21 September 2024

ਰਾਜਦੀਪ ਸਿੰਘ ਤੂਰ ਦਾ ਗ਼ਜ਼ਲ ਸੰਗ੍ਰਹਿ ‘ਰੂਹ ਵੇਲਾ’ ਸਮਾਜਿਕ ਸਰੋਕਾਰਾਂ ਦਾ ਪਹਿਰੇਦਾਰ— ✍️ ਉਜਾਗਰ ਸਿੰਘ

ਰਾਜਦੀਪ ਸਿੰਘ ਤੂਰ ਸਮਾਜਿਕ ਸਰੋਕਾਰਾਂ ਦਾ ਗ਼ਜ਼ਲਗ਼ੋ ਹੈ। ਉਨ੍ਹਾਂ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਰੂਹ ਵੇਲਾ’ ਪ੍ਰਕਾਸ਼ਤ ਹੋਇਆ ਹੈ। ਰੂਹ ਵੇਲਾ ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ ਹਨ। ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਵਿਚ ਰੰਗੀਆਂ ਹੋਈਆਂ ਇਹ ਗ਼ਜ਼ਲਾਂ ਇਨਸਾਨੀ ਮਨਾ ਨੂੰ ਸ਼ਰਸਾਰ ਕਰ ਰਹੀਆਂ ਹਨ। ਇਕ ਹੀ ਗ਼ਜ਼ਲ ਵਿਚ ਕਈ ਰੰਗ ਵੇਖਣ ਨੂੰ ਮਿਲਦੇ ਜਿਹੜੇ ਸ਼ਾਇਰ ਦੀ ਸਮਾਜਿਕ ਚੇਤਨਤਾ ਦਾ ਪ੍ਰਤੀਕ ਹਨ। ਇਸ ਸੰਗ੍ਰਹਿ ਦੀਆਂ ਗ਼ਜ਼ਲਾਂ ਕਈ ਪੱਖਾਂ ਤੋਂ ਵਿਲੱਖਣ ਹਨ। ਸਾਹਿਤਕ ਰਸ ਤਾਂ ਇਨ੍ਹਾਂ ਗ਼ਜ਼ਲਾਂ ਤੋਂ ਮਿਲਦਾ ਹੀ ਹੈ ਪ੍ਰੰਤੂ ਪਾਠਕ ਨੂੰ ਸਮਾਜਿਕ ਜ਼ਿੰਮੇਵਾਰੀ ਮਹਿਸੂਸ ਕਰਨ ਲਈ ਵੀ ਪ੍ਰੇਰਿਤ ਕਰਦੀਆਂ ਹਨ। ਦਿਲਕਸ਼ ਸਚਿਤਰ ਰੰਗਦਾਰ ਮੁੱਖ ਕਵਰ, 96 ਪੰਨਿਆਂ, 67 ਗ਼ਜ਼ਲਾਂ ਅਤੇ 200 ਰੁਪਏ ਕੀਮਤ ਵਾਲੇ ਇਸ ਗ਼ਜ਼ਲ ਸੰਗ੍ਰਹਿ ਨੂੰ ‘ਸਪਰੈਡ ਪਬਲੀਕੇਸ਼ਨ ਪਟਿਆਲਾ’ ਨੇ ਪ੍ਰਕਾਸ਼ਤ ਕੀਤਾ ਹੈ। ਇਹ ਮਾਣ ਵੀ ਰਾਜਦੀਪ ਸਿੰਘ ਤੂਰ ਨੂੰ ਹੀ ਜਾਂਦਾ ਹੈ ਕਿ ਉਨ੍ਹਾਂ ਦੇ ਪਹਿਲੇ ਹੀ ਗ਼ਜ਼ਲ ਸੰਗ੍ਰਹਿ ਨੇ ਸਾਹਿਤਕ ਖੇਤਰ ਵਿਚ ਆਪਣੀ ਪਹਿਚਾਣ ਬਣਾ ਲਈ ਹੈ। ਇਸ ਪੁਸਤਕ ਵਿਚਲੀਆਂ ਗ਼ਜ਼ਲਾਂ ਲੋਕ ਹਿਤਾਂ ਦੀਆਂ ਬਾਤਾਂ ਪਾ ਰਹੀਆਂ ਹਨ। ਰਾਜਦੀਪ ਸਿੰਘ ਤੂਰ ਨੇ ਗ਼ਜ਼ਲ ਦੇ ਮਾਪ ਦੰਡਾਂ ਦਾ ਵੀ ਧਿਆਨ ਰੱਖਿਆ ਹੈ ਪ੍ਰੰਤੂ ਥੋੜ੍ਹੀ ਖੁਲ੍ਹ ਵੀ ਲਈ ਹੈ। ਉਨ੍ਹਾਂ ਦੀ ਇਹ ਖੁਲ੍ਹ ਰੜਕਦੀ ਨਹੀਂ, ਸਗੋਂ ਗ਼ਜ਼ਲ ਨੂੰ ਨਵਾਂ ਰੂਪ ਦਿੰਦੀ ਹੈ। ਉਨ੍ਹਾਂ ਦੀਆਂ ਗ਼ਜ਼ਲਾਂ, ਰੁਮਾਂਸਵਾਦ ਦੀ ਥਾਂ, ਸਮਾਜ ਦੀ ਦੁਖ਼ਦੀ ਰਗ ਤੇ ਜ਼ਿਆਦਾ ਹੱਥ ਰਖਦੀਆਂ ਹਨ ਅਤੇ ਸਮਾਜਿਕ ਕੁਰੀਤੀਆਂ ਜਿਨ੍ਹਾਂ ਵਿਚ ਪਰਿਵਾਰਿਕ ਰਿਸ਼ਤਿਆਂ ਵਿਚ ਕੁੜੱਤਣ, ਗ਼ਰੀਬੀ, ਰਾਜਨੀਤਕ ਪਖੰਡ, ਬਲਾਤਕਾਰ, ਹਕੂਮਤੀ ਅਨਿਆਂ, ਬੇਰੋਜ਼ਗਾਰੀ, ਨਸ਼ੇ, ਝੂਠ, ਬੇਇਨਸਾਫ਼ੀ, ਇਸਤਰੀ ਦੀ ਦੁਰਦਸ਼ਾ, ਸਮਾਜਿਕ ਬਨਾਵਟੀਪਣ, ਨਫ਼ਰਤ, ਧਰਮ ਅਤੇ ਮੁਹੱਬਤ ਆਦਿ ਦੀ ਗੱਲ ਕਰਦੀਆਂ ਹੋਈਆਂ ਪਾਠਕਾਂ ਨੂੰ ਝੰਜੋੜਦੀਆਂ ਹਨ। ਆਮ ਤੌਰ ਤੇ ਗ਼ਜ਼ਲ ਨੂੰ ਨਿਰਾਸ਼ਾ, ਉਦਾਸੀ ਅਤੇ ਮੁਹੱਬਤ ਦੇ ਸ਼ੀਸ਼ੇ ਰਾਹੀਂ ਹੀ ਵੇਖਿਆ ਜਾਂਦਾ ਰਿਹਾ ਹੈ ਪ੍ਰੰਤੂ ਰਾਜਦੀਪ ਸਿੰਘ ਤੂਰ ਦੀਆਂ ਗ਼ਜ਼ਲਾਂ ਵਿਚ ਨਿਰਾਸ਼ਾ ਅਤੇ ਉਦਾਸੀ ਨੂੰ ਉਸਾਰੂ ਰੂਪ ਵਿਚ ਦਰਸਾਇਆ ਗਿਆ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਉਦਾਸੀ ਵਿਚੋਂ ਵੀ ਮਹਿਕਾਂ ਖ਼ਿਲਾਰਦੀਆਂ ਮਹਿਸੂਸ ਹੁੰਦੀਆਂ ਹਨ। ਆਮ ਤੌਰ ਤੇ ਮੁਹੱਬਤ ਦਾ ਸੰਬੰਧ ਰੁਮਾਂਸਵਾਦ ਅਤੇ ਇਸਤਰੀ ਨਾਲ ਜੋੜਿਆ ਜਾਂਦਾ ਹੈ ਪ੍ਰੰਤੂ ਗ਼ਜ਼ਲਗ਼ੋ ਨੇ ਮੁਹੱਬਤ ਨੂੰ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਦੀ ਨਿਗਾਹ ਨਾਲ ਵੇਖਿਆ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਵਿਚ ਇਸਤਰੀ ਪ੍ਰਧਾਨ ਨਹੀਂ, ਸਗੋਂ ਸਮਾਜਿਕ ਕਦਰਾਂ ਕੀਮਤਾਂ ਅਤੇ ਕੁਰੀਤੀਆਂ ਨੂੰ ਉਜਾਗਰ ਕੀਤਾ ਗਿਆ ਹੈ। ਇਸਤਰੀ ਸ਼ਬਦ ਦਾ ਪ੍ਰਯੋਗ ਇਸਤਰੀ ਨੂੰ ਸਮਾਜ ਵਿਚ ਬਰਾਬਰੀ ਅਤੇ ਸਮਾਜਿਕ ਬੇਇਨਸਾਫੀਆਂ ਤੋਂ ਬਚਾਕੇ ਇਨਸਾਫ਼ ਦਿਵਾਉਣ ਦੇ ਇਰਾਦੇ ਨਾਲ ਕੀਤਾ ਗਿਆ ਹੈ। ਬੱਚੀਆਂ ਦੀ ਹੋ ਰਹੀ ਭਰੂਣ ਹੱਤਿਆ ਅਤੇ ਵਾਤਾਵਰਨ ਨੂੰ ਗੰਧਲਾ ਕਰਨ ਬਾਰੇ  ਕੁਝ ਸ਼ੇਅਰ ਇਸ ਪ੍ਰਕਾਰ ਹਨ-

ਲੋਕੋ ਕੁੱਖ਼ਾਂ ਦੇ ਵਿਚ ਕਰਕੇ ਕਤਲ ਆਪ ਹੀ ਧੀਆਂ,
ਕਿਥੋਂ  ਲੱਭੋਗੇ  ਫਿਰ  ਦੱਸੋ  ਪੁੱਤਾਂ  ਦੇ  ਸਿਰਨਾਵੇਂ।

ਕੰਜਕਾਂ ਦੀ  ਰੀਝ ਮੋਈ, ਪੀਂਘ ਵੀ ਤੜਪੀ ਉਦੋਂ,
ਜਦ ਪੁਰਾਣੇ ਪਿੱਪਲਾਂ, ਬੋਹੜਾਂ ਨੂੰ ਉਨ੍ਹਾਂ ਪੁੱਟਿਆ।

ਜੇਕਰ  ਬੰਦਿਆ  ਨਾ  ਸਾਂਭੇ  ਤੂੰ  ਰੁੱਖਾਂ ਦੇ  ਸਿਰਨਾਵੇਂ,
ਗੁੰਮ ਜਾਵਣਗੇ ਇਕ ਦਿਨ ਤੈਥੋਂ ਛਾਵਾਂ ਦੇ ਸਿਰਨਾਵੇਂ

ਪੂਜਦੇ  ਹੋ  ਦੇਵੀਆਂ  ਦੇ ਵਾਂਗ ਨਾਰੀ ਨੂੰ, ਤਾਂ ਕਿਉਂ
ਦੇਵੀਆਂ ਨੂੰ ਮਹਿਫ਼ਲਾਂ ਦੇ ਵਿਚ ਨਚਾ ਕੇ ਵੇਖਿਆ ਹੈ।

ਪੁੱਤ  ਜੇ  ਮਾਂ  ਦੀ  ਅੱਖ  ਦੇ ਤਾਰੇ,
ਅੱਖਾਂ ਵਿਚ ਕਿਉਂ ਰੜਕਣ ਧੀਆਂ।

ਧੀਆਂ  ਬਿਨ  ਸੰਸਾਰ  ਅਧੂਰੈ,
ਫਿਰ ਕਿਉਂ ਅੱਗ ਵਿਚ ਮੱਚਣ ਧੀਆਂ।

ਉਜਾਗਰ ਸਿੰਘਸਮਾਜ ਵਿਚ ਝੂਠ ਦਾ ਬੋਲਬਾਲਾ ਹੈ। ਸੱਚ ਨੂੰ ਸੂਲੀ ਤੇ ਚੜ੍ਹਾਇਆ ਜਾ ਰਿਹਾ ਹੈ। ਇਨਸਾਨ ਦੀ ਇਸ ਪ੍ਰਵਿਰਤੀ ਤੋਂ ਸ਼ਾਇਰ ਦੀ ਚੇਤਨਤਾ ਪ੍ਰਭਾਵਤ ਹੋਣ ਤੋਂ ਬਚ ਨਹੀਂ ਸਕੀ । ਕਦੋਂ ਤੱਕ ਸਮਾਜ ਇਸਨੂੰ ਬਰਦਾਸ਼ਤ ਕਰਦਾ ਰਹੇਗਾ। ਦੇਸ਼ ਵਿਚ ਲੜਕੀਆਂ ਦੇ ਹੋ ਰਹੇ ਬਲਾਤਕਾਰਾਂ ਬਾਰੇ ਵੀ ਤੂਰ ਨੇ ਆਪਣੀਆਂ ਗ਼ਜ਼ਲਾਂ ਵਿਚ ਲਿਖਿਆ ਹੈ ਕਿ ਉਨ੍ਹਾਂ ਦੇ ਹੱਕ ਵਿਚ ਕੋਈ ਵੀ ਆਵਾਜ਼ ਬੁਲੰਦ ਨਹੀਂ ਕਰਦਾ। ਲੜਕੀਆਂ ਦੇ ਬਲਾਤਕਾਰਾਂ ਪਿਛੋਂ ਕਤਲ ਕਰਕੇ ਉਨ੍ਹਾਂ ਨੂੰ ਸਾੜਨ ਬਾਰੇ ਉਨ੍ਹਾਂ ਦਾ ਇਕ ਸ਼ੇਅਰ ਹੈ-

ਜਿਸਮ  ਨੋਚੇ  ਜਾ  ਰਹੇ  ਨੇ  ਚਿਹਰੇ  ਫੂਕੇ  ਜਾ  ਰਹੇ,
ਤੂੰ ਕਦੇ ਤਾਂ ਤੜਪਦੀ ਹੋਈ ਨਾਰ ਦੀ ਕੋਈ ਬਾਤ ਪਾ।

ਸ਼ਾਇਰ ਦੀ ਸੋਚ ਦਾ ਮੁਲਾਂਕਣ ਗ਼ਜ਼ਲ ਸੰਗ੍ਰਹਿ ਦੀ ਪਹਿਲੀ ਹੀ ਗ਼ਜ਼ਲ ਤੋਂ ਹੋ ਜਾਂਦਾ ਹੈ, ਜਿਸ ਵਿਚ ਇਨਸਾਨ ਨੂੰ ਹਾਦਸਿਆਂ ਦਾ ਮੁਕਾਬਲਾ ਕਰਨ ਲਈ ਪ੍ਰੇਰਕੇ ਹਾਲਾਤ ਨਾਲ ਨਿਪਟਣ ਲਈ ਤਤਪਰ ਰਹਿਣ ਦੀ ਤਾਕੀਦ ਕਰਦੀ ਹੈ। ਉਹ ਇਹ ਵੀ ਕਹਿੰਦੀ ਹੈ ਕਿ ਸਮਾਜ ਵਿਚੋਂ ਅੰਨ੍ਹੇਰਗਰਦੀ ਦੀ ਕਾਲਖ਼ ਨੂੰ ਦੂਰ ਕਰਨ ਲਈ ਤੁਹਾਡੀ ਇਕ ਕੋਸ਼ਿਸ਼ ਹੀ ਰੌਸ਼ਨੀਆਂ ਫੈਲਾ ਸਕਦੀ ਹੈ। ਇਕ ਹੋਰ ਗ਼ਜ਼ਲ ਵਿਚ ‘ਚਲੋ ਕੁਝ ਰੋਸ਼ਨੀ ਕਰ ਲਓ, ਹਨੇਰਾ ਹੋਣ ਤੋਂ ਪਹਿਲਾਂ ਹੀ ਪ੍ਰਤੀਕਾਮਿਕ ਸ਼ੇਅਰ ਹੈ ਕਿ ਮਾੜੇ ਹਾਲਾਤ ਹੋਣ ਤੋਂ ਪਹਿਲਾਂ ਹੀ ਖ਼ਬਰਦਾਰ ਹੋ ਜਾਓ। ਕਿਤੇ ਇੰਜ ਨਾ ਹੋਵੇ ਕਿ ਹਨੇਰਾ ਤੁਹਾਨੂੰ ਆਪਣੇ ਵਿਚ ਸਮਾ ਨਾ ਲਵੇ। ਸਮਾਜਿਕ ਪ੍ਰਦੂਸ਼ਣ ਦੇ ਨੇ੍ਹਰਿਆਂ ਨੂੰ ਦੂਰ ਕਰਨ ਲਈ ਇਕ ਸ਼ੇਅਰ ਹੈ-

ਸਭ ਬਨੇਰੇ ਦੀਵਿਆਂ ਸੰਗ ਭਰ ਦਿਆਂਗੇ,
ਨ੍ਹੇਰਿਅਾਂ ਨੂੰ  ਰੌਸ਼ਨੀ  ਦਾ ਵਰ ਦਿਆਂਗੇ।

ਰਾਜਦੀਪ ਸਿੰਘ ਤੂਰ ਦੀਆਂ ਗ਼ਜ਼ਲਾਂ ਇਕ ਦੂਰ ਅੰਦੇਸ਼ ਸ਼ਾਇਰ ਦੀਆਂ ਦੂਰਗਾਮੀ ਮੁਸੀਬਤਾਂ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣ ਦੀ ਪ੍ਰੇਰਨਾ ਦੇਣ ਵਾਲੀਆਂ ਹਨ। ਉਨ੍ਹਾਂ ਦੀਆਂ ਸਾਰੀਆਂ ਗ਼ਜ਼ਲਾਂ ਹੀ ਅਰਥ ਭਰਪੂਰ ਹਨ। ਇਨ੍ਹਾਂ ਗ਼ਜ਼ਲਾਂ ਵਿਚ ਮਾਪ ਦੰਡਾਂ ਦੀ ਪੂਰਤੀ ਕਰਨ ਲਈ ਬੇਅਰਥ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ ਗਈ, ਸਗੋਂ ਸਾਰਥਿਕ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਸ਼ਾਇਰ ਸਮਾਜ ਦੀ ਵਰਤਮਾਨ ਵਿਸਫੋਟਕ ਸਥਿਤੀ ਤੋਂ ਚਿੰਤਤ ਹੈ, ਇਸ ਕਰਕੇ ਉਹ ਪਾਠਕ ਨੂੰ ਗ਼ਜ਼ਲਾਂ ਰਾਹੀਂ ਖ਼ਬਰਦਾਰ ਰਹਿਣ ਲਈ ਅਗਾਊਂ ਸੂਚਨਾ ਦਿੰਦਾ ਹੇੈ। ਇਨਸਾਨ ਦੀ ਬੇਬਸੀ ਨੂੰ ਵੀ ਉਸਾਰੂ ਨਿਗਾਹ ਨਾਲ ਵੇਖਦਾ ਹੈ। ਸਿਆਸਤਦਾਨਾ ਦੀਆਂ ਰਾਜਨੀਤਕ ਚਾਲਾਂ ਬਾਰੇ ਉਹ ਲਿਖਦਾ ਹੈ ਕਿ ਚੋਣਾ ਮੌਕੇ ਵਾਅਦਿਆਂ ਦੀਆਂ ਝੜੀਆਂ ਲਾ ਦਿੰਦੇ ਹਨ ਪ੍ਰੰਤੂ ਜਿੱਤਣ ਤੋਂ ਬਾਅਦ ਸਭ ਕੁਝ ਭੁੱਲ ਭੁਲਾਕੇ ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰ ਰਹੇ ਹੁੰਦੇ ਹਨ। ਇਸ ਬਾਰੇ ਤਿੰਨ ਸ਼ੇਅਰ ਹਨ-
ਕਰ ਰਿਹਾ ਹੈ ਅੱਜ ਉਜਾੜਾ ਆਪ ਹੀ ਉਹ,
ਜਿਸ ਕਿਹਾ ਸੀ,  ਸਾਰਿਆਂ ਨੂੰ ਘਰ ਦਿਆਂਗੇ।

ਰਾਤ ਮੁੱਕੀ, ਬਾਤ ਮੁੱਕੀ, ਆਖ ਕੇ ਚੁੱਪ ਹੋ ਗਿਆ,
 ਇਸ ਤਰ੍ਹਾਂ ਉਹ ਆਪਣੇ ਸੀ ਵਾਅਦਿਆਂ ਤੋਂ ਮੁਕਰਿਆ।

ਰਾਖਿਆਂ ਹੀ ਇਸ ਤਰ੍ਹਾਂ ਲੁਟਿੱਐ ਪੰਜਾਬ ਨੂੰ,
ਜੋ ਕਦੇ ਦਾਤਾ ਰਿਹਾ, ਅੱਜ ਦਾਨ ਪਾਤਰ ਹੋ ਗਿਆ।

ਦੇਸ਼ ਦੀ ਵਰਤਮਾਨ ਵਿਦਿਅਕ ਪ੍ਰਣਾਲੀ ਦੀਆਂ ਤਰੁਟੀਆਂ ਦਾ ਜ਼ਿਕਰ ਕਰਦਾ ਸ਼ਾਇਰ ਕਹਿੰਦਾ ਹੈ ਕਿਸੇ ਸਮੇਂ ਸਾਡੇ ਵਿਦਿਅਕ ਅਦਾਰੇ ਚਾਨਣ ਮੁਨਾਰੇ ਸਨ। ਵਿਦਿਆ ਦਾ ਦਾਨ ਦਿੰਦੇ ਸਨ ਪ੍ਰੰਤੂ ਵਰਤਮਾਨ ਸਮੇਂ ਵਿਚ ਇਹ ਵਿਓਪਾਰਕ ਅਦਾਰੇ ਬਣ ਗਏ ਹਨ। ਇਸ ਪੀੜ ਨੂੰ ਆਪਣੇ ਇਕ ਸ਼ੇਅਰ ਵਿਚ ਪ੍ਰਗਟਾਉਂਦਾ ਹੈ-

ਸੀ ਕਦੇ ਚਾਨਣ ਮੁਨਾਰੇ, ਹੁਣ ਕਮਾਊ ਬਣ ਗਏ,
 ਵਿੱਦਿਆ ਦੇ  ਸਭ  ਅਦਾਰੇ  ਪੈਸਿਆਂ ਦੇ ਰੂਬਰੂ।

ਪੰਜਾਬ ਵਿਚ ਨਸ਼ਿਆਂ ਦੀ ਸਮਾਜਿਕ ਬਿਮਾਰੀ ਨੇ ਨੌਜਵਾਨੀ ਦਾ ਘਾਣ ਕਰ ਦਿੱਤਾ ਹੈ। ਪੰਜਾਬ ਦਾ ਕੋਈ ਵੀ ਅਜਿਹਾ ਘਰ ਨਹੀਂ ਜਿਸ ਨੂੰ ਨਸ਼ਿਆਂ ਦੀ ਬਿਮਾਰੀ ਨੇ ਪ੍ਰਭਾਵਤ ਨਾ ਕੀਤਾ ਹੋਵੇ। ਜੇਕਰ ਨਸ਼ਿਆਂ ਦੀ ਪ੍ਰਵਿਰਤੀ ਇਸੇ ਤਰ੍ਹਾਂ ਜ਼ਾਰੀ ਰਹੀ ਤਾਂ ਅੱਜ ਦੇ ਨੌਜਵਾਨ ਆਪਣੀ ਵਿਰਾਸਤ ਦੇ ਪਹਿਰੇਦਾਰ ਕਿਵੇਂ ਬਣਨਗੇ। ਮਾਪਿਆਂ ਦੀ ਬੇਬਸੀ ਦਾ ਜ਼ਿਕਰ ਵੀ ਕੀਤਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕਿਵੇਂ ਬਾਹਰ ਕੱਢਣ। ਇਸ ਸੰਬੰਧੀ ਸ਼ਾਇਰ ਲਿਖਦਾ ਹੈ-

ਨੌਜਵਾਨਾਂ ਨੂੰ ਨਸ਼ੇ ਵਿਚ ਇਸ ਕਦਰ ਹੈ ਡੋਬਿਆ,
ਨਾ ਰਹੇ ਹੁਣ ਹੋਣ ਜੋਗੇ ਆਰਿਆਂ ਦੇ ਰੂਬਰੂ।
ਤੂਰ ਅੱਜ ਦੇ ਦੌਰ ‘ਚੋਂ ਬੱਚੇ ਬਚਾਈਏ ਕਿਸ ਤਰ੍ਹਾਂ,
ਇਹ ਸਵਾਲਾਂ ਦੀ ਝੜੀ ਹੈ ਮਾਪਿਆਂ ਦੇ ਰੂਬਰੂ।

ਧਰਮਾ ਦੇ ਪ੍ਰਬੰਧਕਾਂ ਅਤੇ ਪੁਜਾਰੀਆਂ ਵਿਚ ਆ ਰਹੀਆਂ ਕੁਰੀਤੀਆਂ ਬਾਰੇ ਵੀ ਸ਼ਾਇਰ ਨੇ ਚਿੰਤਾ ਪ੍ਰਗਟ ਕੀਤੀ ਹੈ। ਇਸ ਲਈ ਲੋਕ ਮਾਨਸਿਕ ਸ਼ਾਂਤੀ ਲਈ ਦਰ ਦਰ ਦੀਆਂ ਠੋਕਰਾਂ ਖਾਂਦੇ ਭਟਕਦੇ ਫਿਰਦੇ ਹਨ। ਕਹਿਣ ਤੋਂ ਭਾਵ ਧਰਮ ਦੇ ਨਾਮ ਤੇ ਦੁਕਾਨਾ ਇਸ ਕਰਕੇ ਖੁਲ੍ਹ ਗਈਆਂ ਹਨ ਕਿਉਂਕਿ ਧਾਰਮਿਕ ਸਥਾਨਾ ਵਿਚ ਗਿਰਾਵਟ ਆ ਗਈ। ਸ਼ਾਇਰ ਇਕ ਸ਼ੇਅਰ ਵਿਚ ਲਿਖਦਾ ਹੈ-

ਰੋਜ਼ ਜਾ ਕੇ ਰਗੜਦੇ ਨੇ ਨੱਕ ਲੋਕੀ ਥਾਂ ਕੁ ਥਾਂ,
ਮੰਦਰਾਂ ‘ਚੋਂ ਮਸਜਦਾਂ ‘ਚੋਂ ਹੈ ਖ਼ੁਦਾ ਪਰ ਲਾਪਤਾ।

ਦੇਸ਼ ਦੀ ਪ੍ਰਬੰਧਕੀ ਪ੍ਰਣਾਲੀ ਤੇ ਕਿੰਤੂ ਪ੍ਰੰਤੂ ਕਰਦਿਆਂ ਸ਼ਾਇਰ ਲਿਖਦਾ ਹੈ ਕਿ ਭਾਵੇਂ ਗੋਦਾਮਾ ਵਿਚ ਅਨਾਜ ਸੜ ਜਾਂਦਾ ਹੈ ਪ੍ਰੰਤੂ ਗ਼ਰੀਬ ਭੁੱਖੇ ਮਰਦੇ ਹਨ। ਉਨ੍ਹਾਂ ਆਪਣੀਆਂ ਗ਼ਜ਼ਲਾਂ ਵਿਚ ਕਈ ਭਖਦੇ ਮਸਲਿਆਂ ਅਤੇ ਪ੍ਰਮਾਣਤ ਲੀਹਾਂ ਤੋਂ ਉਲਟ ਵਿਚਾਰਾਂ ਨੂੰ ਗ਼ਜ਼ਲਾਂ ਦਾ ਵਿਸ਼ਾ ਬਣਾਇਆ ਹੈ। ਬੁੱਧ ਨੂੰ ਮਹਾਤਮਾ ਕਿਹਾ ਜਾ ਰਿਹਾ ਹੈ ਹਾਲਾਂਕਿ ਉਹ ਸ਼ਾਂਤੀ ਪ੍ਰਾਪਤ ਕਰਨ ਲਈ ਪਤਨੀ  ਨੂੰ ਅਣਡਿਠ ਕੀਤਾ ਹੈ ਜੋ ਸ਼ਾਇਰ ਨੂੰ ਰੜਕਦਾ ਹੈ। ਉਨ੍ਹਾਂ ਸਮਾਜ ਤੇ ਵੀ ਤਿਖੇ ਤੇਵਰ ਵਿਖਾਉਂਦਿਆਂ ਲਿਖਿਆ ਹੈ ਕਿ ਮੁਹੱਬਤ ਨੂੰ ਤਿਜ਼ਾਰਤ ਬਣਾਇਆ ਜਾ ਰਿਹਾ ਹੈ, ਸਭਿਆਚਾਰ ਵਿਚ ਮਿਲਾਵਟ ਹੋ ਰਹੀ ਹੈ, ਸੇਵਾ ਦੇ ਨਾਮ ਤੇ ਹੇਰਾ ਫੇਰੀ ਹੋ ਰਹੀ ਹੈ, ਦੂਜੇ ਦੇ ਘਰ ਲੱਗੀ ਅੱਗ ਨੂੰ ਬਸੰਤਰ ਕਿਹਾ ਜਾ ਰਿਹਾ ਹੈ, ਵਾੜ ਖੇਤ ਨੂੰ ਖਾ ਰਹੀ ਹੈ, ਸੱਚ ਨੂੰ ਪ੍ਰਵਾਨ ਹੀ ਨਹੀਂ ਕੀਤਾ ਜਾ ਰਿਹਾ, ਦਸਤਾਰ ਦੀ ਬੇਹੁਰਮਤੀ ਦੀ ਚਿੰਤਾ ਨਹੀਂ ਅਤੇ ਵਿਓਪਾਰੀ ਭਾਰੂ ਹੋ ਰਿਹਾ ਹੈ, ਇਸ ਸਾਰੇ ਕੁਝ ਦੇ ਬਾਵਜੂਦ ਇਨਸਾਨ ਚੁੱਪ ਧਾਰੀ ਬੈਠਾ ਹੈ। ਇਹ ਸਮਾਜਿਕ ਨਿਘਾਰ ਦੀ ਨਿਸ਼ਾਨੀ ਹੈ।

ਸ਼ਾਲਾ ਗ਼ਜ਼ਲਗ਼ੋ ਭਵਿਖ ਵਿਚ ਨਵੇਂ ਕੀਰਤੀਮਨ ਸਿਰਜਕੇ ਆਪਣਾਂ ਸਾਰਥਿਕ ਯੋਗਦਾਨ ਪਾਉਣ ਵਿਚ ਸਫਲ ਹੋਵੇ।
***
159
***
ਸਾਬਕਾ ਜਿਲ੍ਹਾ ਲੋਕ ਸੰਪਕ ਅਧਿਕਾਰੀ
ਮੋਬਾਈਲ-9417913072

ੳੁਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ