21 September 2025

ਪੁਆਧ ਦੀ ਸਿਰੜੀ, ਅਣਥੱਕ ਤੇ ਮਾਣਮੱਤੀ ਸ਼ਖ਼ਸੀਅਤ : ਮਨਮੋਹਨ ਸਿੰਘ ਦਾਊਂ — ਪ੍ਰੋ. ਨਵ ਸੰਗੀਤ ਸਿੰਘ 

ਮਨਮੋਹਨ ਸਿੰਘ ਦਾਊਂ ਦਾ ਨਾਂ ਕਿਸੇ ਵੀ ਰਸਮੀ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ। ਸਾਹਿਤ ਦੇ ਹੋਰ ਰੂਪਾਂ ਤੋਂ ਇਲਾਵਾ ਪੁਆਧ ਖੇਤਰ ਬਾਰੇ ਜਿੰਨੀ ਵਿਸਤ੍ਰਿਤ, ਬਰੀਕ ਤੇ ਬਹੁਮੁੱਲੀ ਜਾਣਕਾਰੀ ਦਾਊਂ ਨੂੰ ਹੈ, ਉਨੀ ਸ਼ਾਇਦ ਹੀ ਕਿਸੇ ਹੋਰ ਨੂੰ ਹੋਵੇ! ਅੱਜ ਪੁਆਧ ਤੇ ਦਾਊਂ ਇੱਕ-ਦੂਜੇ ਦੇ ਪਰਿਆਏ ਹੋ ਨਿੱਬੜੇ ਹਨ। ਚੁਰਾਸੀ ਵਰ੍ਹੇ ਪਹਿਲਾਂ 22 ਸਤੰਬਰ 1941 ਨੂੰ ਪਿਤਾ ਸਰੂਪ ਸਿੰਘ ਦੇ ਘਰ ਮਾਂ ਗੁਰਨਾਮ ਕੌਰ ਦੀ ਕੁੱਖੋਂ ਜਨਮੇ ਮਨਮੋਹਨ ਸਿੰਘ ਨੇ ਪੰਜਾਬੀ ਵਿਸ਼ੇ ਵਿੱਚ ਐਮਏ ਅਤੇ ਬੀਐੱਡ ਕਰਕੇ ਲੰਮਾ ਸਮਾਂ ਪੰਜਾਬੀ ਲੈਕਚਰਾਰ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ ਬਹੁਤਾ ਚਿਰ ਪਿੰਡ ਦਾਊਂ, ਤਹਿਸੀਲ ਖਰੜ, ਜ਼ਿਲਾ ਰੋਪੜ ਵਿਖੇ ਨਿਵਾਸ ਕੀਤਾ ਤੇ ਅੱਜਕੱਲ੍ਹ ਮੋਹਾਲੀ ਦੇ ਫ਼ੇਜ਼ 6 ਵਿੱਚ ਸੇਵਾਮੁਕਤੀ ਦਾ ਜੀਵਨ ਬਸਰ ਕਰ ਰਹੇ ਹਨ। ਸ਼੍ਰੀਮਤੀ ਦਲਜੀਤ ਕੌਰ ਦਾਊਂ, ਜੋ ਆਪ ਵੀ ਜਾਣੀ-ਪਛਾਣੀ ਲੇਖਕਾ ਹਨ, ਨਾਲ ਗ੍ਰਹਿਸਥ ਜੀਵਨ ਵਿੱਚ ਬੱਝੇ ਸ. ਦਾਊਂ ਦੇ ਦੋ ਬੱਚੇ ਹਨ – ਬੇਟੀ ਸੰਗੀਤ ਕੌਰ (1970) ਅਤੇ ਬੇਟਾ ਉੱਤਮਵੀਰ ਸਿੰਘ (1972)।

ਸਾਹਿਤ ਦੀ ਚੇਟਕ ਉਨ੍ਹਾਂ ਨੂੰ ਵਿਰਸੇ ਵਿੱਚੋਂ ਆਪਣੇ ਪਿਤਾ ਪਾਸੋਂ ਪ੍ਰਾਪਤ ਹੋਈ, ਜੋ ਇੱਕ ਸੁਲਝੇ ਹੋਏ ਅਧਿਆਪਕ ਸਨ। ਮਨਮੋਹਨ ਸਿੰਘ ਦਾਊਂ ਨੇ ਸਾਹਿਤ ਸਭਾ (ਰਜਿ) ਮੋਹਾਲੀ ਦੇ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਖਰੜ ਦੇ ਸਲਾਹਕਾਰ ਤੇ ਪ੍ਰਧਾਨ ਵਜੋਂ ਲੰਮੀ ਤੇ ਕੁਸ਼ਲ ਸੇਵਾ ਕੀਤੀ। ਸਰਕਾਰੀ ਸਕੂਲ ਦੀ ਸੇਵਾਮੁਕਤੀ ਤੋਂ ਪਿੱਛੋਂ ਵੀ ਉਹ ਨਿਸ਼ਕ੍ਰਿਅ ਹੋ ਕੇ ਨਹੀਂ ਬੈਠੇ ਤੇ ਅੱਜਕੱਲ੍ਹ ਪੁਆਧੀ ਪੰਜਾਬੀ ਸੱਥ ਦੇ ਬਤੌਰ ਪ੍ਰਮੁੱਖ ਸੇਵਾਦਾਰ ਕਾਰਜ ਕਰ ਰਹੇ ਹਨ।  

ਬਾਲ ਸਾਹਿਤ ਉਨ੍ਹਾਂ ਦਾ ਮਨਭਾਉਂਦਾ ਵਿਸ਼ਾ ਹੈ, ਜਿਸ ਵਿੱਚ ਉਨ੍ਹਾਂ ਨੇ ਢੇਰ ਸਾਰਾ ਸਾਹਿਤ ਸਿਰਜਿਆ ਹੈ। ਚਾਚਾ ਨਹਿਰੂ (ਜੀਵਨੀ, 1989), ਪੰਛੀਆਂ ਦੇ ਗੀਤ (ਕਵਿਤਾਵਾਂ, 1989), ਫੁੱਲਾਂ ਦੀ ਟੋਕਰੀ (ਗੀਤ, 1990), ਰੁੱਖਾਂ ਦਾ ਖਜ਼ਾਨਾ (ਕਵਿਤਾਵਾਂ, 1993), ਫੁੱਲਾਂ ਦਾ ਪੰਘੂੜਾ (ਗੀਤ ਤੇ ਕਵਿਤਾਵਾਂ, 1993), ਧਰਤੀ ਦੇ ਰੰਗ (ਕਵਿਤਾਵਾਂ, 1996), ਸ਼ੁੱਧ ਹਵਾ ਦੀ ਲੋੜ (1996), ਚਾਨਣ ਦੀ ਟਹਿਣੀ (ਕਵਿਤਾਵਾਂ, 1996), ਪੀਂਘ ਹੁਲਾਰੇ (ਨਰਸਰੀ ਗੀਤ, 1997), ਆਜ਼ਾਦੀ ਦੀ ਵਾਰ (1997), ਸਬਰ ਦਾ ਫਲ ਮਿੱਠਾ (ਕਹਾਣੀਆਂ, 1998) ਉਨ੍ਹਾਂ ਦੀਆਂ ਬਾਲ ਸਾਹਿਤ ਨਾਲ ਸੰਬੰਧਿਤ ਪੁਸਤਕਾਂ ਹਨ। ਉਨ੍ਹਾਂ ਦੇ ਬਚਪਨ ਦੀਆਂ ਯਾਦਾਂ ਨੂੰ ਬਾਲ ਝਰੋਖਾ (1994) ਵਿੱਚ ਵੇਖਿਆ ਜਾ ਸਕਦਾ ਹੈ। ਦਾਊਂ ਦੇ ਨਿਬੰਧ ਸੰਗ੍ਰਹਿ ਸਭਿਆਚਾਰਕ ਮੁਹਾਂਦਰਾ (1981) ਨੂੰ ਪੰ ਸ ਸਿ ਬੋਰਡ ਵੱਲੋਂ ਰਾਜ ਪੱਧਰ ਦਾ ਪੁਰਸਕਾਰ (1981-82) ਪ੍ਰਾਪਤ ਹੋਇਆ। ਉਨ੍ਹਾਂ ਦੀ ਬਾਲ-ਸਾਹਿਤ ਸਿਰਜਣਾ ਨੂੰ ਅਲੰਕ੍ਰਿਤ ਕਰਦਿਆਂ ਭਾਰਤੀ ਸਾਹਿਤ ਅਕਾਦਮੀ ਦਿੱਲੀ ਨੇ ਬਾਲ ਸਾਹਿਤ ਪੁਰਸਕਾਰ (2011) ਅਤੇ ਭਾਸ਼ਾ ਵਿਭਾਗ ਪੰਜਾਬ ਨੇ ਬਾਲ ਸਾਹਿਤ ਲੇਖਕ ਵਜੋਂ ਮਾਨਤਾ ਦਿੱਤੀ ਹੈ।

ਮੁੱਖ ਤੌਰ ਤੇ ਦਾਊਂ ਦੇ ਅੰਦਰ ਕਵੀ-ਹਿਰਦਾ ਧੜਕਦਾ ਹੈ। ਉਨ੍ਹਾਂ ਵੱਲੋਂ ਰਚੀਆਂ ਕਿਤਾਬਾਂ ਦੇ ਨਾਵਾਂ ਤੋਂ ਪਤਾ ਲੱਗਦਾ ਹੈ ਕਿ ਉਹਦੇ ਜ਼ਿਹਨ ‘ਚ ਕਿਤੇ ਨਾ ਕਿਤੇ ਪ੍ਰਕਿਰਤੀ ਮੌਜੂਦ ਹੈ। ਉਨ੍ਹਾਂ ਦੀਆਂ ਵਧੇਰੇ ਕਵਿਤਾਵਾਂ ਪ੍ਰਾਕਿਰਤਕ ਜੀਵਨ ਦੇ ਆਲੇ-ਦੁਆਲੇ ਨਾਲ ਵਾਬਸਤਾ ਹਨ। ਗੀਤਾਂ ਦੇ ਘੁੰਗਰੂ, ਬੋਲਾਂ ਦੇ ਖੰਭ, ਅਗੰਮ ਅਗੋਚਰ, ਸ਼ਾਇਰੀ ਦਾ ਸਰਵਰ, ਸ਼ਾਇਰੀ ਸਾਗਰ, ਉਦਾਸੀਆਂ ਦਾ ਬੂਹਾ: ਸੁਲੱਖਣੀ, ਪੰਛੀ ਬਿਰਖ ਸੁਹਾਵੜਾ, ਤਿੱਪ ਤੇ ਕਾਇਨਾਤ, ਚਾਨਣ ਦੀ ਪੈੜ, ਸਮਿਆਂ ਦੇ ਨਾਇਕ, ਧਰਤੀ ਦੀ ਕੰਬਣੀ ਆਦਿ ਉਨ੍ਹਾਂ ਦੇ ਕਰੀਬ 16 ਮੌਲਿਕ ਕਾਵਿ ਸੰਗ੍ਰਹਿ ਹਨ। ਇਨ੍ਹਾਂ ਵਿੱਚ ਸ਼ਾਇਰੀ ਸਾਗਰ ਅਤੇ ਪੰਖੀ ਬਿਰਖ ਸੁਹਾਵੜਾ ਇਨਾਮੀ ਪੁਸਤਕਾਂ ਹਨ। ਦਾਊਂ ਨੇ ਵਿਸ਼ਵ ਸਾਹਿਤ ਦੇ ਨਾਲ ਨਾਲ ਪੰਜਾਬੀ ਸਾਹਿਤ, ਖਾਸ ਤੌਰ ਤੇ ਦੇਸ਼-ਵਿਦੇਸ਼ ਵਿੱਚ ਰਚੀ ਜਾ ਰਹੀ ਪੰਜਾਬੀ ਕਵਿਤਾ ਦਾ ਡੂੰਘਾ ਅਧਿਐਨ ਕੀਤਾ ਹੈ ਤੇ ਉਹਨੂੰ ਪਤਾ ਹੈ ਕਿ ਕਵਿਤਾ ਮਹਿਜ਼ ਸ਼ਬਦਾਂ/ਅੱਖਰਾਂ ਦਾ ਚਮਤਕਾਰ ਮਾਤ੍ਰ ਹੀ ਨਹੀਂ ਹੈ, ਇਸ ‘ਚੋਂ ਵਕ੍ਰੋਕਤੀ ਤੇ ਵਿਸ਼ਿਸ਼ਟਤਾ ਵੀ ਪ੍ਰਗਟ ਹੋਣੀ ਚਾਹੀਦੀ ਹੈ। ਇਸ ਪੱਖੋਂ ਉਹਦੀਆਂ ਇਹ ਕਵਿਤਾਵਾਂ ਵੇਖੀਆਂ ਜਾ ਸਕਦੀਆਂ ਹਨ:

ਬਾਥਰੂਮ ‘ਚ ਨਹਾਉਣ ਵੇਲੇ
ਮੈਂ ਅਤੇ ਤੌਲੀਆ
ਇੱਕ-ਮਿੱਕ ਹੋ ਜਾਂਦੇ ਹਾਂ
ਆ ਆਪਾਂ ਵੀ
ਇੰਜ ਹੀ ਮਿਲੀਏ
ਦੂਰੀ ਰਹੇ ਨਾ ਵਿਚਕਾਰ
ਧੁੱਪੇ ਸੁੱਕਦੇ ਤੌਲੀਏ ਨੂੰ
ਉਹ ਨੀਝ ਲਾ ਤੱਕਣ ਲੱਗਦੀ ਹੈ
“ਕਿੰਨੇ ਠੰਡੇ ਹੱਥ ਨੇ”
ਉਹ ਬੋਲੀ।

“ਦਿਲ ਤਾਂ ਥਰਮਸ ‘ਚ ਪਾਏ
ਦੁੱਧ ਵਾਂਗ ਗਰਮ ਐ!”

ਦਾਊਂ ਦੀਆਂ ਕਵਿਤਾਵਾਂ ਵਿੱਚ ਕੋਮਲ ਅਹਿਸਾਸ ਹਨ, ਸਹਿਜ, ਸੁਹਜ, ਸੁਖ਼ਨ ਤੇ ਸੰਬਲ ਦਾ ਓਰਾ ਹੈ; ਚਿੰਤਾ ਦੀ ਥਾਂ ਚਿੰਤਨ ਹੈ; ਕੁਦਰਤ ਨੂੰ ਗਲਵੱਕੜੀ ਹੈ; ਵਿਰਸੇ ਦੀਆਂ ਮੋਹ-ਭਿੱਜੀਆਂ ਯਾਦਾਂ ਹਨ। ਮੌਜੂਦਾ ਹੜ੍ਹਾਂ ਦੀ ਸਥਿਤੀ ਬਾਰੇ ਉਹਦੀਆਂ ਲਿਖੀਆਂ ਇਹ ਪੰਕਤੀਆਂ ਕਿੰਨਾ ਢਾਰਸ ਦਿੰਦੀਆਂ ਹਨ :

ਕਿਉਂ ਢਾਹੀਏ ਢੇਰੀਆਂ
ਜੋ ਹੋ ਗਿਆ ਸੋ ਹੋ ਗਿਆ
ਉੱਜਲੇ ਸਵੇਰਿਆਂ ਦੀ ਉਮੀਦ
ਮਰ ਸਕਦੀ ਨਹੀਂ
ਅਸੀਂ ਗੁਰੂ ਦੇ ਸਿੱਖ ਹਾਂ
ਸਮਿਆਂ ਨੂੰ ਟੱਕਰਨਾ ਜਾਣਦੇ!

ਕਿਸੇ ਵੀ ਭੂ-ਖੰਡ ਤੇ
ਆਫ਼ਤ ਆ ਜਾਵੇ ਜਦੋਂ
ਕੁਰਲਾ ਰਹੇ ਹੋਣ ਲੋਕੀਂ
ਭੁੱਖੇ-ਨੰਗੇ, ਠੁਰ-ਠੁਰ ਕਰਦੇ
ਉਦੋਂ ਬਹੁੜਦਾ ਲੰਗਰ ਦੀ ਸੇਵਾ ਕਰਦਾ
ਲੋੜਵੰਦਾਂ ਦਾ ਬਣ ਕੇ ਮਸੀਹਾ, ਪੰਜਾਬ!

ਪੁਆਧ, ਪੁਆਧੀ ਭਾਸ਼ਾ, ਪੁਆਧੀ ਸਭਿਆਚਾਰ, ਪੁਆਧੀ ਇਤਿਹਾਸ ਨਾਲ ਉਹ ਪਿਛਲੇ 21 ਸਾਲਾਂ ਤੋਂ ਜੁੜੇ ਹੋਏ ਹਨ। ਇਸ ਖੇਤਰ ਨਾਲ ਸੰਬੰਧਿਤ ਉਨ੍ਹਾਂ ਦੀਆਂ ਇੱਕ ਦਰਜਨ ਤੋਂ ਵੱਧ ਪੁਸਤਕਾਂ ਹਨ – ਪੁਆਧ ਦਰਪਣ (ਪਰਾਗਾ ਪਹਿਲਾ, 2006), ਧਰਤ ਪੁਆਧ (ਪਰਾਗਾ ਦੂਜਾ, 2006), ਪੁਆਧ ਕੀਆਂ ਝਲਕਾਂ (ਪਰਾਗਾ ਤੀਜਾ, 2021), ਆਦਿ ਜੁਗਾਦਿ ਪੁਆਧ (ਪਰਾਗਾ ਚੌਥਾ, 2022), ਪੰਜਾਬ ਦਾ ਗੌਰਵ ਪੁਆਧ (ਪਰਾਗਾ ਪੰਜਵਾਂ, 2023), ਪੁਆਧ : ਖ਼ਾਲਸਾ ਪੰਥ ਦੀ ਜਨਮਭੂਮੀ (ਪਰਾਗਾ ਛੇਵਾਂ, 2025), ਪੁਆਧ ਦੇ ਜੰਮੇ ਜਾਏ (ਐਨਬੀਟੀ ਇੰਡੀਆ, 2020), ਚੰਡੀਗੜ੍ਹ ਲੋਪ ਕੀਤੇ ਪਿੰਡ (2016), ਪੁਆਧ ਤੇ ਪੁਆਧ ਦੇ ਲੇਖਕਾਂ ਤੇ ਖੋਜ ਕਾਰਜ: ਸੰਦਰਭ ਕੋਸ਼ (2020)। ਇਨ੍ਹਾਂ ਵਿੱਚ ਧਰਤ ਪੁਆਧ ਅਤੇ ਚੰਡੀਗੜ੍ਹ ਲੋਪ ਕੀਤੇ ਪਿੰਡ ਇਨਾਮੀ ਪੁਸਤਕਾਂ ਹਨ। ਚੰਡੀਗੜ੍ਹ ਲੋਪ ਕੀਤੇ ਪਿੰਡ ਦਾ ਅੰਗਰੇਜ਼ੀ ਅਤੇ ਹਿੰਦੀ ਅਨੁਵਾਦ ਕ੍ਰਮਵਾਰ ਡਾ ਬੀਐੱਸ ਸੇਖੋਂ (2023) ਅਤੇ ਸ਼੍ਰੀ ਜਗਪਾਲ (2024) ਵੱਲੋਂ ਕੀਤਾ ਜਾ ਚੁੱਕਾ ਹੈ। ਮੇਰਾ ਪੁਆਧ (ਲੇਖਕ ਸ.ਸ. ਕਿਸ਼ਨਪੁਰੀ), ਕਥਾ ਪੁਰਾਤਨ ਪੁਆਧ ਕੀ (ਲੇਖਕ ਗਿ. ਧਰਮ ਸਿੰਘ ਭੰਖਰਪੁਰ), ਪੁਆਧ ਤੇ ਪੁਆਧੀ ਭਾਸ਼ਾ: ਤਥਾਗਤ ਅਧਿਐਨ (ਡਾ. ਮੁਖਤਿਆਰ ਸਿੰਘ ਨਾਲ ਮਿਲ ਕੇ), ਨਵਤੇਜ ਪੁਆਧੀ ਦੀਆਂ ਕੁੱਲ ਕਹਾਣੀਆਂ, ਕਹਾਣੀਕਾਰ ਨਵਤੇਜ ਪੁਆਧੀ : ਜੀਵਨ ਤੇ ਰਚਨਾ ਆਦਿ  ਉਨ੍ਹਾਂ ਦੀਆਂ ਕੁਝ ਸੰਪਾਦਿਤ ਪੁਸਤਕਾਂ ਹਨ।

 ਉਨ੍ਹਾਂ ਦੀ ਵਾਰਤਕ ਵਿੱਚ ਕਾਵਿਕਤਾ ਨਜ਼ਰ ਆਉਂਦੀ ਹੈ। ਸਿੱਖ ਸ਼ਖ਼ਸੀਅਤਾਂ ਨੂੰ ਚਿੱਤਰਦਿਆਂ ਉਨ੍ਹਾਂ ਦੀ ਵਾਰਤਕ ਵਿਚਲਾ ਲਰਜ਼ਾ ਪਾਠਕਾਂ ਨੂੰ ਆਪਣੇ ਨਾਲ ਕੀਲ ਲੈਂਦਾ ਹੈ। ਇਸ ਪ੍ਰਸੰਗ ਵਿੱਚ ਗੁਰੂ ਤੇਗ਼ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਦ੍ਰਿਸ਼ ਚਿੱਤਰਣ ਬਾਕਮਾਲ ਹੈ:

ਸ਼ਿਵਾਲਿਕ ਦੀਆਂ ਪਹਾੜੀਆਂ ਦੀ ਪੂਰਬੀ ਗੁੱਠ ਤੋਂ ਅੱਜ ਵੀ ਸੂਰਜ ਉਦੈ ਹੋਇਆ। ਸਾਵਣ ਦਾ ਮਹੀਨਾ ਚੁਫ਼ੇਰੇ ਹਰਿਆਵਲ ਵੰਡ ਰਿਹਾ ਸੀ। ਬਿਰਖਾਂ ਤੇ ਬਾਰਿਸ਼ ਕਾਰਨ ਗਰਦ-ਗੁਬਾਰ ਧੁਲ ਚੁੱਕੀ ਸੀ। ਇੱਕ ਗਰਦ-ਗੁਬਾਰ ਨੂਰੀ ਸੂਰਜ ਨੇ ਧੋਅ ਦੇਣੀ ਸੀ। ਪਹਾੜੀਆਂ ਖਾਮੋਸ਼ ਸਨ। ਬਿਰਖ ਵੀ ਸਵੇਰੇ ਸਵੇਰੇ ਅਡੋਲ ਜਾਪ ਰਹੇ ਸਨ। ਪੰਛੀ ਵੀ ਆਪਣੀ ਉਡਾਣ ਦੀ ਉਡੀਕ ਵਿੱਚ ਸਨ। ਚਾਰੇ ਪਾਸੇ ਵਿਸਮਾਦੀ ਰੰਗ ਦਾ ਪਹਿਰਾ ਸੀ।

ਅਜਿਹੇ ਕਹਿਰ ਦੇ ਪਹਿਰ ਅਕਾਲ ਪੁਰਖ ਨੂੰ ਸ਼ਿਕਵਾ ਕਰਨ ਦੀ ਥਾਂ ਸ਼ੁਕਰਾਨੇ ਦੇ ਬੋਲ ਜੰਗਲ ਦੀਆਂ ਪੌਣਾਂ ‘ਚ ਖਿੰਡ ਜਾਂਦੇ ਹਨ। ਸੋਚਦਾ ਹਾਂ ਕਿ ਮਾਛੀਵਾੜੇ ਤੋਂ ਖਿਦਰਾਣੇ ਦੀ ਢਾਬ ਤੋਂ ਅਗਾਂਹ ਨੰਦੇੜ ਸਾਹਿਬ ਨੂੰ ਵਰੋਸਾਂਦੇ ਹੋਏ ਗੁਰੂ ਜੀ ਦਾ ਪੰਧ ਅਜੇ ਆਰੰਭ ਹੋਣਾ ਸੀ। ਕ੍ਰਿਸ਼ਮੇ ਹੋਣੇ ਸਨ। ਨਾਨਕ ਜੋਤ ਤੋਂ ਦਸਮ ਜੋਤ ਦੇ ਪੰਥ ਸੁਹੇਲੇ ਨੇ ਸੰਪੂਰਨਤਾ ਦਾ ਰੂਪ ਧਾਰ ਕੇ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪ ਕੇ ਨਦਰੀ ਪੈਂਡਿਆਂ ‘ਚ ਸਮੋ ਜਾਣਾ ਸੀ।

ਉਨ੍ਹਾਂ ਦੀਆਂ ਵਾਰਤਕ ਪੁਸਤਕਾਂ ਵਿੱਚ ਨਿਰਾਲੀ ਚਮਕ, ਨੂਰੀ ਦਰ ਦਾ ਰਹੱਸ, ਸੱਤ ਸਾਦਿਕ, ਚੋਣਵੀਂ ਪੰਜਾਬੀ ਨਿਬੰਧਾਵਲੀ (ਸੰਪਾ) ਆਦਿ ਦੇ ਨਾਂ ਸ਼ਾਮਲ ਹਨ। ਸਹਿਜ ਤੋਰ ਤੁਰਦੀ ਉਨ੍ਹਾਂ ਦੀ ਵਾਰਤਕ ‘ਚੋਂ ਕੁਝ ਪੰਕਤੀਆਂ ਉਧ੍ਰਿਤ-ਯੋਗ ਹਨ। ਜਿਵੇਂ :

ਜੀਵਨ ਵਿਸ਼ਾਲ ਗਿਆਨ ਦਾ ਭੰਡਾਰ ਹੈ। ਕਿਸੇ ਵੀ ਕਾਰਜ ਨੂੰ ਪ੍ਰਯੋਗੀ ਰੂਪ ਦੇਣ ਲਈ ਇੱਕ ਤੋਂ ਵੱਧ ਤਰੀਕੇ ਹੋ ਸਕਦੇ ਹਨ। ਕਈਆਂ ਕੋਲ ਮੁੱਲਵਾਨ ਵਿਚਾਰ ਹੁੰਦੇ ਹਨ। ਉਨ੍ਹਾਂ ਦਾ ਸਦਉਪਯੋਗ ਕਰਨਾ ਹੀ ਕੋਈ ਪ੍ਰਾਪਤੀ ਹੋ ਸਕਦੀ ਹੈ। ਹਰ ਮਨੁੱਖ ਦਾ ਵੱਖਰਾ ਸੰਸਾਰ ਹੈ। ਕੁਝ ਨਾ ਕੁਝ ਯੋਗਦਾਨ ਪਾਉਣ ਲਈ ਮਨੁੱਖ ਨੂੰ ਕਾਰਜਸ਼ੀਲ ਰਹਿਣਾ ਚਾਹੀਦਾ ਹੈ। ਜ਼ਿੰਦਗੀ ਦਾ ਮਨੋਰਥ ਵੀ ਇਹੋ ਹੈ।
(ਚੋਣਵੇਂ ਪੰਜਾਬੀ ਨਿਬੰਧਾਵਲੀ)

ਫੁੱਲ ਸੁੰਦਰਤਾ, ਖੇੜਾ ਤੇ ਮਹਿਕ ਦੇ ਪ੍ਰਤੀਕ ਹਨ। ਪ੍ਰਕਿਰਤੀ ਦੀ ਹੋਂਦ ਦੀ ਗੁਆਹੀ ਭਰਨ ਵਿੱਚ ਫੁੱਲ ਸੁੱਚਮਤਾ ਦਾ ਬਿੰਬ ਹੈ। ਧਰਮ ਅਸਥਾਨਾਂ ਤੇ ਇਸੇ ਕਰਕੇ ਫੁੱਲ ਚੜ੍ਹਾਏ ਜਾਂਦੇ ਹਨ। ਫੁੱਲਾਂ ਵਾਂਗ ਖਿੜਨਾ ਕੌਣ ਨਹੀਂ ਚਾਹੁੰਦਾ ਤੇ ਬੱਚੇ ਕਿਸਨੂੰ ਪਿਆਰੇ ਨਹੀਂ। ਬੱਚਾ ਮੈਨੂੰ ਇਸਲਈ ਪਿਆਰਾ ਨਹੀਂ ਕਿ ਉਹ ਸੁਹਣਾ ਹੈ, ਸਗੋਂ ਇਸਲਈ ਕਿ ਉਹ ਬੱਚਾ ਹੈ। ਕਾਦਰ ਦੇ ਨੂਰ ਦੀ ਮਾਸੂਮ, ਨਿਰਛਲ ਤੇ ਨਿਰਮਲ ਆਕ੍ਰਿਤੀ। ਇਸੇ ਕਰਕੇ ਮਨੁੱਖ ਨੂੰ ਆਪਣਾ ਬਚਪਨ ਚੇਤੇ ਕਰਨਾ ਚੰਗਾ ਚੰਗਾ ਲੱਗਦਾ ਹੈ।
             (ਫੁੱਲਾਂ ਦੀ ਲੀਲ੍ਹਾ)

ਉਹ ਮੇਰੇ ਤੋਂ ਠੀਕ 16 ਸਾਲ 16 ਦਿਨ ਵੱਡੇ ਹਨ। ਪਰ ਮੇਰੇ ਪ੍ਰਤੀ ਉਨ੍ਹਾਂ ਦਾ ਸਨੇਹ, ਮੁਹੱਬਤ ਤੇ ਮੋਹ ਇਸ ਤਰ੍ਹਾਂ ਹੈ, ਜਿਵੇਂ ਅਸੀਂ ਹਾਣੀ ਹੋਈਏ! ਅਜਿਹਾ ਵਰਤਾਰਾ ਸਿਰਫ਼ ਮੇਰੇ ਨਾਲ ਹੀ ਨਹੀਂ, ਹਰ ਉਸ ਸ਼ਖ਼ਸ ਨਾਲ ਵਾਪਰਦਾ ਹੈ, ਜੋ ਇੱਕ ਵਾਰ ਉਨ੍ਹਾਂ ਦੇ ਸੰਪਰਕ ਵਿੱਚ ਆ ਜਾਂਦਾ ਹੈ। ਨਿਮਰਤਾ, ਨਿੱਘ, ਨਿਰਉਚੇਚਤਾ, ਹਲੀਮੀ, ਸ਼ਾਇਸਤਗੀ, ਕੋਮਲਤਾ ਵਰਗੇ ਸੂਖ਼ਮ ਅਹਿਸਾਸਾਂ ਨੂੰ ਉਨ੍ਹਾਂ ਨੇ ਆਪਣੇ ਹਿਰਦੇ ਵਿੱਚ ਚਿਰ-ਸਥਾਈ ਵਸਾਇਆ ਹੋਇਆ ਹੈ। ਹਰੇਕ ਦੇ ਕੰਮ ਆਉਣਾ, ਸਾਰਥਕਤਾ ਦਾ ਪੱਲਾ ਘੁੱਟ ਕੇ ਫੜੀ ਰੱਖਣਾ, ਹੌਸਲਾ ਦੇਣਾ ਉਨ੍ਹਾਂ ਦੇ ਤਲਿੱਸਮੀ ਤਸੱਵੁਰ ਹਨ! ਸ਼ਾਲਾ, ਉਨ੍ਹਾਂ ਦੀ ਉਮਰ ਦਰਾਜ਼ ਹੋਵੇ! ਤੇ ਉਹ ਅਜ਼ਲਾਂ ਤੀਕ ਲੋਕਾਈ ਦੀ ਜ਼ਿੰਦਗੀ ‘ਚ ਖ਼ੁਸ਼ਬੋਈਆਂ ਖਿਲੇਰਦੇ ਰਹਿਣ! ਆਮੀਨ!!
***
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002
+91 9417692015)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1610
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002

ਪੰਜਾਬ, ਭਾਰਤ
ਫੋਨ:+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ 1, ਲਤਾ ਇਨਕਲੇਵ, ਪਟਿਆਲਾ-147002 ਪੰਜਾਬ, ਭਾਰਤ ਫੋਨ:+91 9417692015

View all posts by ਪ੍ਰੋ. ਨਵ ਸੰਗੀਤ ਸਿੰਘ →