰਦਰ ਸਿੰਘ ਮਾਨ ਨੇ ਸਾਹਿਤ ਦੀ ਇੱਕ ਹੋਰ ਸਿਨਫ਼ ਤੇ ਹੱਥ ਅਜ਼ਮਾਇਆ ਹੈ ਤੇ ਇਹ ਹੈ ਮਿੰਨੀ ਕਹਾਣੀ। ‘ਨਿਰਮੋਹੇ’ ਨਾਂ ਦੇ ਇਸ ਮਿੰਨੀ ਕਹਾਣੀ ਸੰਗ੍ਰਹਿ ਵਿੱਚ ਕੁੱਲ 79 ਮਿੰਨੀ ਕਹਾਣੀਆਂ ਸ਼ਾਮਲ ਹਨ। ਮਿੰਨੀ ਕਹਾਣੀ ਸਾਹਿਤ ਦਾ ਉਹ ਰੂਪ ਹੈ, ਜਿਸ ਵਿੱਚ ਲੇਖਕ ਥੋੜ੍ਹੇ ਸ਼ਬਦਾਂ ਵਿੱਚ ਆਪਣੀ ਗੱਲ ਨੂੰ ਅਸਰ-ਅੰਦਾਜ਼ ਢੰਗ ਨਾਲ ਕਹਿਣ ਦੀ ਕੋਸ਼ਿਸ਼ ਕਰਦਾ ਹੈ। ਇਸ ਵਿੱਚ ਵਾਧੂ ਦਾ ਖਿਲਾਰਾ ਨਹੀਂ ਹੁੰਦਾ। ਘਟਨਾ ਨੂੰ ਸਿੱਧੇ ਤੌਰ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰਸਤੁਤ ਕੀਤਾ ਜਾਂਦਾ ਹੈ। ਇਹ ਤਰੀਕਾ ਕੋਈ ਵੀ ਹੋ ਸਕਦਾ ਹੈ – ਵਾਰਤਾਲਾਪੀ ਜਾਂ ਬਿਆਨਮਈ। ਪਰ ਇਹਨੂੰ ਪੇਸ਼ ਕਰਨ ਲਈ ਘਟਨਾ ਉੱਤੇ ਹੀ ਕੇਂਦਰਿਤ ਕਰਨਾ ਪੈਂਦਾ ਹੈ।
ਮਨੁੱਖੀ ਜੀਵਨ ਦੋ-ਰੰਗਾ ਹੈ। ਇਸ ਵਿੱਚ ਦੁਖ-ਸੁਖ, ਗ਼ਮੀ-ਖ਼ੁਸ਼ੀ, ਉੱਚਾ-ਨੀਵਾਂ, ਚੰਗਾ-ਮਾੜਾ ਆਦਿ ਬਹੁਤ ਕੁਝ ਵਾਪਰਦਾ ਰਹਿੰਦਾ ਹੈ। ਪਰਮਾਤਮਾ ਨੇ ਬ੍ਰਹਿਮੰਡ ਨੂੰ ਵੀ ਦੋ-ਰੰਗਾ ਹੀ ਬਣਾਇਆ ਹੈ – ਦਿਨ-ਰਾਤ, ਗਰਮੀ-ਸਰਦੀ, ਮੱਸਿਆ-ਪੁੰਨਿਆ, ਪਤਝੜ-ਬਹਾਰ, ਫੁੱਲ-ਖਾਰ ਆਦਿ। ਇਹ ਸਾਡੀ ਸੋਚ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਪਰਿਸਥਿਤੀ ਵਿੱਚ ਕਿਹੋ ਜਿਹੀ ਪ੍ਰਤੀਕਿਰਿਆ ਦੇਣੀ ਹੈ। ਸਮਾਜ ਵਿੱਚ ਵਿਚਰਦਿਆਂ ਸਾਨੂੰ ਵਿਭਿੰਨ ਪਹਿਲੂਆਂ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਚੰਗਾ ਲੇਖਕ ਉਹ ਹੁੰਦਾ ਹੈ ਜੋ ਵਿਰੋਧੀ ਪਰਿਸਥਿਤੀਆਂ ਦੇ ਬਾਵਜੂਦ ਉਸਦੇ ਨਾਕਾਰਾਤਮਕ ਪੱਖਾਂ ਨੂੰ ਅਣਡਿੱਠ ਕਰਕੇ ਸਾਕਾਰਾਤਮਕ ਰੁਚੀਆਂ ਨੂੰ ਪ੍ਰਾਥਮਿਕਤਾ ਦੇਵੇ।
ਮਹਿੰਦਰ ਸਿੰਘ ਮਾਨ ਇੱਕ ਸੇਵਾਮੁਕਤ ਮੁੱਖ-ਅਧਿਆਪਕ ਹੈ। ਉਹਨੇ ਲੰਮਾ ਸਮਾਂ ਸਾਇੰਸ ਅਧਿਆਪਕ ਵਜੋਂ ਵੀ ਕਾਰਜ ਕੀਤਾ ਹੈ। ਉਹਨੇ ਰੋਜ਼ਾਨਾ ਜੀਵਨ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਮਿੰਨੀ ਕਹਾਣੀਆਂ ਦੀ ਰਚਨਾ ਕੀਤੀ ਹੈ। ਲੇਖਕ ਨੇ ਪਹਿਲਾਂ-ਪਹਿਲ ਜੇਬੀ ਪੱਤ੍ਰਿਕਾ ‘ਅਣੂ’ ਵਿੱਚ ਮਿੰਨੀ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਉਸਦੀਆਂ ਮਿੰਨੀ ਕਹਾਣੀਆਂ ਵਿੱਚ ਪੇਸ਼ ਹੋਇਆ ਯਥਾਰਥ ਵਾਸਤਵਿਕ ਹੈ ਤੇ ਇਹ ਕੋਈ ਕਾਲਪਨਿਕ ਲਿਖਤਾਂ ਨਹੀਂ ਹਨ। ਲੇਖਕ ਨੇ ਇਨ੍ਹਾਂ ਰਚਨਾਵਾਂ ਦੇ ਸਿਰਲੇਖ ਵੀ ਬੜੇ ਭਾਵਪੂਰਤ ਬਣਾਏ ਹਨ, ਜੋ ਬਹੁਤ ਸਾਰੀਆਂ ਗੱਲਾਂ ਕਹਿਣ ਦੀ ਸਮਰੱਥਾ ਰੱਖਦੇ ਹਨ। ਇਨ੍ਹਾਂ ਮਿੰਨੀ ਕਹਾਣੀਆਂ ਦੇ ਵਧੇਰੇ ਸਿਰਲੇਖ ਇੱਕ-ਸ਼ਬਦੀ ਹਨ। ਜਿਵੇਂ  ਵਧਾਈ, ਭਵਿੱਖਬਾਣੀ, ਗੁਰਦੁਆਰਾ, ਜ਼ਲੀਲ, ਭੁੱਖ, ਫੈਸਲਾ, ਨੁਕਸਾਨ, ਲਿਫ਼ਾਫ਼ਾ, ਭਾਰ, ਵਿਚਾਰੇ, ਚਿੰਤਾ, ਵਾਰੀ, ਪਤੰਗ, ਘਾਟ, ਪਲਾਟ, ਰਾਖੀ, ਅਣਗਹਿਲੀ, ਰੱਖੜੀ, ਡਰ, ਹਿੰਮਤ, ਬੋਝ, ਨਿਰਮੋਹੇ, ਗਹਿਣੇ, ਇਤਰਾਜ਼, ਵੋਟਾਂ ਆਦਿ। 
 
ਮਾਨ ਦੀਆਂ ਮਿੰਨੀ ਕਹਾਣੀਆਂ ਵਿੱਚ ਸਾਕਾਰਾਤਮਕ ਰੁਚੀਆਂ ਨੂੰ ਪ੍ਰਗਟ ਕੀਤਾ ਗਿਆ ਹੈ। ਸੰਗ੍ਰਹਿ ਦੀ ਸ਼ੀਰਸ਼ਕ ਮਿੰਨੀ ਕਹਾਣੀ ‘ਨਿਰਮੋਹੇ’ ਵਿੱਚ ਵੀ ਇਹੋ ਜਿਹਾ ਸੰਦੇਸ਼ ਮਿਲਦਾ ਹੈ। ਇਸ ਵਿੱਚ ਇੱਕ ਵਿਆਹੀ ਹੋਈ ਲੜਕੀ ਆਪਣੇ ਭਰਾ-ਭਾਬੀ ਨੂੰ ਮਿਲਣ ਜਾਂਦੀ ਹੈ ਤਾਂ ਉਹ ਵੀ ਵਿਖਾਵੇ ਵਜੋਂ ਨਹੀਂ ਮਿਲਦੇ, ਸਗੋਂ ਬਹੁਤ ਮਾਣ-ਸਤਿਕਾਰ ਦਿੰਦੇ ਹਨ। ਉਹ ਕੁੜੀ ਆਪਣੇ ਭਰਾ-ਭਾਬੀ ਨੂੰ ਇਹੋ ਕਹਿੰਦੀ ਹੈ ਕਿ ਤੁਸੀਂ ਕਦੇ ਨਿਰਮੋਹੇ ਨਾ ਬਣਿਓ, ਹਮੇਸ਼ਾ ਮੇਰੇ ਨਾਲ ਮੋਹ-ਪਿਆਰ ਤੇ ਮੇਲ-ਮਿਲਾਪ ਰੱਖਿਓ।
ਮਹਿੰਦਰ ਸਿੰਘ ਮਾਨ ਦੀ ਇਹ ਖੂਬੀ ਹੈ ਕਿ ਉਹਨੇ ਕਿਸੇ ਵਿਅਕਤੀ/ਸਥਿਤੀ ਦੇ ਔਗੁਣਾਂ ਦੀ ਥਾਂ ਉਹਦੇ ਗੁਣਾਂ ਨੂੰ ਤਰਜੀਹ ਦਿੱਤੀ ਹੈ। ਇਸੇਲਈ ਇਸ ਸੰਗ੍ਰਹਿ ਦੀਆਂ ਸਾਰੀਆਂ ਮਿੰਨੀ ਕਹਾਣੀਆਂ ਦੀ ਦ੍ਰਿਸ਼ਟੀ ਅਗਾਂਹਵਧੂ ਹੈ। ਮਹਿੰਦਰ ਸਿੰਘ ਮਾਨ ਦੇ ਇਸ ਨਵ-ਪ੍ਰਕਾਸ਼ਿਤ ਮਿੰਨੀ ਕਹਾਣੀ ਸੰਗ੍ਰਹਿ ਦਾ ਪੰਜਾਬੀ ਸਾਹਿਤ ਵਿੱਚ ਨਿੱਘਾ ਸਵਾਗਤ ਹੈ ਤੇ ਲੇਖਕ ਤੋਂ ਆਗਾਮੀ ਸਮੇਂ ਵਿੱਚ ਹੋਰ ਸਾਰਥਕ ਤੇ ਚੰਗੇਰਾ ਲਿਖਣ ਦੀ ਭਰਪੂਰ ਉਮੀਦ ਹੈ।  
                                ***
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002
+91 9417692015

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1660
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002

ਪੰਜਾਬ, ਭਾਰਤ
ਫੋਨ:+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ 1, ਲਤਾ ਇਨਕਲੇਵ, ਪਟਿਆਲਾ-147002 ਪੰਜਾਬ, ਭਾਰਤ ਫੋਨ:+91 9417692015

View all posts by ਪ੍ਰੋ. ਨਵ ਸੰਗੀਤ ਸਿੰਘ →