26 July 2021

ਕਿਸਾਨ ਅੰਦੋਲਨ ਵਿਚ ਧੀਆਂ ਭੈਣਾਂ ਮੈਦਾਨ ਵਿਚ ਆ ਗਈਆਂ—-ਉਜਾਗਰ ਸਿੰਘ

ਧੀਆਂ ਭੈਣਾ ਮੈਦਾਨ ਵਿਚ

     ਦਿੱਲੀ ਦੀ ਸਰਹੱਦ ਉਪਰ ਚਲ ਰਿਹਾ ਕਿਸਾਨ ਅੰਦੋਲਨ ਅੱਜ ਕਲ੍ਹ ਸਮੁਚੇ ਸੰਸਾਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਅੰਦੋਲਨ ਕਿਸੇ ਸਿਆਸੀ ਪਾਰਟੀ ਦੀ ਅਗਵਾਈ ਤੋਂ ਬਿਨਾ ਹੀ ਬਿਹਤਰੀਨ ਅਤੇ ਸ਼ਾਂਤਮਈ ਢੰਗ ਨਾਲ ਚਲ ਰਿਹਾ ਹੈ। ਜੇਕਰ ਇਸ ਅੰਦੋਲਨ ਦੀਆਂ ਵਿਲੱਖਣਤਾਵਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਲੰਬੀ ਸੂਚੀ ਬਣ ਜਾਵੇਗੀ ਪ੍ਰੰਤੂ ਫਿਰ ਵੀ ਕੁਝ ਨਵੀਆਂ ਸਿਰਜਣਾਤਮਕ ਪਹਿਲਾਂ ਹੋਈਆਂ ਹਨ, ਜਿਨ੍ਹਾਂ ਦੀ ਜਾਣਕਾਰੀ ਦਿੱਤੇ ਬਿਨਾ ਰਿਹਾ ਨਹੀਂ ਜਾ ਸਕਦਾ। ਇਸ ਅੰਦੋਲਨ ਤੋਂ ਪਹਿਲਾਂ ਬਹੁਤ ਸਾਰੇ ਅੰਦੋਲਨ ਹੁੰਦੇ ਰਹੇ ਹਨ ਪ੍ਰੰਤੂ ਉਨ੍ਹਾਂ ਅੰਦੋਲਨਾਂ ਵਿਚ ਇਸਤਰੀਆਂ ਦੀ ਸ਼ਮੂਲੀਅਤ ਨਾ ਦੇ ਬਰਾਬਰ ਅਰਥਾਤ ਆਟੇ ਵਿਚ ਲੂਣ ਦੀ ਤਰ੍ਹਾਂ ਹੁੰਦੀ ਰਹੀ ਹੈ। ਇਸ ਅੰਦੋਲਨ ਦੀ ਵਿਲੱਖਣਤਾ ਇਹ ਹੈ ਕਿ ਇਸ ਵਿਚ ਇਸਤਰੀਆਂ ਜੇ ਬਰਾਬਰ ਨਹੀਂ ਤਾਂ ਤੀਜਾ ਹਿੱਸਾ ਜ਼ਰੂਰ ਹਨ। ਇਹ ਸ਼ਮੂਲੀਅਤ ਸਿਰਫ ਹਾਜ਼ਰੀ ਤੱਕ ਹੀ ਸੀਮਤ ਨਹੀਂ ਸਗੋਂ ਇਸਤਰੀਆਂ ਮੋਹਰੀ ਦੀ ਭੂਮਿਕਾ ਵੀ ਨਿਭਾ ਰਹੀਆਂ ਹਨ। ਇਸ ਤੋਂ ਪਹਿਲਾਂ ਜਨ ਸੰਖਿਆ ਦਾ ਅੱਧਾ ਹਿੱਸਾ ਇਸਤਰੀਆਂ ਕਿਸੇ ਅੰਦੋਲਨ ਵਿਚ ਦਿਲਚਸਪੀ ਨਾਲ ਹਿੱਸਾ ਹੀ ਨਹੀਂ ਲੈਂਦੀਆਂ ਸਨ। ਇਸ ਅੰਦੋਲਨ ਲਈ ਸ਼ੁਭ ਸੰਕੇਤ ਹਨ, ਜਿਸ ਵਿਚ ਨੌਜਵਾਨ ਅਤੇ ਬਜ਼ੁਰਗ ਇਸਤਰੀਆਂ ਬਰਾਬਰ ਦਾ ਯੋਗਦਾਨ ਪਾ ਰਹੀਆਂ ਹਨ। ਕਈ ਇਸਤਰੀਆਂ ਤਾਂ ਆਪੋ ਆਪਣੇ ਪਿੰਡਾਂ ਤੋਂ ਟਰੈਕਟਰ, ਮੋਟਰ ਸਾਈਕਲ, ਕਾਰਾਂ, ਜੀਪਾਂ, ਸਕੂਟਰੀਆਂ ਅਤੇ ਹੋਰ ਆਪੋ ਆਪਣੇ ਸਾਧਨਾ ਉਪਰ ਇਕੱਲੀਆਂ ਹੀ ਜਾਂ ਕਾਫਲਿਆਂ ਵਿਚ ਆ ਰਹੀਆਂ ਹਨ। ਹੁਣ ਤੱਕ ਇਸਤਰੀ ਨੂੰ ਸੈਕੰਡ ਸੈਕਸ ਕਹਿਕੇ ਮਰਦ ਨਾਲੋਂ ਕਮਜ਼ੋਰ ਕਿਹਾ ਜਾਂਦਾ ਰਿਹਾ ਹੈ। ਜੇਕਰ ਕਿਸਾਨ ਅੰਦੋਲਨ ਵਿਚ ਇਸਤਰੀਆਂ ਦੀ ਸਰਗਰਮੀ ਤੇ ਯੋਗਦਾਨ ਨੂੰ ਵੇਖਿਆ ਜਾਵੇ ਤਾਂ ਸਾਰਾ ਕੁਝ ਝੂਠਾ ਜਾਪਦਾ ਹੈ। ਪਿਛਲੇ ਇਕ ਮਹੀਨੇ ਤੋਂ ਇਹ ਇਸਤਰੀਆਂ ਲਗਾਤਾਰ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ। ਉਹ ਇਹ ਵੀ ਕਹਿ ਰਹੀਆਂ ਹਨ ਕਿ ਹਰ ਹਾਲਤ ਵਿਚ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਜਾਵਾਂਗੀਆਂ। ਭਾਵੇਂ ਸਾਨੂੰ ਸਾਲਾਂ ਬੱਧੀ ਬੈਠਣਾ ਪਵੇ। ਕੁਝ ਨੌਜਵਾਨ ਲੜਕੀਆਂ ਅੰਦੋਲਨਕਾਰੀਆਂ ਵਿਸ਼ੇਸ ਤੌਰ ਤੇ ਇਸਤਰੀਆਂ ਵਿਚ ਤਿੰਨ ਖੇਤੀਬਾੜੀ ਕਾਨੂੰਨਾ ਬਾਰੇ ਜਾਗ੍ਰਤੀ ਪੈਦਾ ਕਰਨ ਦਾ ਕੰਮ ਕਰ ਰਹੀਆਂ ਹਨ। ਇਹ ਪਹਿਲਾ ਅੰਦੋਲਨ ਹੈੇ, ਜਿਸ ਵਿਚ ਲੜਕੀਆਂ ਬੇਖੌਫ ਹੋ ਕੇ ਘੁੰਮ ਫਿਰ ਅਤੇ ਸਟੇਜਾਂ ਤੇ ਭਾਸ਼ਣ ਵੀ ਕਰ ਰਹੀਆਂ ਹਨ। ਪੰਜਾਬ ਦੇ ਹਰ ਵਰਗ ਦੀਆਂ ਇਸਤਰੀਆਂ ਵੱਡੀ ਗਿਣਤੀ ਵਿਚ ਦਲੇਰੀ ਨਾਲ ਹਿੱਸਾ ਲੈਣ ਲਈ ਆ ਰਹੀਆਂ ਹਨ। ਹਰ ਰੋਜ਼ ਨਵੇਂ ਕਾਫਲੇ ਆ ਰਹੇ ਹਨ। ਭਾਵੇਂ ਕਿ ਗੋਦੀ ਮੀਡੀਆ ਵੱਲੋਂ ਕਿਸਾਨ ਅੰਦੋਲਨ ਵਿਚ ਇਸਤਰੀਆਂ ਦੀ ਸੁਰੱਖਿਆ ਬਾਰੇ ਗ਼ਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਥੋਂ ਤੱਕ ਕਿ ਪੰਜਾਬ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ, ਉਤਰ ਪ੍ਰਦੇਸ਼, ਉਤਰਾਖੰਡ, ਮੱਧ ਪ੍ਰਦੇਸ਼, ਬਿਹਾਰ  ਅਤੇ ਦਿੱਲੀ ਤੋਂ ਇਸਤਰੀਆਂ ਵੀ ਆ ਰਹੀਆਂ ਹਨ। ਕੁਝ ਉਹ ਇਸਤਰੀਆਂ ਵੀ ਆ ਰਹੀਆਂ ਹਨ, ਜਿਨ੍ਹਾਂ ਦੇ ਘਰ ਵਾਲੇ ਖੇਤੀਬਾੜੀ ਨਹੀਂ ਸਗੋਂ ਹੋਰ ਕਿੱਤੇ ਕਰ ਰਹੇ ਹਨ। ਉਹ ਮੰਨਦੀਆਂ ਹਨ ਕਿ ਇਹ ਖੇਤੀ ਕਾਨੂੰਨ ਸਮੁਚੇ ਵਰਗ ਦੀ ਆਰਥਿਕ ਤਬਾਹੀ ਦਾ ਕੰਮ ਕਰਨਗੇ। ਮਹਾਰਾਸ਼ਟਰ ਤੋਂ ਨੌਜਵਾਨ ਅਜਿਹੀਆਂ ਲੜਕੀਆਂ ਵੀ ਆਈਆਂ ਹਨ ਜਿਹੜੀਆਂ ਖੁਦ ਵੱਡੀਆਂ ਕੰਪਨੀਆਂ ਦੀ ਨੌਕਰੀ ਛੱਡਕੇ ਆਈਆਂ ਹਨ। ਹਿੰਦੂ, ਮੁਸਲਿਮ, ਸਿੱਖ, ਇਸਾਈ ਇਕੱਠੇ ਇਨਸਾਨੀਅਤ ਦੇ ਵਗਦੇ ਦਰਿਆ ਦੀ ਤਰ੍ਹਾਂ ਵਿਚਰ ਰਹੇ ਹਨ। ਜਦੋਂ ਸੰਸਾਰ ਦੀ ਜਨਨੀ ਮੈਦਾਨ ਵਿਚ ਉਤਰ ਆਵੇ ਤਾਂ ਸਫਲਤਾ ਨੂੰ ਕੋਈ ਰੋਕ ਨਹੀਂ ਸਕਦਾ। ਇਸ ਤੋਂ ਪਹਿਲਾਂ ਵੀ ਸਾਡੇ ਦੇਸ ਦੇ ਇਤਿਹਾਸ ਵਿਚ ਪੰਜਾਬੀ ਇਸਤਰੀਆਂ ਦੇ ਯੋਗਦਾਨ ਦਾ ਮਹੱਤਵਪੂਰਨ ਜ਼ਿਕਰ ਆਉਂਦਾ ਹੈ। ਉਹ ਭਾਵੇਂ ਦੇਸ ਦੀ ਆਜ਼ਾਦੀ ਦੀ ਲੜਾਈ ਹੋਵੇ ਜਾਂ ਧਾਰਮਿਕ ਅਤੇ ਸਮਾਜਿਕ ਸਰਗਰਮੀ ਹੋਵੇ ਪ੍ਰੰਤੂ ਇਸ ਅੰਦੋਲਨ ਦੀ ਇਹ ਵਿਲੱਖਣਤਾ ਵੀ ਹੈ ਕਿ ਇਸ ਵਿਚ ਇਕ ਵਰਗ ਦੀਆਂ ਇਸਤਰੀਆਂ ਹੀ ਨਹੀਂ ਸਗੋਂ ਹਰ ਵਰਗ ਅਤੇ ਧਰਮ ਦੀ ਨੁਮਾਇੰਦਗੀ ਕਰਨ ਵਾਲੀਆਂ ਇਸਤਰੀਆਂ ਸਰਗਰਮੀ ਨਾਲ ਆਪੋ ਆਪਣਾ ਯੋਗਦਾਨ ਪਾ ਰਹੀਆਂ ਹਨ। ਜਿਥੇ ਅੰਮਿ੍ਤਧਾਰੀ ਇਸਤਰੀਆਂ ਅੰਦੋਲਨ ਵਿਚ ਆਪੋ ਆਪਣਾ ਯੋਗਦਾਨ ਪਾ ਰਹੀਆਂ ਹਨ, ਉਥੇ ਹੀ ਆਮ ਸਾਧਾਰਣ ਇਸਤਰੀਆਂ ਬਿਨਾ ਜ਼ਾਤ ਪਾਤ, ਰੰਗ, ਧਰਮ ਅਤੇ ਮਜ੍ਹਬ ਤੋਂ ਅੱਗੇ ਹੋ ਕੇ ਕੰਮ ਕਰ ਰਹੀਆਂ ਹਨ। ਪੜ੍ਹੀਆਂ ਲਿਖੀਆਂ ਇਸਤਰੀਆਂ ਤਾਂ ਕਈ ਖੇਤਰਾਂ ਵਿਚ ਅੰਦੋਲਨ ਦੀ ਕਿਸਾਨ ੳੰਦੋਲਨ ਵਿਚ ਬੀਬੀੳਾਂ ਦਾ ਹੜ੍ਹਅਗਵਾਈ ਵੀ ਕਰ ਰਹੀਆਂ ਹਨ। ਇਹ ਅੰਦੋਲਨ ਜਨ ਅੰਦੋਲਨ ਬਣ ਗਿਆ ਹੈ। ਵੈਸੇ ਤਾਂ ਇਤਨੀ ਵੱਡੀ ਮਾਤਰਾ ਵਿਚ ਇਸਤਰੀਆਂ ਆਈਆਂ ਹਨ, ਉਨ੍ਹਾਂ ਸਾਰੀਆਂ ਬਾਰੇ ਲਿਖਣਾ ਅਸੰਭਵ ਹੈ ਪ੍ਰੰਤੂ  ਉਦਾਹਰਣ ਲਈ ਕੁਝ ਕੁ ਇਸ ਤਰ੍ਹਾਂ ਹਨ- ਬੁੱਧੀਜੀਵੀ ਵਰਗ ਵਿਚੋਂ ਕਵਿਤਰੀ ਸੁਖਵਿੰਦਰ ਕੌਰ ਅੰਮਿ੍ਤ, ਜਸਬੀਰ ਕੌਰ ਪੰਜਾਬ ਕਿਸਾਨ ਯੂਨੀਅਨ, ਫਿਲਮ ਸਨਅਤ ਵਿਚੋਂ ਜੱਸੀ ਸੰਘਾ, ਖਾਲਸਾ ਏਡ ਵਿਚੋਂ ਨਾਜ਼ੀਆ ਧੰਜੂ, ਕਿਰਤੀਆਂ ਵਿਚੋਂ ਮਲਕੀਤ ਕੌਰ ਮਾਨਸਾ (ਉਹ ਐਕਸੀਡੈਂਟ ਵਿਚ ਸ਼ਹੀਦ ਹੋ ਗਏ), ਡਾਕਟਰਾਂ ਵਿਚੋਂ ਡਾ. ਹਰਸ਼ਿੰਦਰ ਕੌਰ, ਵਿਦਿਆਰਥੀਆਂ ਵਿਚੋਂ ਕਨੂੰਪਿ੍ਆ, ਨੀਲ ਕਮਲ, ਕੰਵਲਜੀਤ ਕੌਰ, ਕਿਸਾਨਾਂ ਵਿਚੋਂ ਮਹਿੰਦਰ ਕੌਰ ਕਿਸਾਨ ਸਭਾ, ਹਰਜਿੰਦਰ ਕੌਰ, ਮਹਿੰਦਰ ਕੌਰ, ਮਨਜੀਤ ਕੌਰ, ਹਰਿੰਦਰ ਬਿੰਦੂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਵਕੀਲਾਂ ਵਿਚੋਂ ਹਰਮੀਤ ਕੌਰ ਬਰਾੜ ਅਤੇ ਚੰਡੀਗੜ੍ਹ ਤੋਂ ਇਕ ਲੜਕੀ ਵਕੀਲ ਜਿਹੜੇ ਸੀ ਆਰ ਪੀ ਐਫ ਦੀ ਨੌਕਰੀ ਛੱਡ ਕੇ ਆਈ ਹੈ, ਕਲਾਕਾਰਾਂ ਵਿਚੋਂ ਸੁਖੀ ਬਰਾੜ, ਅਮਨਦੀਪ ਕੌਰ ਦਿਓਲ ਜਾਗ੍ਰਤੀ ਏਕਤਾ ਮੰਚ, ਸਰਵਖੱਪ ਮਹਾਂ ਪੰਚਾਇਤ ਸੰਤੋਸ਼ ਦਾਹੀਆ ਹਰਿਆਣਾ, ਚੰਡੀਗੜ੍ਹ ਤੋਂ ਕੰਵਲਜੀਤ ਕੌਰ ਅਤੇ ਜਸਪ੍ਰੀਤ ਕੌਰ ਅਖੰਡ ਕੀਰਤਨੀ ਜੱਥਾ ਅਤੇ ਮੁਕਤਸਰ ਤੋਂ ਇਕ ਲੜਕੀ ਜਿਹੜੀ ਖੁਦ ਖੇਤੀ ਕਰਦੀ ਹੈ ਪਹਿਲੇ ਦਿਨ ਤੋਂ ਲਗਾਤਾਰ ਸਰਗਰਮੀ ਨਾਲ ਕੰਮ ਕਰ ਰਹੀ ਹੈ ਜੋ ਕਿ ਬਾਕੀ ਲੜਕੀਆਂ ਲਈ ਪ੍ਰੇਰਨਾ ਸਰੋਤ ਹੈ। ਇਸਤੋਂ ਇਲਾਵਾ ਪਿੰਡਾਂ ਵਿਚ ਇਸਤਰੀਆਂ ਅੰਦੋਲਨ ਬਾਰੇ ਜਾਗ੍ਰਤੀ ਪੈਦਾ ਕਰਨ ਅਤੇ ਰਾਸ਼ਣ ਇਕੱਤਰ ਕਰਨ ਲਈ ਕੰਮ ਕਰ ਰਹੀਆਂ ਹਨ। ਜਿਹੜੇ ਕਿਸਾਨ ਅੰਦੋਲਨ ਵਿਚ ਆਏ ਹੋਏ ਹਨ, ਉਨ੍ਹਾਂ ਦੀ ਖੇਤੀਬਾੜੀ ਦਾ ਕੰਮ ਵੀ ਇਸਤਰੀਆਂ ਸੰਭਾਲ ਰਹੀਆਂ ਹਨ। ਜਿਹੜੀਆਂ ਇਸਤਰੀਆਂ ਅੰਦੋਲਨ ਵਿਚ ਆਈਆਂ ਹੋਈਆਂ ਹਨ, ਉਨ੍ਹਾਂ ਵਿਚੋਂ ਕੁਝ ਆਪਣੇ ਛੋਟੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਈਆਂ ਹਨ। ਇਸਤਰੀਆਂ ਦੀ ਅੰਦੋਲਨ ਵਿਚ ਦਿਲਚਸਪੀ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਕਈ ਨਵੀਆਂ ਵਿਆਹੀਆਂ ਇਸਤਰੀਆ ਚੂੜੇ ਪਾ ਕੇ ਸ਼ਾਮਲ ਹੋ ਰਹੀਆਂ ਹਨ। ਲੰਗਰਾਂ ਦਾ ਇੰਤਜ਼ਾਮ ਵੀ ਇਸਤਰੀਆਂ ਕਰ ਰਹੀਆਂ ਹਨ। ਭਾਵੇਂ ਸਿਆਸਤਦਾਨਾਂ ਵਿਚੋਂ ਇਸਤਰੀਆਂ ਆਈਆਂ ਹੋਈਆਂ ਹਨ ਪ੍ਰੰਤੂ ਉਨ੍ਹਾਂ ਦਾ ਜ਼ਿਕਰ ਕਰਨਾ ਠੀਕ ਨਹੀਂ ਕਿਉਂਕਿ ਇਹ ਅੰਦੋਲਨ ਸਿਆਸੀ ਨਹੀਂ ਹੈ। ਸੁਪਰੀਮ ਕੋਰਟ ਦੀ ਇਕ ਸੀਨੀਅਰ ਵਕੀਲ ਆਪਣੀ ਲੜਕੀ ਨੂੰ ਲੈ ਕੇ ਸ਼ਾਮਲ ਹੋਈ ਹੈ।

  ਗੋਦੀ ਮੀਡੀਆ ਦੀਆਂ ਅਫਵਾਹਾਂ ਫੈਲਾਉਣ ਵਾਲੀਆਂ ਖ਼ਬਰਾਂ ਦਾ ਮੁਕਾਬਲਾ ਕਰਨ ਲਈ ਜੱਸੀ ਸੰਘਾ ਦੀ ਅਗਵਾਈ ਵਿਚ ਨੌਜਵਾਨ ਲੜਕੀਆਂ ‘‘ਟਰਾਲੀ ਟਾਈਮਜ਼’’ ਅਖ਼ਬਾਰ ਪ੍ਰਕਾਸ਼ਤ ਕਰਵਾਕੇ ਸਮੁੱਚੇ ਅੰਦੋਲਨ ਵਿਚ ਵੰਡ ਰਹੀਆਂ ਹਨ। ਇਹ ਅਖਬਾਰ ਪੰਜਾਬੀ ਤੋਂ ਬਿਨਾ ਹਿੰਦੀ ਵਿਚ ਵੀ ਪ੍ਰਕਾਸ਼ਤ ਹੋ ਰਿਹਾ ਹੈ ਅਤੇ ਬਾਕੀ ਭਾਸ਼ਾਵਾਂ ਵਿਚ ਵੀ ਜਲਦੀ ਹੀ ਪ੍ਰਕਾਸ਼ਤ ਕਰਨ ਦਾ  ਪ੍ਰੋਗਰਾਮ ਹੈ। ਸਾਰੀਆਂ ਗ਼ਲਤ ਅਫਵਾਹਾਂ ਨੂੰ ਲੜਕੀਆਂ ਦਾ ਇਹ ਗਰੁਪ ਕਾਊਂਟਰ ਕਰ ਰਿਹਾ ਹੈ। ਸਮਾਜਿਕ, ਸਾਹਿਤਕ, ਸਭਿਆਚਾਰਕ, ਬੁੱਧੀਜੀਵੀਆਂ ਅਤੇ ਹੋਰ ਸਵੈ ਇਛਤ ਸੰਸਥਾਵਾਂ ਵਿਚ ਕੰਮ ਕਰ ਰਹੀਆਂ ਇਸਤਰੀਆਂ ਆਪਣੇ ਸੰਗਠਨਾਂ ਦੇ ਮੈਂਬਰਾਂ ਨੂੰ ਲੈ ਕੇ ਅੰਦੋਲਨ ਵਿਚ ਹਿੱਸਾ ਲੈ ਰਹੀਆਂ ਹਨ। ਕੰਵਲਜੀਤ ਕੌਰ ਜੋ ਕਿ ਅੰਮਿ੍ਤਸਰ ਵਿਖੇ ਇਕ ਸਵੈ ਇਛਤ ਸੰਸਥਾ ਨਾਲ ਕੰਮ ਕਰ ਰਹੀ ਹੈ, ਉਹ ਅੰਦੋਲਨ ਦੇ ਆਲੇ ਦੁਆਲੇ ਰਹਿਣ ਵਾਲੇ ਗਰੀਬ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਨਿਭਾਅ ਰਹੀ ਹੈ ਕਿਉਂਕਿ ਕੋਵਿਡ ਕਰਕੇ ਸਕੂਲ ਬੰਦ ਹਨ। ਇਸ ਤੋਂ ਇਲਾਵਾ ਦੇਸ਼ ਵਿਦੇਸ਼ ਵਿਚ ਬੈਠੀਆਂ ਕਵਿਤਰੀਆਂ ਸ਼ੋਸਲ ਮੀਡੀਆ ਉਪਰ ਅੰਦੋਲਨ ਦੇ ਹੱਕ ਵਿਚ ਕਵਿਤਾਵਾਂ ਲਿਖਕੇ ਪਾ ਰਹੀਆਂ ਹਨ। ਸ਼ੋਸ਼ਲ ਮੀਡੀਆ ਉਪਰ ਕੂੜ ਪ੍ਰਚਾਰ ਨੂੰ ਕਾਊਂਟਰ ਕਰਨ ਲਈ ਇਸਤਰੀਆਂ ਸਭ ਤੋਂ ਵੱਡਾ ਯੋਗਦਾਨ ਪਾ ਰਹੀਆਂ ਹਨ। ਕਲਾਕਾਰ ਇਸਤਰੀਆਂ ਕਿਸਾਨ ਅੰਦੋਲਨ ਦੇ ਹੱਕ ਵਿਚ ਪੇਂਟਿੰਗ ਕਰਕੇ ਆਪਣਾ ਫਰਜ਼ ਨਿਭਾ ਰਹੀਆਂ ਹਨ।

        ਸਮੁੱਚੇ ਤੌਰ ਤੇ ਨਤੀਜਾ ਭਾਵੇਂ ਅੰਦੋਲਨ ਦਾ ਉਸਾਰੂ ਆਉਣ ਦੀ ਉਮੀਦ ਹੈ ਪ੍ਰੰਤੂ ਇਸਤਰੀਆਂ ਦੀ ਹਿੱਸੇਦਾਰੀ ਪੰਜਾਬ ਦਾ ਸੁਨਹਿਰਾ ਭਵਿਖ ਬਣਾਉਣ ਵਿਚ ਸਾਰਥਿਕ ਸਾਬਤ ਹੋਵੇਗੀ।

***

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਅਾਂ ਰਚਨਾਵਾਂ ਦਾ ਵੇਰਵਾ