|
ਡਾ. ਭੂਪੇਨ ਹਜ਼ਾਰਿਕਾ ਦਾ ਜਨਮ ਆਸਾਮ ਦੇ ਤਿਨਸੁਕੀਆ ਜ਼ਿਲ੍ਹੇ ਵਿੱਚ ਸਦੀਆ ਵਿਖੇ ਪਿਤਾ ਨੀਲਕੰਠ ਦੇ ਘਰ ਮਾਂ ਸ਼ਾਂਤੀਪ੍ਰਿਆ ਦੀ ਕੁੱਖੋਂ 8 ਸਤੰਬਰ 1926 ਨੂੰ ਹੋਇਆ ਸੀ। ਬਹੁਮੁਖੀ ਪ੍ਰਤਿਭਾ, ਵਧੀਆ ਗਾਇਕ, ਗੀਤਕਾਰ, ਸੰਗੀਤਕਾਰ, ਫ਼ਿਲਮ ਨਿਰਮਾਤਾ, ਕਵੀ, ਲੇਖਕ ਦੇ ਜੀਵਨ ਬਾਰੇ ਕੁਝ ਮਹੱਤਵਪੂਰਣ ਗੱਲਾਂ ਏਥੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਦਸ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ ਭੂਪੇਨ ਹਜ਼ਾਰਿਕਾ। ਮਾਂ ਨੂੰ ਵੇਖ-ਸੁਣ ਕੇ ਉਹਨੂੰ ਗਾਉਣ ਦੀ ਪ੍ਰੇਰਨਾ ਮਿਲੀ। ਉਹਦਾ ਬਚਪਨ ਗੁਹਾਟੀ ਵਿੱਚ ਬੀਤਿਆ ਅਤੇ ਦਸ ਸਾਲ ਦੀ ਉਮਰ ਤੋਂ ਹੀ ਉਹ ਆਸਾਮੀ ਭਾਸ਼ਾ ਵਿੱਚ ਗੀਤ ਗਾਉਣ ਲੱਗ ਪਿਆ ਸੀ। ਮਾਂ ਗਾਇਕਾ ਸੀ ਅਤੇ ਉਨ੍ਹਾਂ ਨੂੰ ਪਰੰਪਰਿਕ ਆਸਾਮੀ ਸੰਗੀਤ ਦੀ ਚੰਗੀ ਜਾਣਕਾਰੀ ਸੀ। ਫ਼ਿਲਮ ਨਿਰਮਾਤਾ ਜੋਤੀ ਪ੍ਰਸਾਦ ਨੂੰ ਭੂਪੇਨ ਦੀ ਆਵਾਜ਼ ਪਸੰਦ ਆਈ। 1939 ਵਿੱਚ ਆਈ ਫ਼ਿਲਮ ‘ਇੰਦ੍ਰ ਮਾਲਤੀ’ ਵਿੱਚ ਭੂਪੇਨ ਨੇ ਦੋ ਗੀਤ ਗਾਏ। ਪਹਿਲਾ ਗਾਣਾ ਕੋਲਕਾਤਾ ਵਿੱਚ ਰਿਕਾਰਡ ਕੀਤਾ ਗਿਆ ਸੀ। ਆਸਾਮੀ ਤੇ ਭਾਰਤੀ ਸੰਸਕ੍ਰਿਤੀ ਦੇ ਗਾਇਕ ਨੇ 13 ਸਾਲ ਦੀ ਉਮਰ ਵਿੱਚ ਪਹਿਲਾ ਗਾਣਾ ਲਿਖਿਆ। ਏਥੋਂ ਹੀ ਭੂਪੇਨ ਦਾ ਗਾਇਕ, ਸੰਗੀਤਕਾਰ ਤੇ ਗੀਤਕਾਰ ਬਣਨ ਦਾ ਸਫ਼ਰ ਸ਼ੁਰੂ ਹੋਇਆ। ਸਾਲ 1942 ਵਿੱਚ ਆਰਟਸ ਵਿਸ਼ੇ ਵਿੱਚ ਇੰਟਰ ਦੀ ਪੜ੍ਹਾਈ ਪੂਰੀ ਕਰਨ ਪਿੱਛੋਂ ਉਹਨੇ 1946 ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਰਾਜਨੀਤੀ ਵਿੱਚ ਐਮਏ ਕੀਤੀ। ਪੜ੍ਹਾਈ ਪੂਰੀ ਕਰਨ ਪਿੱਛੋਂ ਉਹਨੇ ਗੁਹਾਟੀ ਆਲ ਇੰਡੀਆ ਰੇਡੀਓ ਤੇ ਗਾਉਣਾ ਸ਼ੁਰੂ ਕਰ ਦਿੱਤਾ। ਉਹ ਆਸਾਮੀ ਤੇ ਬੰਗਲਾ ਗੀਤਾਂ ਦਾ ਹਿੰਦੀ ਵਿੱਚ ਅਨੁਵਾਦ ਕਰਕੇ ਉਹਨੂੰ ਆਪਣੀ ਆਵਾਜ਼ ਦਿੰਦਾ ਸੀ। ਗਾਇਕੀ ਅਤੇ ਕਵਿਤਾ ਦੇ ਸ਼ੌਕ ਕਰਕੇ ਉਹਨੂੰ ਕਈ ਭਾਸ਼ਾਵਾਂ ਦਾ ਗਿਆਨ ਸੀ। ਫਿਰ ਸਮਾਂ ਬੀਤਣ ਤੇ ਸਟੇਜ ਪ੍ਰਫ਼ਾਰਮੈਂਸ ਵੀ ਦੇਣ ਲੱਗ ਪਿਆ ਸੀ। ਪਿੱਛੋਂ ਪੀਐਚਡੀ ਕਰਨ ਲਈ ਕੋਲੰਬੀਆ ਯੂਨੀਵਰਸਿਟੀ ਚਲਾ ਗਿਆ। ਉੱਥੇ ਭੂਪੇਨ ਦੀ ਮੁਲਾਕਾਤ ਪ੍ਰਿਯੰਵਦਾ ਪਟੇਲ ਨਾਲ ਹੋਈ। ਦੋਹਾਂ ਵਿੱਚ ਪ੍ਰੇਮ ਹੋ ਗਿਆ ਅਤੇ ਅਮਰੀਕਾ ਵਿੱਚ 1950 ਵਿੱਚ ਦੋਹਾਂ ਨੇ ਸ਼ਾਦੀ ਕਰ ਲਈ। 1952 ਵਿੱਚ ਪੁੱਤਰ ਤੇਜ ਹਜ਼ਾਰਿਕਾ ਦਾ ਜਨਮ ਹੋਇਆ ਅਤੇ 1953 ਵਿੱਚ ਹਜ਼ਾਰਿਕਾ ਆਪਣੇ ਪਰਿਵਾਰ ਨਾਲ ਭਾਰਤ ਮੁੜ ਆਇਆ। ਕੁਝ ਸਮਾਂ ਉਹਨੇ ਗੁਹਾਟੀ ਯੂਨੀਵਰਸਿਟੀ ਵਿੱਚ ਪੜ੍ਹਾਇਆ ਪਰ ਛੇਤੀ ਹੀ ਅਸਤੀਫਾ ਦੇ ਦਿੱਤਾ। ਪੈਸਿਆਂ ਦੀ ਤੰਗੀ ਕਰਕੇ ਪ੍ਰਿਯੰਵਦਾ ਨੇ ਉਹਨੂੰ ਛੱਡ ਦਿੱਤਾ ਤੇ ਭੂਪੇਨ ਨੇ ਸੰਗੀਤ ਨੂੰ ਹੀ ਆਪਣਾ ਸਾਥੀ ਬਣਾ ਲਿਆ। ਅਭਿਨੇਤਰੀ ਕਲਪਨਾ ਲਾਜ਼ਮੀ ਨਾਲ ਭੂਪੇਨ ਦੇ 40 ਸਾਲ ਪ੍ਰੇਮ-ਸੰਬੰਧ ਰਹੇ। ਇਹਦਾ ਵੇਰਵਾ ਲਾਜ਼ਮੀ ਦੀ ਲਿਖੀ ਕਿਤਾਬ ਵਿੱਚ ਹੋਇਆ ਜੋ ਲਾਜ਼ਮੀ ਦੀ ਮੌਤ ਪਿੱਛੋਂ ਚਰਚਿਤ ਹੋਈ। ਉਮਰ ਵਿੱਚ 23 ਸਾਲ ਵੱਡੇ ਭੂਪੇਨ ਤੇ ਲਿਖੀ ਜੀਵਨੀ ‘ਭੂਪੇਨ ਹਜ਼ਾਰਿਕਾ – ਐਜ਼ ਆਈ ਨਿਊ ਹਿਮ’ ਦੇ ਪ੍ਰਕਾਸ਼ਿਤ ਹੋਣ ਪਿੱਛੋਂ ਇਨ੍ਹਾਂ ਸੰਬੰਧਾਂ ਦਾ ਭੇਦ ਪਤਾ ਲੱਗਿਆ। ‘ਨਯਾ ਗਯਾਨੋਦਯ’ ਦੇ ਸਾਹਿਤਕ ਵਾਰਸ਼ਿਕੀ ਅੰਕ 2015 ਵਿੱਚ ਦਿਨਕਰ ਕੁਮਾਰ ਦੇ ਇੱਕ ਲੇਖ ਮੁਤਾਬਕ 13 ਸਾਲ ਦੀ ਉਮਰ ਵਿੱਚ ਉਹਨੇ ‘ਅਗਨੀ ਯੁਗਰ ਫਿਰੰਗਤਿ’ ਗੀਤ ਲਿਖਿਆ ਸੀ। ਇਸੇ ਗੀਤ ਨੂੰ ਜੋਤੀ ਪ੍ਰਸਾਦ ਨੇ 1946 ਵਿੱਚ ਆਪਣੀ ਫ਼ਿਲਮ ਲਈ ਲਿਆ ਸੀ। ਭੂਪੇਨ ਨੇ ਹਿੰਦੀ ਸਿਨੇਮਾ ਵਿੱਚ ਰੁਦਾਲੀ, ਮਿਲ ਗਈ ਮੰਜ਼ਿਲ ਮੁਝੇ, ਸਾਜ਼, ਦਰਮਿਆਂ, ਗਜਗਾਮਿਨੀ (ਸ਼ੀਰਸ਼ਕ ਗੀਤ), ਦਮਨ, ਕਿਉਂ ਜਿਹੀਆਂ ਕਾਮਯਾਬ ਫ਼ਿਲਮਾਂ ਨੂੰ ਗੀਤ-ਸੰਗੀਤ ਨਾਲ ਸ਼ਿੰਗਾਰਿਆ। ਆਪਣੇ ਜੀਵਨ ਵਿੱਚ ਉਹਨੇ 1000 ਗੀਤ ਗਾਏ ਤੇ 15 ਕਿਤਾਬਾਂ ਲਿਖੀਆਂ। ਸਟਾਰ ਟੀਵੀ ਦੇ ਸੀਰੀਅਲ ‘ਡਾਨ’ ਨੂੰ ਪ੍ਰੋਡਿਊਸ ਕੀਤਾ। ਭੂਪੇਨ ਦੇ ਯਾਦਗਾਰੀ ਗੀਤਾਂ ਵਿੱਚ ਫ਼ਿਲਮ ‘ਰੁਦਾਲੀ’ (1993) ਦੇ ‘ਦਿਲ ਹੂਮ ਹੂਮ ਕਰੇ’, ‘ਸਮਯ ਓ ਧੀਰੇ ਚਲੋ’, ‘ਝੂਠੀ ਮੂਠੀ ਮਿਤਵਾ’ ਤਾਂ ਸੰਗੀਤ ਪ੍ਰੇਮੀਆਂ ਦੀਆਂ ਯਾਦਾਂ ਵਿੱਚ ਹਨ ਹੀ, ਇਨ੍ਹਾਂ ਤੋਂ ਬਿਨਾਂ ਭੂਪੇਨ ਦੀ ਪ੍ਰਭਾਵਸ਼ਾਲੀ ਆਵਾਜ਼ ਨੂੰ ‘ਗੰਗਾ ਤੁਮ ਬਹਤੀ ਹੋ ਕਿਉਂ’ ਗੀਤ ਵਿੱਚ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਪੰਡਤ ਨਰੇਂਦਰ ਸ਼ਰਮਾ ਨੇ ਇਸ ਗੀਤ ਦਾ ਅਨੁਵਾਦ ਕੀਤਾ ਸੀ। ਭੂਪੇਨ ਨੇ ਆਪਣੀ ਆਵਾਜ਼, ਕਲਮ ਅਤੇ ਸੰਗੀਤ ਨਾਲ ਸੰਵਾਰਿਆ ਤਾਂ ਦੇਸ਼-ਦੁਨੀਆਂ ਵਿੱਚ ਇਸ ਗੀਤ ਦੇ ਅਣਗਿਣਤ ਪ੍ਰਸ਼ੰਸਕ ਮਿਲੇ। ਆਸਾਮੀ ਨਾਲ ਹੋਰ ਭਾਸ਼ਾਵਾਂ ਵਿੱਚ ਵੀ ਇਸ ਗੀਤ ਨੂੰ ਪ੍ਰਸਤੁਤ ਕੀਤਾ ਗਿਆ। ਆਸਾਮ ਤੋਂ ਆ ਕੇ ਹਿੰਦੀ ਵਿੱਚ ਨਾਂ ਕਮਾਉਣ ਵਾਲੇ ਭੂਪੇਨ ਨੂੰ ਫ਼ਿਲਮ ‘ਗਾਂਧੀ ਟੂ ਹਿਟਲਰ’ ਵਿੱਚ ਮਹਾਤਮਾ ਗਾਂਧੀ ਦੇ ਪਸੰਦੀਦਾ ਭਜਨ ‘ਵੈਸ਼ਣਵ ਜਨ’ ਗਾਉਣ ਲਈ ਵੀ ਯਾਦ ਕੀਤਾ ਜਾਂਦਾ ਹੈ। ਸੰਗੀਤ ਵਿੱਚ ਵਿਸ਼ੇਸ਼ ਯੋਗਦਾਨ ਲਈ 1975 ਵਿੱਚ ਭੂਪੇਨ ਨੂੰ ਰਾਸ਼ਟਰੀ ਪੁਰਸਕਾਰ, 1992 ਵਿੱਚ ਸਿਨੇਮਾ ਦਾ ਸਰਵੁੱਚ ਪੁਰਸਕਾਰ ‘ਦਾਦਾ ਸਾਹਿਬ ਫ਼ਾਲਕੇ ਪੁਰਸਕਾਰ’, 2009 ਵਿੱਚ ਅਸੋਮ ਰਤਨ ਸੰਗੀਤ ਨਾਟਕ ਅਕਾਦਮੀ ਅਵਾਰਡ, 2011 ਵਿੱਚ ਪਦਮ ਭੂਸ਼ਣ ਤੇ ਮੌਤ ਪਿੱਛੋਂ (2019 ਵਿੱਚ) ‘ਭਾਰਤ ਰਤਨ’ ਪ੍ਰਦਾਨ ਕੀਤਾ ਗਿਆ। ਆਸਾਮ ਅਤੇ ਅਰੁਨਾਚਲ ਪ੍ਰਦੇਸ਼ ਨੂੰ ਜੋੜਨ ਵਾਲਾ ਇੱਕ ਪੁਲ ਹੈ, ਜਿਸਨੂੰ ‘ਭੂਪੇਨ ਹਜ਼ਾਰਿਕਾ ਸੇਤੂ’ ਜਾਂ ‘ਢੋਲਾ-ਸਦੀਆ ਸੇਤੂ’ ਕਿਹਾ ਜਾਂਦਾ ਹੈ। ਇਹ ਬ੍ਰਹਮਪੁੱਤਰ ਦੀ ਸਹਾਇਕ ਲੋਹਿਤ ਨਦੀ ਤੇ ਬਣਾਇਆ ਗਿਆ ਹੈ। 5 ਨਵੰਬਰ 2011 ਨੂੰ ਫ਼ਿਲਮ-ਜਗਤ ਦੇ ਇਸ ਬਹੁਮੁਖੀ ਪ੍ਰਤਿਭਾ ਵਾਲੇ ਕਲਾਕਾਰ ਦਾ ਦਿਹਾਂਤ ਹੋ ਗਿਆ। ਲੋਕ-ਸੰਗੀਤ ਨੂੰ ਵਿਸ਼ਵ-ਸੰਗੀਤ ਨਾਲ ਜੋੜਨ ਵਾਲੇ, ਮਾਨਵਤਾ ਅਤੇ ਪ੍ਰੇਮ ਦਾ ਸੰਦੇਸ਼ ਦੇਣ ਵਾਲੇ ਭੂਪੇਨ ਨੂੰ ਉਹਦੇ ਚਹੇਤੇ ਹਮੇਸ਼ਾ ਯਾਦ ਰੱਖਣਗੇ।
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002 |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015

by
ਇਹ ਆਪਣੇ ਅੰਦਰ ਰੂਹਾਨੀਅਤ ਦਾ ਅਹਿਸਾਸ ਹੈ। ਉਹਦਾ ਗੀਤ-ਸੰਗੀਤ ਲੋਕ-ਸੰ
